ਲੇਵੀਆਂ 20
20
ਪਾਪਾਂ ਦੀ ਸਜ਼ਾ
1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2ਤੂੰ ਇਸਰਾਏਲੀਆਂ ਨੂੰ ਇਹ ਵੀ ਆਖੀਂ, ਜਿਹੜਾ ਭਾਵੇਂ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ, ਜੋ ਇਸਰਾਏਲ ਵਿੱਚ ਵੱਸਦੇ ਹਨ, ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਨੂੰ ਦੇਵੇ, ਤਾਂ ਉਹ ਜ਼ਰੂਰ ਹੀ ਮਾਰਿਆ ਜਾਵੇ। ਦੇਸ ਦੇ ਲੋਕ ਉਸ ਨੂੰ ਪੱਥਰਾਂ ਨਾਲ ਮਾਰ ਸੁੱਟਣ। 3ਮੈਂ ਉਸ ਮਨੁੱਖ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ ਕਰਾਂਗਾ ਕਿਉਂ ਜੋ ਉਸ ਨੇ ਮੇਰੇ ਪਵਿੱਤਰ ਸਥਾਨ ਨੂੰ ਅਸ਼ੁੱਧ ਕਰਨ ਅਤੇ ਮੇਰੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਲਈ ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਪਰਾਏ ਦੇਵਤੇ ਮੋਲਕ ਦੇ ਅੱਗੇ ਚੜ੍ਹਾਇਆ। 4ਜੇਕਰ ਉਸ ਦੇਸ ਦੇ ਲੋਕ ਉਸ ਮਨੁੱਖ ਵੱਲੋਂ ਅਣਦੇਖੀ ਕਰਨ, ਜਿਸ ਨੇ ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਚੜ੍ਹਾਇਆ ਅਤੇ ਉਸ ਨੂੰ ਨਾ ਮਾਰਨ, 5ਤਦ ਮੈਂ ਆਪ ਉਸ ਮਨੁੱਖ ਅਤੇ ਉਸ ਦੇ ਘਰਾਣੇ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਦੇ ਉਸ ਦੇ ਪਿੱਛੇ ਲੱਗ ਕੇ ਮੋਲਕ ਦੇ ਨਾਲ ਵਿਭਚਾਰ ਕੀਤਾ, ਉਨ੍ਹਾਂ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।
6ਅਤੇ ਜਿਹੜਾ ਝਾੜਾ-ਫੂਕੀ ਕਰਨ ਵਾਲਿਆਂ ਜਾਂ ਭੂਤ ਕੱਢਣ ਵਾਲਿਆਂ ਦੇ ਪਿੱਛੇ ਲੱਗ ਕੇ ਵਿਭਚਾਰ ਕਰੇ ਤਾਂ ਮੈਂ ਉਸ ਮਨੁੱਖ ਦਾ ਵਿਰੋਧੀ ਬਣ ਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ। 7ਇਸ ਲਈ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੇ ਰਹੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। 8ਤੁਸੀਂ ਮੇਰੀਆਂ ਬਿਧੀਆਂ ਨੂੰ ਮੰਨਣਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ। ਮੈਂ ਉਹੋ ਯਹੋਵਾਹ ਹਾਂ ਜੋ ਤੁਹਾਨੂੰ ਪਵਿੱਤਰ ਕਰਦਾ ਹਾਂ। 9ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਫਿਟਕਾਰੇ ਉਹ ਜ਼ਰੂਰ ਹੀ ਮਾਰਿਆ ਜਾਵੇ। ਉਸ ਨੇ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਫਿਟਕਾਰਿਆ, ਇਸ ਲਈ ਉਸ ਦਾ ਖੂਨ ਉਸੇ ਦੇ ਜੁੰਮੇ ਹੋਵੇ।
10ਜਿਹੜਾ ਕਿਸੇ ਹੋਰ ਮਨੁੱਖ ਦੀ ਪਤਨੀ ਨਾਲ ਵਿਭਚਾਰ ਕਰੇ, ਤਾਂ ਉਹ ਮਨੁੱਖ ਜਿਸ ਨੇ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਕੀਤਾ ਅਤੇ ਉਹ ਇਸਤਰੀ ਦੋਵੇਂ ਜ਼ਰੂਰ ਹੀ ਮਾਰੇ ਜਾਣ। 11ਜਿਹੜਾ ਮਨੁੱਖ ਆਪਣੀ ਸੌਤੇਲੀ ਮਾਂ ਨਾਲ ਸੰਗ ਕਰੇ, ਤਾਂ ਇਸ ਲਈ ਕਿ ਉਸ ਨੇ ਆਪਣੇ ਪਿਤਾ ਦਾ ਨੰਗੇਜ਼ ਉਘਾੜਿਆ ਹੈ, ਉਹ ਦੋਵੇਂ ਜ਼ਰੂਰ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ। 12ਜੇਕਰ ਕੋਈ ਮਨੁੱਖ ਆਪਣੀ ਨੂੰਹ ਨਾਲ ਸੰਗ ਕਰੇ, ਤਾਂ ਉਹ ਦੋਵੇਂ ਜ਼ਰੂਰ ਹੀ ਮਾਰੇ ਜਾਣ ਕਿਉਂ ਜੋ ਉਨ੍ਹਾਂ ਨੇ ਪੁੱਠਾ ਕੰਮ ਕੀਤਾ ਹੈ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ। 13ਜਿਸ ਤਰ੍ਹਾਂ ਕੋਈ ਪੁਰਖ ਕਿਸੇ ਇਸਤਰੀ ਨਾਲ ਸੰਗ ਕਰਦਾ ਹੈ, ਜੇਕਰ ਉਹ ਉਸੇ ਤਰ੍ਹਾਂ ਹੀ ਪੁਰਖ ਨਾਲ ਸੰਗ ਕਰੇ ਤਾਂ ਉਨ੍ਹਾਂ ਨੇ ਘਿਣਾਉਣਾ ਕੰਮ ਕੀਤਾ ਹੈ। ਉਹ ਜ਼ਰੂਰ ਹੀ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ। 14ਜੇਕਰ ਕੋਈ ਮਨੁੱਖ ਕਿਸੇ ਇਸਤਰੀ ਅਤੇ ਉਸ ਦੀ ਮਾਂ ਦੋਹਾਂ ਨਾਲ ਵਿਆਹ ਕਰੇ ਤਾਂ ਇਹ ਦੁਸ਼ਟਤਾ ਹੈ, ਉਹ ਮਨੁੱਖ ਅਤੇ ਦੋਵੇਂ ਇਸਤਰੀਆਂ ਅੱਗ ਨਾਲ ਸਾੜੇ ਜਾਣ, ਤਾਂ ਜੋ ਤੁਹਾਡੇ ਵਿਚਕਾਰ ਕੋਈ ਦੁਸ਼ਟਤਾ ਨਾ ਰਹੇ। 15ਜੇਕਰ ਕੋਈ ਮਨੁੱਖ ਕਿਸੇ ਪਸ਼ੂ ਨਾਲ ਸੰਗ ਕਰੇ ਤਾਂ ਉਹ ਜ਼ਰੂਰ ਮਾਰਿਆ ਜਾਵੇ ਅਤੇ ਤੁਸੀਂ ਪਸ਼ੂ ਨੂੰ ਵੀ ਵੱਢ ਸੁੱਟਣਾ। 16ਜੇਕਰ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਆਵੇ ਅਤੇ ਉਸ ਤੋਂ ਸੰਗ ਕਰਵਾਏ ਤਾਂ ਤੂੰ ਉਸ ਇਸਤਰੀ ਨੂੰ ਅਤੇ ਉਸ ਪਸ਼ੂ ਨੂੰ ਵੱਢ ਸੁੱਟਣਾ। ਉਹ ਜ਼ਰੂਰ ਹੀ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ।
17ਜੇਕਰ ਕੋਈ ਮਨੁੱਖ ਆਪਣੀ ਭੈਣ ਦਾ ਭਾਵੇਂ ਉਹ ਉਸ ਦੀ ਸੱਕੀ ਭੈਣ ਹੋਵੇ ਭਾਵੇਂ ਸੌਤੇਲੀ, ਉਸ ਦਾ ਨੰਗੇਜ਼ ਵੇਖੇ ਅਤੇ ਉਸ ਦੀ ਭੈਣ ਵੀ ਉਸਦਾ ਨੰਗੇਜ਼ ਵੇਖੇ ਤਾਂ ਇਹ ਸ਼ਰਮ ਦੀ ਗੱਲ ਹੈ। ਉਹ ਆਪਣੇ ਲੋਕਾਂ ਦੇ ਸਾਹਮਣੇ ਹੀ ਵੱਢੇ ਜਾਣ। ਉਸ ਨੇ ਆਪਣੀ ਭੈਣ ਦਾ ਨੰਗੇਜ਼ ਉਘਾੜਿਆ, ਇਸ ਲਈ ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇ। 18ਜੇਕਰ ਕੋਈ ਮਨੁੱਖ ਕਿਸੇ ਇਸਤਰੀ ਨਾਲ ਉਸ ਦੀ ਮਾਹਵਾਰੀ ਦੇ ਸਮੇਂ ਸੰਗ ਕਰੇ ਅਤੇ ਉਸ ਦਾ ਨੰਗੇਜ਼ ਉਘਾੜੇ ਤਾਂ ਇਸ ਲਈ ਕਿ ਉਸ ਨੇ ਉਹ ਦਾ ਸੁੰਬ ਖੋਲ੍ਹਿਆ ਅਤੇ ਉਹ ਨੇ ਵੀ ਆਪਣੇ ਲਹੂ ਦਾ ਸੁੰਬ ਖੁਲ੍ਹਵਾਇਆ, ਉਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ। 19ਤੂੰ ਆਪਣੀ ਮਾਂ ਦੀ ਭੈਣ ਅਤੇ ਆਪਣੇ ਪਿਤਾ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਹ ਤੇਰੀਆਂ ਨਜ਼ਦੀਕੀ ਰਿਸ਼ਤੇਦਾਰ ਹਨ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਹੀ ਜੁੰਮੇ ਹੋਵੇ। 20ਜੇਕਰ ਕੋਈ ਮਨੁੱਖ ਆਪਣੀ ਚਾਚੀ ਨਾਲ ਸੰਗ ਕਰੇ, ਤਾਂ ਉਸ ਨੇ ਆਪਣੇ ਚਾਚੇ ਦਾ ਨੰਗੇਜ਼ ਉਘਾੜਿਆ ਹੈ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਉਹ ਬੇ-ਔਲਾਦ ਮਰਨਗੇ। 21ਜੇਕਰ ਕੋਈ ਮਨੁੱਖ ਆਪਣੇ ਭਰਾ ਦੀ ਪਤਨੀ ਨੂੰ ਲਵੇ, ਤਾਂ ਇਹ ਘਿਣਾਉਣੀ ਗੱਲ ਹੈ। ਉਸ ਨੇ ਆਪਣੇ ਭਰਾ ਦਾ ਨੰਗੇਜ਼ ਉਘਾੜਿਆ ਹੈ, ਇਸ ਲਈ ਉਹ ਬੇ-ਔਲਾਦ ਰਹਿਣਗੇ।
22ਇਸ ਲਈ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਮੇਰੇ ਸਾਰੇ ਨਿਯਮਾਂ ਨੂੰ ਮੰਨ ਕੇ ਪਾਲਣਾ ਕਰਨਾ ਤਾਂ ਜੋ ਉਹ ਦੇਸ ਜਿਸ ਦੇ ਵਿੱਚ ਵੱਸਣ ਲਈ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਤੁਹਾਨੂੰ ਉਗਲ ਨਾ ਦੇਵੇ। 23ਅਤੇ ਜਿਨ੍ਹਾਂ ਕੌਮਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਦਾ ਹਾਂ, ਤੁਸੀਂ ਉਨ੍ਹਾਂ ਦੀਆਂ ਰੀਤਾਂ ਦੇ ਅਨੁਸਾਰ ਨਾ ਚੱਲਣਾ ਕਿਉਂ ਜੋ ਉਨ੍ਹਾਂ ਨੇ ਇਹ ਸਾਰੇ ਬੁਰੇ ਕੰਮ ਕੀਤੇ, ਇਸ ਲਈ ਮੈਂ ਉਨ੍ਹਾਂ ਤੋਂ ਘਿਣ ਕਰਦਾ ਹਾਂ। 24ਪਰ ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਉਨ੍ਹਾਂ ਦੇ ਦੇਸ ਦੇ ਅਧਿਕਾਰੀ ਬਣੋਗੇ ਅਤੇ ਮੈਂ ਉਹ ਦੇਸ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਤੁਹਾਨੂੰ ਦੇ ਦਿਆਂਗਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜਿਸ ਨੇ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ ਹੈ। 25ਇਸ ਲਈ ਤੁਸੀਂ ਸ਼ੁੱਧ ਅਤੇ ਅਸ਼ੁੱਧ ਪਸ਼ੂ ਦੇ ਵਿੱਚ ਅਤੇ ਅਸ਼ੁੱਧ ਅਤੇ ਸ਼ੁੱਧ ਪੰਛੀਆਂ ਦੇ ਵਿੱਚ ਭੇਦ ਰੱਖਣਾ ਅਤੇ ਕਿਸੇ ਪਸ਼ੂ ਜਾਂ ਪੰਛੀ ਜਾਂ ਕਿਸੇ ਪ੍ਰਕਾਰ ਦਾ ਜੀਵ ਜੋ ਧਰਤੀ ਉੱਤੇ ਘਿਸਰਦਾ ਹੈ, ਜਿਸ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਠਹਿਰਾ ਕੇ ਵੱਖਰਾ ਕੀਤਾ ਹੈ, ਉਸ ਦੇ ਕਾਰਨ ਆਪਣੇ ਆਪ ਨੂੰ ਭਰਿਸ਼ਟ ਨਾ ਕਰਨਾ। 26ਤੁਸੀਂ ਮੇਰੇ ਅੱਗੇ ਪਵਿੱਤਰ ਹੋਵੋ, ਕਿਉਂ ਜੋ ਮੈਂ ਯਹੋਵਾਹ ਪਵਿੱਤਰ ਹਾਂ ਅਤੇ ਮੈਂ ਤੁਹਾਨੂੰ ਹੋਰਨਾਂ ਲੋਕਾਂ ਵਿੱਚੋਂ ਆਪਣਾ ਬਣਾਉਣ ਲਈ ਵੱਖਰਾ ਕੀਤਾ ਹੈ।
27ਜੇਕਰ ਕੋਈ ਪੁਰਖ ਜਾਂ ਇਸਤਰੀ ਝਾੜਾ-ਫੂਕੀ ਕਰਨ ਵਾਲੇ ਜਾਂ ਭੂਤ ਕੱਢਣ ਵਾਲੇ ਹੋਣ, ਤਾਂ ਉਹ ਜ਼ਰੂਰ ਹੀ ਮਾਰੇ ਜਾਣ। ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਸੁੱਟਣਾ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇਗਾ।
Currently Selected:
ਲੇਵੀਆਂ 20: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.