YouVersion Logo
Search Icon

ਮਲਾਕੀ 2

2
1ਹੁਣ ਹੇ ਜਾਜਕੋ, ਤੁਹਾਡੇ ਲਈ ਇਹ ਹੁਕਮ ਹੈ 2ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੇ ਆਦਰ ਨੂੰ ਮਨ ਵਿੱਚ ਨਾ ਰੱਖੋਗੇ, ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦਿਆਂਗਾ ਸਗੋਂ ਇਸ ਲਈ ਜੋ ਤੁਸੀਂ ਉਸ ਨੂੰ ਮਨ ਵਿੱਚ ਨਾ ਰੱਖਿਆ ਮੈਂ ਸਰਾਪ ਦੇ ਚੁੱਕਾ ਹਾਂ, ਸੈਨਾਂ ਦਾ ਯਹੋਵਾਹ ਆਖਦਾ ਹੈ। 3ਵੇਖੋ, ਮੈਂ ਤੁਹਾਡੇ ਬੀ ਨੂੰ ਝਿੜਕਾਂਗਾ ਅਤੇ ਤੁਹਾਡੇ ਮੂੰਹਾਂ ਉੱਤੇ ਗੰਦ ਅਰਥਾਤ ਤੁਹਾਡਿਆਂ ਪਰਬਾਂ ਦਾ ਗੰਦ ਸੁੱਟਾਂਗਾ ਅਤੇ ਤੁਸੀਂ ਵੀ ਉਸ ਦੇ ਨਾਲ ਸੁੱਟੇ ਜਾਓਗੇ। 4ਤੁਸੀਂ ਜਾਣ ਲਓਗੇ ਕਿ ਮੈਂ ਇਹ ਹੁਕਮ ਤੁਹਾਨੂੰ ਇਸ ਲਈ ਦਿੱਤਾ ਸੀ, ਕਿ ਮੇਰਾ ਨੇਮ ਲੇਵੀ ਵੰਸ਼ ਦੇ ਜਾਜਕਾਂ ਦੇ ਨਾਲ ਕਾਇਮ ਰਹੇ, ਸੈਨਾਂ ਦਾ ਯਹੋਵਾਹ ਆਖਦਾ ਹੈ। 5ਉਸ ਦੇ ਨਾਲ ਮੇਰਾ ਨੇਮ ਜੀਵਨ ਅਤੇ ਸ਼ਾਂਤੀ ਦਾ ਸੀ, ਮੈਂ ਉਸ ਨੂੰ ਇਹ ਦਿੱਤਾ ਕਿ ਉਹ ਡਰਦਾ ਰਹੇ। ਉਹ ਮੇਰੇ ਕੋਲੋਂ ਡਰਦਾ ਵੀ ਰਿਹਾ, ਉਹ ਮੇਰੇ ਨਾਮ ਤੋਂ ਭੈਅ ਖਾਂਦਾ ਰਿਹਾ। 6ਸਚਿਆਈ ਦੀ ਬਿਵਸਥਾ ਉਸ ਦੇ ਮੂੰਹ ਵਿੱਚ ਸੀ ਅਤੇ ਕੁਧਰਮ ਉਸ ਦੇ ਬੁੱਲ੍ਹਾਂ ਵਿੱਚ ਨਾ ਪਾਇਆ ਗਿਆ। ਉਹ ਸ਼ਾਂਤੀ ਅਤੇ ਸਿਧਿਆਈ ਵਿੱਚ ਮੇਰੇ ਨਾਲ-ਨਾਲ ਚੱਲਦਾ ਰਿਹਾ ਅਤੇ ਬਹੁਤਿਆਂ ਨੂੰ ਬੁਰਿਆਈ ਤੋਂ ਮੋੜ ਲੈ ਆਇਆ। 7ਜਾਜਕ ਦੇ ਬੁੱਲ੍ਹ ਤਾਂ ਗਿਆਨ ਦੀ ਰਾਖੀ ਕਰਨ ਅਤੇ ਲੋਕ ਉਸ ਦੇ ਮੂੰਹ ਤੋਂ ਬਿਵਸਥਾ ਨੂੰ ਭਾਲਣ, ਕਿਉਂ ਜੋ ਉਹ ਸੈਨਾਂ ਦੇ ਯਹੋਵਾਹ ਦਾ ਦੂਤ ਹੈ। 8ਪਰ ਤੁਸੀਂ ਰਾਹ ਤੋਂ ਇੱਕ ਪਾਸੇ ਵੱਲ ਮੁੜ ਗਏ ਅਤੇ ਬਿਵਸਥਾ ਵਿੱਚ ਬਹੁਤਿਆਂ ਨੂੰ ਠੋਕਰ ਖੁਆਈ ਅਤੇ ਤੁਸੀਂ ਲੇਵੀ ਦੇ ਨੇਮ ਨੂੰ ਖ਼ਰਾਬ ਕੀਤਾ, ਸੈਨਾਂ ਦਾ ਯਹੋਵਾਹ ਆਖਦਾ ਹੈ। 9ਇਸ ਲਈ ਮੈਂ ਵੀ ਤੁਹਾਨੂੰ ਸਾਰਿਆਂ ਲੋਕਾਂ ਦੇ ਅੱਗੇ ਨਖਿੱਧ ਅਤੇ ਖੱਜਲ ਕੀਤਾ, ਕਿਉਂ ਜੋ ਤੁਸੀਂ ਮੇਰੇ ਰਾਹਾਂ ਦੀ ਪਾਲਣਾ ਨਾ ਕੀਤੀ ਸਗੋਂ ਤੁਸੀਂ ਬਿਵਸਥਾ ਵਿੱਚ ਪੱਖਪਾਤ ਕੀਤਾ।
ਪਰਮੇਸ਼ੁਰ ਦੇ ਨਾਲ ਲੋਕਾਂ ਦੀ ਬੇਵਫ਼ਾਈ
10ਕੀ ਸਾਡਾ ਸਾਰਿਆਂ ਦਾ ਇੱਕੋ ਹੀ ਪਿਤਾ ਨਹੀਂ ਅਤੇ ਕੀ ਇੱਕੋ ਹੀ ਪਰਮੇਸ਼ੁਰ ਨੇ ਸਾਨੂੰ ਨਹੀਂ ਸਿਰਜਿਆ? ਫੇਰ ਕਿਉਂ ਅਸੀਂ ਆਪਣੇ ਭਰਾਵਾਂ ਤੋਂ ਬੇਪਰਤੀਤੇ ਹੋ ਕੇ ਆਪਣੇ ਪੁਰਖਿਆਂ ਦੇ ਨੇਮ ਨੂੰ ਭਰਿਸ਼ਟ ਕਰਦੇ ਹਾਂ? 11ਯਹੂਦਾਹ ਨੇ ਬੇਪਰਤੀਤੀ ਕੀਤੀ ਅਤੇ ਇਸਰਾਏਲ ਵਿੱਚ ਅਤੇ ਯਰੂਸ਼ਲਮ ਵਿੱਚ ਘਿਣਾਉਣਾ ਕੰਮ ਕੀਤਾ ਗਿਆ ਕਿਉਂ ਜੋ ਯਹੂਦਾਹ ਨੇ ਯਹੋਵਾਹ ਦੀ ਪਵਿੱਤਰਤਾਈ ਨੂੰ ਜਿਹੜੀ ਉਸ ਨੂੰ ਪਿਆਰੀ ਸੀ, ਪਲੀਤ ਕੀਤਾ ਅਤੇ ਓਪਰੇ ਦੇਵਤੇ ਦੀ ਧੀ ਨੂੰ ਵਿਆਹ ਲਿਆਇਆ। 12ਯਹੋਵਾਹ ਹਰੇਕ ਨੂੰ ਜਿਹੜਾ ਇਹ ਕੰਮ ਕਰਦਾ ਰਹੇ, ਜਾਗਦੇ ਨੂੰ ਅਤੇ ਉੱਤਰ ਦੇਣ ਵਾਲੇ ਨੂੰ ਯਾਕੂਬ ਦੇ ਤੰਬੂਆਂ ਤੋਂ ਕੱਟ ਦੇਵੇ, ਨਾਲੇ ਸੈਨਾਂ ਦੇ ਯਹੋਵਾਹ ਨੂੰ ਭੇਟ ਚੜ੍ਹਾਉਣ ਵਾਲੇ ਨੂੰ! 13ਫੇਰ ਤੁਸੀਂ ਇਹ ਵੀ ਕਰਦੇ ਹੋ ਕਿ ਤੁਸੀਂ ਯਹੋਵਾਹ ਦੀ ਜਗਵੇਦੀ ਨੂੰ ਹੰਝੂਆਂ ਨਾਲ ਅਤੇ ਹੂੰਗਿਆਂ ਨਾਲ ਢੱਕ ਦਿੱਤਾ, ਕਿਉਂ ਜੋ ਉਹ ਫੇਰ ਤੁਹਾਡੀ ਭੇਟ ਨੂੰ ਨਹੀਂ ਵੇਖਦਾ ਅਤੇ ਨਾ ਤੁਹਾਡੇ ਹੱਥੋਂ ਖੁਸ਼ ਹੋ ਕੇ ਲੈਂਦਾ ਹੈ। 14ਤੁਸੀਂ ਆਖਦੇ ਹੋ, ਕਿਉਂ? ਕਿਉਂਕਿ ਯਹੋਵਾਹ ਤੇਰੇ ਵਿੱਚ ਅਤੇ ਤੇਰੀ ਜੁਆਨੀ ਦੀ ਪਤਨੀ ਵਿੱਚ ਗਵਾਹ ਹੈ, ਕਿਉਂ ਜੋ ਤੂੰ ਉਸ ਦੇ ਨਾਲ ਵਿਸ਼ਵਾਸਘਾਤ ਕੀਤਾ, ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਔਰਤ ਹੈ। 15ਕੀ ਉਸ ਨੇ ਇੱਕ ਨੂੰ ਹੀ ਨਹੀਂ ਰਚਿਆ? ਕੀ ਉਸ ਲਈ ਰੂਹ ਬਾਕੀ ਨਹੀਂ ਸੀ? ਫੇਰ ਇੱਕ ਨੂੰ ਹੀ ਕਿਉਂ? ਉਹ ਪਰਮੇਸ਼ੁਰ ਦੀ ਨਸਲ ਚਾਹੁੰਦਾ ਸੀ, ਇਸ ਲਈ ਤੁਸੀਂ ਆਪਣਿਆਂ ਆਤਮਾਵਾਂ ਵਿੱਚ ਚੌਕਸ ਰਹੋ ਅਤੇ ਤੂੰ ਆਪਣੀ ਜੁਆਨੀ ਦੀ ਪਤਨੀ ਨਾਲ ਧੋਖਾ ਨਾ ਕਰ 16ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਨੂੰ ਤਲਾਕਨਾਮੇ ਤੋਂ ਘਿਣ ਆਉਂਦੀ ਹੈ ਅਤੇ ਉਸ ਤੋਂ ਜੋ ਆਪਣਾ ਬਸਤਰ ਜ਼ੁਲਮ ਨਾਲ ਢੱਕ ਲੈਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ। ਤੁਸੀਂ ਆਪਣਿਆਂ ਆਤਮਾਵਾਂ ਵਿੱਚ ਚੌਕਸ ਰਹੋ ਅਤੇ ਵਿਸ਼ਵਾਸਘਾਤ ਨਾ ਕਰੋ।
ਨਿਆਂ ਦਾ ਦਿਨ ਨੇੜੇ ਹੈ
17ਤੁਸੀਂ ਆਪਣੀਆਂ ਗੱਲਾਂ ਨਾਲ ਯਹੋਵਾਹ ਨੂੰ ਅਕਾ ਦਿੱਤਾ ਹੈ ਤਾਂ ਵੀ ਤੁਸੀਂ ਆਖਦੇ ਹੋ, ਕਾਹਦੇ ਵਿੱਚ ਅਸੀਂ ਉਹ ਨੂੰ ਅਕਾ ਦਿੱਤਾ? ਇਸ ਆਖਣ ਵਿੱਚ ਕਿ ਜਦ ਹਰੇਕ ਬੁਰਿਆਈ ਕਰਦਾ ਹੈ ਤਾਂ ਇਹ ਯਹੋਵਾਹ ਦੀ ਨਿਗਾਹ ਵਿੱਚ ਭਲਾ ਹੈ ਅਤੇ ਉਹ ਉਹਨਾਂ ਤੋਂ ਖੁਸ਼ ਹੈ, ਜਾਂ ਇਹ ਕਿ ਨਿਆਂ ਦਾ ਪਰਮੇਸ਼ੁਰ ਕਿੱਥੇ ਹੈ?

Currently Selected:

ਮਲਾਕੀ 2: IRVPun

Highlight

Copy

Compare

Share

None

Want to have your highlights saved across all your devices? Sign up or sign in