ਕੂਚ 12
12
ਪਸਾਹ ਦਾ ਪਰਬ
1ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਅਤੇ ਹਾਰੂਨ ਨੂੰ ਆਖਿਆ ਕਿ 2ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਅਰੰਭ ਹੋਵੇਗਾ ਅਤੇ ਇਹ ਤੁਹਾਡੇ ਸਾਲ ਦੇ ਮਹੀਨਿਆਂ ਵਿੱਚੋਂ ਪਹਿਲਾ ਹੈ। 3ਇਸਰਾਏਲ ਦੀ ਸਾਰੀ ਮੰਡਲੀ ਨੂੰ ਇਹ ਬੋਲੋ ਕਿ ਇਸ ਮਹੀਨੇ ਦੀ ਦਸਵੀਂ ਨੂੰ ਇੱਕ-ਇੱਕ ਜਣਾ ਆਪੋ ਆਪਣੇ ਪੁਰਖਿਆਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ-ਇੱਕ ਲੇਲਾ ਲਵੇ। 4ਜੇਕਰ ਕੋਈ ਟੱਬਰ ਇੱਕ ਲੇਲੇ ਲਈ ਛੋਟਾ ਹੋਵੇ ਤਾਂ ਉਹ ਅਤੇ ਉਸ ਦਾ ਗੁਆਂਢੀ ਜਿਹੜਾ ਉਸ ਦੇ ਘਰ ਕੋਲ ਰਹਿੰਦਾ ਹੈ ਪ੍ਰਾਣੀਆਂ ਦੇ ਲੇਖੇ ਦੇ ਅਨੁਸਾਰ ਲਵੇ ਅਤੇ ਤੁਸੀਂ ਇੱਕ ਮਨੁੱਖ ਦੇ ਖਾਣ ਦੇ ਅਨੁਸਾਰ ਲੇਲੇ ਦਾ ਲੇਖਾ ਠਹਿਰਾਇਓ। 5ਤੁਹਾਡਾ ਲੇਲਾ ਬੱਜ ਤੋਂ ਰਹਿਤ ਅਤੇ ਇੱਕ ਸਾਲ ਦਾ ਨਰ ਹੋਵੇ। ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਿਓ 6ਅਤੇ ਤੁਸੀਂ ਉਸ ਨੂੰ ਇਸ ਮਹੀਨੇ ਦੀ ਚੌਧਵੀਂ ਤੱਕ ਰੱਖ ਛੱਡਣਾ ਅਤੇ ਇਸਰਾਏਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ 7ਅਤੇ ਉਹ ਉਸ ਦੇ ਲਹੂ ਵਿੱਚੋਂ ਲੈ ਕੇ ਉਨ੍ਹਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀਂ ਬਾਹੀਂ ਅਤੇ ਸੇਰੂ ਉੱਤੇ ਲਾਉਣ। 8ਫੇਰ ਉਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪਤੀਰੀ ਰੋਟੀ ਨਾਲ ਖਾਣ ਨਾਲੇ ਕੌੜੀ ਭਾਜੀ ਨਾਲ ਖਾਣ। 9ਉਸ ਵਿੱਚੋਂ ਕੱਚਾ ਅਥਵਾ ਪਾਣੀ ਵਿੱਚ ਰਿੰਨ੍ਹਿਆ ਹੋਇਆ ਕਦੀ ਨਾ ਖਾਓ ਸਗੋਂ ਅੱਗ ਨਾਲ ਭੁੰਨਿਆ ਹੋਇਆ ਸਿਰ ਅਤੇ ਪੈਰਾਂ ਅਤੇ ਆਂਦਰਾਂ ਸਣੇ। 10ਤੁਸੀਂ ਸਵੇਰ ਤੱਕ ਉਹ ਦੇ ਵਿੱਚੋਂ ਬਚਾ ਕੇ ਨਾ ਰੱਖਿਓ ਪਰ ਜੇ ਉਸ ਤੋਂ ਸਵੇਰ ਤੱਕ ਕੁਝ ਬਚ ਰਹੇ ਤਾਂ ਉਸ ਨੂੰ ਅੱਗ ਵਿੱਚ ਸਾੜ ਦਿਓ। 11ਤੁਸੀਂ ਉਸ ਨੂੰ ਇਸ ਤਰ੍ਹਾਂ ਖਾਣਾ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀਂ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਹ ਨੂੰ ਛੇਤੀ-ਛੇਤੀ ਖਾਣਾ ਕਿਉਂਕਿ ਇਹ ਯਹੋਵਾਹ ਦਾ ਪਸਾਹ#12:11 ਨਿੱਕਲਣ ਲਈ ਤਿਆਰ, ਪਸਾਹ ਦਾ ਅਰਥ ਮਿਸਰ ਵਿੱਚ ਵਿਨਾਸ਼ ਦਾ ਦੂਤ ਪਹਿਲੌਠਿਆਂ ਨੂੰ ਮਾਰ ਰਿਹਾ ਸੀ ਉਸ ਬਚਾਓ ਨੂੰ ਯਾਦ ਰੱਖਣ ਲਈ ਇਹ ਤਿਉਹਾਰ ਮਨਾਇਆ ਜਾਂਦਾ ਸੀ ਹੈ। 12ਮੈਂ ਉਸ ਰਾਤ ਮਿਸਰ ਦੇਸ ਦੇ ਵਿੱਚ ਦੀ ਲੰਘਾਂਗਾ ਅਤੇ ਮਿਸਰ ਦੇਸ ਦੇ ਪਹਿਲੌਠੇ ਭਾਵੇਂ ਮਨੁੱਖ ਨੂੰ ਭਾਵੇਂ ਡੰਗਰ ਨੂੰ ਮਾਰ ਸੁੱਟਾਂਗਾ ਅਤੇ ਮਿਸਰ ਦੇ ਸਾਰੇ ਦੇਵਤਿਆਂ#12:12 ਮੈਂ ਮਿਸਰੀ ਦੇਵਤਿਆਂ ਨੂੰ ਝੂਠਾ ਸਾਬਤ ਕਰਾਂਗਾ ਦਾ ਨਿਆਂ ਕਰਾਂਗਾ। ਮੈਂ ਯਹੋਵਾਹ ਹਾਂ। 13ਅਤੇ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਂਵਾਂਗਾ ਅਤੇ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਕਰੇ। 14ਅਤੇ ਇਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਅਤੇ ਤੁਸੀਂ ਇਹ ਦਿਨ ਯਹੋਵਾਹ ਲਈ ਪਰਬ ਕਰਕੇ ਮਨਾਇਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਇਸ ਨੂੰ ਸਦਾ ਦੀ ਬਿਧੀ ਦਾ ਪਰਬ ਮਨਾਇਓ।
ਅਖ਼ਮੀਰੀ ਰੋਟੀ
15ਤੁਸੀਂ ਸੱਤ ਦਿਨ ਤੱਕ ਪਤੀਰੀ ਰੋਟੀ ਖਾਓ। ਪਹਿਲੇ ਹੀ ਦਿਨ ਖ਼ਮੀਰ ਆਪਣਿਆਂ ਘਰਾਂ ਤੋਂ ਬਾਹਰ ਕੱਢ ਦੇਣਾ ਕਿਉਂਕਿ ਜਿਹੜਾ ਪਹਿਲੇ ਦਿਨ ਤੋਂ ਸੱਤਵੇਂ ਦਿਨ ਤੱਕ ਕਦੀ ਖ਼ਮੀਰੀ ਰੋਟੀ ਖਾਵੇਗਾ ਉਹ ਪ੍ਰਾਣੀ ਇਸਰਾਏਲ ਵਿੱਚੋਂ ਛੇਕਿਆ ਜਾਵੇਗਾ। 16ਅਤੇ ਪਹਿਲੇ ਦਿਨ ਤੁਹਾਡੀ ਪਵਿੱਤਰ ਸਭਾ ਹੋਵੇਗੀ ਅਤੇ ਸੱਤਵੇਂ ਦਿਨ ਵੀ ਤੁਹਾਡੀ ਪਵਿੱਤਰ ਸਭਾ ਹੋਵੇਗੀ ਇਨ੍ਹਾਂ ਵਿੱਚ ਕੋਈ ਕੰਮ-ਧੰਦਾ ਨਾ ਕੀਤਾ ਜਾਵੇ ਨਿਰਾ ਉਹੋ ਜਿਹੜਾ ਹਰ ਇੱਕ ਪ੍ਰਾਣੀ ਦੇ ਖਾਣ ਲਈ ਹੋਵੇ, ਤੁਸੀਂ ਓਨਾ ਹੀ ਕਰਿਓ। 17ਅਤੇ ਤੁਸੀਂ ਇਹ ਪਤੀਰੀ ਰੋਟੀ ਦਾ ਪਰਬ ਮਨਾਇਆ ਕਰੋ ਕਿਉਂਕਿ ਇਸੇ ਹੀ ਦਿਨ ਮੈਂ ਤੁਹਾਡੀਆਂ ਸੈਨਾਂ ਨੂੰ ਮਿਸਰ ਦੇਸ ਤੋਂ ਬਾਹਰ ਕੱਢ ਲਿਆਇਆ ਸੀ ਇਸ ਕਰਕੇ ਤੁਸੀਂ ਇਹ ਦਿਨ ਆਪਣੀਆਂ ਪੀੜ੍ਹੀਆਂ ਤੱਕ ਸਦਾ ਦੀ ਬਿਧੀ ਲਈ ਮਨਾਇਆ ਕਰੋ। 18ਪਹਿਲੇ ਮਹੀਨੇ ਦੀ ਚੌਧਵੀਂ ਦੀ ਸ਼ਾਮ ਤੋਂ ਇੱਕੀ ਤਾਰੀਖ਼ ਦੀ ਸ਼ਾਮ ਤੱਕ ਤੁਸੀਂ ਪਤੀਰੀ ਰੋਟੀ ਖਾਓ। 19ਸੱਤਾਂ ਦਿਨਾਂ ਤੱਕ ਤੁਹਾਡਿਆਂ ਘਰਾਂ ਵਿੱਚ ਖ਼ਮੀਰ ਨਾ ਲੱਭੇ ਕਿਉਂਕਿ ਜਿਹੜਾ ਖ਼ਮੀਰੀ ਚੀਜ਼ ਖਾਵੇਗਾ ਉਹ ਪ੍ਰਾਣੀ ਇਸਰਾਏਲ ਦੀ ਮੰਡਲੀ ਵਿੱਚੋਂ ਬਾਹਰ ਕੱਢਿਆ ਜਾਵੇਗਾ ਭਾਵੇਂ ਓਪਰਾ ਹੋਵੇ ਭਾਵੇਂ ਦੇਸ ਵਿੱਚ ਜੰਮਿਆ ਹੋਇਆ ਹੋਵੇ। 20ਤੁਸੀਂ ਕੋਈ ਖ਼ਮੀਰੀ ਵਸਤ ਨਾ ਖਾਓ ਅਤੇ ਤੁਸੀਂ ਆਪਣਿਆਂ ਸਾਰਿਆਂ ਟਿਕਾਣਿਆਂ ਵਿੱਚ ਪਤੀਰੀ ਰੋਟੀ ਖਾਇਓ।
ਪਸਾਹ ਦਾ ਪਰਬ
21ਤਦ ਮੂਸਾ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾ ਕੇ ਆਖਿਆ, ਆਪੋ ਆਪਣੇ ਟੱਬਰ ਅਨੁਸਾਰ ਲੇਲਿਆਂ ਨੂੰ ਕੱਢ ਲਵੋ ਅਤੇ ਪਸਾਹ ਲਈ ਵੱਢੋ। 22ਤੁਸੀਂ ਇੱਕ ਜੂਫ਼ੇ ਦੀ ਗੁੱਛੀ ਲੈ ਕੇ ਉਸ ਨੂੰ ਲਹੂ ਵਿੱਚ ਜਿਹੜਾ ਭਾਂਡੇ ਵਿੱਚ ਹੈ ਡਬੋ ਕੇ, ਸੇਰੂ ਅਤੇ ਦਰਵਾਜ਼ੇ ਦੀਆਂ ਦੋਹਾਂ ਬਾਹੀਆਂ ਉੱਤੇ ਲਾਓ ਅਤੇ ਤੁਹਾਡੇ ਵਿੱਚੋਂ ਕੋਈ ਸਵੇਰ ਤੱਕ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਾ ਜਾਵੇ। 23ਕਿਉਂਕਿ ਯਹੋਵਾਹ ਮਿਸਰੀਆਂ ਦੇ ਮਾਰਨ ਲਈ ਲੰਘੇਗਾ ਅਤੇ ਜਦ ਉਹ ਸੇਰੂ ਅਤੇ ਦੋਹਾਂ ਬਾਹੀਆਂ ਉੱਤੇ ਲਹੂ ਨੂੰ ਵੇਖੇਗਾ ਤਾਂ ਯਹੋਵਾਹ ਉਸ ਦਰਵਾਜ਼ੇ ਤੋਂ ਪਾਸਾ ਦੇ ਕੇ ਲੰਘ ਜਾਵੇਗਾ ਅਤੇ ਨਾਸ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡਿਆਂ ਘਰਾਂ ਵਿੱਚ ਨਾ ਆਉਣ ਦੇਵੇਗਾ। 24ਤੁਸੀਂ ਆਪਣੇ ਅਤੇ ਆਪਣੇ ਪੁੱਤਰਾਂ ਲਈ ਇਸ ਗੱਲ ਨੂੰ ਸਦਾ ਦੀ ਬਿਧੀ ਮਨਾਇਆ ਕਰੋ। 25ਅਤੇ ਇਸ ਤਰ੍ਹਾਂ ਹੋਵੇ ਕਿ ਜਦ ਤੁਸੀਂ ਉਸ ਦੇਸ ਵਿੱਚ ਵੜੋ ਜਿਹੜਾ ਯਹੋਵਾਹ ਆਪਣੇ ਕੀਤੇ ਹੋਏ ਬਚਨ ਦੇ ਅਨੁਸਾਰ ਤੁਹਾਨੂੰ ਦੇਵੇਗਾ ਤਾਂ ਤੁਸੀਂ ਇਸ ਰੀਤੀ ਨੂੰ ਮਨਾਇਆ ਕਰਿਓ 26ਅਤੇ ਅਜਿਹਾ ਹੋਵੇਗਾ ਕਿ ਜਾਂ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ ਕਿ ਤੁਹਾਡਾ ਇਸ ਰੀਤੀ ਤੋਂ ਕੀ ਮਤਲਬ ਹੈ? 27ਤਾਂ ਤੁਸੀਂ ਆਖਿਓ ਕਿ ਇਹ ਯਹੋਵਾਹ ਦੀ ਪਸਾਹ ਦਾ ਬਲੀਦਾਨ ਹੈ ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਜਦ ਉਸ ਨੇ ਮਿਸਰੀਆਂ ਨੂੰ ਮਾਰਿਆ ਪਰ ਸਾਡੇ ਘਰਾਂ ਨੂੰ ਬਚਾਇਆ। ਤਾਂ ਪਰਜਾ ਨੇ ਸੀਸ ਨਿਵਾ ਕੇ ਮੱਥਾ ਟੇਕਿਆ। 28ਫੇਰ ਇਸਰਾਏਲੀਆਂ ਨੇ ਜਾ ਕੇ ਓਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ।
ਪਹਿਲੌਠਿਆਂ ਦੀ ਮੌਤ
29ਤਾਂ ਅੱਧੀ ਰਾਤ ਨੂੰ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਨੇ ਮਿਸਰ ਦੇਸ ਦੇ ਹਰ ਇੱਕ ਪਹਿਲੌਠੇ ਨੂੰ ਫ਼ਿਰਊਨ ਦੇ ਪਹਿਲੌਠੇ ਤੋਂ ਲੈ ਕੇ ਜਿਹੜਾ ਉਹ ਦੇ ਸਿੰਘਾਸਣ ਉੱਤੇ ਬੈਠਣ ਵਾਲਾ ਸੀ ਉਸ ਬੰਦੀ ਦੇ ਪਹਿਲੌਠੇ ਤੱਕ ਜਿਹੜਾ ਭੋਰੇ ਵਿੱਚ ਸੀ ਨਾਲੇ ਡੰਗਰ ਦੇ ਹਰ ਇੱਕ ਪਹਿਲੌਠੇ ਨੂੰ ਮਾਰ ਸੁੱਟਿਆ। 30ਤਾਂ ਫ਼ਿਰਊਨ ਉਸ ਰਾਤ ਨੂੰ ਉੱਠਿਆ ਨਾਲੇ ਉਸ ਦੇ ਸਾਰੇ ਟਹਿਲੂਏ ਅਤੇ ਸਾਰੇ ਮਿਸਰੀ ਅਤੇ ਮਿਸਰ ਵਿੱਚ ਵੱਡਾ ਸਿਆਪਾ ਹੋਇਆ ਕਿਉਂਕਿ ਕੋਈ ਘਰ ਨਹੀਂ ਸੀ ਜਿੱਥੇ ਕੋਈ ਮਰਿਆ ਨਾ ਹੋਵੇ। 31ਤਾਂ ਉਸ ਨੇ ਮੂਸਾ ਅਤੇ ਹਾਰੂਨ ਨੂੰ ਰਾਤੀਂ ਬੁਲਵਾ ਕੇ ਆਖਿਆ, ਉੱਠੋ ਅਤੇ ਮੇਰੇ ਲੋਕਾਂ ਵਿੱਚੋਂ ਨਿੱਕਲ ਜਾਓ ਤੁਸੀਂ ਵੀ ਅਤੇ ਇਸਰਾਏਲੀ ਵੀ ਅਤੇ ਜਾ ਕੇ ਆਪਣੀ ਗੱਲ ਦੇ ਅਨੁਸਾਰ ਯਹੋਵਾਹ ਦੀ ਉਪਾਸਨਾ ਕਰੋ। 32ਆਪਣੇ ਇੱਜੜ ਵੀ ਅਤੇ ਆਪਣੇ ਵੱਗ ਵੀ ਲੈ ਜਾਓ ਜਿਵੇਂ ਤੁਸੀਂ ਬੋਲੇ ਸੀ ਅਤੇ ਚਲੇ ਜਾਓ, ਨਾਲੇ ਮੈਨੂੰ ਵੀ ਅਸੀਸ ਦੇਣੀ। 33ਅਤੇ ਉਨ੍ਹਾਂ ਲੋਕਾਂ ਉੱਤੇ ਮਿਸਰੀ ਕੱਸ ਪਾਉਣ ਲੱਗੇ ਕਿ ਉਹ ਉਨ੍ਹਾਂ ਨੂੰ ਉਸ ਦੇਸ ਵਿੱਚੋਂ ਛੇਤੀ ਕੱਢ ਲੈਣ ਕਿਉਂਕਿ ਉਨ੍ਹਾਂ ਨੇ ਆਖਿਆ, ਅਸੀਂ ਸਾਰੇ ਮਰ ਗਏ! 34ਉਨ੍ਹਾਂ ਲੋਕਾਂ ਨੇ ਗੁੰਨ੍ਹਿਆ ਹੋਇਆ ਆਟਾ ਖ਼ਮੀਰ ਹੋਣ ਤੋਂ ਪਹਿਲਾਂ ਹੀ ਪਰਾਤੜਿਆਂ ਸਣੇ ਆਪਣਿਆਂ ਲੀੜਿਆਂ ਵਿੱਚ ਬੰਨ੍ਹ ਕੇ ਆਪਣੇ ਮੋਢਿਆਂ ਉੱਤੇ ਚੁੱਕ ਲਿਆ 35ਅਤੇ ਇਸਰਾਏਲੀਆਂ ਨੇ ਮੂਸਾ ਦੇ ਬੋਲਣ ਦੇ ਅਨੁਸਾਰ ਕੀਤਾ ਅਤੇ ਮਿਸਰੀਆਂ ਤੋਂ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਗਹਿਣੇ ਅਤੇ ਲੀੜੇ ਉਨ੍ਹਾਂ ਨੇ ਮੰਗ ਲਏ। 36ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਸੋ ਉਨ੍ਹਾਂ ਨੇ ਜੋ ਮੰਗਿਆ ਉਨ੍ਹਾਂ ਨੇ ਦੇ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਮਿਸਰੀਆਂ ਨੂੰ ਲੁੱਟ ਲਿਆ।
ਇਸਰਾਏਲੀ ਮਿਸਰ ਦੇਸ ਨੂੰ ਛੱਡਦੇ ਹਨ
37ਇਸਰਾਏਲੀਆਂ ਨੇ ਰਾਮਸੇਸ ਤੋਂ ਸੁੱਕੋਥ ਵੱਲ ਕੂਚ ਕੀਤਾ ਅਤੇ ਨਿਆਣਿਆਂ ਤੋਂ ਬਿਨਾਂ ਛੇ ਕੁ ਲੱਖ ਮਨੁੱਖ ਪਿਆਦੇ ਸਨ। 38ਉਨ੍ਹਾਂ ਦੇ ਨਾਲ ਮਿਲੀ-ਜੁਲੀ ਭੀੜ ਵੀ ਗਈ ਨਾਲੇ ਇੱਜੜ ਅਤੇ ਚੌਣੇ ਅਰਥਾਤ ਢੇਰ ਸਾਰੇ ਪਸ਼ੂ ਸਨ। 39ਅਤੇ ਉਨ੍ਹਾਂ ਨੇ ਗੁੰਨ੍ਹੇ ਹੋਏ ਆਟੇ ਦੀਆਂ ਜਿਹੜਾ ਮਿਸਰ ਤੋਂ ਲਿਆਏ ਸਨ ਪਤੀਰੀਆਂ ਰੋਟੀਆਂ ਪਕਾਈਆਂ ਕਿਉਂ ਜੋ ਉਹ ਇਸ ਲਈ ਖ਼ਮੀਰ ਨਹੀਂ ਹੋਇਆ ਸੀ ਕਿ ਉਹ ਮਿਸਰੋਂ ਧੱਕੇ ਗਏ ਸਨ ਅਤੇ ਉੱਥੇ ਠਹਿਰ ਨਾ ਸਕੇ ਨਾ ਆਪਣੇ ਲਈ ਰੋਟੀ ਬਣਾ ਸਕੇ। 40ਇਸਰਾਏਲੀਆਂ ਦੇ ਮਿਸਰ ਵਿੱਚ ਵਸੇਬੇ ਦਾ ਸਮਾਂ ਚਾਰ ਸੌ ਤੀਹ ਸਾਲ ਸੀ। 41ਚਾਰ ਸੌ ਤੀਹ ਸਾਲਾਂ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਉਸੇ ਦਿਨ ਯਹੋਵਾਹ ਦੀਆਂ ਸਾਰੀਆਂ ਸੈਨਾਂ ਮਿਸਰ ਦੇਸ ਤੋਂ ਨਿੱਕਲ ਗਈਆਂ। 42ਉਨ੍ਹਾਂ ਨੂੰ ਮਿਸਰ ਦੇਸ ਤੋਂ ਕੱਢਣ ਦੇ ਕਾਰਨ ਇਹ ਇੱਕ ਰਾਤ ਹੈ ਜਿਹੜੀ ਯਹੋਵਾਹ ਲਈ ਮਨਾਉਣ ਵਾਲੀ ਹੈ। ਇਹੋ ਯਹੋਵਾਹ ਦੀ ਉਹ ਰਾਤ ਹੈ ਜਿਹੜੀ ਸਾਰੇ ਇਸਰਾਏਲੀਆਂ ਦੀਆਂ ਕੁੱਲ ਪੀੜ੍ਹੀਆਂ ਤੱਕ ਮਨਾਉਣ ਵਾਲੀ ਹੈ।
ਪਸਾਹ ਦੇ ਪਰਬ ਦੀ ਬਿਧੀ
43ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਹ ਪਸਾਹ ਦੀ ਬਿਧੀ ਹੈ। ਕੋਈ ਓਪਰਾ ਉਸ ਵਿੱਚੋਂ ਨਾ ਖਾਵੇ 44ਪਰ ਮਨੁੱਖ ਦਾ ਹਰ ਟਹਿਲੂਆ ਚਾਂਦੀ ਨਾਲ ਮੁੱਲ ਲਿਆ ਹੋਇਆ ਜਦ ਉਸ ਦੀ ਸੁੰਨਤ ਕਰ ਦਿੱਤੀ ਹੋਵੇ ਤਦ ਉਹ ਉਸ ਵਿੱਚੋਂ ਖਾਵੇ। 45ਪਰਦੇਸੀ ਅਤੇ ਮਜ਼ਦੂਰ ਉਸ ਵਿੱਚੋਂ ਨਾ ਖਾਣ। 46ਇੱਕੋ ਹੀ ਘਰ ਵਿੱਚ ਉਹ ਖਾਧਾ ਜਾਵੇ। ਤੁਸੀਂ ਉਸ ਘਰ ਤੋਂ ਬਾਹਰ ਮਾਸ ਵਿੱਚੋਂ ਕੁਝ ਨਾ ਲੈ ਜਾਇਓ, ਨਾ ਉਸ ਦੀ ਕੋਈ ਹੱਡੀ ਤੋੜਿਓ। 47ਇਸਰਾਏਲ ਦੀ ਸਾਰੀ ਮੰਡਲੀ ਉਸ ਨੂੰ ਮਨਾਇਆ ਕਰੇ। 48ਜਦ ਤੁਹਾਡੇ ਨਾਲ ਕੋਈ ਓਪਰਾ ਟਿਕਿਆ ਹੋਇਆ ਹੋਵੇ ਅਤੇ ਉਹ ਯਹੋਵਾਹ ਲਈ ਪਸਾਹ ਕਰਨੀ ਚਾਹੇ ਤਦ ਉਸ ਦੇ ਹਰ ਇੱਕ ਨਰ ਦੀ ਸੁੰਨਤ ਕੀਤੀ ਜਾਵੇ ਫੇਰ ਉਹ ਨੇੜੇ ਆ ਕੇ ਉਹ ਨੂੰ ਮਨਾਵੇ ਅਤੇ ਇਸ ਤਰ੍ਹਾਂ ਉਹ ਦੇਸ ਦੇ ਜੰਮੇ ਹੋਏ ਵਾਂਗੂੰ ਹੋਵੇਗਾ ਪਰ ਅਸੁੰਨਤੀ ਨਰ ਉਸ ਵਿੱਚੋਂ ਨਾ ਖਾਵੇ। 49ਦੇਸੀ ਅਤੇ ਪਰਦੇਸੀ ਲਈ ਜਿਹੜਾ ਤੁਹਾਡੇ ਵਿੱਚ ਵੱਸਦਾ ਹੈ ਇੱਕੋ ਹੀ ਬਿਵਸਥਾ ਹੋਵੇਗੀ। 50ਤਾਂ ਸਾਰੇ ਇਸਰਾਏਲੀਆਂ ਨੇ ਓਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਕੀਤਾ। 51ਅਤੇ ਉਸੇ ਦਿਨ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਇਸਰਾਏਲੀਆਂ ਦੇ ਦਲਾਂ ਦੇ ਦਲ ਮਿਸਰ ਦੇਸ ਤੋਂ ਕੱਢ ਲਿਆਇਆ।
Currently Selected:
ਕੂਚ 12: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.