ਲੇਵੀਆਂ 11
11
ਸ਼ੁੱਧ ਅਤੇ ਅਸ਼ੁੱਧ ਪਸ਼ੂ
ਬਿਵਸਥਾ 14:3-21
1ਤਦ ਯਹੋਵਾਹ ਮੂਸਾ ਅਤੇ ਹਾਰੂਨ ਨਾਲ ਇਹ ਆਖ ਕੇ ਬੋਲਿਆ, 2ਇਸਰਾਏਲੀਆਂ ਨੂੰ ਆਖੋ ਸਾਰੇ ਪਸ਼ੂਆਂ ਵਿੱਚੋਂ ਜਿਹੜੇ ਧਰਤੀ ਉੱਤੇ ਹਨ, ਉਨ੍ਹਾਂ ਵਿੱਚੋਂ ਤੁਸੀਂ ਜਿਹੜੇ ਪਸ਼ੂਆਂ ਦਾ ਮਾਸ ਖਾ ਸਕਦੇ ਹੋ, ਉਹ ਇਹ ਹਨ: 3ਪਸ਼ੂਆਂ ਵਿੱਚੋਂ ਜਿਨ੍ਹਾਂ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਹੋਣ ਅਤੇ ਜੁਗਾਲੀ ਕਰਦੇ ਹੋਣ, ਉਨ੍ਹਾਂ ਨੂੰ ਤੁਸੀਂ ਖਾ ਸਕਦੇ ਹੋ।
4ਪਰ ਉਨ੍ਹਾਂ ਪਸ਼ੂਆਂ ਵਿੱਚੋਂ ਜਿਹੜੇ ਜੁਗਾਲੀ ਕਰਦੇ ਹਨ, ਜਾਂ ਜਿਨ੍ਹਾਂ ਦੇ ਖੁਰ ਪਾਟੇ ਹੋਏ ਹਨ, ਇਨ੍ਹਾਂ ਪਸ਼ੂਆਂ ਨੂੰ ਤੁਸੀਂ ਨਾ ਖਾਣਾ, ਜਿਵੇਂ ਊਠ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ, 5ਅਤੇ ਪਹਾੜੀ ਚੂਹਾ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ, 6ਅਤੇ ਖਰਗੋਸ਼ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ, 7ਅਤੇ ਸੂਰ ਭਾਵੇਂ ਉਸ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਤਾਂ ਹਨ, ਪਰ ਉਹ ਜੁਗਾਲੀ ਨਹੀਂ ਕਰਦਾ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ। 8ਇਨ੍ਹਾਂ ਦੇ ਮਾਸ ਨੂੰ ਤੁਸੀਂ ਨਾ ਖਾਣਾ ਅਤੇ ਨਾ ਹੀ ਉਨ੍ਹਾਂ ਦੀ ਲੋਥ ਨੂੰ ਛੂਹਣਾ, ਕਿਉਂ ਜੋ ਇਹ ਤੁਹਾਡੇ ਲਈ ਅਸ਼ੁੱਧ ਹਨ।
9ਜਿੰਨ੍ਹੇ ਜਲ-ਜੰਤੂ ਹਨ, ਉਨ੍ਹਾਂ ਵਿੱਚੋਂ ਤੁਸੀਂ ਇਨ੍ਹਾਂ ਨੂੰ ਖਾ ਸਕਦੇ ਹੋ, ਅਰਥਾਤ ਸਮੁੰਦਰ ਅਤੇ ਨਦੀਆਂ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਜਿਨ੍ਹਾਂ ਦੇ ਖੰਭ ਅਤੇ ਚਾਨੇ ਹੋਣ। 10ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਜਿਹੜੇ ਸਮੁੰਦਰ ਅਤੇ ਨਦੀਆਂ ਵਿੱਚ ਚਲਦੇ ਹਨ, ਪਰ ਉਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਉਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ। 11ਇਨ੍ਹਾਂ ਸਾਰਿਆਂ ਨੂੰ ਤੁਸੀਂ ਘਿਣਾਉਣੇ ਸਮਝੋ, ਤੁਸੀਂ ਉਨ੍ਹਾਂ ਦਾ ਮਾਸ ਨਾ ਖਾਣਾ ਸਗੋਂ ਉਨ੍ਹਾਂ ਦੀ ਲੋਥ ਨੂੰ ਵੀ ਅਸ਼ੁੱਧ ਜਾਣੋ। 12ਪਾਣੀਆਂ ਵਿੱਚ ਰਹਿਣ ਵਾਲੇ ਜਿਹੜੇ ਜੀਵਾਂ ਦੇ ਖੰਭ ਅਤੇ ਚਾਨੇ ਨਾ ਹੋਣ, ਉਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ।
13ਪੰਛੀਆਂ ਵਿੱਚੋਂ ਜਿਹੜੇ ਤੁਹਾਡੇ ਲਈ ਅਸ਼ੁੱਧ ਹਨ, ਉਹ ਇਹ ਹਨ, ਇਹ ਨਾ ਖਾਧੇ ਜਾਣ ਕਿਉਂ ਜੋ ਇਹ ਘਿਣਾਉਣੇ ਹਨ ਅਰਥਾਤ ਉਕਾਬ, ਗਿੱਧ, ਮੱਛੀ ਮਾਰ, 14ਇੱਲ, ਗਿਰਝ ਆਪਣੀ ਪ੍ਰਜਾਤੀ ਅਨੁਸਾਰ, 15ਸਭ ਪ੍ਰਕਾਰ ਦੇ ਕਾਂ ਆਪਣੀ ਪ੍ਰਜਾਤੀ ਅਨੁਸਾਰ, 16ਸ਼ੁਤਰਮੁਰਗ, ਬਿਲ ਬਤੌਰੀ, ਕੋਇਲ ਅਤੇ ਬਾਜ਼ ਆਪਣੀ ਪ੍ਰਜਾਤੀ ਅਨੁਸਾਰ, 17ਚੁਗਲ, ਜਲਕਾਊਂ, ਵੱਡਾ ਉੱਲੂ, 18ਰਾਜਹੰਸ, ਹਵਾਸਿਲ, ਆਰਗਲ, 19ਲਮਢੀਂਗ ਅਤੇ ਬਗਲਾ ਆਪਣੀ ਪ੍ਰਜਾਤੀ ਅਨੁਸਾਰ, ਟਟੀਹਰੀ ਅਤੇ ਚਮਗਾਦੜ,
20ਸਾਰੇ ਘਿਸਰਨ ਵਾਲੇ ਜੋ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚਲਦੇ ਹਨ, ਉਹ ਸਭ ਤੁਹਾਡੇ ਲਈ ਘਿਣਾਉਣੇ ਹਨ। 21ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ। 22ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ। 23ਪਰ ਹੋਰ ਸਾਰੇ ਘਿਸਰਨ ਅਤੇ ਉੱਡਣ ਵਾਲੇ ਕੀੜੇ ਜਿਨ੍ਹਾਂ ਦੇ ਚਾਰ ਪੈਰ ਹਨ, ਇਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ।
24ਇਨ੍ਹਾਂ ਤੋਂ ਤੁਸੀਂ ਅਸ਼ੁੱਧ ਹੋਵੋਗੇ, ਜੋ ਕੋਈ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ। 25ਅਤੇ ਜੋ ਕੋਈ ਇਨ੍ਹਾਂ ਦੀ ਲੋਥ ਵਿੱਚੋਂ ਕੁਝ ਵੀ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ। 26ਸਾਰੇ ਪਸ਼ੂ ਜਿਨ੍ਹਾਂ ਦੇ ਖੁਰ ਪਾਟੇ ਹੋਏ ਹਨ, ਪਰ ਪੂਰੀ ਤਰ੍ਹਾਂ ਚਿਰੇ ਹੋਏ ਨਹੀਂ ਹਨ, ਅਤੇ ਜੁਗਾਲੀ ਨਹੀਂ ਕਰਦੇ, ਇਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਉਨ੍ਹਾਂ ਨੂੰ ਛੂਹੇ ਉਹ ਅਸ਼ੁੱਧ ਠਹਿਰੇਗਾ। 27ਅਤੇ ਚਾਰ ਪੈਰਾਂ ਨਾਲ ਚੱਲਣ ਵਾਲੇ ਸਭ ਪ੍ਰਕਾਰ ਦੇ ਪਸ਼ੂਆਂ ਵਿੱਚੋਂ ਜਿਹੜੇ ਪੰਜਿਆਂ ਭਾਰ ਤੁਰਦੇ ਹਨ, ਉਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ। 28ਅਤੇ ਜੋ ਕੋਈ ਇਨ੍ਹਾਂ ਦੀ ਲੋਥ ਨੂੰ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ਕਿਉਂ ਜੋ ਇਹ ਤੁਹਾਡੇ ਲਈ ਅਸ਼ੁੱਧ ਹਨ।
29ਅਤੇ ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਅਰਥਾਤ ਛਛੂੰਦਰ, ਚੂਹਾ ਅਤੇ ਗੌਹ ਆਪਣੀ ਪ੍ਰਜਾਤੀ ਦੇ ਅਨੁਸਾਰ, 30ਅਤੇ ਛਿਪਕਲੀ, ਕੋੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ, 31ਸਾਰੇ ਘਿਸਰਨ ਵਾਲਿਆਂ ਵਿੱਚੋਂ ਇਹ ਤੁਹਾਡੇ ਲਈ ਅਸ਼ੁੱਧ ਹਨ, ਜਿਹੜਾ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ। 32ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਮਰ ਕੇ ਕਿਸੇ ਵਸਤੂ ਉੱਤੇ ਡਿੱਗ ਪਵੇ ਤਾਂ ਉਹ ਵਸਤੂ ਅਸ਼ੁੱਧ ਠਹਿਰੇਗੀ, ਭਾਵੇਂ ਲੱਕੜ ਦਾ ਭਾਂਡਾ, ਭਾਵੇਂ ਬਸਤਰ, ਭਾਵੇਂ ਚਮੜਾ, ਭਾਵੇਂ ਤੱਪੜ, ਭਾਵੇਂ ਕੋਈ ਵੀ ਭਾਂਡਾ ਜੋ ਵਰਤਣ ਵਿੱਚ ਆਇਆ ਹੋਵੇ, ਤਾਂ ਉਹ ਪਾਣੀ ਵਿੱਚ ਪਾਇਆ ਜਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ, ਇਸ ਤਰ੍ਹਾਂ ਨਾਲ ਉਹ ਸ਼ੁੱਧ ਹੋਵੇਗਾ। 33ਅਤੇ ਜੇਕਰ ਮਿੱਟੀ ਦਾ ਭਾਂਡਾ ਹੋਵੇ, ਜਿਸ ਦੇ ਵਿੱਚ ਇਨ੍ਹਾਂ ਵਿੱਚੋਂ ਕੁਝ ਡਿੱਗ ਪਵੇ, ਤਾਂ ਜੋ ਕੁਝ ਉਸ ਭਾਂਡੇ ਦੇ ਵਿੱਚ ਹੈ ਉਹ ਅਸ਼ੁੱਧ ਹੋਵੇਗਾ ਅਤੇ ਉਹ ਭਾਂਡਾ ਤੋੜ ਦਿੱਤਾ ਜਾਵੇ। 34ਸਾਰਾ ਭੋਜਨ ਜੋ ਖਾਧਾ ਜਾਂਦਾ ਹੈ, ਜੇਕਰ ਉਸ ਵਿੱਚ ਪਾਣੀ ਪੈ ਜਾਵੇ, ਤਾਂ ਉਹ ਅਸ਼ੁੱਧ ਹੋਵੇਗਾ, ਫੇਰ ਜੋ ਕੁਝ ਇਸ ਪ੍ਰਕਾਰ ਦੇ ਭਾਂਡੇ ਵਿੱਚ ਪੀਤਾ ਜਾਂਦਾ ਹੈ ਉਹ ਸਭ ਕੁਝ ਅਸ਼ੁੱਧ ਹੋਵੇਗਾ। 35ਅਤੇ ਜੇਕਰ ਇਨ੍ਹਾਂ ਦੀ ਲੋਥ ਵਿੱਚੋਂ ਕੁਝ ਤੰਦੂਰ ਜਾਂ ਚੁੱਲ੍ਹੇ ਉੱਤੇ ਡਿੱਗ ਪਵੇ ਤਾਂ ਉਹ ਅਸ਼ੁੱਧ ਹੋਣਗੇ ਅਤੇ ਤੋੜ ਦਿੱਤੇ ਜਾਣ, ਕਿਉਂ ਜੋ ਉਹ ਅਸ਼ੁੱਧ ਹਨ, ਅਤੇ ਤੁਹਾਡੇ ਲਈ ਵੀ ਅਸ਼ੁੱਧ ਠਹਿਰਨਗੇ। 36ਪਰ ਤਲਾਬ ਜਾਂ ਸੋਤਾ ਜਿਸ ਦੇ ਵਿੱਚ ਪਾਣੀ ਬਹੁਤ ਹੋਵੇ, ਉਹ ਸ਼ੁੱਧ ਹੀ ਠਹਿਰੇ ਪਰ ਜੋ ਕੁਝ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਅਸ਼ੁੱਧ ਠਹਿਰੇ। 37ਜੇਕਰ ਉਨ੍ਹਾਂ ਦੀ ਲੋਥ ਵਿੱਚੋਂ ਕੁਝ ਕਿਸੇ ਬੀਜਣ ਵਾਲੇ ਬੀਜ ਉੱਤੇ ਡਿੱਗ ਜਾਵੇ, ਤਾਂ ਵੀ ਉਹ ਸ਼ੁੱਧ ਰਹੇਗਾ। 38ਪਰ ਜੇਕਰ ਉਹ ਬੀਜ ਪਾਣੀ ਵਿੱਚ ਭਿੱਜ ਜਾਵੇ ਅਤੇ ਉਨ੍ਹਾਂ ਦੀ ਲੋਥ ਵਿੱਚੋਂ ਕੁਝ ਉਸ ਦੇ ਉੱਤੇ ਡਿੱਗ ਜਾਵੇ, ਤਾਂ ਉਹ ਤੁਹਾਡੇ ਲਈ ਅਸ਼ੁੱਧ ਹੋਵੇਗਾ।
39ਫੇਰ ਜਿਹੜਾ ਪਸ਼ੂ ਤੁਹਾਡੇ ਖਾਣ ਜੋਗ ਹੈ, ਜੇਕਰ ਮਰ ਜਾਵੇ ਤਾਂ ਜੋ ਕੋਈ ਉਸ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ। 40ਜੋ ਕੋਈ ਉਸ ਦੀ ਲੋਥ ਤੋਂ ਕੁਝ ਖਾਵੇ, ਤਾਂ ਆਪਣੇ ਬਸਤਰ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜੋ ਕੋਈ ਉਸ ਦੀ ਲੋਥ ਨੂੰ ਚੁੱਕੇ, ਉਹ ਵੀ ਆਪਣੇ ਬਸਤਰ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
41ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵ ਤੁਹਾਡੇ ਲਈ ਘਿਣਾਉਣੇ ਹਨ, ਇਹ ਨਾ ਖਾਧੇ ਜਾਣ। 42ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਢਿੱਡ ਭਾਰ ਘਿਸਰਦੇ ਜਾਂ ਚਾਰ ਪੈਰਾਂ ਨਾਲ ਤੁਰਦੇ ਹਨ, ਜਾਂ ਜਿਨ੍ਹਾਂ ਦੇ ਵੱਧ ਪੈਰ ਹੁੰਦੇ ਹਨ, ਉਨ੍ਹਾਂ ਨੂੰ ਤੁਸੀਂ ਨਾ ਖਾਣਾ ਕਿਉਂ ਜੋ ਉਹ ਘਿਣਾਉਣੇ ਹਨ। 43ਕਿਸੇ ਵੀ ਤਰ੍ਹਾਂ ਦੇ ਘਿਸਰਨ ਵਾਲੇ ਜੀਵ ਤੋਂ ਤੁਸੀਂ ਆਪਣੇ ਆਪ ਨੂੰ ਘਿਣਾਉਣਾ ਨਾ ਬਣਾਉਣਾ, ਨਾ ਹੀ ਤੁਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਅਸ਼ੁੱਧ ਬਣਾਉਣਾ ਕਿ ਤੁਸੀਂ ਭਰਿਸ਼ਟ ਹੋ ਜਾਓ। 44ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਇਸ ਲਈ ਤੁਸੀਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਪਵਿੱਤਰ ਬਣਨਾ, ਕਿਉਂ ਜੋ ਮੈਂ ਪਵਿੱਤਰ ਹਾਂ। ਇਸ ਲਈ ਤੁਸੀਂ ਆਪਣੇ ਆਪ ਨੂੰ ਧਰਤੀ ਉੱਤੇ ਘਿਸਰਨ ਵਾਲੇ ਕਿਸੇ ਪ੍ਰਕਾਰ ਦੇ ਜੀਵ ਤੋਂ ਭਰਿਸ਼ਟ ਨਾ ਕਰਨਾ। 45ਕਿਉਂ ਜੋ ਮੈਂ ਉਹੋ ਯਹੋਵਾਹ ਹਾਂ ਜਿਹੜਾ ਤੁਹਾਨੂੰ ਮਿਸਰ ਦੇਸ ਵਿੱਚੋਂ ਇਸ ਲਈ ਕੱਢ ਲਿਆਇਆ ਹਾਂ, ਤਾਂ ਜੋ ਤੁਹਾਡਾ ਪਰਮੇਸ਼ੁਰ ਠਹਿਰਾਂ, ਇਸ ਲਈ ਤੁਸੀਂ ਪਵਿੱਤਰ ਬਣੋ ਕਿਉਂ ਜੋ ਮੈਂ ਪਵਿੱਤਰ ਹਾਂ।
46ਪਸ਼ੂਆਂ, ਪੰਛੀਆਂ ਅਤੇ ਪਾਣੀ ਵਿੱਚ ਰਹਿਣ ਵਾਲੇ ਸਾਰੇ ਜੀਵਾਂ ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵਾਂ ਦੇ ਵਿਖੇ ਇਹੋ ਬਿਵਸਥਾ ਹੈ, 47ਤਾਂ ਜੋ ਸ਼ੁੱਧ ਅਤੇ ਅਸ਼ੁੱਧ ਅਤੇ ਖਾਣ ਯੋਗ ਅਤੇ ਨਾ ਖਾਣ ਯੋਗ ਪਸ਼ੂ ਦੇ ਵਿਚਕਾਰ ਅੰਤਰ ਕੀਤਾ ਜਾਵੇ।
Currently Selected:
ਲੇਵੀਆਂ 11: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.