ਮਰਕੁਸ 13
13
ਹੈਕਲ ਦੇ ਵਿਨਾਸ਼ ਦੀ ਭਵਿੱਖਬਾਣੀ
ਮੱਤੀ 24:1, 2; ਲੂਕਾ 21:5, 6
1ਜਦੋਂ ਪ੍ਰਭੂ ਯਿਸੂ ਹੈਕਲ ਵਿੱਚੋਂ ਬਾਹਰ ਜਾ ਰਿਹਾ ਸੀ, ਤਾਂ ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਗੁਰੂ ਜੀ ਇਹਨਾਂ ਪੱਥਰਾਂ ਅਤੇ ਇਮਾਰਤਾਂ ਨੂੰ ਵੇਖੋ ਕਿਹੋ ਜਿਹੇ ਹਨ! 2ਤਾਂ ਯਿਸੂ ਨੇ ਉਹ ਨੂੰ ਕਿਹਾ, ਕੀ ਤੂੰ ਇਹਨਾਂ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ? ਐਥੇ ਪੱਥਰ ਉੱਤੇ ਪੱਥਰ ਵੀ ਛੱਡਿਆ ਨਾ ਜਾਵੇਗਾ ਜਿਹੜਾ ਗਿਰਾਇਆ ਨਾ ਜਾਏ।
ਸੰਕਟ ਅਤੇ ਕਲੇਸ਼
ਮੱਤੀ 24:3-14; ਲੂਕਾ 21:7-19
3ਜਦੋਂ ਉਹ ਜ਼ੈਤੂਨ ਦੇ ਪਹਾੜ ਉੱਤੇ ਹੈਕਲ ਦੇ ਸਾਹਮਣੇ ਬੈਠਾ ਸੀ, ਤਦ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨੇ ਇਕਾਂਤ ਵਿੱਚ ਉਹ ਦੇ ਅੱਗੇ ਅਰਜ਼ ਕੀਤੀ, 4ਜੋ ਸਾਨੂੰ ਦੱਸੋ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਨਿਸ਼ਾਨ ਹੋਵੇਗਾ, ਜਦੋਂ ਇਹ ਸਭ ਪੂਰੀਆਂ ਹੋਣ ਲੱਗਣਗੀਆਂ? 5ਯਿਸੂ ਨੇ ਉਨ੍ਹਾਂ ਨੂੰ ਆਖਿਆ, ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖੇ ਵਿੱਚ ਨਾ ਪਾਵੇ। 6ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। 7ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਖ਼ਬਰਾਂ ਨੂੰ ਸੁਣੋ ਤਾਂ ਘਬਰਾ ਨਾ ਜਾਣਾ। ਕਿਉਂਕਿ ਇਨ੍ਹਾਂ ਦਾ ਹੋਣਾ ਜ਼ਰੂਰ ਹੈ ਪਰ ਅਜੇ ਅੰਤ ਨਹੀਂ ਹੋਵੇਗਾ। 8ਕਿਉਂ ਜੋ ਕੌਮ-ਕੌਮ ਉੱਤੇ ਅਤੇ ਰਾਜ ਰਾਜ ਉੱਤੇ ਚੜ੍ਹਾਈ ਕਰੇਗਾ। ਥਾਂ-ਥਾਂ ਭੂਚਾਲ ਆਉਣਗੇ, ਅਤੇ ਕਾਲ ਪੈਣਗੇ। ਇਹ ਤਾਂ ਅਜੇ ਦੁੱਖਾਂ ਦੀ ਸ਼ੁਰੂਆਤ ਹੀ ਹੈ!।
9 ਪਰ ਤੁਸੀਂ ਚੌਕਸ ਰਹੋ ਕਿਉਂ ਜੋ ਲੋਕ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਤੁਸੀਂ ਪ੍ਰਾਰਥਨਾ ਘਰਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਉਨ੍ਹਾਂ ਉੱਤੇ ਗਵਾਹੀ ਹੋਵੇ। 10ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਵਿੱਚ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਏ। 11ਪਰ ਜਦੋਂ ਤੁਹਾਨੂੰ ਲੈ ਜਾ ਕੇ ਉਨ੍ਹਾ ਦੇ ਹਵਾਲੇ ਕਰਨ, ਤਾਂ ਪਹਿਲਾਂ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਆਖਾਂਗੇ, ਪਰ ਜੋ ਕੁਝ ਉਸ ਘੜੀ ਤੁਹਾਨੂੰ ਬਖ਼ਸ਼ਿਆ ਜਾਵੇ ਸੋਈ ਆਖਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ, ਪਰ ਪਵਿੱਤਰ ਆਤਮਾ ਹੈ। 12ਅਤੇ ਭਾਈ-ਭਾਈ ਨੂੰ ਅਤੇ ਪਿਤਾ ਪੁੱਤਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋ ਕੇ ਉਨ੍ਹਾਂ ਨੂੰ ਮਰਵਾ ਸੁੱਟਣਗੇ। 13ਅਤੇ ਮੇਰੇ ਨਾਮ ਦੇ ਕਾਰਣ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ।
ਮਹਾਂ ਕਲੇਸ਼ ਦਾ ਸਮਾਂ
ਮੱਤੀ 24:15-28; ਲੂਕਾ 21:20-24
14 ਸੋ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਹੋਣਾ ਚਾਹੀਦਾ, ਉੱਥੇ ਖੜੀ ਵੇਖੋ (ਪੜ੍ਹਨ ਵਾਲਾ ਸਮਝ ਲਵੇ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਉੱਤੇ ਭੱਜ ਜਾਣ। 15ਅਤੇ ਜਿਹੜਾ ਕੋਠੇ ਉੱਤੇ ਹੋਵੇ ਉਹ ਹੇਠਾਂ ਨਾ ਉੱਤਰੇ ਅਤੇ ਆਪਣੇ ਘਰੋਂ ਕੁਝ ਲੈਣ ਲਈ ਅੰਦਰ ਨਾ ਵੜੇ। 16ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। 17ਅਤੇ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ! 18ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਹ ਸਿਆਲ ਵਿੱਚ ਨਾ ਹੋਵੇ। 19ਕਿਉਂਕਿ ਉਨ੍ਹਾ ਦਿਨਾਂ ਵਿੱਚ ਐਡਾ ਕਸ਼ਟ ਹੋਵੇਗਾ, ਜੋ ਸਰਿਸ਼ਟ ਦੇ ਮੁਢੋਂ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ। 20ਅਤੇ ਜੇ ਪ੍ਰਭੂ ਉਹਨਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਪ੍ਰਾਣੀ ਨਾ ਬਚਦਾ ਪਰ ਉਹਨਾਂ ਚੁਣਿਆ ਹੋਇਆਂ ਦੀ ਖਾਤਰ, ਜਿਹਨਾਂ ਨੂੰ ਉਸ ਨੇ ਚੁਣਿਆ ਹੈ ਉਸ ਨੇ ਉਹਨਾਂ ਦਿਨਾਂ ਨੂੰ ਘਟਾਇਆ 21ਅਤੇ ਉਸ ਸਮੇਂ ਜੇ ਕੋਈ ਤੁਹਾਨੂੰ ਆਖੇ ਕਿ ਵੇਖੋ ਮਸੀਹ ਐਥੇ ਹੈ! ਜਾਂ ਵੇਖੋ ਉੱਥੇ ਹੈ! ਤਾਂ ਸੱਚ ਨਾ ਮੰਨਣਾ। 22ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ। 23ਪਰ ਤੁਸੀਂ ਚੌਕਸ ਰਹੋ, ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਸੱਭੋ ਕੁਝ ਦੱਸ ਦਿੱਤਾ।
ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ
ਮੱਤੀ 24:29-31; ਲੂਕਾ 21:25-28
24 ਉਨ੍ਹਾ ਦਿਨਾਂ ਵਿੱਚ ਕਸ਼ਟ ਦੇ ਪਿੱਛੋਂ
ਸੂਰਜ ਅਨ੍ਹੇਰਾ ਹੋ ਜਾਵੇਗਾ,
ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ।
25 ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ
ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
26 ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦੇ ਵੇਖਣਗੇ। 27ਉਸ ਵੇਲੇ ਉਹ ਆਪਣੇ ਦੂਤਾਂ ਨੂੰ ਭੇਜੇਗਾ, ਅਤੇ ਉਹ ਧਰਤੀ ਦੀ ਹੱਦੋਂ ਅਕਾਸ਼ ਦੀ ਹੱਦ ਤੱਕ ਚਾਰੇ ਪਾਸਿਓਂ ਆਪਣੇ ਚੁਣਿਆ ਹੋਇਆਂ ਨੂੰ ਇਕੱਠਿਆਂ ਕਰੇਗਾ।
ਹੰਜ਼ੀਰ ਦੇ ਰੁੱਖ ਦਾ ਉਦਾਹਰਣ
ਮੱਤੀ 24:32-35; ਲੂਕਾ 21:29-33
28 ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀਆਂ ਟਹਿਣੀਆਂ ਨਰਮ ਹੁੰਦੀਆਂ ਹਨ, ਅਤੇ ਪੱਤੇ ਫੁੱਟਦੇ ਹਨ ਤਾਂ ਤੁਸੀਂ ਜਾਣ ਲੈਂਦੇ ਹੋ ਜੋ ਗਰਮੀ ਦੀ ਰੁੱਤ ਨੇੜੇ ਆ ਗਈ ਹੈ। 29ਇਸੇ ਤਰ੍ਹਾਂ ਜਦ ਤੁਸੀਂ ਵੀ ਵੇਖੋ ਕਿ ਇਹ ਗੱਲਾਂ ਹੁੰਦੀਆਂ ਹਨ, ਤਾਂ ਜਾਣ ਲੈਣਾ ਕਿ ਉਹ ਨੇੜੇ ਹੈ ਸਗੋਂ ਬੂਹੇ ਉੱਤੇ ਹੈ। 30ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਲੈਣ ਇਹ ਪੀੜ੍ਹੀ ਬੀਤ ਨਾ ਜਾਵੇਗੀ। 31ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ।
ਜਾਗਦੇ ਰਹੋ
ਮੱਤੀ 24:36-44
32 ਪਰ ਉਸ ਦਿਨ ਜਾਂ ਉਸ ਸਮੇਂ ਦੇ ਬਾਰੇ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ, ਨਾ ਪੁੱਤਰ ਪਰ ਕੇਵਲ ਪਿਤਾ। 33ਖ਼ਬਰਦਾਰ, ਜਾਗਦੇ ਅਤੇ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਸਮਾਂ ਕਦੋਂ ਹੋਵੇਗਾ। 34ਇਹ ਇੱਕ ਪ੍ਰਦੇਸ ਗਏ ਹੋਏ ਮਨੁੱਖ ਵਰਗਾ ਹੈ ਜਿਸ ਨੇ ਘਰੋਂ ਜਾਂਦੇ ਸਮੇਂ ਆਪਣੇ ਨੌਕਰਾਂ ਨੂੰ ਅਧਿਕਾਰ ਅਤੇ ਹਰੇਕ ਨੂੰ ਉਹ ਦਾ ਕੰਮ ਦਿੱਤਾ ਅਤੇ ਦਰਬਾਨ ਨੂੰ ਹੁਕਮ ਦਿੱਤਾ ਕਿ ਜਾਗਦਾ ਰਹਿ। 35ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਜੋ ਘਰ ਦਾ ਮਾਲਕ ਕਦ ਆਵੇਗਾ, ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਜਾਂ ਤੜਕੇ ਨੂੰ। 36ਕਿਤੇ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤੇ ਪਏ ਵੇਖੇ। 37ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ, ਉਹ ਹੀ ਸਾਰਿਆਂ ਨੂੰ ਆਖਦਾ ਹਾਂ ਕਿ ਜਾਗਦੇ ਰਹੋ!
Currently Selected:
ਮਰਕੁਸ 13: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.