ਲੇਵੀਆਂ 22
22
ਚੜ੍ਹਾਵੇ ਦੀ ਪਵਿੱਤਰਤਾ
1ਯਹੋਵਾਹ ਨੇ ਮੂਸਾ ਨੂੰ ਆਖਿਆ, 2ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ, ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਤੋਂ, ਜਿਨ੍ਹਾਂ ਨੂੰ ਉਹ ਮੇਰੇ ਅੱਗੇ ਪਵਿੱਤਰ ਕਰਦੇ ਹਨ, ਅਲੱਗ ਰਹਿਣ ਅਤੇ ਮੇਰੇ ਪਵਿੱਤਰ ਨਾਮ ਦਾ ਨਿਰਾਦਰ ਨਾ ਕਰਨ। ਮੈਂ ਯਹੋਵਾਹ ਹਾਂ।
3ਉਨ੍ਹਾਂ ਨੂੰ ਆਖ, ਤੁਹਾਡੀਆਂ ਪੀੜ੍ਹੀਆਂ ਵਿੱਚੋਂ, ਅਤੇ ਤੁਹਾਡੇ ਸਾਰੇ ਵੰਸ਼ ਵਿੱਚੋਂ ਜਿਹੜਾ ਆਪਣੀ ਅਸ਼ੁੱਧਤਾਈ ਵਿੱਚ ਉਨ੍ਹਾਂ ਪਵਿੱਤਰ ਕੀਤੀਆਂ ਹੋਇਆਂ ਵਸਤੂਆਂ ਕੋਲ ਜਾਵੇ, ਜਿਹੜੀਆਂ ਇਸਰਾਏਲੀ ਮੇਰੇ ਲਈ ਪਵਿੱਤਰ ਕਰਦੇ ਹਨ, ਉਹ ਮਨੁੱਖ ਮੇਰੇ ਅੱਗਿਓਂ ਛੇਕਿਆ ਜਾਵੇ। ਮੈਂ ਯਹੋਵਾਹ ਹਾਂ।
4ਹਾਰੂਨ ਦੇ ਵੰਸ਼ ਵਿੱਚ ਜਿਸ ਕਿਸੇ ਨੂੰ ਕੋੜ੍ਹ ਹੋਵੇ ਜਾਂ ਪ੍ਰਮੇਹ ਹੋਵੇ, ਜਦ ਤੱਕ ਉਹ ਮਨੁੱਖ ਸ਼ੁੱਧ ਨਾ ਹੋਵੇ, ਤਦ ਤੱਕ ਪਵਿੱਤਰ ਵਸਤੂਆਂ ਨੂੰ ਨਾ ਖਾਵੇ। ਜਿਹੜਾ ਕਿਸੇ ਅਜਿਹੀ ਵਸਤੂ ਨੂੰ ਛੂਹੇ, ਜੋ ਮੁਰਦੇ ਦੇ ਕਾਰਨ ਅਸ਼ੁੱਧ ਹੈ ਜਾਂ ਕਿਸੇ ਮਨੁੱਖ ਨੂੰ ਛੂਹੇ ਜਿਸ ਦਾ ਵੀਰਜ ਨਿੱਕਲਿਆ ਹੋਵੇ, 5ਜਾਂ ਜਿਹੜਾ ਕਿਸੇ ਘਿਸਰਨ ਵਾਲੇ ਜੀਵ ਨੂੰ ਛੂਹੇ, ਜਿਸ ਦੇ ਕਾਰਨ ਉਹ ਅਸ਼ੁੱਧ ਹੋ ਜਾਵੇ, ਜਾਂ ਕਿਸੇ ਅਜਿਹੇ ਮਨੁੱਖ ਨੂੰ ਛੂਹੇ ਜਿਸ ਵਿੱਚ ਕੋਈ ਅਸ਼ੁੱਧਤਾਈ ਹੋਵੇ, ਭਾਵੇਂ ਉਹ ਕਿਹੋ ਜਿਹੀ ਅਸ਼ੁੱਧਤਾਈ ਕਿਉਂ ਨਾ ਹੋਵੇ, 6ਤਾਂ ਉਹ ਮਨੁੱਖ ਜਿਹੜਾ ਇਹੋ ਜਿਹੀ ਕਿਸੇ ਵਸਤੂ ਨੂੰ ਛੂਹੇ, ਉਹ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜਦ ਤੱਕ ਪਾਣੀ ਨਾਲ ਨਾ ਨਹਾਵੇ, ਤਦ ਤੱਕ ਕਿਸੇ ਪਵਿੱਤਰ ਵਸਤੂ ਨੂੰ ਨਾ ਖਾਵੇ। 7ਜਦ ਸੂਰਜ ਡੁੱਬ ਜਾਵੇ ਤਾਂ ਉਹ ਸ਼ੁੱਧ ਹੋਵੇ ਅਤੇ ਫੇਰ ਪਵਿੱਤਰ ਵਸਤੂਆਂ ਵਿੱਚੋਂ ਖਾ ਸਕਦਾ ਹੈ, ਕਿਉਂ ਜੋ ਇਹ ਹੀ ਉਸ ਦਾ ਭੋਜਨ ਹੈ। 8ਜਿਹੜਾ ਜਾਨਵਰ ਆਪ ਮਰ ਜਾਵੇ, ਜਾਂ ਦੂਜੇ ਜਾਨਵਰਾਂ ਦੁਆਰਾ ਪਾੜਿਆ ਜਾਵੇ ਤਾਂ ਉਸ ਨੂੰ ਖਾ ਕੇ ਉਹ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ। ਮੈਂ ਯਹੋਵਾਹ ਹਾਂ।
9ਇਸ ਲਈ ਜਾਜਕ ਮੇਰੇ ਹੁਕਮ ਨੂੰ ਮੰਨਣ, ਅਜਿਹਾ ਨਾ ਹੋਵੇ ਕਿ ਉਹ ਉਸ ਦਾ ਨਿਰਾਦਰ ਕਰਨ ਅਤੇ ਉਨ੍ਹਾਂ ਦਾ ਪਾਪ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਉਹ ਮਰ ਜਾਣ। ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਕਰਨ ਵਾਲਾ ਹਾਂ। 10ਕੋਈ ਵੀ ਗੈਰ-ਕੌਮੀ ਮਨੁੱਖ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ, ਭਾਵੇਂ ਉਹ ਪਰਦੇਸੀ ਹੋ ਕੇ ਜਾਜਕ ਦੇ ਕੋਲ ਰਹਿੰਦਾ ਹੋਵੇ, ਜਾਂ ਕੋਈ ਨੌਕਰ ਹੋਵੇ, ਉਹ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ। 11ਪਰ ਜੇਕਰ ਜਾਜਕ ਕਿਸੇ ਮਨੁੱਖ ਨੂੰ ਆਪਣਾ ਪੈਸਾ ਦੇ ਕੇ ਮੁੱਲ ਲਵੇ, ਤਾਂ ਉਹ ਮਨੁੱਖ ਉਸ ਵਿੱਚੋਂ ਖਾ ਸਕਦਾ ਹੈ ਅਤੇ ਉਹ ਜੋ ਜਾਜਕ ਦੇ ਘਰ ਵਿੱਚ ਜੰਮਿਆ ਹੋਵੇ, ਉਹ ਵੀ ਉਸ ਭੋਜਨ ਵਿੱਚੋਂ ਖਾ ਸਕਦਾ ਹੈ। 12ਜੇਕਰ ਜਾਜਕ ਦੀ ਧੀ ਕਿਸੇ ਪਰਾਏ ਮਨੁੱਖ ਨਾਲ ਵਿਆਹੀ ਜਾਵੇ, ਤਾਂ ਉਹ ਪਵਿੱਤਰ ਵਸਤੂਆਂ ਦੀ ਭੇਟ ਵਿੱਚੋਂ ਨਾ ਖਾਵੇ। 13ਪਰ ਜੇਕਰ ਜਾਜਕ ਦੀ ਧੀ ਵਿਧਵਾ ਜਾਂ ਪਤੀ ਵੱਲੋਂ ਤਿਆਗੀ ਹੋਈ ਹੋਵੇ ਅਤੇ ਉਸ ਦੀ ਕੋਈ ਸੰਤਾਨ ਨਾ ਹੋਵੇ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ ਹੋਵੇ ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾਵੇ, ਪਰ ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।
14ਜੇਕਰ ਕੋਈ ਮਨੁੱਖ ਅਣਜਾਣੇ ਵਿੱਚ ਪਵਿੱਤਰ ਵਸਤੂਆਂ ਵਿੱਚੋਂ ਖਾ ਲਵੇ ਤਾਂ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇ ਦੇਵੇ। 15ਅਤੇ ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਜਿਨ੍ਹਾਂ ਨੂੰ ਉਹ ਭੇਟ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਨਿਰਾਦਰ ਨਾ ਕਰਨ। 16ਉਹ ਉਨ੍ਹਾਂ ਨੂੰ ਆਪਣੀਆਂ ਪਵਿੱਤਰ ਵਸਤੂਆਂ ਵਿੱਚੋਂ ਖੁਆ ਕੇ, ਉਨ੍ਹਾਂ ਉੱਤੇ ਬਦੀ ਦਾ ਦੋਸ਼ ਨਾ ਲਿਆਉਣ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਬਲੀਦਾਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ।
17ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 18ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਘਰਾਣਿਆਂ ਨੂੰ ਆਖ ਕਿ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ ਜੋ ਇਸਰਾਏਲ ਵਿੱਚ ਵੱਸਦੇ ਹਨ, ਜਿਹੜਾ ਆਪਣੀਆਂ ਸੁੱਖਣਾਂ ਜਾਂ ਖੁਸ਼ੀ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ, 19ਤਾਂ ਤੁਸੀਂ ਆਪਣੇ ਸਵੀਕਾਰੇ ਜਾਣ ਲਈ ਬਲ਼ਦਾਂ, ਜਾਂ ਭੇਡਾਂ ਜਾਂ ਬੱਕਰੀਆਂ ਵਿੱਚੋਂ ਇੱਕ ਦੋਸ਼ ਰਹਿਤ ਨਰ ਚੜ੍ਹਾਓ। 20ਪਰ ਜਿਸ ਵਿੱਚ ਕੋਈ ਦੋਸ਼ ਹੋਏ, ਉਸ ਨੂੰ ਤੁਸੀਂ ਨਾ ਚੜ੍ਹਾਉਣਾ, ਕਿਉਂ ਜੋ ਉਹ ਤੁਹਾਡੇ ਵੱਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ। 21ਅਤੇ ਜਿਹੜਾ ਯਹੋਵਾਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਲਈ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਜਾਂ ਆਪਣੀ ਖੁਸ਼ੀ ਦੀ ਭੇਟ ਲਈ ਬਲ਼ਦਾਂ ਜਾਂ ਭੇਡਾਂ ਵਿੱਚੋਂ ਭੇਟ ਚੜ੍ਹਾਵੇ, ਤਾਂ ਸਵੀਕਾਰੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੂਰੀ ਹੋਵੇ ਅਤੇ ਉਸ ਦੇ ਵਿੱਚ ਕੋਈ ਦੋਸ਼ ਨਾ ਹੋਵੇ। 22ਜਿਹੜਾ ਅੰਨ੍ਹਾ ਹੋਵੇ, ਜਾਂ ਜਿਸ ਦੇ ਅੰਗ ਟੁੱਟੇ ਹੋਣ ਜਾਂ ਟੁੰਡਾ ਹੋਵੇ ਜਾਂ ਜਿਸ ਨੂੰ ਮੁਹਕੇ ਹੋਣ, ਜਾਂ ਦਾਦ ਜਾਂ ਖੁਜਲੀ ਹੋਵੇ, ਇਨ੍ਹਾਂ ਨੂੰ ਤੁਸੀਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਨਾ ਉਨ੍ਹਾਂ ਨੂੰ ਅੱਗ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਉਣਾ। 23ਜਿਸ ਕਿਸੇ ਬਲ਼ਦ ਜਾਂ ਬੱਕਰੇ ਦਾ ਕੋਈ ਅੰਗ ਵੱਧ ਜਾਂ ਘੱਟ ਹੋਵੇ, ਉਸ ਨੂੰ ਤੁਸੀਂ ਆਪਣੀ ਖੁਸ਼ੀ ਦੀ ਭੇਟ ਕਰਕੇ ਚੜ੍ਹਾ ਸਕਦੇ ਹੋ, ਪਰ ਸੁੱਖਣਾ ਪੂਰੀ ਕਰਨ ਲਈ ਉਸ ਨੂੰ ਸਵੀਕਾਰ ਨਾ ਕੀਤਾ ਜਾਵੇਗਾ। 24ਜਿਸ ਪਸ਼ੂ ਦੇ ਨਲ ਨੂੰ ਸੱਟ ਲੱਗੀ ਹੋਵੇ, ਜਾਂ ਦੱਬੇ ਹੋਏ, ਕੁਚਲੇ ਹੋਏ ਜਾਂ ਫਟੇ ਹੋਏ ਹੋਣ, ਉਸ ਨੂੰ ਤੁਸੀਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਅਤੇ ਨਾ ਆਪਣੇ ਦੇਸ ਵਿੱਚ ਕੋਈ ਅਜਿਹੀ ਭੇਟ ਚੜ੍ਹਾਉਣਾ। 25ਇਨ੍ਹਾਂ ਵਿੱਚੋਂ ਕਿਸੇ ਨੂੰ ਪਰਦੇਸੀ ਦੇ ਹੱਥ ਤੋਂ ਲੈ ਆਪਣੇ ਪਰਮੇਸ਼ੁਰ ਦਾ ਭੋਜਨ ਕਰਕੇ ਨਾ ਚੜ੍ਹਾਉਣਾ, ਕਿਉਂ ਜੋ ਉਨ੍ਹਾਂ ਦੀ ਬੁਰਿਆਈ ਉਨ੍ਹਾਂ ਦੇ ਵਿੱਚ ਹੈ ਅਤੇ ਦੋਸ਼ ਵੀ ਹਨ, ਇਸ ਲਈ ਉਹ ਤੁਹਾਡੇ ਹੱਥਾਂ ਤੋਂ ਸਵੀਕਾਰ ਨਹੀਂ ਕੀਤੇ ਜਾਣਗੇ।
26ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 27ਜਦ ਕੋਈ ਬਲ਼ਦ, ਜਾਂ ਭੇਡ ਜਾਂ ਬੱਕਰੀ ਦਾ ਬੱਚਾ ਜੰਮੇ ਤਾਂ ਉਹ ਸੱਤ ਦਿਨ ਤੱਕ ਆਪਣੀ ਮਾਂ ਦੇ ਕੋਲ ਰਹੇ ਅਤੇ ਅੱਠਵੇਂ ਦਿਨ ਤੋਂ ਲੈ ਕੇ ਉਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਦੇ ਲਈ ਸਵੀਕਾਰ ਯੋਗ ਹੋਵੇਗਾ। 28ਭਾਵੇਂ ਗਾਂ ਹੋਵੇ, ਭਾਵੇਂ ਭੇਡ ਜਾਂ ਬੱਕਰੀ, ਤੂੰ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਇੱਕ ਦਿਨ ਵਿੱਚ ਨਾ ਵੱਢੀਂ। 29ਅਤੇ ਜਦ ਤੁਸੀਂ ਯਹੋਵਾਹ ਦੇ ਅੱਗੇ ਧੰਨਵਾਦ ਦੀ ਬਲੀ ਚੜ੍ਹਾਓ, ਤਾਂ ਤੁਸੀਂ ਉਸ ਨੂੰ ਇਸੇ ਤਰ੍ਹਾਂ ਹੀ ਚੜ੍ਹਾਉਣਾ ਤਾਂ ਜੋ ਉਹ ਸਵੀਕਾਰ ਹੋਵੇ। 30ਉਸ ਨੂੰ ਉਸੇ ਦਿਨ ਹੀ ਖਾਧਾ ਜਾਵੇ, ਤੁਸੀਂ ਉਸ ਵਿੱਚੋਂ ਸਵੇਰ ਤੱਕ ਕੁਝ ਨਾ ਛੱਡਣਾ। ਮੈਂ ਯਹੋਵਾਹ ਹਾਂ।
31ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਨਾ। ਮੈਂ ਯਹੋਵਾਹ ਹਾਂ। 32ਤੁਸੀਂ ਮੇਰੇ ਪਵਿੱਤਰ ਨਾਮ ਨੂੰ ਭਰਿਸ਼ਟ ਨਾ ਕਰਨਾ, ਪਰ ਮੈਂ ਇਸਰਾਏਲੀਆਂ ਵਿੱਚ ਜ਼ਰੂਰ ਹੀ ਪਵਿੱਤਰ ਸਮਝਿਆ ਜਾਂਵਾਂ। ਮੈਂ ਉਹ ਯਹੋਵਾਹ ਹਾਂ, ਜੋ ਤੁਹਾਨੂੰ ਪਵਿੱਤਰ ਕਰਦਾ ਹੈ। 33ਜੋ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਤਾਂ ਜੋ ਤੁਹਾਡਾ ਪਰਮੇਸ਼ੁਰ ਹੋਵਾਂ, ਮੈਂ ਯਹੋਵਾਹ ਹਾਂ।
Currently Selected:
ਲੇਵੀਆਂ 22: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.