YouVersion Logo
Search Icon

ਕੂਚ 13

13
ਪਹਿਲੌਠਿਆਂ ਨੂੰ ਅਰਪਣ ਕਰਨਾ
1ਯਹੋਵਾਹ ਮੂਸਾ ਨਾਲ ਬੋਲਿਆ ਕਿ 2ਸਾਰੇ ਪਹਿਲੌਠੇ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਮੇਰੇ ਲਈ ਪਵਿੱਤਰ ਹੋਣ ਭਾਵੇਂ ਆਦਮੀ ਦੇ ਭਾਵੇਂ ਡੰਗਰ ਦੇ ਉਹ ਮੇਰੇ ਹਨ।
ਅਖ਼ਮੀਰੀ ਰੋਟੀ ਦਾ ਪਰਬ
3ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਤੁਸੀਂ ਇਹ ਦਿਨ ਚੇਤੇ ਰੱਖੋ ਜਿਸ ਵਿੱਚ ਤੁਸੀਂ ਮਿਸਰ ਤੋਂ ਗ਼ੁਲਾਮੀ ਦੇ ਘਰ ਤੋਂ ਬਾਹਰ ਆਏ ਕਿਉਂਕਿ ਯਹੋਵਾਹ ਤੁਹਾਨੂੰ ਹੱਥ ਦੇ ਬਲ ਨਾਲ ਉੱਥੋਂ ਕੱਢ ਲਿਆਇਆ। ਖ਼ਮੀਰੀ ਰੋਟੀ ਨਾ ਖਾਧੀ ਜਾਵੇ। 4ਤੁਸੀਂ ਅਬੀਬ ਦੇ ਮਹੀਨੇ ਅੱਜ ਦੇ ਦਿਨ ਬਾਹਰ ਨਿੱਕਲ ਆਏ ਹੋ। 5ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨੀਆਂ ਹਿੱਤੀਆਂ ਅਮੋਰੀਆਂ ਹਿੱਵੀਆਂ ਅਤੇ ਯਬੂਸੀਆਂ ਦੇ ਦੇਸ ਵਿੱਚ ਜਿਹੜਾ ਤੁਹਾਡੇ ਪੁਰਖਿਆਂ ਨਾਲ ਸਹੁੰ ਖਾ ਕੇ ਤੁਹਾਨੂੰ ਦੇਣ ਲਈ ਆਖਿਆ ਸੀ ਅਤੇ ਜਿਹੜੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਲਿਆਵੇਗਾ ਤਾਂ ਤੁਸੀਂ ਇਸ ਮਹੀਨੇ ਵਿੱਚ ਇਹ ਉਪਾਸਨਾ ਕਰਿਓ। 6ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਖਾਣੀ ਅਤੇ ਸੱਤਵੇਂ ਦਿਨ ਯਹੋਵਾਹ ਦਾ ਪਰਬ ਹੈ। 7ਪਤੀਰੀ ਰੋਟੀ ਸੱਤਾਂ ਦਿਨਾਂ ਤੱਕ ਖਾਧੀ ਜਾਵੇ ਅਤੇ ਕੋਈ ਖ਼ਮੀਰ ਤੁਹਾਡੇ ਕੋਲ ਨਾ ਵੇਖਿਆ ਜਾਵੇ ਨਾ ਖ਼ਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਵੇਖਿਆ ਜਾਵੇ। 8ਤੁਸੀਂ ਉਸ ਦਿਨ ਆਪਣੇ ਪੁੱਤਰਾਂ ਨੂੰ ਇਹ ਦੱਸੋ ਕਿ ਕਾਰਨ ਇਹ ਹੈ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਕੱਢਿਆ। 9ਇਹ ਤੁਹਾਡੇ ਹੱਥਾਂ ਉੱਤੇ ਨਿਸ਼ਾਨ ਅਤੇ ਤੁਹਾਡੇ ਨੇਤਰਾਂ ਦੇ ਵਿੱਚ ਯਾਦਗਿਰੀ ਲਈ ਹੋਵੇਗਾ ਤਾਂ ਜੋ ਯਹੋਵਾਹ ਦੀ ਬਿਵਸਥਾ ਤੁਹਾਡੇ ਮੂੰਹ ਵਿੱਚ ਰਹੇ ਕਿਉਂਕਿ ਯਹੋਵਾਹ ਨੇ ਤਕੜੇ ਹੱਥ ਨਾਲ ਤੁਹਾਨੂੰ ਮਿਸਰੋਂ ਕੱਢਿਆ। 10ਤੁਸੀਂ ਇਸ ਬਿਧੀ ਨੂੰ ਠਹਿਰਾਏ ਹੋਏ ਸਮੇਂ ਉੱਤੇ ਸਾਲ ਦੇ ਸਾਲ ਮਨਾਇਆ ਕਰੋ।
ਪਹਿਲੌਠੇ
11ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨ ਦੇਸ ਵਿੱਚ ਲਿਆਵੇ ਜਿਵੇਂ ਉਸ ਨੇ ਤੁਹਾਡੇ ਨਾਲ ਅਤੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਹੈ ਅਤੇ ਉਹ ਤੁਹਾਨੂੰ ਇਹ ਦੇਵੇ। 12ਤਾਂ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਯਹੋਵਾਹ ਲਈ ਵੱਖਰਾ ਰੱਖੋ ਨਾਲ ਡੰਗਰਾਂ ਵਿੱਚੋਂ ਹਰ ਪਹਿਲੌਠਾ ਬੱਚਾ ਜਿਹੜਾ ਤੁਹਾਡਾ ਹੋਵੇ। ਨਰ ਯਹੋਵਾਹ ਲਈ ਹੋਣਗੇ। 13ਹਰ ਗਧੇ ਦੇ ਪਹਿਲੌਠੇ ਨੂੰ ਲੇਲੇ#13:13 ਲੇਲੇ ਦਾ ਬਲੀਦਾਨ ਸਵੀਕਾਰ ਹੈ ਨਾ ਕਿ ਗਧੇ ਦਾ ਨਾਲ ਛੁਡਾ ਲਵੋ ਪਰ ਜੇਕਰ ਨਾ ਛੁਡਾਉਣਾ ਹੋਵੇ ਤਾਂ ਉਸ ਦੀ ਧੌਣ ਤੋੜ ਸੁੱਟੋ ਅਤੇ ਆਪਣੇ ਪੁੱਤਰਾਂ ਵਿੱਚੋਂ ਆਦਮੀ ਦੇ ਹਰ ਪਹਿਲੌਠੇ ਨੂੰ ਛੁਡਾ ਲਵੋ। 14ਇਸ ਤਰ੍ਹਾਂ ਹੋਵੇਗਾ ਕਿ ਜਦ ਅੱਗੇ ਨੂੰ ਤੁਹਾਡੇ ਪੁੱਤਰ ਤੁਹਾਡੇ ਤੋਂ ਪੁੱਛਣ ਕਿ ਇਹ ਕੀ ਹੈ? ਤਾਂ ਤੁਸੀਂ ਉਨ੍ਹਾਂ ਨੂੰ ਆਖੋ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਗ਼ੁਲਾਮੀ ਦੇ ਘਰ ਤੋਂ ਹੱਥ ਦੇ ਬਲ ਨਾਲ ਕੱਢਿਆ ਸੀ। 15ਫੇਰ ਇਸ ਤਰ੍ਹਾਂ ਹੋਇਆ ਕਿ ਜਾਂ ਫ਼ਿਰਊਨ ਨੇ ਸਾਡਾ ਬਾਹਰ ਜਾਣਾ ਔਖਾ ਕਰ ਦਿੱਤਾ ਤਾਂ ਯਹੋਵਾਹ ਨੇ ਮਿਸਰ ਦੇਸ ਦੇ ਸਾਰੇ ਪਹਿਲੌਠਿਆਂ ਨੂੰ ਮਾਰ ਸੁੱਟਿਆ ਆਦਮੀ ਦੇ ਪਹਿਲੌਠੇ ਤੋਂ ਲੈ ਕੇ ਡੰਗਰ ਦੇ ਪਹਿਲੌਠੇ ਤੱਕ। ਇਸ ਲਈ ਅਸੀਂ ਯਹੋਵਾਹ ਨੂੰ ਨਰਾਂ ਵਿੱਚੋਂ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਬਲੀ ਦਿੰਦੇ ਹਾਂ ਅਤੇ ਆਪਣੇ ਪੁੱਤਰਾਂ ਵਿੱਚੋਂ ਹਰ ਪਹਿਲੌਠੇ ਨੂੰ ਛੁਡਾ ਲੈਂਦੇ ਹਾਂ। 16ਇਹ ਤੁਹਾਡੇ ਹੱਥਾਂ ਵਿੱਚ ਨਿਸ਼ਾਨ ਅਤੇ ਤੁਹਾਡਿਆਂ ਨੇਤਰਾਂ ਦੇ ਵਿਚਕਾਰ ਇੱਕ ਟਿੱਕੇ ਜਿਹਾ ਹੋਵੇਗਾ ਕਿਉਂਕਿ ਯਹੋਵਾਹ ਸਾਨੂੰ ਹੱਥ ਦੇ ਬਲ ਨਾਲ ਮਿਸਰ ਤੋਂ ਕੱਢ ਲਿਆਇਆ।
ਬੱਦਲ ਅਤੇ ਅੱਗ ਦਾ ਖੰਭਾ
17ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਫ਼ਿਰਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਦੇਸ ਦੇ ਰਾਹ ਨਾ ਲੈ ਗਿਆ ਭਾਵੇਂ ਉਹ ਨੇੜੇ ਸੀ ਕਿਉਂ ਜੋ ਪਰਮੇਸ਼ੁਰ ਨੇ ਆਖਿਆ, ਸ਼ਾਇਦ ਲੋਕ ਜੰਗ ਨੂੰ ਵੇਖ ਕੇ ਪਛਤਾਉਣ ਅਤੇ ਮਿਸਰ ਨੂੰ ਮੁੜ ਜਾਣ। 18ਸਗੋਂ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਭੁਆਂ ਕੇ ਲਾਲ ਸਮੁੰਦਰ ਦੀ ਉਜਾੜ ਦੀ ਰਾਹ ਪਾ ਦਿੱਤਾ ਅਤੇ ਇਸਰਾਏਲੀ ਸ਼ਸਤਰ ਬੰਨ੍ਹ ਕੇ ਮਿਸਰ ਦੇਸ ਤੋਂ ਚੱਲੇ ਆਏ। 19ਮੂਸਾ ਨੇ ਯੂਸੁਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਲਈਆਂ ਕਿਉਂ ਜੋ ਉਸ ਨੇ ਇਸਰਾਏਲੀਆਂ ਕੋਲੋਂ ਸਹੁੰ ਲੈ ਕੇ ਤਗੀਦ ਕੀਤੀ ਸੀ ਕਿ ਪਰਮੇਸ਼ੁਰ ਤੁਹਾਨੂੰ ਜ਼ਰੂਰ ਚੇਤੇ ਕਰੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਨੂੰ ਐਥੋਂ ਆਪਣੇ ਨਾਲ ਲੈ ਜਾਇਓ। 20ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰ ਕੇ ਉਜਾੜ ਦੇ ਕੰਢੇ ਏਥਾਮ ਵਿੱਚ ਡੇਰਾ ਕੀਤਾ। 21ਯਹੋਵਾਹ ਉਨ੍ਹਾਂ ਨੂੰ ਰਾਹ ਦੱਸਣ ਲਈ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤੀਂ ਉਨ੍ਹਾਂ ਨੂੰ ਚਾਨਣਾ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਸੀ ਤਾਂ ਜੋ ਦਿਨ ਅਤੇ ਰਾਤ ਨੂੰ ਚੱਲਦੇ ਜਾਣ। 22ਬੱਦਲ ਦਾ ਥੰਮ੍ਹ ਦਿਨ ਨੂੰ ਅਤੇ ਅੱਗ ਦਾ ਥੰਮ੍ਹ ਰਾਤ ਨੂੰ ਉਨ੍ਹਾਂ ਲੋਕਾਂ ਦੇ ਅੱਗੋਂ ਕਦੀ ਨਾ ਹਟਿਆ।

Currently Selected:

ਕੂਚ 13: IRVPun

Highlight

Copy

Compare

Share

None

Want to have your highlights saved across all your devices? Sign up or sign in