YouVersion Logo
Search Icon

ਯੋਏਲ 1

1
1ਯਹੋਵਾਹ ਦੀ ਬਾਣੀ ਜਿਹੜੀ ਪਥੂਏਲ ਦੇ ਪੁੱਤਰ ਯੋਏਲ ਨੂੰ ਆਈ,
ਟਿੱਡੀਆਂ ਦੁਆਰਾ ਵਿਨਾਸ਼
2ਹੇ ਬਜ਼ੁਰਗੋ, ਇਹ ਸੁਣੋ, ਦੇਸ਼ ਦੇ ਸਾਰੇ ਵਾਸੀਓ, ਕੰਨ ਲਾਓ! ਕੀ ਤੁਹਾਡੇ ਦਿਨਾਂ ਵਿੱਚ, ਜਾਂ ਤੁਹਾਡੇ ਪੁਰਖਿਆਂ ਦੇ ਦਿਨਾਂ ਵਿੱਚ ਅਜਿਹਾ ਹੋਇਆ? 3ਇਹ ਦੇ ਵਿਖੇ ਤੁਸੀਂ ਆਪਣੇ ਪੁੱਤਰਾਂ ਨੂੰ ਅਤੇ ਤੁਹਾਡੇ ਪੁੱਤਰ ਆਪਣੇ ਪੁੱਤਰਾਂ ਨੂੰ, ਉਹਨਾਂ ਦੇ ਪੁੱਤਰ ਆਪਣੀ ਅਗਲੀ ਪੀੜ੍ਹੀ ਨੂੰ ਖੋਲ੍ਹ ਕੇ ਦੱਸਣ।
4ਜੋ ਛੋਟੀ ਟਿੱਡੀ ਤੋਂ ਬਚਿਆ, ਉਹ ਵੱਡੀ ਟਿੱਡੀ ਖਾ ਗਈ, ਜੋ ਵੱਡੀ ਟਿੱਡੀ ਤੋਂ ਬਚਿਆ, ਉਹ ਟਪੂਸੀ ਮਾਰ ਟਿੱਡੀ ਖਾ ਗਈ, ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ, ਉਹ ਹੂੰਝਾ ਫੇਰ ਟਿੱਡੀ ਖਾ ਗਈ! 5ਹੇ ਮਤਵਾਲਿਓ, ਜਾਗੋ ਅਤੇ ਰੋਵੋ! ਤੁਸੀਂ ਸਾਰੇ ਜੋ ਮਧ ਦੇ ਪਿਆਕੜ ਹੋ, ਨਵੀਂ ਮਧ ਦੇ ਕਾਰਨ ਭੁੱਬਾਂ ਮਾਰੋ, ਉਹ ਤਾਂ ਤੁਹਾਡੇ ਮੂੰਹ ਤੋਂ ਦੂਰ ਕਰ ਦਿੱਤੀ ਗਈ ਹੈ!
6ਕਿਉਂ ਜੋ ਮੇਰੇ ਦੇਸ਼ ਉੱਤੇ ਇੱਕ ਕੌਮ ਚੜ੍ਹ ਆਈ ਹੈ, ਉਹ ਬਲਵੰਤ ਅਤੇ ਅਣਗਿਣਤ ਹੈ, ਉਹ ਦੇ ਦੰਦ ਬੱਬਰ ਸ਼ੇਰ ਦੇ ਦੰਦ ਹਨ, ਉਹ ਦੀਆਂ ਦਾੜ੍ਹਾਂ ਸ਼ੇਰਨੀ ਦੀਆਂ ਹਨ। 7ਉਸ ਨੇ ਮੇਰੇ ਅੰਗੂਰੀ ਬਾਗ਼ ਨੂੰ ਉਜਾੜ ਕੇ ਰੱਖ ਦਿੱਤਾ, ਉਸ ਨੇ ਮੇਰੇ ਹੰਜ਼ੀਰ ਦੇ ਰੁੱਖਾਂ ਨੂੰ ਤੋੜ ਸੁੱਟਿਆ, ਉਸ ਨੇ ਉਹ ਦੀ ਛਿੱਲ ਲਾਹ ਕੇ ਸੁੱਟ ਦਿੱਤੀ, ਉਹ ਦੀਆਂ ਟਹਿਣੀਆਂ ਚਿੱਟੀਆਂ ਨਿੱਕਲ ਆਈਆਂ ਹਨ।
8ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ! 9ਮੈਦੇ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਯਹੋਵਾਹ ਦੇ ਭਵਨ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ, ਯਹੋਵਾਹ ਦੇ ਜਾਜਕ ਅਤੇ ਸੇਵਕ ਵਿਰਲਾਪ ਕਰਦੇ ਹਨ। 10ਖੇਤ ਉਜੜ ਗਏ, ਜ਼ਮੀਨ ਵਿਰਲਾਪ#1:10 ਸੋਕਾ ਪੈ ਗਿਆ ਕਰਦੀ ਹੈ, ਕਿਉਂ ਜੋ ਅੰਨ ਉਜੜ ਗਿਆ ਹੈ, ਨਵੀਂ ਮਧ ਮੁੱਕ ਗਈ ਅਤੇ ਤੇਲ ਜਾਂਦਾ ਰਿਹਾ।
11ਹੇ ਹਾਲ੍ਹੀਓ, ਸ਼ਰਮਿੰਦੇ ਹੋਵੋ! ਹੇ ਬਾਗਬਾਨੋ, ਕਣਕ ਅਤੇ ਜੌਂ ਦੇ ਕਾਰਨ ਧਾਹਾਂ ਮਾਰੋ, ਕਿਉਂ ਜੋ ਖੇਤ ਦੀ ਫ਼ਸਲ ਨਾਸ ਹੋ ਗਈ ਹੈ! 12ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ, ਹੰਜ਼ੀਰ ਦਾ ਰੁੱਖ ਮੁਰਝਾ ਗਿਆ ਹੈ, ਅਨਾਰ, ਖਜ਼ੂਰ, ਸੇਬ ਸਗੋਂ ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ, ਅਤੇ ਖੁਸ਼ੀ ਨੇ ਆਦਮ ਵੰਸ਼ ਨੂੰ ਤਿਆਗ ਦਿੱਤਾ ਹੈ!
13ਹੇ ਜਾਜਕੋ, ਆਪਣੇ ਲੱਕ ਉੱਤੇ ਟਾਟ ਬੰਨ੍ਹੋ ਅਤੇ ਵਿਰਲਾਪ ਕਰੋ, ਹੇ ਜਗਵੇਦੀ ਦੇ ਸੇਵਕੋ, ਧਾਹਾਂ ਮਾਰੋ, ਹੇ ਮੇਰੇ ਪਰਮੇਸ਼ੁਰ ਦੇ ਸੇਵਕੋ, ਅੰਦਰ ਜਾਓ ਅਤੇ ਟਾਟ ਵਿੱਚ ਰਾਤ ਕੱਟੋ, ਕਿਉਂ ਜੋ ਤੁਹਾਡੇ ਪਰਮੇਸ਼ੁਰ ਦੇ ਭਵਨ ਵਿੱਚ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਆਉਣੀ ਬੰਦ ਹੋ ਗਈ ਹੈ! 14ਪਵਿੱਤਰ ਵਰਤ ਰੱਖੋ, ਮਹਾਂ-ਸਭਾ ਬੁਲਾਓ, ਬਜ਼ੁਰਗਾਂ ਨੂੰ ਅਤੇ ਦੇਸ਼ ਦੇ ਸਾਰੇ ਵਾਸੀਆਂ ਨੂੰ, ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਵਿੱਚ ਇਕੱਠਾ ਕਰੋ ਅਤੇ ਯਹੋਵਾਹ ਦੇ ਅੱਗੇ ਦੁਹਾਈ ਦਿਓ! 15ਹਾਏ ਉਸ ਦਿਨ ਨੂੰ! ਕਿਉਂ ਜੋ ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆ ਰਿਹਾ ਹੈ! 16ਕੀ ਸਾਡੇ ਵੇਖਦਿਆਂ ਭੋਜਨ ਵਸਤਾਂ ਨਾਸ ਨਹੀਂ ਹੋ ਗਈਆਂ, ਅਤੇ ਅਨੰਦ ਅਤੇ ਖੁਸ਼ੀ ਸਾਡੇ ਪਰਮੇਸ਼ੁਰ ਦੇ ਭਵਨ ਤੋਂ ਮੁੱਕ ਨਹੀਂ ਗਿਆ? 17ਬੀਜ ਮਿੱਟੀ ਦੇ ਢੇਲਿਆਂ ਦੇ ਹੇਠ ਸੜਦੇ ਜਾਂਦੇ ਹਨ, ਖੱਤੇ ਵਿਰਾਨ ਪਏ ਹਨ, ਭੰਡਾਰ ਘਰ ਟੁੱਟੇ ਪਏ ਹਨ, ਕਿਉਂ ਜੋ ਫ਼ਸਲ ਸੁੱਕ ਗਈ ਹੈ। 18ਪਸ਼ੂ ਕਿਵੇਂ ਅੜਿੰਗਦੇ ਹਨ! ਬਲ਼ਦਾਂ ਦੇ ਵੱਗ ਕਿਵੇਂ ਬੇਚੈਨ ਹੋਏ ਪਏ ਹਨ! ਕਿਉਂ ਜੋ ਉਹਨਾਂ ਦੇ ਲਈ ਕੋਈ ਚਾਰਗਾਹ ਨਹੀਂ ਹੈ, ਹਾਂ, ਭੇਡਾਂ ਦੇ ਇੱਜੜ ਵੀ ਦੁਖੀ ਹਨ। 19ਹੇ ਯਹੋਵਾਹ, ਮੈਂ ਤੇਰੇ ਅੱਗੇ ਪੁਕਾਰਦਾ ਹਾਂ, ਕਿਉਂ ਜੋ ਅੱਗ ਨੇ ਉਜਾੜ ਦੀਆਂ ਚਾਰਗਾਹਾਂ ਨੂੰ ਖਾ ਲਿਆ ਹੈ, ਲੰਬ ਨੇ ਖੇਤ ਦੇ ਸਾਰੇ ਰੁੱਖਾਂ ਨੂੰ ਸਾੜ ਦਿੱਤਾ ਹੈ। 20ਖੇਤ ਦੇ ਪਸ਼ੂ ਤੇਰੇ ਵੱਲ ਹੌਂਕਦੇ ਹਨ, ਕਿਉਂ ਜੋ ਨਦੀਆਂ ਦਾ ਪਾਣੀ ਸੁੱਕ ਗਿਆ, ਅਤੇ ਅੱਗ ਨੇ ਉਜਾੜ ਦੀਆਂ ਚਾਰਗਾਹਾਂ ਨੂੰ ਭਸਮ ਕਰ ਦਿੱਤਾ ਹੈ।

Currently Selected:

ਯੋਏਲ 1: IRVPun

Highlight

Copy

Compare

Share

None

Want to have your highlights saved across all your devices? Sign up or sign in