ਉਤ 31
31
ਯਾਕੂਬ ਦਾ ਲਾਬਾਨ ਦੇ ਕੋਲੋਂ ਭੱਜ ਜਾਣਾ
1ਉਸ ਨੇ ਲਾਬਾਨ ਦੇ ਪੁੱਤਰਾਂ ਦੀਆਂ ਗੱਲਾਂ ਸੁਣੀਆਂ ਜੋ ਕਹਿੰਦੇ ਸਨ ਕਿ ਯਾਕੂਬ ਸਾਡੇ ਪਿਤਾ ਦਾ ਸਭ ਕੁਝ ਲੈ ਗਿਆ ਅਤੇ ਸਾਡੇ ਪਿਤਾ ਦੇ ਮਾਲ ਵਿੱਚੋਂ ਇਹ ਸਾਰਾ ਧਨ ਉਹ ਨੇ ਪਾਇਆ ਹੈ। 2ਫਿਰ ਯਾਕੂਬ ਨੇ ਲਾਬਾਨ ਦੇ ਚਿਹਰੇ ਵੱਲ ਵੇਖਿਆ ਅਤੇ ਜਾਣ ਲਿਆ ਕਿ ਉਹ ਪਹਿਲਾਂ ਵਾਂਗੂੰ ਉਹ ਦੀ ਵੱਲ ਨਹੀਂ ਸੀ। 3ਫੇਰ ਯਹੋਵਾਹ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪੁਰਖਿਆਂ ਦੇ ਦੇਸ਼ ਨੂੰ ਅਤੇ ਆਪਣੀ ਜਨਮ ਭੂਮੀ ਵੱਲ ਮੁੜ ਜਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ। 4ਤਦ ਯਾਕੂਬ ਨੇ ਰਾਖ਼ੇਲ ਅਤੇ ਲੇਆਹ ਨੂੰ ਮੈਦਾਨ ਵਿੱਚ ਆਪਣੇ ਇੱਜੜ ਕੋਲ ਬੁਲਾਇਆ 5ਅਤੇ ਉਨ੍ਹਾਂ ਨੂੰ ਆਖਿਆ, ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੂੰਹ ਮੇਰੀ ਵੱਲ ਪਹਿਲਾ ਵਾਂਗੂੰ ਨਹੀਂ ਹੈ ਤਾਂ ਵੀ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਅੰਗ-ਸੰਗ ਹੈ। 6ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੇ ਸਾਰੇ ਬਲ ਨਾਲ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ। 7ਪਰ ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕੀਤਾ ਅਤੇ ਮੇਰੀ ਮਜ਼ਦੂਰੀ ਦਸ ਵਾਰੀ ਬਦਲੀ ਪਰ ਪਰਮੇਸ਼ੁਰ ਨੇ ਉਸ ਤੋਂ ਮੈਨੂੰ ਘਾਟਾ ਪੈਣ ਨਾ ਦਿੱਤਾ। 8ਜਦ ਉਸ ਨੇ ਆਖਿਆ ਕਿ ਚਿਤਲੀਆਂ ਤੇਰੀ ਮਜ਼ਦੂਰੀ ਹਨ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ। 9ਇਸ ਤਰ੍ਹਾਂ ਪਰਮੇਸ਼ੁਰ ਨੇ ਤੁਹਾਡੇ ਪਿਤਾ ਦੇ ਡੰਗਰ ਖੋਹ ਕੇ ਮੈਨੂੰ ਦਿੱਤੇ। 10ਅਤੇ ਜਿਸ ਵੇਲੇ ਇੱਜੜ ਬੇਗ ਵਿੱਚ ਆਉਂਦਾ ਸੀ ਤਾਂ ਮੈਂ ਸੁਫ਼ਨੇ ਵਿੱਚ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਅਤੇ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਸਨ। 11ਪਰਮੇਸ਼ੁਰ ਦੇ ਦੂਤ ਨੇ ਮੈਨੂੰ ਸੁਫ਼ਨੇ ਵਿੱਚ ਆਖਿਆ, ਯਾਕੂਬ! ਮੈਂ ਆਖਿਆ, ਮੈਂ ਹਾਜ਼ਰ ਹਾਂ। 12ਤਦ ਉਸ ਨੇ ਆਖਿਆ ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ। 13ਮੈਂ ਬੈਤਏਲ ਦਾ ਪਰਮੇਸ਼ੁਰ ਹਾਂ ਜਿੱਥੇ ਤੂੰ ਥੰਮ੍ਹ ਉੱਤੇ ਤੇਲ ਡੋਲ੍ਹਿਆ ਸੀ ਅਤੇ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਉੱਠ, ਅਤੇ ਇਸ ਦੇਸ਼ ਤੋਂ ਨਿੱਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾ। 14ਤਦ ਰਾਖ਼ੇਲ ਅਤੇ ਲੇਆਹ ਨੇ ਉੱਤਰ ਦੇ ਕੇ ਆਖਿਆ, ਕੀ ਅਜੇ ਤੱਕ ਸਾਡੇ ਪਿਤਾ ਦੇ ਘਰ ਵਿੱਚ ਸਾਡਾ ਕੋਈ ਹਿੱਸਾ ਜਾਂ ਅਧਿਕਾਰ ਹੈ? 15ਕੀ ਅਸੀਂ ਉਹ ਦੇ ਅੱਗੇ ਪਰਾਈਆਂ ਨਹੀਂ ਰਹੀਆਂ ਕਿਉਂ ਜੋ ਉਸ ਨੇ ਸਾਨੂੰ ਵੇਚ ਦਿੱਤਾ ਅਤੇ ਸਾਡੀ ਚਾਂਦੀ ਵੀ ਖਾ ਗਿਆ 16ਇਸ ਲਈ ਪਰਮੇਸ਼ੁਰ ਨੇ ਸਾਡੇ ਪਿਤਾ ਤੋਂ ਜੋ ਧਨ ਲੈ ਲਿਆ ਹੈ ਉਹ ਸਾਡਾ ਅਤੇ ਸਾਡੇ ਪੁੱਤਰਾਂ ਦਾ ਹੈ ਅਤੇ ਹੁਣ ਜੋ ਕੁਝ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ, ਉਹੀ ਕਰ। 17ਤਦ ਯਾਕੂਬ ਨੇ ਉੱਠ ਕੇ ਆਪਣੇ ਪੁੱਤਰਾਂ ਅਤੇ ਇਸਤਰੀਆਂ ਨੂੰ ਊਠਾਂ ਉੱਤੇ ਚੜ੍ਹਾਇਆ 18ਅਤੇ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਆਪਣੇ ਮਾਲ ਨੂੰ ਜੋ ਉਸ ਨੇ ਇਕੱਠਾ ਕੀਤਾ ਅਰਥਾਤ ਓਹ ਡੰਗਰ ਜੋ ਉਸ ਨੇ ਪਦਨ ਅਰਾਮ ਵਿੱਚ ਕਮਾ ਕੇ ਇਕੱਠੇ ਕੀਤੇ, ਲੈ ਗਿਆ ਤਾਂ ਜੋ ਕਨਾਨ ਦੇਸ਼ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਿਆ ਜਾਵੇ। 19ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਗਿਆ ਹੋਇਆ ਸੀ ਅਤੇ ਰਾਖ਼ੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ। 20ਸੋ ਯਾਕੂਬ, ਲਾਬਾਨ ਅਰਾਮੀ ਤੋਂ ਚੋਰੀ ਚਲਾ ਗਿਆ ਅਰਥਾਤ ਉਸ ਨੂੰ ਨਾ ਦੱਸਿਆ ਕਿ ਮੈਂ ਭੱਜਿਆ ਜਾ ਰਿਹਾ ਹਾਂ। 21ਉਹ ਆਪਣਾ ਸਭ ਕੁਝ ਨਾਲ ਲੈ ਕੇ ਭੱਜਿਆ ਅਤੇ ਉੱਠ ਕੇ ਦਰਿਆ ਪਾਰ ਲੰਘ ਗਿਆ ਅਤੇ ਆਪਣਾ ਮੂੰਹ ਗਿਲਆਦ ਦੇ ਪਰਬਤ ਵੱਲ ਕੀਤਾ।
ਲਾਬਾਨ ਦਾ ਯਾਕੂਬ ਦਾ ਪਿੱਛਾ ਕਰਨਾ
22ਤੀਜੇ ਦਿਨ ਲਾਬਾਨ ਨੂੰ ਖ਼ਬਰ ਮਿਲੀ ਕਿ ਯਾਕੂਬ ਭੱਜ ਗਿਆ ਹੈ। 23ਇਸ ਲਈ ਉਸ ਨੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਸੱਤਾਂ ਦਿਨਾਂ ਤੱਕ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਗਿਲਆਦ ਦੇ ਪਰਬਤ ਉੱਤੇ ਜਾ ਲਿਆ। 24ਪਰ ਪਰਮੇਸ਼ੁਰ ਨੇ ਲਾਬਾਨ ਅਰਾਮੀ ਦੇ ਕੋਲ ਰਾਤ ਦੇ ਸੁਫ਼ਨੇ ਵਿੱਚ ਜਾ ਕੇ ਆਖਿਆ, ਖ਼ਬਰਦਾਰ ਹੋ ਅਤੇ ਯਾਕੂਬ ਦੇ ਨਾਲ ਭਲਾ ਬੁਰਾ ਨਾ ਬੋਲ। 25ਤਦ ਲਾਬਾਨ, ਯਾਕੂਬ ਨੂੰ ਜਾ ਮਿਲਿਆ ਅਤੇ ਯਾਕੂਬ ਨੇ ਆਪਣਾ ਤੰਬੂ ਪਰਬਤ ਉੱਤੇ ਖੜ੍ਹਾ ਕੀਤਾ ਸੀ, ਲਾਬਾਨ ਨੇ ਵੀ ਆਪਣੇ ਭਰਾਵਾਂ ਦੇ ਨਾਲ ਗਿਲਆਦ ਦੇ ਪਰਬਤ ਉੱਤੇ ਤੰਬੂ ਖੜ੍ਹਾ ਕੀਤਾ। 26ਤਦ ਲਾਬਾਨ ਨੇ ਯਾਕੂਬ ਨੂੰ ਆਖਿਆ, ਤੂੰ ਇਹ ਕੀ ਕੀਤਾ ਜੋ ਤੂੰ ਮੇਰੇ ਕੋਲੋਂ ਚੋਰੀ ਭੱਜ ਆਇਆ ਹੈਂ ਅਤੇ ਤੂੰ ਮੇਰੀਆਂ ਧੀਆਂ ਨੂੰ ਤਲਵਾਰ ਦੇ ਜ਼ੋਰ ਨਾਲ ਬਣਾਏ ਕੈਦੀਆਂ ਵਾਂਗੂੰ ਹੱਕ ਲਿਆਇਆ ਹੈਂ? 27ਤੂੰ ਕਿਉਂ ਲੁੱਕ ਕੇ ਭੱਜਿਆ ਅਤੇ ਮੈਨੂੰ ਠੱਗਿਆ ਅਤੇ ਮੈਨੂੰ ਖ਼ਬਰ ਕਿਉਂ ਨਾ ਦਿੱਤੀ ਤਾਂ ਜੋ ਮੈਂ ਤੈਨੂੰ ਖੁਸ਼ੀ ਅਤੇ ਰਾਗ-ਰੰਗ ਅਤੇ ਡੱਫਾਂ ਅਤੇ ਬਰਬਤਾਂ ਨਾਲ ਵਿਦਿਆ ਕਰਦਾ? 28ਤੂੰ ਮੈਨੂੰ ਆਪਣੇ ਪੁੱਤਰ ਧੀਆਂ ਨੂੰ ਕਿਉਂ ਚੁੰਮਣ ਨਾ ਦਿੱਤਾ? ਹੁਣ ਤੂੰ ਮੂਰਖਪੁਣਾ ਕੀਤਾ ਹੈ। 29ਹੁਣ ਮੇਰੇ ਹੱਥਾਂ ਵਿੱਚ ਸ਼ਕਤੀ ਹੈ ਕਿ ਤੇਰੇ ਨਾਲ ਬੁਰਿਆਈ ਕਰਾਂ ਪਰ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਕੱਲ ਰਾਤ ਮੈਨੂੰ ਆਖਿਆ ਕਿ ਖ਼ਬਰਦਾਰ ਹੋ ਅਤੇ ਯਾਕੂਬ ਨਾਲ ਭਲਾ ਜਾਂ ਬੁਰਾ ਨਾ ਬੋਲ। 30ਹੁਣ ਤੂੰ ਚੱਲਿਆ ਤਾਂ ਹੈਂ ਹੀ ਕਿਉਂ ਜੋ ਤੂੰ ਆਪਣੇ ਪਿਤਾ ਦੇ ਘਰ ਨੂੰ ਲੋਚਦਾ ਹੈਂ ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੁਰਾਇਆ? 31ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਕਿਉਂ ਜੋ ਮੈਂ ਡਰ ਗਿਆ, ਮੈਂ ਸੋਚਿਆ ਕਿ ਤੂੰ ਮੈਥੋਂ ਆਪਣੀਆਂ ਧੀਆਂ ਨੂੰ ਜ਼ੋਰ ਨਾਲ ਖੋਹ ਕੇ ਲੈ ਜਾਵੇਂਗਾ। 32ਜਿਹ ਦੇ ਕੋਲ ਤੂੰ ਆਪਣੇ ਦੇਵਤਿਆਂ ਨੂੰ ਪਾਵੇਂਗਾ ਉਹ ਜੀਉਂਦਾ ਨਾ ਰਹੇਗਾ। ਸਾਡੇ ਭਰਾਵਾਂ ਦੇ ਸਾਹਮਣੇ ਲੱਭ ਲੈ ਅਤੇ ਜੋ ਕੁਝ ਤੇਰਾ ਮੇਰੇ ਕੋਲੋਂ ਨਿੱਕਲੇ ਲੈ ਲੈ, ਪਰ ਯਾਕੂਬ ਨਹੀਂ ਜਾਣਦਾ ਸੀ ਕਿ ਰਾਖ਼ੇਲ ਨੇ ਉਨ੍ਹਾਂ ਨੂੰ ਚੁਰਾਇਆ ਹੈ। 33ਲਾਬਾਨ, ਯਾਕੂਬ ਦੇ ਅਤੇ ਲੇਆਹ ਦੇ ਤੰਬੂ ਵਿੱਚ ਅਤੇ ਦੋਹਾਂ ਦਾਸੀਆਂ ਦੇ ਤੰਬੂ ਵਿੱਚ ਗਿਆ ਪਰ ਕੁਝ ਨਾ ਮਿਲਿਆ ਅਤੇ ਲੇਆਹ ਦੇ ਤੰਬੂ ਵਿੱਚੋਂ ਨਿੱਕਲ ਕੇ ਰਾਖ਼ੇਲ ਦੇ ਤੰਬੂ ਵਿੱਚ ਆਇਆ। 34ਤਦ ਰਾਖ਼ੇਲ ਨੇ ਉਨ੍ਹਾਂ ਘਰੇਲੂ ਬੁੱਤਾਂ ਨੂੰ ਲੈ ਕੇ ਊਠ ਦੀ ਕਾਠੀ ਵਿੱਚ ਰੱਖਿਆ ਅਤੇ ਉਨ੍ਹਾਂ ਦੇ ਉੱਤੇ ਬੈਠ ਗਈ ਅਤੇ ਲਾਬਾਨ ਨੇ ਸਾਰੇ ਤੰਬੂ ਦੀ ਖੋਜ ਕੀਤੀ ਪਰ ਕੁਝ ਨਾ ਮਿਲਿਆ। 35ਉਸ ਨੇ ਆਪਣੇ ਪਿਤਾ ਨੂੰ ਆਖਿਆ ਹੇ ਮੇਰੇ ਸੁਆਮੀ, ਤੁਹਾਡੀਆਂ ਅੱਖਾਂ ਵਿੱਚ ਇਹ ਗੱਲ ਨਰਾਜ਼ਗੀ ਦੀ ਨਾ ਹੋਵੇ ਕਿ ਮੈਂ ਤੁਹਾਡੇ ਸਾਹਮਣੇ ਨਾ ਉੱਠ ਸਕੀ, ਕਿਉਂ ਜੋ ਮੈਂ ਮਾਹਵਾਰੀ ਦੇ ਹਾਲ ਵਿੱਚ ਹਾਂ। ਇਸ ਲਈ ਉਸ ਨੇ ਲੱਭਿਆ ਪਰ ਉਸ ਨੂੰ ਬੁੱਤ ਨਾ ਲੱਭੇ। 36ਇਹ ਗੱਲ ਤੋਂ ਗੁੱਸੇ ਹੋ ਕੇ ਯਾਕੂਬ, ਲਾਬਾਨ ਨਾਲ ਝਗੜਨ ਲੱਗਾ ਅਤੇ ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਮੇਰਾ ਕੀ ਕਸੂਰ ਅਤੇ ਮੇਰਾ ਕੀ ਪਾਪ ਹੈ ਜੋ ਤੂੰ ਐਨੇ ਕ੍ਰੋਧ ਵਿੱਚ ਹੋ ਕੇ ਮੇਰਾ ਪਿੱਛਾ ਕੀਤਾ? 37ਤੂੰ ਜੋ ਮੇਰਾ ਸਾਰਾ ਕੁਝ ਟਟੋਲਿਆ ਤੇਰੇ ਘਰ ਦਾ ਤੈਨੂੰ ਕੀ ਮਿਲਿਆ? ਉਹ ਨੂੰ ਐਥੇ ਆਪਣੇ ਅਤੇ ਮੇਰੇ ਭਰਾਵਾਂ ਦੇ ਅੱਗੇ ਰੱਖ ਤਾਂ ਜੋ ਓਹ ਸਾਡਾ ਦੋਵਾਂ ਦਾ ਨਿਆਂ ਕਰਨ। 38ਮੈਂ ਇਹਨਾਂ ਵੀਹ ਸਾਲ ਤੱਕ ਤੇਰੇ ਸੰਗ ਰਿਹਾ, ਤੇਰੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭ ਨਾ ਡਿੱਗਿਆ ਅਤੇ ਤੇਰੇ ਇੱਜੜ ਦੇ ਮੇਂਢੇ ਮੈਂ ਨਹੀਂ ਖਾਧੇ 39ਅਤੇ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਉਨ੍ਹਾਂ ਦਾ ਘਾਟਾ ਮੈਂ ਝੱਲਿਆ ਅਤੇ ਉਹ ਜਿਹੜਾ ਦਿਨ ਜਾਂ ਰਾਤ ਨੂੰ ਚੋਰੀ ਹੋ ਗਿਆ ਉਹ ਤੂੰ ਮੈਥੋਂ ਮੰਗਿਆ। 40ਮੇਰਾ ਤਾਂ ਇਹ ਹਾਲ ਸੀ, ਕਿ ਦਿਨ ਵੇਲੇ ਧੁੱਪ ਅਤੇ ਰਾਤ ਵੇਲੇ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ। 41ਇਨ੍ਹਾਂ ਵੀਹ ਸਾਲਾਂ ਤੱਕ ਮੈਂ ਤੇਰੇ ਘਰ ਵਿੱਚ ਰਿਹਾ, ਮੈਂ ਚੌਦਾਂ ਸਾਲ ਤੱਕ ਤੇਰੀਆਂ ਦੋਹਾਂ ਧੀਆਂ ਲਈ, ਛੇ ਸਾਲ ਤੇਰੀਆਂ ਭੇਡਾਂ ਲਈ ਤੇਰੀ ਸੇਵਾ ਕੀਤੀ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਨੂੰ ਬਦਲਿਆ। 42ਜੇਕਰ ਮੇਰੇ ਪਿਤਾ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਡਰ ਮੇਰੇ ਸੰਗ ਨਾ ਹੁੰਦਾ ਤਾਂ ਤੂੰ ਮੈਨੂੰ ਜ਼ਰੂਰ ਸੱਖਣੇ ਹੱਥ ਕੱਢ ਦਿੱਤਾ ਹੁੰਦਾ। ਪਰਮੇਸ਼ੁਰ ਨੇ ਮੇਰਾ ਕਸ਼ਟ ਅਤੇ ਮੇਰੇ ਹੱਥਾਂ ਦੀ ਮਿਹਨਤ ਵੇਖੀ ਅਤੇ ਕੱਲ ਰਾਤ ਤੈਨੂੰ ਝਿੜਕਿਆ।
ਯਾਕੂਬ ਅਤੇ ਲਾਬਾਨ ਦੇ ਵਿਚਕਾਰ ਸਮਝੌਤਾ
43ਲਾਬਾਨ ਨੇ ਯਾਕੂਬ ਨੂੰ ਉੱਤਰ ਦੇ ਕੇ ਆਖਿਆ, ਇਹ ਧੀਆਂ ਮੇਰੀਆਂ ਹੀ ਧੀਆਂ ਹਨ, ਇਹ ਪੁੱਤਰ ਮੇਰੇ ਹੀ ਪੁੱਤਰ ਹਨ, ਇਹ ਇੱਜੜ ਮੇਰੇ ਹੀ ਇੱਜੜ ਹਨ ਅਤੇ ਜੋ ਕੁਝ ਤੂੰ ਵੇਖਦਾ ਹੈਂ ਸਭ ਮੇਰਾ ਹੈ। ਹੁਣ ਮੈਂ ਅੱਜ ਦੇ ਦਿਨ ਆਪਣੀਆਂ ਇਹਨਾਂ ਧੀਆਂ ਅਤੇ ਇਹਨਾਂ ਤੋਂ ਜੰਮੇ ਹੋਏ ਪੁੱਤਰਾਂ ਨਾਲ ਕੀ ਕਰਾਂ? 44ਸੋ ਹੁਣ ਤੂੰ ਆ ਜੋ ਮੈਂ ਅਤੇ ਤੂੰ ਆਪਣੇ ਵਿੱਚ ਇੱਕ ਨੇਮ ਬੰਨ੍ਹੀਏ ਤਾਂ ਉਹ ਮੇਰੇ ਅਤੇ ਤੇਰੇ ਵਿਚਕਾਰ ਗਵਾਹੀ ਹੋਵੇ। 45ਤਦ ਯਾਕੂਬ ਨੇ ਇੱਕ ਪੱਥਰ ਲੈ ਕੇ ਥੰਮ੍ਹ ਖੜ੍ਹਾ ਕੀਤਾ 46ਅਤੇ ਯਾਕੂਬ ਨੇ ਆਪਣੇ ਭਰਾਵਾਂ ਨੂੰ ਆਖਿਆ, ਪੱਥਰ ਇਕੱਠੇ ਕਰੋ ਉਪਰੰਤ ਉਨ੍ਹਾਂ ਨੇ ਪੱਥਰ ਇਕੱਠੇ ਕਰ ਕੇ ਇੱਕ ਢੇਰ ਲਾ ਦਿੱਤਾ ਅਤੇ ਉਨ੍ਹਾਂ ਨੇ ਉੱਥੇ ਉਸ ਢੇਰ ਕੋਲ ਭੋਜਨ ਖਾਧਾ। 47ਤਦ ਲਾਬਾਨ ਨੇ ਉਸ ਨਗਰ ਦਾ ਨਾਮ ਯਗਰ ਸਾਹਦੂਥਾ#31:47 ਅਰਾਮੀ ਭਾਸ਼ਾ ਵਿੱਚ ਇਸ ਦਾ ਅਰਥ ਪੱਥਰਾਂ ਦਾ ਢੇਰ ਰੱਖਿਆ ਪਰ ਯਾਕੂਬ ਨੇ ਉਸ ਦਾ ਨਾਮ ਗਲੇਦ ਰੱਖਿਆ। 48ਲਾਬਾਨ ਨੇ ਆਖਿਆ ਕਿ ਅੱਜ ਇਹ ਢੇਰ ਮੇਰੇ ਅਤੇ ਤੇਰੇ ਵਿੱਚ ਗਵਾਹ ਹੋਵੇਗਾ, ਇਸ ਕਾਰਨ ਉਸ ਦਾ ਨਾਮ ਗਲੇਦ#31:48 ਇਬਰਾਨੀ ਸ਼ਬਦ ਦਾ ਅਰਥ ਪੱਥਰਾਂ ਦਾ ਢੇਰ ਰੱਖਿਆ ਗਿਆ। 49ਅਤੇ ਮਿਸਪਾਹ#31:49 ਉੱਪਰਲਾ ਸਥਾਨ ਵੀ, ਉਸ ਨੇ ਆਖਿਆ ਕਿ ਯਹੋਵਾਹ ਮੇਰੀ ਅਤੇ ਤੇਰੀ, ਜਦ ਅਸੀਂ ਇੱਕ ਦੂਜੇ ਤੋਂ ਦੂਰ ਹੋਈਏ ਰਾਖੀ ਕਰੇ। 50ਜੇ ਤੂੰ ਮੇਰੀਆਂ ਧੀਆਂ ਨੂੰ ਤੰਗ ਰੱਖੇਂ ਅਤੇ ਉਨ੍ਹਾਂ ਤੋਂ ਬਿਨ੍ਹਾਂ ਹੋਰ ਇਸਤਰੀਆਂ ਲੈ ਆਵੇਂ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ, ਪਰ ਵੇਖ ਪਰਮੇਸ਼ੁਰ ਮੇਰੇ ਅਤੇ ਤੇਰੇ ਵਿੱਚ ਗਵਾਹ ਹੈ। 51ਫਿਰ ਲਾਬਾਨ ਨੇ ਯਾਕੂਬ ਨੂੰ ਆਖਿਆ, ਵੇਖ ਇਹ ਢੇਰ ਅਤੇ ਵੇਖ ਇਹ ਥੰਮ੍ਹ ਜੋ ਮੈਂ ਆਪਣੇ ਅਤੇ ਤੇਰੇ ਵਿੱਚਕਾਰ ਖੜ੍ਹਾ ਕੀਤਾ ਹੈ। 52ਇਹ ਢੇਰ ਅਤੇ ਇਹ ਥੰਮ੍ਹ ਦੋਵੇਂ ਗਵਾਹ ਹੋਣ ਕਿ ਬੁਰਿਆਈ ਲਈ ਮੈਂ ਇਸ ਢੇਰ ਤੋਂ ਤੇਰੇ ਵੱਲ ਨਾ ਲੰਘਾਂ ਅਤੇ ਤੂੰ ਵੀ ਇਸ ਢੇਰ ਅਤੇ ਇਸ ਥੰਮ੍ਹ ਤੋਂ ਮੇਰੇ ਵੱਲ ਨਾ ਲੰਘੇਂ। 53ਅਬਰਾਹਾਮ ਦਾ ਪਰਮੇਸ਼ੁਰ ਅਤੇ ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪਿਤਾ ਦੇ ਦੇਵਤੇ ਸਾਡਾ ਨਿਆਂ ਕਰਨ ਤਾਂ ਯਾਕੂਬ ਆਪਣੇ ਪਿਤਾ ਇਸਹਾਕ ਦੇ ਡਰ ਦੀ ਸਹੁੰ ਖਾਧੀ। 54ਯਾਕੂਬ ਨੇ ਉਸ ਪਰਬਤ ਉੱਤੇ ਭੇਟ ਚੜ੍ਹਾਈ ਅਤੇ ਆਪਣੇ ਭਰਾਵਾਂ ਨੂੰ ਰੋਟੀ ਖਾਣ ਨੂੰ ਬੁਲਾਇਆ ਤਾਂ ਉਨ੍ਹਾਂ ਰੋਟੀ ਖਾਧੀ ਅਤੇ ਪਰਬਤ ਉੱਤੇ ਰਾਤ ਕੱਟੀ। 55ਲਾਬਾਨ ਨੇ ਸਵੇਰੇ ਉੱਠ ਕੇ, ਆਪਣੇ ਪੋਤਰਿਆਂ ਅਤੇ ਧੀਆਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਲਾਬਾਨ ਤੁਰ ਕੇ ਆਪਣੇ ਸਥਾਨ ਨੂੰ ਮੁੜ ਗਿਆ।
Currently Selected:
ਉਤ 31: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.