YouVersion Logo
Search Icon

ਦਾਨੀਏਲ 9

9
ਦਾਨੀਏਲ ਆਪਣੇ ਲੋਕਾਂ ਲਈ ਪ੍ਰਾਰਥਨਾ ਕਰਦਾ ਹੈ
1ਅਹਸ਼ਵੇਰੋਸ਼ ਦੇ ਪੁੱਤਰ ਦਾਰਾ ਦੇ ਰਾਜ ਦੇ ਪਹਿਲੇ ਸਾਲ ਵਿੱਚ ਜੋ ਮਾਦੀ ਵੰਸ਼ ਦਾ ਸੀ, ਅਤੇ ਕਸਦੀਆਂ#9:1 ਬਾਬਲ ਦਾ ਰਾਜਾ ਦੇ ਰਾਜ ਉੱਤੇ ਰਾਜਾ ਠਹਿਰਾਇਆ ਹੋਇਆ ਸੀ। 2ਉਹ ਦੇ ਰਾਜ ਦੇ ਪਹਿਲੇ ਸਾਲ ਵਿੱਚ ਮੈਂ ਦਾਨੀਏਲ ਨੇ ਪੋਥੀਆਂ ਵਿੱਚੋਂ ਉਹਨਾਂ ਸਾਲਾਂ ਦਾ ਲੇਖਾ ਜਾਣਿਆ ਜਿਹਨਾਂ ਲਈ ਯਹੋਵਾਹ ਦੀ ਬਾਣੀ ਯਿਰਮਿਯਾਹ ਨਬੀ ਨੂੰ ਆਈ ਸੀ, ਜੋ ਉਹ ਯਰੂਸ਼ਲਮ ਦੇ ਉੱਜੜਨ ਦੇ ਸੱਤਰ ਸਾਲ ਪੂਰੇ ਹੋਣ। 3ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ੁਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰ ਕੇ ਵਰਤ ਰੱਖ ਕੇ, ਤੱਪੜ ਅਤੇ ਸੁਆਹ ਸਮੇਤ ਉਹ ਦੀ ਭਾਲ ਕੀਤੀ। 4ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ, ਮੈਂ ਪਾਪ ਨੂੰ ਮੰਨ ਲਿਆ ਅਤੇ ਆਖਿਆ, ਹੇ ਪ੍ਰਭੂ, ਜੋ ਮਹਾਨ ਅਤੇ ਡਰ ਮੰਨਣ ਯੋਗ ਪਰਮੇਸ਼ੁਰ ਹੈ ਅਤੇ ਉਸ ਨੇਮ ਨੂੰ ਆਪਣੇ ਪਿਆਰਿਆਂ ਦੇ ਨਾਲ ਅਤੇ ਜਿਹੜੇ ਉਸ ਦੇ ਆਗਿਆਕਾਰੀ ਹਨ, ਉਹਨਾਂ ਦੇ ਨਾਲ ਚੇਤੇ ਰੱਖਦਾ ਹੈਂ। 5ਅਸੀਂ ਪਾਪ ਕੀਤੇ, ਅਸੀਂ ਟੇਢੇ ਕੰਮ ਕੀਤੇ, ਅਸੀਂ ਬਦੀ ਕੀਤੀ, ਅਸੀਂ ਵਿਰੋਧ ਕੀਤਾ, ਅਸੀਂ ਤੇਰੇ ਹੁਕਮਾਂ ਅਤੇ ਤੇਰੇ ਨਿਯਮਾਂ ਤੋਂ ਫਿਰ ਗਏ ਹਾਂ! 6ਅਸੀਂ ਤੇਰੇ ਸੇਵਕ ਨਬੀਆਂ ਨੂੰ ਨਾ ਮੰਨਿਆ ਜਿਹਨਾਂ ਨੇ ਤੇਰਾ ਨਾਮ ਲੈ ਕੇ ਸਾਡੇ ਰਾਜਿਆਂ, ਸਾਡੇ ਹਾਕਮਾਂ ਅਤੇ ਸਾਡੇ ਪੁਰਖਿਆਂ ਅਤੇ ਸਾਡੇ ਦੇਸ਼ ਦੇ ਸਭਨਾਂ ਲੋਕਾਂ ਨੂੰ ਬਾਣੀ ਸੁਣਾਈ। 7ਹੇ ਪ੍ਰਭੂ, ਤੂੰ ਧਰਮੀ ਹੈ, ਪਰ ਸਾਡੇ ਲਈ ਅੱਜ ਦੇ ਦਿਨ ਸ਼ਰਮਿੰਦਗੀ ਦੀ ਗੱਲ ਹੈ, ਯਹੂਦਾਹ ਦੇ ਲੋਕਾਂ ਦੇ ਅਤੇ ਯਰੂਸ਼ਲਮ ਦੇ ਵੱਸਣ ਵਾਲਿਆਂ ਦੇ ਅਤੇ ਸਭਨਾਂ ਇਸਰਾਏਲੀਆਂ ਦੇ ਲਈ ਜੋ ਨੇੜੇ ਹਨ ਅਤੇ ਜਿਹੜੇ ਦੂਰ ਹਨ, ਉਹਨਾਂ ਸਭਨਾਂ ਦੇਸਾਂ ਵਿੱਚ ਜਿੱਥੇ ਕਿੱਥੇ ਤੂੰ ਉਹਨਾਂ ਦੇ ਔਗੁਣਾਂ ਦੇ ਕਾਰਨ ਜੋ ਉਹਨਾਂ ਨੇ ਤੇਰੇ ਅੱਗੇ ਕੀਤੇ, ਤੂੰ ਉਹਨਾਂ ਨੂੰ ਖਿੰਡਾ ਦਿੱਤਾ। 8ਹੇ ਪ੍ਰਭੂ, ਅਸੀਂ ਸਾਡੇ ਰਾਜਿਆਂ ਅਤੇ ਹਾਕਮਾਂ ਅਤੇ ਸਾਡੇ ਪੁਰਖਿਆਂ ਦੇ ਨਾਲ ਤੇਰੇ ਵਿਰੁੱਧ ਪਾਪ ਕੀਤਾ ਹੈ ਇਸ ਲਈ ਅਸੀਂ ਸ਼ਰਮਿੰਦੇ ਹਾਂ। 9ਪ੍ਰਭੂ ਸਾਡੇ ਪਰਮੇਸ਼ੁਰ ਦੇ ਕੋਲ ਦਇਆ ਅਤੇ ਮਾਫ਼ੀ ਹੈ, ਅਸੀਂ ਭਾਵੇਂ ਉਹ ਦੇ ਅੱਗੇ ਵਿਰੋਧ ਕੀਤਾ। 10ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਕਹਿਣਾ ਨਾ ਮੰਨਿਆ ਜੋ ਉਹ ਦੇ ਕਨੂੰਨਾਂ ਉੱਤੇ ਚੱਲੀਏ ਜਿਸ ਨੂੰ ਉਸ ਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ। 11ਹਾਂ, ਸਾਰਾ ਇਸਰਾਏਲ ਤੇਰੀ ਬਿਵਸਥਾ ਤੋਂ ਫਿਰ ਗਿਆ ਅਤੇ ਮੁੜ ਗਿਆ ਹੈ ਜੋ ਤੇਰੇ ਆਖੇ ਨੂੰ ਨਾ ਮੰਨੇ ਸੋ ਇਸ ਕਰਕੇ ਉਹ ਫਿਟਕਾਰ ਸਾਡੇ ਉੱਤੇ ਆ ਪਈ ਅਤੇ ਉਹ ਸਹੁੰ ਵੀ ਜੋ ਪਰਮੇਸ਼ੁਰ ਦੇ ਸੇਵਕ ਮੂਸਾ ਦੀ ਬਿਵਸਥਾ ਵਿੱਚ ਲਿਖੀ ਹੋਈ ਹੈ, ਇਸ ਲਈ ਜੋ ਅਸੀਂ ਉਸ ਦੇ ਵਿਰੁੱਧ ਪਾਪ ਕੀਤਾ। 12ਉਹ ਨੇ ਆਪਣੀਆਂ ਉਹ ਗੱਲਾਂ ਜੋ ਉਸ ਨੇ ਸਾਡੇ ਲੋਕਾਂ ਦੇ ਨਾਲ ਅਤੇ ਸਾਡੇ ਨਿਆਂਈਆਂ ਦੇ ਨਾਲ ਜਿਹੜੇ ਸਾਡਾ ਨਿਆਂ ਕਰਦੇ ਸਨ ਆਖੀਆਂ ਸਨ, ਸੋ ਪੂਰੀਆਂ ਕੀਤੀਆਂ ਜੋ ਉਹ ਨੇ ਸਾਡੇ ਉੱਤੇ ਵੱਡੀ ਬਿਪਤਾ ਪਾਈ ਕਿਉਂ ਜੋ ਸਾਰੇ ਅਕਾਸ਼ ਦੇ ਹੇਠ ਅਜਿਹੀ ਗੱਲ ਨਹੀਂ ਹੋਈ ਜਿਹੀ ਯਰੂਸ਼ਲਮ ਨਾਲ ਹੋਈ ਹੈ। 13ਜਿਸ ਤਰ੍ਹਾਂ ਮੂਸਾ ਦੀ ਬਿਵਸਥਾ ਵਿੱਚ ਲਿਖੀਆਂ ਹੋਈਆਂ ਹਨ, ਉਸੇ ਤਰ੍ਹਾਂ ਇਹ ਸਾਰੀਆਂ ਬਿਪਤਾਵਾਂ ਸਾਡੇ ਉੱਤੇ ਆਣ ਪਈਆਂ, ਤਦ ਵੀ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਬੇਨਤੀ ਨਾ ਕੀਤੀ ਜੋ ਅਸੀਂ ਆਪਣਿਆਂ ਟੇਢਿਆਂ ਕੰਮਾਂ ਤੋਂ ਹਟੀਏ ਅਤੇ ਤੇਰੀ ਸਚਿਆਈ ਵਿੱਚ ਸੁਚੇਤ ਹੋਈਏ। 14ਇਸ ਲਈ ਯਹੋਵਾਹ ਬਦੀ ਨੂੰ ਤੱਕਦਾ ਰਿਹਾ ਅਤੇ ਉਹ ਨੇ ਸਾਡੇ ਉੱਤੇ ਉਹ ਪਾ ਦਿੱਤੀ ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਆਪਣਿਆਂ ਸਭਨਾਂ ਕੰਮਾਂ ਵਿੱਚ ਜੋ ਕਰਦਾ ਹੈ ਸੱਚਾ ਹੈ, ਪਰ ਅਸੀਂ ਉਹ ਦਾ ਕਹਿਣਾ ਨਾ ਮੰਨਿਆ। 15ਹੁਣ ਹੇ ਪ੍ਰਭੂ ਸਾਡੇ ਪਰਮੇਸ਼ੁਰ, ਜਿਸ ਬਲਵੰਤ ਬਾਂਹ ਨਾਲ ਆਪਣੀ ਪਰਜਾ ਨੂੰ ਮਿਸਰ ਦੇ ਦੇਸ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਤੂੰ ਆਪਣਾ ਨਾਮ ਵੱਡਾ ਕੀਤਾ ਜਿਵੇਂ ਅੱਜ ਦੇ ਦਿਨ ਹੈ, ਅਸੀਂ ਪਾਪ ਕੀਤੇ, ਅਸੀਂ ਟੇਢੇ ਕੰਮ ਕੀਤੇ! 16ਹੇ ਪ੍ਰਭੂ, ਤੂੰ ਆਪਣੇ ਸਾਰੇ ਧਰਮ ਅਨੁਸਾਰ ਆਪਣੇ ਗੁੱਸੇ ਅਤੇ ਕ੍ਰੋਧ ਜੋ ਤੇਰੇ ਹੀ ਸ਼ਹਿਰ ਯਰੂਸ਼ਲਮ ਉੱਤੇ ਹੈ ਜੋ ਪਵਿੱਤਰ ਪਰਬਤ ਹੈ ਮੂੰਹ ਮੋੜ ਕਿਉਂ ਜੋ ਸਾਡਿਆਂ ਪਾਪਾਂ ਦੇ ਅਤੇ ਸਾਡੇ ਪੁਰਖਿਆਂ ਦੇ ਟੇਢਿਆਂ ਕੰਮਾਂ ਦੇ ਕਾਰਨ ਯਰੂਸ਼ਲਮ ਅਤੇ ਤੇਰੀ ਪਰਜਾ ਉਹਨਾਂ ਸਭਨਾਂ ਲੋਕਾਂ ਦੇ ਅੱਗੇ ਜੋ ਚੁਫ਼ੇਰੇ ਵੱਸਦੇ ਹਨ ਉਲਾਂਭਿਆਂ ਜੋਗ ਹੋਈ! 17ਹੁਣ ਹੇ ਸਾਡੇ ਪਰਮੇਸ਼ੁਰ, ਆਪਣੇ ਸੇਵਕ ਦੀ ਅਰਦਾਸ ਅਤੇ ਬੇਨਤੀ ਸੁਣ ਅਤੇ ਆਪਣੇ ਮੂੰਹ ਦੇ ਪ੍ਰਕਾਸ਼ ਨੂੰ ਪ੍ਰਭੂ ਦੇ ਲਈ ਆਪਣੇ ਪਵਿੱਤਰ ਥਾਂ ਉੱਤੇ ਜਿਹੜਾ ਉੱਜੜਿਆ ਪਿਆ ਹੈ ਚਮਕਾ। 18ਹੇ ਮੇਰੇ ਪਰਮੇਸ਼ੁਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ੍ਹ ਅਤੇ ਸਾਡੀਆਂ ਉਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਤਿਅੰਤ ਦਯਾ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ 19ਹੇ ਪ੍ਰਭੂ, ਸੁਣ! ਹੇ ਪ੍ਰਭੂ, ਬਖ਼ਸ਼ ਦੇਹ! ਹੇ ਪ੍ਰਭੂ, ਸੁਣ ਲੈ ਅਤੇ ਕੰਮ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਹੀ ਲਈ ਢਿੱਲ ਨਾ ਲਾ ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪਰਜਾ ਤੇਰੇ ਨਾਮ ਦੀ ਸਦਾਉਂਦੀ ਹੈ।
ਜ਼ਿਬਰਾਏਲ ਭਵਿੱਖਬਾਣੀ ਨੂੰ ਸਮਝਾਉਂਦਾ ਹੈ
20ਮੈਂ ਇਹ ਕਹਿੰਦਾ ਹੋਇਆ ਬੇਨਤੀ ਕਰਦਾ ਸੀ ਅਤੇ ਆਪਣਿਆਂ ਪਾਪਾਂ, ਆਪਣੇ ਲੋਕਾਂ ਦੇ ਪਾਪਾਂ ਨੂੰ ਮੰਨਦਾ ਹੀ ਸੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਪਰਮੇਸ਼ੁਰ ਦੇ ਪਵਿੱਤਰ ਪਰਬਤ ਲਈ ਆਪਣੇ ਤਰਲੇ ਪਾਉਂਦਾ ਹੀ ਸੀ। 21ਹਾਂ, ਬੇਨਤੀ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ ਜਾਂ ਉਹ ਜਣਾ ਅਰਥਾਤ ਜ਼ਿਬਰਾਏਲ, ਜਿਹ ਨੂੰ ਮੈਂ ਪਹਿਲੋਂ ਪਹਿਲ ਦਰਸ਼ਣ ਵਿੱਚ ਡਿੱਠਾ ਸੀ ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੂਹਿਆ। ਇਹ ਤ੍ਰਿਕਾਲਾਂ ਦੀ ਭੇਟ ਚੜਾਉਣ ਦੇ ਵੇਲੇ ਦੇ ਲੱਗਭੱਗ ਸੀ 22ਅਤੇ ਉਹ ਨੇ ਮੈਨੂੰ ਖ਼ਬਰ ਦਿੱਤੀ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਹੇ ਦਾਨੀਏਲ, ਹੁਣ ਮੈਂ ਇਸ ਲਈ ਨਿੱਕਲ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾਂ। 23ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ ਉਸ ਵੇਲੇ ਇਹ ਆਗਿਆ ਨਿੱਕਲੀ ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ ਕਿਉਂ ਜੋ ਤੂੰ ਵੱਡਾ ਪਿਆਰਾ ਹੈਂ, ਸੋ ਇਸ ਗੱਲ ਨੂੰ ਜਾਣ ਅਤੇ ਇਸ ਦਰਸ਼ਣ ਨੂੰ ਸਮਝ। 24ਸੱਤਰ ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਦੇ ਲਈ ਠਹਿਰਾਏ ਗਏ ਹਨ ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪ੍ਰਾਸਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦਰਿਸ਼ਟ ਅਤੇ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤਰ ਸਥਾਨ#9:24 ਹੈਕਲ ਨੂੰ ਮਸਹ ਕਰੇ। 25ਇਸ ਲਈ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰੀ ਉਸਾਰਨ ਦੀ ਆਗਿਆ ਨਿੱਕਲੇਗੀ ਚੁਣੇ ਹੋਏ ਦੇ ਰਾਜ ਤੱਕ ਸੱਤਰ ਸਾਤੇ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਸ਼ਹਿਰਪਨਾਹ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ 26ਅਤੇ ਬਾਹਠਾਂ ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਵੇਗਾ ਅਤੇ ਉਹ ਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ ਉਹ ਦੇ ਲੋਕ ਸ਼ਹਿਰ ਅਤੇ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਹੜ੍ਹ ਦੇ ਜ਼ੋਰ ਨਾਲ ਉਹ ਦਾ ਛੇਕੜ ਹੋਵੇਗਾ ਅਤੇ ਅੰਤ ਤੱਕ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ। 27ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਦੇ ਲਈ ਪੱਕਾ ਨੇਮ ਬੰਨ੍ਹੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਤੇ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਤੇ ਠਹਿਰਾਏ ਹੋਏ ਅੰਤ ਤੱਕ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਵੇਗਾ।

Currently Selected:

ਦਾਨੀਏਲ 9: IRVPun

Highlight

Copy

Compare

Share

None

Want to have your highlights saved across all your devices? Sign up or sign in