ਕੂਚ 23
23
ਨਿਆਂ ਅਤੇ ਪੱਖਪਾਤ
1ਤੂੰ ਕੂੜ ਦੀ ਗੱਪਸ਼ੱਪ ਨਾ ਮਾਰ ਅਤੇ ਤੂੰ ਆਪਣਾ ਹੱਥ ਦੁਸ਼ਟਾਂ ਨਾਲ ਨਾ ਮਿਲਾ ਕਿ ਤੂੰ ਕੁਧਰਮ ਦਾ ਗਵਾਹ ਹੋਵੇਂ। 2ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ ਅਤੇ ਤੂੰ ਕਿਸੇ ਝਗੜੇ ਵਿੱਚ ਅਜਿਹਾ ਉੱਤਰ ਨਾ ਦੇ ਕਿ ਬਹੁਤਿਆਂ ਦੇ ਮਗਰ ਲੱਗ ਕੇ ਨਿਆਂ ਨੂੰ ਵਿਗਾੜ ਦੇਵੇਂ। 3ਤੂੰ ਕਿਸੇ ਕੰਗਾਲ ਦਾ ਉਹ ਦੇ ਝਗੜੇ ਵਿੱਚ ਪੱਖ ਨਾ ਕਰ। 4ਜਦ ਤੂੰ ਆਪਣੇ ਵੈਰੀ ਦੇ ਬਲ਼ਦ ਅਥਵਾ ਗਧੇ ਨੂੰ ਖੁੱਲ੍ਹਾ ਫਿਰਦਾ ਵੇਖੇਂ ਤਾਂ ਤੂੰ ਜ਼ਰੂਰ ਉਹ ਉਸ ਨੂੰ ਮੋੜ ਦੇ। 5ਜਦ ਤੇਰੇ ਨਾਲ ਖੁਣਸ ਕਰਨ ਵਾਲੇ ਦਾ ਗਧਾ ਤੂੰ ਭਾਰ ਹੇਠ ਪਿਆ ਹੋਇਆ ਵੇਖੇਂ ਅਤੇ ਉਸ ਦੀ ਸਹਾਇਤਾ ਨਾ ਕਰਨੀ ਚਾਹੇਂ ਫਿਰ ਵੀ ਤੂੰ ਜ਼ਰੂਰ ਉਸ ਦੀ ਸਹਾਇਤਾ ਕਰ। 6ਤੂੰ ਆਪਣੇ ਮੁਹਤਾਜ ਦੇ ਨਿਆਂ ਨੂੰ ਉਸ ਦੇ ਝਗੜੇ ਵਿੱਚ ਨਾ ਭੁਆਂ। 7ਝੂਠੀ ਗੱਲ ਤੋਂ ਦੂਰ ਰਹਿ ਅਤੇ ਤੂੰ ਬੇਦੋਸ਼ੀ ਅਤੇ ਧਰਮੀ ਨੂੰ ਮਾਰ ਨਾ ਸੁੱਟ ਕਿਉਂ ਜੋ ਮੈਂ ਦੁਸ਼ਟ ਨੂੰ ਧਰਮੀ ਨਹੀਂ ਠਹਿਰਾਵਾਂਗਾ। 8ਤੂੰ ਰਿਸ਼ਵਤ ਨਾ ਖਾਹ ਕਿਉਂ ਜੋ ਰਿਸ਼ਵਤ ਬੁੱਧਵਾਨ ਦੀਆਂ ਅੱਖਾਂ #23:8 ਨਿਆਈਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ। 9ਤੂੰ ਪਰਦੇਸੀ ਨੂੰ ਨਾ ਸਤਾ। ਤੁਸੀਂ ਪਰਦੇਸੀ ਦੇ ਮਨ ਨੂੰ ਜਾਣਦੇ ਹੋ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਸੀ।
ਸੱਤਵਾਂ ਸਾਲ ਅਤੇ ਸੱਤਵਾਂ ਦਿਨ
10ਛੇ ਸਾਲ ਤੂੰ ਆਪਣੀ ਧਰਤੀ ਬੀਜ ਅਤੇ ਉਸ ਦਾ ਹਾਸਲ ਇਕੱਠਾ ਕਰ। 11ਪਰ ਸੱਤਵੇਂ ਸਾਲ ਤੂੰ ਉਹ ਨੂੰ ਛੱਡ ਦੇ ਕਿ ਵਿਹਲੀ ਰਹੇ ਤਾਂ ਜੋ ਤੇਰੇ ਲੋਕਾਂ ਦੇ ਮੁਹਤਾਜ ਖਾਣ ਅਤੇ ਜੋ ਕੁਝ ਉਹ ਛੱਡਣ ਉਹ ਰੜੇ ਦੇ ਦਰਿੰਦੇ ਖਾਣ। ਇਸ ਤਰ੍ਹਾਂ ਤੂੰ ਆਪਣੀ ਦਾਖ਼ ਅਤੇ ਜ਼ੈਤੂਨ ਦੀ ਵਾੜੀ ਨਾਲ ਵੀ ਕਰ। 12ਛੇ ਦਿਨ ਤੂੰ ਆਪਣਾ ਕੰਮ ਕਰ ਪਰ ਸੱਤਵੇਂ ਦਿਨ ਤੂੰ ਵਿਸ਼ਰਾਮ ਕਰ ਤਾਂ ਜੋ ਤੇਰਾ ਬਲ਼ਦ ਅਤੇ ਤੇਰਾ ਗਧਾ ਸੁਸਤਾਉਣ ਅਤੇ ਤੇਰੀ ਗੋਲੀ ਦਾ ਪੁੱਤਰ ਅਤੇ ਪਰਦੇਸੀ ਟਹਿਕ ਜਾਣ। 13ਜੋ ਕੁਝ ਮੈਂ ਤੁਹਾਨੂੰ ਆਖਿਆ ਉਸ ਵਿੱਚ ਸੁਚੇਤ ਰਹੋ ਅਤੇ ਹੋਰਨਾਂ ਦੇਵਤਿਆਂ ਦੇ ਨਾਮ ਵੀ ਨਾ ਲਓ ਅਤੇ ਉਹ ਤੁਹਾਡੇ ਮੂੰਹ ਤੋਂ ਸੁਣੇ ਵੀ ਨਾ ਜਾਣ।
ਤਿੰਨ ਮੁੱਖ ਪਰਬ
ਕੂਚ 34:18-26; ਬਿਵਸਥਾ 16:1-17
14ਤੂੰ ਸਾਲ ਵਿੱਚ ਤਿੰਨ ਵਾਰ ਮੇਰਾ ਪਰਬ ਮਨਾ। 15ਪਤੀਰੀ ਰੋਟੀ ਦੇ ਪਰਬ ਨੂੰ ਤੂੰ ਮਨਾ। ਸੱਤ ਦਿਨ ਤੂੰ ਪਤੀਰੀ ਰੋਟੀ ਖਾ ਜਿਵੇਂ ਅਬੀਬ ਦੇ ਮਹੀਨੇ ਦੇ ਠਹਿਰਾਏ ਹੋਏ ਸਮੇਂ ਵਿੱਚ ਮੈਂ ਤੈਨੂੰ ਹੁਕਮ ਦਿੱਤਾ ਸੀ ਕਿਉਂ ਜੋ ਤੂੰ ਉਸ ਵਿੱਚ ਮਿਸਰ ਤੋਂ ਬਾਹਰ ਆਇਆ। ਖਾਲੀ ਹੱਥੀਂ ਉਹ ਮੇਰੇ ਸਾਹਮਣੇ ਵੇਖੇ ਨਾ ਜਾਣ। 16ਵਾਢੀ ਦਾ ਪਰਬ ਅਰਥਾਤ ਤੇਰੇ ਕੰਮਾਂ ਦੇ ਪਹਿਲੇ ਫਲ ਜਿਹੜੇ ਤੂੰ ਪੈਲੀ ਵਿੱਚ ਬੀਜੇ ਅਤੇ ਇਕੱਠਾ ਕਰਨ ਦਾ ਪਰਬ ਸਾਲ ਦੇ ਛੇਕੜ ਵਿੱਚ ਜਦ ਤੂੰ ਆਪਣੀ ਕਮਾਈ ਨੂੰ ਪੈਲੀ ਤੋਂ ਇਕੱਠਾ ਕਰ ਲਿਆ ਹੋਵੇ। 17ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਪੁਰਖ ਪ੍ਰਭੂ ਯਹੋਵਾਹ ਅੱਗੇ ਹਾਜ਼ਰ ਹੋਣ। 18ਤੂੰ ਮੇਰੇ ਬਲੀ ਪਸ਼ੂ ਦਾ ਲਹੂ ਖ਼ਮੀਰੀ ਰੋਟੀ ਨਾਲ ਨਾ ਚੜ੍ਹਾ। ਨਾ ਮੇਰੇ ਪਰਬ ਦੇ ਚੜ੍ਹਾਵੇ ਦੀ ਚਰਬੀ ਸਾਰੀ ਰਾਤ ਸਵੇਰ ਤੱਕ ਰਹੇ। 19ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲਾ ਫਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲਿਆਵੀਂ। ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੀਂ।
ਵਾਅਦੇ ਅਤੇ ਨਿਰਦੇਸ਼
20ਵੇਖੋ ਮੈਂ ਇੱਕ ਦੂਤ ਤੁਹਾਡੇ ਅੱਗੇ ਭੇਜਦਾ ਹਾਂ ਕਿ ਉਹ ਤੁਹਾਡੇ ਰਾਹ ਵਿੱਚ ਤੁਹਾਡੀ ਰਾਖੀ ਕਰੇ ਅਤੇ ਤੁਹਾਨੂੰ ਉਸ ਸਥਾਨ ਨੂੰ ਜਿਹੜਾ ਮੈਂ ਤਿਆਰ ਕੀਤਾ ਹੈ ਲੈ ਜਾਵੇ। 21ਉਸ ਦੇ ਅੱਗੇ ਚੌਕਸ ਰਹੋ ਅਤੇ ਉਸ ਦੀ ਅਵਾਜ਼ ਸੁਣੋ ਅਤੇ ਉਹ ਨੂੰ ਨਾ ਛੇੜੋ ਕਿਉਂ ਜੋ ਉਹ ਤੁਹਾਡੇ ਅਪਰਾਧ ਨੂੰ ਨਹੀਂ ਬਖ਼ਸ਼ੇਗਾ ਇਸ ਲਈ ਕਿ ਮੇਰਾ ਨਾਮ ਉਸ ਵਿੱਚ#23:21 ਮੈਂ ਉਸ ਨੂੰ ਪੂਰਾ ਇਖ਼ਤਿਆਰ ਦਿੱਤਾ ਹੈ ਹੈ। 22ਸਗੋਂ ਜੇ ਤੁਸੀਂ ਸੱਚ-ਮੁੱਚ ਉਸ ਦੀ ਅਵਾਜ਼ ਨੂੰ ਸੁਣੋ ਅਤੇ ਜੋ ਕੁਝ ਮੈਂ ਬੋਲਦਾ ਹਾਂ ਉਹ ਕਰੋ ਤਾਂ ਮੈਂ ਤੁਹਾਡੇ ਵੈਰੀਆਂ ਦਾ ਵੈਰੀ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧੀ ਹੋਵਾਂਗਾ। 23ਕਿਉਂ ਜੋ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ ਅਤੇ ਤੁਹਾਨੂੰ ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚ ਲਿਆਵੇਗਾ ਅਤੇ ਮੈਂ ਉਨ੍ਹਾਂ ਦਾ ਨਾਸ ਕਰਾਂਗਾ। 24ਤੁਸੀਂ ਉਨ੍ਹਾਂ ਦੇ ਦੇਵਤਿਆਂ ਦੇ ਅੱਗੇ ਮੱਥਾ ਨਾ ਟੇਕੋ ਨਾ ਉਨ੍ਹਾਂ ਉਪਾਸਨਾ ਕਰੋ ਨਾ ਤੁਸੀਂ ਉਨ੍ਹਾਂ ਦੇ ਕੰਮਾਂ ਵਾਂਗੂੰ ਕੰਮ ਕਰੋ ਸਗੋਂ ਉਨ੍ਹਾਂ ਨੂੰ ਜ਼ਰੂਰ ਢਾਓ ਅਤੇ ਉਨ੍ਹਾਂ ਦੇ ਥੰਮਾਂ ਨੂੰ ਚਕਨਾ-ਚੂਰ ਕਰੋ। 25ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ। 26ਤੁਹਾਡੀ ਧਰਤੀ ਵਿੱਚ ਕਿਸੇ ਦਾ ਗਰਭ ਨਾ ਡਿੱਗੇਗਾ ਨਾ ਕੋਈ ਬਾਂਝ ਰਹੇਗੀ। ਮੈਂ ਤੁਹਾਡੇ ਦਿਨਾਂ ਦਾ ਲੇਖਾ ਪੂਰਾ ਕਰਾਂਗਾ। 27ਮੈਂ ਆਪਣਾ ਭੈਅ ਤੁਹਾਡੇ ਅੱਗੇ ਭੇਜਾਂਗਾ ਅਤੇ ਮੈਂ ਸਾਰੇ ਲੋਕਾਂ ਨੂੰ ਜਿਨ੍ਹਾਂ ਉੱਤੇ ਤੁਸੀਂ ਆਣ ਪਵੋਗੇ ਨਾਸ ਕਰ ਦੇਵਾਂਗਾ ਅਤੇ ਮੈਂ ਤੁਹਾਡੇ ਸਾਰੇ ਵੈਰੀਆਂ ਨੂੰ ਨੱਠੇ ਜਾਂਦੇ ਹੋਏ ਤੁਹਾਨੂੰ ਦੇਵਾਂਗਾ। 28ਮੈਂ ਤੁਹਾਡੇ ਅੱਗੇ ਡੇਹਮੂ ਭੇਜਾਂਗਾ ਜਿਹੜਾ ਹਿੱਵੀ ਕਨਾਨੀ ਹਿੱਤੀ ਤੁਹਾਡੇ ਅੱਗੋਂ ਧੱਕ ਦੇਵੇਗਾ। 29ਮੈਂ ਇੱਕੋ ਹੀ ਸਾਲ ਵਿੱਚ ਉਨ੍ਹਾਂ ਨੂੰ ਤੁਹਾਡੇ ਅੱਗੋਂ ਨਾ ਧੱਕਾਂਗਾ ਮਤੇ ਉਹ ਧਰਤੀ ਉੱਜੜ ਜਾਵੇ ਅਤੇ ਮੈਦਾਨ ਦੇ ਦਰਿੰਦੇ ਤੁਹਾਡੇ ਵਿਰੁੱਧ ਵਧ ਜਾਣ। 30ਮੈਂ ਉਨ੍ਹਾਂ ਨੂੰ ਤੁਹਾਡੇ ਅੱਗੋਂ ਹੌਲੀ-ਹੌਲੀ ਧੱਕਾਂਗਾ ਜਦ ਤੱਕ ਤੁਸੀਂ ਨਾ ਫਲੋ ਅਤੇ ਧਰਤੀ ਨੂੰ ਆਪਣੇ ਵੱਸ ਵਿੱਚ ਨਾ ਕਰੋ। 31ਸੋ ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਫ਼ਲਿਸਤੀਆਂ ਦੇ ਸਮੁੰਦਰ ਤੱਕ ਅਤੇ ਉਜਾੜ ਤੋਂ ਦਰਿਆ (ਫ਼ਰਾਤ) ਤੱਕ ਠਹਿਰਾਵਾਂਗਾ ਕਿਉਂ ਜੋ ਮੈਂ ਤੁਹਾਡੇ ਹੱਥ ਵਿੱਚ ਉਸ ਧਰਤੀ ਦੇ ਵਸਨੀਕਾਂ ਨੂੰ ਦੇਵਾਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗੋਂ ਧੱਕ ਦਿਓਗੇ। 32ਤੁਸੀਂ ਉਨ੍ਹਾਂ ਨਾਲ ਅਥਵਾ ਉਨ੍ਹਾਂ ਦੇ ਦੇਵਤਿਆਂ ਨਾਲ ਨੇਮ ਨਾ ਬੰਨ੍ਹੋ। 33ਉਹ ਤੁਹਾਡੀ ਧਰਤੀ ਵਿੱਚ ਨਾ ਰਹਿਣ ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਤੋਂ ਮੇਰੇ ਵਿਰੁੱਧ ਪਾਪ ਕਰਾਉਣ ਕਿਉਂ ਜੇ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰੋ ਤਾਂ ਉਹ ਜ਼ਰੂਰ ਤੁਹਾਡੇ ਲਈ ਫਾਹੀ ਹੋਵੇਗੀ।
Currently Selected:
ਕੂਚ 23: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.