ਮੱਤੀ 14
14
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਹੱਤਿਆ
ਮਰਕੁਸ 6:14-29; ਲੂਕਾ 9:7-9
1ਉਸ ਸਮੇਂ ਰਾਜਾ ਹੇਰੋਦੇਸ ਨੇ ਯਿਸੂ ਦੀ ਖ਼ਬਰ ਸੁਣੀ। 2ਅਤੇ ਆਪਣੇ ਨੌਕਰਾਂ ਨੂੰ ਆਖਿਆ, ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਉਹ ਦੇ ਵਿੱਚ ਇਹ ਸ਼ਕਤੀਆਂ ਕੰਮ ਕਰਦੀਆਂ ਹਨ! 3ਹੇਰੋਦੇਸ ਨੇ ਆਪਣੇ ਭਰਾ ਫ਼ਿਲਿਪੁੱਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜਿਆ ਅਤੇ ਕੈਦ ਵਿੱਚ ਪਾ ਦਿੱਤਾ ਸੀ। 4ਇਸ ਲਈ ਜੋ ਯੂਹੰਨਾ ਨੇ ਉਸ ਨੂੰ ਆਖਿਆ ਸੀ ਕਿ ਉਹ ਦਾ ਰੱਖਣਾ ਤੁਹਾਨੂੰ ਯੋਗ ਨਹੀਂ। 5ਉਹ ਉਸ ਨੂੰ ਮਾਰ ਸੁੱਟਣਾ ਚਾਹੁੰਦਾ ਸੀ ਪਰ ਲੋਕਾਂ ਤੋਂ ਡਰਿਆ ਕਿਉਂ ਜੋ ਉਹ ਉਸ ਨੂੰ ਨਬੀ ਮੰਨਦੇ ਸਨ। 6ਪਰ ਜਦੋਂ ਹੇਰੋਦੇਸ ਦਾ ਜਨਮ ਦਿਨ ਆਇਆ ਤਦ ਹੇਰੋਦਿਯਾਸ ਦੀ ਧੀ ਨੇ ਨੱਚ ਕੇ ਹੇਰੋਦੇਸ ਨੂੰ ਖੁਸ਼ ਕੀਤਾ। 7ਤਾਂ ਹੇਰੋਦੇਸ ਨੇ ਸਹੁੰ ਖਾਧੀ ਕਿ ਜੋ ਕੁਝ ਉਹ ਮੰਗੇ, ਮੈਂ ਉਸ ਨੂੰ ਦੇਵਾਂਗਾ। 8ਤਾਂ ਉਸ ਨੇ ਆਪਣੀ ਮਾਂ ਦੁਆਰਾ ਉਕਸਾਏ ਜਾਣ ਕਰਕੇ ਕਿਹਾ ਕਿ, “ਹੁਣੇ ਇੱਥੇ, ਮੈਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਦਿਓ”। 9ਤਦ ਰਾਜਾ ਬਹੁਤ ਉਦਾਸ ਹੋਇਆ, ਪਰ ਆਪਣੀ ਸਹੁੰ ਅਤੇ ਉਨ੍ਹਾਂ ਲੋਕਾਂ ਦੇ ਕਾਰਨ ਜਿਹੜੇ ਉਹ ਦੇ ਨਾਲ ਬੈਠੇ ਸਨ, ਉਸ ਨੇ ਇਸ ਦਾ ਹੁਕਮ ਕਰ ਦਿੱਤਾ। 10ਅਤੇ ਮਨੁੱਖ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਸੁੱਟਿਆ। 11ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਅਤੇ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ। 12ਅਤੇ ਉਹ ਦੇ ਚੇਲਿਆਂ ਨੇ ਉੱਥੇ ਜਾ ਕੇ ਲਾਸ਼ ਚੁੱਕੀ, ਉਸ ਨੂੰ ਦਫ਼ਨਾਇਆ ਅਤੇ ਆਣ ਕੇ ਯਿਸੂ ਨੂੰ ਖ਼ਬਰ ਦਿੱਤੀ।
ਪੰਜ ਹਜ਼ਾਰ ਨੂੰ ਰਜਾਉਣਾ
ਮਰਕੁਸ 6:30-44; ਲੂਕਾ 9:10-17; ਯੂਹੰਨਾ 6:1-14
13ਜਦੋਂ ਯਿਸੂ ਨੇ ਇਹ ਸੁਣਿਆ, ਉਹ ਉੱਥੋਂ ਬੇੜੀ ਉੱਤੇ ਚੜ੍ਹ ਕੇ ਇੱਕ ਉਜਾੜ ਥਾਂ ਵਿੱਚ ਅਲੱਗ ਚੱਲਿਆ ਗਿਆ ਅਤੇ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ। 14ਜਦੋਂ ਉਹ ਬੇੜੀ ਵਿੱਚੋਂ ਉਤਰਿਆ ਤਾਂ ਉਸ ਨੇ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਦੇ ਰੋਗੀਆਂ ਨੂੰ ਚੰਗਾ ਕੀਤਾ। 15ਅਤੇ ਜਦ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਹੁਣ ਦਿਨ ਬਹੁਤ ਢਲ ਗਿਆ ਹੈ। ਲੋਕਾਂ ਨੂੰ ਵਿਦਾ ਕਰ ਤਾਂ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ। 16ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਨ੍ਹਾਂ ਨੂੰ ਜਾਣ ਦੀ ਜ਼ਰੂਰਤ ਨਹੀਂ। ਤੁਸੀਂ ਉਨ੍ਹਾਂ ਦੇ ਲਈ ਭੋਜਨ ਦਾ ਪ੍ਰਬੰਧ ਕਰੋ। 17ਪਰ ਉਨ੍ਹਾਂ ਉਸ ਨੂੰ ਕਿਹਾ, ਇੱਥੇ ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ। 18ਤਾਂ ਉਹ ਬੋਲਿਆ, ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ। 19ਅਤੇ ਯਿਸੂ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲੈ ਕੇ, ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ। 20ਅਤੇ ਸਭ ਲੋਕਾਂ ਦੇ ਰੱਜ ਕੇ ਖਾਣ ਤੋਂ ਬਾਅਦ, ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ। 21ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਤੋਂ ਬਿਨ੍ਹਾਂ ਪੰਜ ਹਜ਼ਾਰ ਮਰਦ ਸਨ।
ਯਿਸੂ ਦਾ ਪਾਣੀ ਉੱਤੇ ਚੱਲਣਾ
ਮਰਕੁਸ 6:45-52; ਯੂਹੰਨਾ 6:15-21
22ਉਹ ਨੇ ਉਸੇ ਵੇਲੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਾ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਨਾਲੋਂ ਪਹਿਲਾਂ ਪਾਰ ਲੰਘ ਜਾਓ। 23ਅਤੇ ਉਹ ਭੀੜ ਨੂੰ ਵਿਦਾ ਕਰ ਕੇ ਪ੍ਰਾਰਥਨਾ ਕਰਨ ਲਈ ਬਿਲਕੁਲ ਇਕੱਲਾ ਪਹਾੜ ਤੇ ਚੜ੍ਹ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ। 24ਪਰ ਉਸ ਵੇਲੇ ਬੇੜੀ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਚੱਲ ਰਹੀ ਸੀ। 25ਅਤੇ ਰਾਤ ਦੇ ਚੌਥੇ ਪਹਿਰ ਯਿਸੂ ਝੀਲ ਦੇ ਉੱਤੇ ਤੁਰਦਾ ਹੋਇਆ, ਉਨ੍ਹਾਂ ਵੱਲ ਆਇਆ। 26ਅਤੇ ਜਦੋਂ ਚੇਲਿਆਂ ਨੇ ਉਹ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਘਬਰਾ ਕੇ ਆਖਣ ਲੱਗੇ, ਇਹ ਭੂਤ ਹੈ! ਅਤੇ ਡਰ ਨਾਲ ਚੀਕਾਂ ਮਾਰਨ ਲੱਗੇ। 27ਪਰ ਯਿਸੂ ਨੇ ਤੁਰੰਤ ਉਨ੍ਹਾਂ ਨੂੰ ਆਖਿਆ, ਹੌਂਸਲਾ ਰੱਖੋ! ਮੈਂ ਹਾਂ, ਨਾ ਡਰੋ। 28ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ। 29ਉਸ ਨੇ ਆਖਿਆ, ਆ, ਅਤੇ ਪਤਰਸ ਬੇੜੀਓਂ ਉੱਤਰ ਕੇ ਯਿਸੂ ਦੇ ਕੋਲ ਜਾਣ ਲਈ ਪਾਣੀ ਉੱਤੇ ਤੁਰਨ ਲੱਗਾ। 30ਪਰ ਹਵਾ ਨੂੰ ਵੇਖ ਕੇ ਡਰਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੂ ਜੀ, ਮੈਨੂੰ ਬਚਾ ਲੈ! 31ਅਤੇ ਤੁਰੰਤ ਯਿਸੂ ਨੇ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਉਹ ਨੂੰ ਆਖਿਆ, ਹੇ ਥੋੜ੍ਹੇ ਵਿਸ਼ਵਾਸ ਵਾਲਿਆ, ਤੂੰ ਕਿਉਂ ਸ਼ੱਕ ਕੀਤਾ? 32ਅਤੇ ਜਦੋਂ ਉਹ ਬੇੜੀ ਉੱਤੇ ਚੜ੍ਹ ਗਏ ਤਾਂ ਹਵਾ ਰੁਕ ਗਈ। 33ਫੇਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਕਿਹਾ ਕਿ, ਤੂੰ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਹੈਂ।
ਗੰਨੇਸਰਤ ਵਿੱਚ ਰੋਗੀਆਂ ਨੂੰ ਚੰਗਾ ਕਰਨਾ
ਮਰਕੁਸ 6:53-56
34ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ। 35ਅਤੇ ਜਦੋਂ ਉੱਥੋਂ ਦੇ ਲੋਕਾਂ ਨੇ ਉਹ ਨੂੰ ਪਛਾਣਿਆ, ਤਾਂ ਉਸ ਸਾਰੇ ਇਲਾਕੇ ਵਿੱਚ ਖ਼ਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਦੇ ਕੋਲ ਲਿਆਏ। 36ਅਤੇ ਉਹ ਦੀ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਸਿਰਫ਼ ਆਪਣੇ ਕੱਪੜੇ ਦਾ ਪੱਲਾ ਛੂਹਣ ਦੇ ਅਤੇ ਜਿੰਨਿਆਂ ਨੇ ਛੂਹਿਆ ਉਹ ਚੰਗੇ ਹੋ ਗਏ।
Currently Selected:
ਮੱਤੀ 14: IRVPun
Highlight
Share
Compare
Copy
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.