ਉਤ 37
37
ਯੂਸੁਫ਼ ਅਤੇ ਉਸ ਦੇ ਭਰਾ
1ਯਾਕੂਬ ਆਪਣੇ ਪਿਤਾ ਦੀ ਮੁਸਾਫ਼ਰੀ ਦੇ ਦੇਸ਼ ਵਿੱਚ ਅਰਥਾਤ ਕਨਾਨ ਦੇ ਦੇਸ਼ ਵਿੱਚ ਵੱਸ ਗਿਆ। ਇਹ ਯਾਕੂਬ ਦੀ ਵੰਸ਼ਾਵਲੀ ਹੈ। 2ਜਦ ਯੂਸੁਫ਼ ਸਤਾਰਾਂ ਸਾਲਾਂ ਦਾ ਸੀ, ਉਹ ਆਪਣੇ ਭਰਾਵਾਂ ਦੇ ਨਾਲ ਇੱਜੜ ਚਾਰਦਾ ਸੀ ਅਤੇ ਉਹ ਜਵਾਨ ਆਪਣੇ ਪਿਤਾ ਦੀਆਂ ਪਤਨੀਆਂ ਬਿਲਹਾਹ ਅਤੇ ਜਿਲਫਾਹ ਦੇ ਪੁੱਤਰਾਂ ਨਾਲ ਰਹਿੰਦਾ ਸੀ ਅਤੇ ਯੂਸੁਫ਼ ਉਨ੍ਹਾਂ ਦੀਆਂ ਬੁਰੀਆਂ ਗੱਲਾਂ ਆਪਣੇ ਪਿਤਾ ਨੂੰ ਆ ਕੇ ਦੱਸਦਾ ਸੀ। 3ਇਸਰਾਏਲ ਯੂਸੁਫ਼ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਦੀ ਬਿਰਧ ਅਵਸਥਾ ਦਾ ਪੁੱਤਰ ਸੀ ਅਤੇ ਉਸ ਨੇ ਉਹ ਦੇ ਲਈ ਇੱਕ ਰੰਗ-ਬਿਰੰਗਾ ਚੋਲਾ ਬਣਾਇਆ। 4ਜਦ ਉਸ ਦੇ ਭਰਾਵਾਂ ਨੇ ਵੇਖਿਆ ਕਿ ਉਨ੍ਹਾਂ ਦਾ ਪਿਤਾ ਉਹ ਨੂੰ ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਤੇ ਉਹ ਦੇ ਨਾਲ ਸ਼ਾਂਤੀ ਨਾਲ ਗੱਲ ਨਹੀਂ ਕਰਦੇ ਸਨ। 5ਫੇਰ ਯੂਸੁਫ਼ ਨੇ ਇਹ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਦੇ ਨਾਲ ਹੋਰ ਵੈਰ ਰੱਖਣ ਲੱਗੇ। 6ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿਹੜਾ ਸੁਫ਼ਨਾ ਮੈਂ ਵੇਖਿਆ ਉਹ ਸੁਣੋ। 7ਵੇਖੋ, ਅਸੀਂ ਖੇਤ ਦੇ ਵਿੱਚ ਪੂਲੇ ਬੰਨ੍ਹ ਰਹੇ ਸੀ ਅਤੇ ਵੇਖੋ, ਮੇਰਾ ਪੂਲਾ ਉੱਠ ਖੜ੍ਹਾ ਹੋਇਆ ਅਤੇ ਵੇਖੋ, ਤੁਹਾਡੇ ਪੂਲਿਆਂ ਨੇ ਉਸ ਦੇ ਆਲੇ-ਦੁਆਲੇ ਆ ਕੇ ਮੇਰੇ ਪੂਲੇ ਨੂੰ ਮੱਥਾ ਟੇਕਿਆ। 8ਫਿਰ ਉਹ ਦੇ ਭਰਾਵਾਂ ਨੇ ਉਸ ਨੂੰ ਆਖਿਆ, ਕੀ ਤੂੰ ਸੱਚ-ਮੁੱਚ ਸਾਡੇ ਉੱਤੇ ਰਾਜ ਕਰੇਂਗਾ ਅਤੇ ਸਾਡੇ ਉੱਤੇ ਹਕੂਮਤ ਕਰੇਂਗਾ? ਤਦ ਉਹ ਉਸ ਦੇ ਨਾਲ ਉਹ ਦੇ ਸੁਫ਼ਨੇ ਅਤੇ ਉਹ ਦੀਆਂ ਗੱਲਾਂ ਦੇ ਕਾਰਨ ਹੋਰ ਵੀ ਵੈਰ ਰੱਖਣ ਲੱਗ ਪਏ। 9ਫਿਰ ਉਸ ਨੇ ਇੱਕ ਹੋਰ ਸੁਫ਼ਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਅਤੇ ਆਖਿਆ, ਮੈਂ ਇੱਕ ਹੋਰ ਸੁਫ਼ਨਾ ਵੇਖਿਆ ਅਤੇ ਵੇਖੋ, ਸੂਰਜ, ਚੰਦ ਅਤੇ ਗਿਆਰ੍ਹਾਂ ਤਾਰਿਆਂ ਨੇ ਮੇਰੇ ਅੱਗੇ ਮੱਥਾ ਟੇਕਿਆ। 10ਉਸ ਨੇ ਇਹ ਸੁਫ਼ਨਾ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਅਤੇ ਉਹ ਦੇ ਪਿਤਾ ਨੇ ਉਸ ਨੂੰ ਝਿੜਕਿਆ ਅਤੇ ਉਹ ਨੂੰ ਆਖਿਆ, ਇਹ ਕਿਹੋ ਜਿਹਾ ਸੁਫ਼ਨਾ ਹੈ, ਜਿਹੜਾ ਤੂੰ ਵੇਖਿਆ? ਕੀ ਸੱਚ-ਮੁੱਚ ਮੈਂ ਅਤੇ ਤੇਰੀ ਮਾਤਾ ਅਤੇ ਤੇਰੇ ਭਰਾ ਆ ਕੇ ਤੇਰੇ ਅੱਗੇ ਧਰਤੀ ਤੱਕ ਮੱਥਾ ਟੇਕਾਂਗੇ? 11ਤਦ ਉਹ ਦੇ ਭਰਾਵਾਂ ਨੂੰ ਈਰਖਾ ਹੋਈ ਅਤੇ ਉਹ ਦੇ ਪਿਤਾ ਨੇ ਇਸ ਗੱਲ ਨੂੰ ਯਾਦ ਰੱਖਿਆ।
ਯੂਸੁਫ਼ ਦਾ ਵੇਚਿਆ ਜਾਣਾ
12ਫੇਰ ਉਸ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ ਸ਼ਕਮ ਨੂੰ ਗਏ। 13ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਕੀ ਤੇਰੇ ਭਰਾ ਸ਼ਕਮ ਵਿੱਚ ਭੇਡਾਂ ਨਹੀਂ ਚਾਰਦੇ ਹਨ? ਜਾ, ਮੈਂ ਤੈਨੂੰ ਉਨ੍ਹਾਂ ਦੇ ਕੋਲ ਭੇਜਦਾ ਹਾਂ। ਤਦ ਉਸ ਨੇ ਆਖਿਆ, ਮੈਂ ਹਾਜ਼ਰ ਹਾਂ। 14ਉਸ ਨੇ ਉਹ ਨੂੰ ਆਖਿਆ, ਜਾ ਆਪਣੇ ਭਰਾਵਾਂ ਅਤੇ ਇੱਜੜਾਂ ਦੀ ਸੁੱਖ-ਸਾਂਦ ਦਾ ਪਤਾ ਲੈ ਅਤੇ ਮੈਨੂੰ ਵਾਪਸ ਆ ਕੇ ਖ਼ਬਰ ਦੇ। ਸੋ ਉਸ ਨੇ ਉਹ ਨੂੰ ਹਬਰੋਨ ਦੀ ਘਾਟੀ ਤੋਂ ਭੇਜਿਆ ਅਤੇ ਉਹ ਸ਼ਕਮ ਨੂੰ ਆਇਆ। 15ਅਤੇ ਕੋਈ ਮਨੁੱਖ ਉਸ ਨੂੰ ਮਿਲਿਆ ਅਤੇ ਵੇਖੋ, ਉਹ ਮੈਦਾਨ ਵਿੱਚ ਭਟਕਦਾ ਫਿਰਦਾ ਸੀ ਸੋ ਉਸ ਮਨੁੱਖ ਨੇ ਉਸ ਤੋਂ ਪੁੱਛਿਆ, ਤੂੰ ਕੀ ਲੱਭਦਾ ਹੈਂ? 16ਤਦ ਉਸ ਨੇ ਆਖਿਆ, ਮੈਂ ਆਪਣੇ ਭਰਾਵਾਂ ਨੂੰ ਲੱਭਦਾ ਹਾਂ। ਕਿਰਪਾ ਮੈਨੂੰ ਦੱਸੋ ਕਿ ਉਹ ਆਪਣੀਆਂ ਭੇਡਾਂ ਕਿੱਥੇ ਚਾਰਦੇ ਹਨ? 17ਫੇਰ ਉਸ ਮਨੁੱਖ ਨੇ ਆਖਿਆ, ਉਹ ਇੱਥੋਂ ਚਲੇ ਗਏ ਹਨ ਕਿਉਂ ਜੋ ਮੈਂ ਉਨ੍ਹਾਂ ਨੂੰ ਇਹ ਆਖਦੇ ਸੁਣਿਆ ਕਿ ਅਸੀਂ ਦੋਥਾਨ ਨੂੰ ਚੱਲੀਏ। ਸੋ ਯੂਸੁਫ਼ ਆਪਣੇ ਭਰਾਵਾਂ ਦੇ ਮਗਰ ਚੱਲ ਪਿਆ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਲੱਭਿਆ। 18ਤਦ ਉਨ੍ਹਾਂ ਨੇ ਉਸ ਨੂੰ ਦੂਰੋਂ ਵੇਖਿਆ ਅਤੇ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਉਸ ਨੂੰ ਮਾਰ ਸੁੱਟਣ ਦੀ ਯੋਜਨਾ ਬਣਾਈ 19ਅਤੇ ਇੱਕ ਦੂਜੇ ਨੂੰ ਆਖਿਆ, ਵੇਖੋ, ਉਹ ਸੁਫ਼ਨੇ ਵੇਖਣ ਵਾਲਾ ਆ ਰਿਹਾ ਹੈ। 20ਹੁਣ ਆਓ ਅਸੀਂ ਇਸ ਨੂੰ ਮਾਰ ਸੁੱਟੀਏ ਅਤੇ ਕਿਸੇ ਟੋਏ ਵਿੱਚ ਸੁੱਟ ਦੇਈਏ ਅਤੇ ਆਖੀਏ ਕਿਸੇ ਬੁਰੇ ਜਾਨਵਰ ਨੇ ਉਸ ਨੂੰ ਪਾੜ ਸੁੱਟਿਆ ਹੈ ਤਾਂ ਅਸੀਂ ਵੇਖਾਂਗੇ ਕਿ ਉਸ ਦੇ ਸੁਫ਼ਨਿਆਂ ਦਾ ਕੀ ਬਣੇਗਾ। 21ਪਰ ਰਊਬੇਨ ਨੇ ਸੁਣ ਕੇ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾਇਆ ਅਤੇ ਆਖਿਆ, ਅਸੀਂ ਇਸ ਨੂੰ ਜਾਨੋਂ ਨਾ ਮਾਰੀਏ। 22ਰਊਬੇਨ ਨੇ ਉਨ੍ਹਾਂ ਨੂੰ ਆਖਿਆ, ਖੂਨ ਨਾ ਕਰੋ, ਉਸ ਨੂੰ ਇਸ ਟੋਏ ਵਿੱਚ ਸੁੱਟ ਦਿਓ ਜਿਹੜਾ ਉਜਾੜ ਵਿੱਚ ਹੈ ਪਰ ਉਸ ਨੂੰ ਹੱਥ ਨਾ ਲਾਓ ਤਾਂ ਜੋ ਉਹ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾ ਕੇ ਉਹ ਦੇ ਪਿਤਾ ਕੋਲ ਪਹੁੰਚਾ ਦੇਵੇ। 23ਜਦ ਯੂਸੁਫ਼ ਆਪਣੇ ਭਰਾਵਾਂ ਦੇ ਕੋਲ ਆਇਆ ਤਾਂ ਉਨ੍ਹਾਂ ਨੇ ਯੂਸੁਫ਼ ਉੱਤੋਂ ਉਸ ਦਾ ਚੋਲਾ ਅਰਥਾਤ ਉਹ ਰੰਗ-ਬਿਰੰਗਾ ਚੋਲਾ ਜਿਹੜਾ ਉਸ ਨੇ ਪਾਇਆ ਹੋਇਆ ਸੀ, ਉਤਾਰ ਲਿਆ। 24ਤਦ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਹ ਟੋਆ ਖਾਲੀ ਸੀ, ਉਸ ਵਿੱਚ ਪਾਣੀ ਨਹੀਂ ਸੀ। 25ਜਦ ਉਹ ਰੋਟੀ ਖਾਣ ਬੈਠੇ ਤਾਂ ਉਨ੍ਹਾਂ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕੇ ਇਸਮਾਏਲੀਆਂ ਦਾ ਇੱਕ ਕਾਫ਼ਿਲਾ ਗਿਲਆਦ ਤੋਂ ਆ ਰਿਹਾ ਸੀ ਅਤੇ ਉਨ੍ਹਾਂ ਦੇ ਊਠਾਂ ਉੱਤੇ ਗਰਮ ਮਸਾਲੇ, ਗੁੱਗਲ ਅਤੇ ਗੰਧਰਸ ਲੱਦੀ ਹੋਈ ਸੀ, ਜੋ ਉਹ ਮਿਸਰ ਨੂੰ ਲੈ ਜਾ ਰਹੇ ਸਨ। 26ਤਦ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, ਸਾਨੂੰ ਕੀ ਲਾਭ ਹੋਵੇਗਾ ਜੇਕਰ ਅਸੀਂ ਆਪਣੇ ਭਰਾ ਨੂੰ ਮਾਰ ਸੁੱਟੀਏ ਅਤੇ ਉਸ ਦੇ ਲਹੂ ਨੂੰ ਲੁਕਾਈਏ? 27ਆਓ ਅਸੀਂ ਇਸਮਾਏਲੀਆਂ ਕੋਲ ਉਸ ਨੂੰ ਵੇਚ ਦੇਈਏ ਪਰ ਉਸ ਉੱਤੇ ਸਾਡਾ ਹੱਥ ਨਾ ਪਵੇ ਕਿਉਂ ਜੋ ਉਹ ਸਾਡਾ ਭਰਾ ਅਤੇ ਸਾਡਾ ਮਾਸ ਹੈ ਅਤੇ ਉਸ ਦੇ ਭਰਾਵਾਂ ਨੇ ਉਹ ਦੀ ਗੱਲ ਮੰਨ ਲਈ। 28ਤਦ ਮਿਦਯਾਨੀ ਵਪਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਟੋਏ ਵਿੱਚੋਂ ਖਿੱਚ ਕੇ ਕੱਢਿਆ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਚਾਂਦੀ ਦੇ ਵੀਹ ਸਿੱਕਿਆਂ ਵਿੱਚ ਵੇਚ ਦਿੱਤਾ ਅਤੇ ਉਹ ਯੂਸੁਫ਼ ਨੂੰ ਮਿਸਰ ਵਿੱਚ ਲੈ ਗਏ। 29ਜਦ ਰਊਬੇਨ ਟੋਏ ਵੱਲ ਮੁੜ ਕੇ ਆਇਆ ਤਾਂ ਵੇਖੋ ਯੂਸੁਫ਼ ਟੋਏ ਵਿੱਚ ਨਹੀਂ ਸੀ, ਤਦ ਉਸ ਨੇ ਆਪਣੇ ਕੱਪੜੇ ਪਾੜੇ 30ਅਤੇ ਉਹ ਆਪਣੇ ਭਰਾਵਾਂ ਕੋਲ ਮੁੜ ਆਇਆ ਅਤੇ ਆਖਿਆ, ਉਹ ਮੁੰਡਾ ਉੱਥੇ ਨਹੀਂ ਹੈ, 31ਹੁਣ ਮੈਂ ਕਿੱਥੇ ਜਾਂਵਾਂ? ਤਦ ਉਨ੍ਹਾਂ ਦੇ ਯੂਸੁਫ਼ ਦਾ ਚੋਲਾ ਲੈ ਕੇ ਇੱਕ ਬੱਕਰਾ ਮਾਰ ਕੇ ਉਸ ਚੋਲੇ ਨੂੰ ਲਹੂ ਵਿੱਚ ਡੋਬਿਆ। 32ਫੇਰ ਉਸ ਰੰਗ-ਬਿਰੰਗੇ ਚੋਗੇ ਨੂੰ ਚੁੱਕ ਕੇ ਆਪਣੇ ਪਿਤਾ ਕੋਲ ਲੈ ਆਏ ਅਤੇ ਉਨ੍ਹਾਂ ਨੇ ਆਖਿਆ, ਸਾਨੂੰ ਇਹ ਲੱਭਿਆ ਹੈ। ਇਸ ਨੂੰ ਪਹਿਚਾਣ ਕੀ ਇਹ ਤੁਹਾਡੇ ਪੁੱਤਰ ਦਾ ਚੋਲਾ ਹੈ ਜਾਂ ਨਹੀਂ। 33ਤਦ ਉਸ ਨੇ ਉਹ ਨੂੰ ਪਹਿਚਾਣ ਕੇ ਆਖਿਆ, ਇਹ ਮੇਰੇ ਪੁੱਤਰ ਦਾ ਚੋਲਾ ਹੈ। ਕਿਸੇ ਬੁਰੇ ਜਾਨਵਰ ਨੇ ਉਸ ਨੂੰ ਪਾੜ ਦਿੱਤਾ ਹੈ। ਹਾਂ, ਯੂਸੁਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ। 34ਯਾਕੂਬ ਨੇ ਆਪਣੇ ਬਸਤਰ ਪਾੜੇ ਅਤੇ ਤੱਪੜ ਆਪਣੀ ਕਮਰ ਉੱਤੇ ਲਪੇਟਿਆ ਅਤੇ ਬਹੁਤ ਦਿਨਾਂ ਤੱਕ ਆਪਣੇ ਪੁੱਤਰ ਦਾ ਸੋਗ ਕਰਦਾ ਰਿਹਾ। 35ਉਹ ਦੇ ਸਾਰੇ ਪੁੱਤਰ-ਧੀਆਂ ਨੇ ਉਸ ਨੂੰ ਤਸੱਲੀ ਦਿੱਤੀ, ਪਰ ਉਸ ਦੀ ਹਾਲਤ ਉਹੀ ਰਹੀ, ਪਰ ਆਖਿਆ, ਮੈਂ ਪਤਾਲ ਵਿੱਚ ਆਪਣੇ ਪੁੱਤਰ ਕੋਲ ਰੋਂਦਾ-ਰੋਂਦਾ ਉੱਤਰਾਂਗਾ ਅਤੇ ਉਸ ਦਾ ਪਿਤਾ ਉਹ ਦੇ ਲਈ ਵਿਰਲਾਪ ਕਰਦਾ ਰਿਹਾ। 36ਅਤੇ ਉਨ੍ਹਾਂ ਮਿਦਯਾਨੀਆਂ ਨੇ ਯੂਸੁਫ਼ ਨੂੰ ਮਿਸਰ ਵਿੱਚ ਪੋਟੀਫ਼ਰ ਕੋਲ ਵੇਚ ਦਿੱਤਾ, ਜਿਹੜਾ ਫ਼ਿਰਊਨ ਦਾ ਹਾਕਮ ਅਤੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ।
Currently Selected:
ਉਤ 37: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.