ਦਾਨੀਏਲ 4
4
ਨਬੂਕਦਨੱਸਰ ਦਾ ਦੂਸਰਾ ਸੁਫ਼ਨਾ
1ਨਬੂਕਦਨੱਸਰ ਰਾਜਾ ਦੀ ਵੱਲੋਂ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ, ਤੁਹਾਨੂੰ ਸ਼ਾਂਤੀ ਮਿਲੇ! 2ਮੈਂ ਇਹ ਭਲਾ ਜਾਣਿਆ ਜੋ ਉਹਨਾਂ ਨਿਸ਼ਾਨੀਆਂ ਤੇ ਅਚੰਭਿਆਂ ਨੂੰ ਪਰਗਟ ਕਰਾਂ, ਜਿਹੜੇ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਨਾਲ ਕਰ ਕੇ ਵਿਖਾਏ। 3ਉਹ ਦੀਆਂ ਨਿਸ਼ਾਨੀਆਂ ਕਿਹੋ ਜਿਹੀਆਂ ਵੱਡੀਆਂ ਅਤੇ ਉਹ ਦੇ ਅਚੰਭੇ ਕਿਹੋ ਜਿਹੇ ਸ਼ਕਤੀਮਾਨ ਹਨ! ਉਹ ਦਾ ਰਾਜ ਸਦੀਪਕ ਰਾਜ ਹੈ, ਅਤੇ ਉਹ ਦੀ ਪ੍ਰਭੂਤਾ ਪੀੜ੍ਹੀਓਂ ਪੀੜੀ ਤੱਕ! 4ਮੈਂ ਨਬੂਕਦਨੱਸਰ ਆਪਣੇ ਘਰ ਵਿੱਚ ਅਰਾਮ ਨਾਲ ਆਪਣੇ ਮਹਿਲ ਵਿੱਚ ਖੁਸ਼ਹਾਲ ਸੀ। 5ਮੈਂ ਇੱਕ ਅਜਿਹਾ ਸੁਫ਼ਨਾ ਵੇਖਿਆ ਜਿਸ ਦੇ ਕਾਰਨ ਮੈਂ ਡਰਿਆ ਅਤੇ ਉਹਨਾਂ ਖ਼ਿਆਲਾਂ ਦੇ ਕਾਰਨ ਜੋ ਮੈਂ ਆਪਣੇ ਪਲੰਘ ਉੱਤੇ ਕੀਤੇ ਅਤੇ ਜਿਹਨਾਂ ਗੱਲਾਂ ਨੂੰ ਮੈਂ ਦੇਖਿਆ ਉਸ ਕਾਰਨ ਮੈਂ ਘਬਰਾ ਗਿਆ। 6ਇਸ ਲਈ ਮੈਂ ਆਗਿਆ ਦਿੱਤੀ ਕਿ ਬਾਬਲ ਦੇ ਸਾਰੇ ਵਿਦਵਾਨ ਮੇਰੇ ਅੱਗੇ ਹਾਜ਼ਰ ਕੀਤੇ ਜਾਣ ਤਾਂ ਜੋ ਸੁਫ਼ਨੇ ਦਾ ਅਰਥ ਮੈਨੂੰ ਦੱਸਣ। 7ਤਦ ਜਾਦੂਗਰ, ਜੋਤਸ਼ੀ, ਕਸਦੀ ਤੇ ਅਗੰਮ-ਵਾਚਕ ਹਾਜ਼ਰ ਹੋਏ ਤਾਂ ਮੈਂ ਸੁਫ਼ਨਾ ਉਹਨਾਂ ਦੇ ਅੱਗੇ ਸੁਣਾਇਆ ਪਰ ਉਹਨਾਂ ਨੇ ਮੈਨੂੰ ਉਹ ਦਾ ਅਰਥ ਨਾ ਦੱਸਿਆ। 8ਅਖ਼ੀਰ ਨੂੰ ਦਾਨੀਏਲ ਜਿਸ ਦਾ ਨਾਮ ਮੇਰੇ ਦੇਵਤੇ ਦੇ ਨਾਮ ਦੇ ਅਨੁਸਾਰ ਬੇਲਟਸ਼ੱਸਰ ਹੈ, ਮੇਰੇ ਹਜ਼ੂਰ ਆਇਆ ਅਤੇ ਉਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ, ਸੋ ਮੈਂ ਉਹ ਦੇ ਅੱਗੇ ਸੁਫ਼ਨਾ ਸੁਣਾਇਆ ਤੇ ਆਖਿਆ, 9ਹੇ ਬੇਲਟਸ਼ੱਸਰ, ਜਾਦੂਗਰਾਂ ਦੇ ਪ੍ਰਧਾਨ, ਇਸ ਲਈ ਜੋ ਮੈਂ ਜਾਣਦਾ ਹਾਂ ਕਿ ਤੇਰੇ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੂੰ ਕਿਸੇ ਭੇਤ ਦੇ ਕਾਰਨ ਨਹੀਂ ਘਬਰਾਉਂਦਾ, ਤੂੰ ਮੇਰੇ ਸੁਫ਼ਨੇ ਨੂੰ ਜੋ ਮੈਂ ਵੇਖਿਆ ਅਤੇ ਉਹਨਾਂ ਦਾ ਅਰਥ ਮੈਨੂੰ ਦੱਸ। 10ਜੋ ਦਰਸ਼ਣ ਮੈਂ ਆਪਣੇ ਪਲੰਘ ਉੱਤੇ ਦੇਖਿਆ ਇਸ ਤਰ੍ਹਾਂ ਹੈ, ਜਦ ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਧਰਤੀ ਵਿਚਕਾਰ ਇੱਕ ਰੁੱਖ ਸੀ ਜਿਸ ਦੀ ਉਚਿਆਈ ਬਹੁਤ ਵੱਡੀ ਸੀ। 11ਉਹ ਰੁੱਖ ਵਧਿਆ ਤੇ ਤਕੜਾ ਹੋ ਗਿਆ ਅਤੇ ਉਹ ਦੀ ਚੋਟੀ ਅਕਾਸ਼ ਤੱਕ ਪਹੁੰਚ ਗਈ, ਉਹ ਧਰਤੀ ਦੇ ਕੰਢਿਆਂ ਤੱਕ ਵਿਖਾਈ ਦੇਣ ਲੱਗਾ। 12ਉਹ ਦੇ ਪੱਤੇ ਸੋਹਣੇ ਅਤੇ ਉਹ ਦਾ ਫਲ ਬਹੁਤਾ ਸੀ ਤੇ ਉਹ ਦੇ ਵਿੱਚ ਸਭਨਾਂ ਲਈ ਭੋਜਨ ਸੀ। ਜੰਗਲੀ ਜਾਨਵਰ ਉਹ ਦੀ ਛਾਂ ਵਿੱਚ ਅਤੇ ਅਕਾਸ਼ ਦੇ ਪੰਛੀ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਸਨ ਅਤੇ ਸਾਰੇ ਪ੍ਰਾਣੀ ਉਸ ਤੋਂ ਪਾਲੇ ਜਾਂਦੇ ਸਨ। 13ਮੈਂ ਆਪਣੇ ਪਲੰਘ ਉੱਤੇ ਦਰਸ਼ਣ ਵਿੱਚ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਰਾਖ਼ਾ, ਹਾਂ, ਇੱਕ ਪਵਿੱਤਰ ਜਨ ਅਕਾਸ਼ੋਂ ਉੱਤਰਿਆ 14ਉਹ ਨੇ ਉੱਚੀ ਹਾਕ ਮਾਰ ਕੇ ਇਉਂ ਆਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹ ਦੀਆਂ ਟਹਿਣੀਆਂ ਛਾਂਗ ਸੁੱਟੋ ਅਤੇ ਉਹ ਦੇ ਪੱਤੇ ਝਾੜ ਲਓ ਅਤੇ ਉਹ ਦਾ ਫਲ ਖਿਲਾਰ ਦਿਓ! ਜਾਨਵਰ ਉਹ ਦੇ ਹੇਠੋਂ ਤੇ ਪੰਛੀ ਉਹ ਦੀਆਂ ਟਹਿਣੀਆਂ ਦੇ ਉੱਤੋਂ ਚੱਲੇ ਜਾਣ। 15ਪਰ ਉਹ ਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ ਸਗੋਂ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਅਤੇ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ ਅਤੇ ਉਹ ਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ। 16ਉਹ ਦਾ ਮਨ ਬਦਲੇ ਅਤੇ ਮਨੁੱਖ ਜਿਹਾ ਨਾ ਰਹੇ ਸਗੋਂ ਉਹ ਪਸ਼ੂ ਜਿਹਾ ਹੋ ਜਾਵੇ ਅਤੇ ਉਸ ਉੱਤੇ ਸੱਤ ਸਾਲ ਬੀਤ ਜਾਣ। 17ਇਹ ਹੁਕਮ ਰਾਖਿਆਂ ਦੇ ਫ਼ੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਬਚਨ ਤੋਂ ਹੈ ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ੁਰ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਕਿਸੇ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹੈ ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ। 18ਮੈਂ ਨਬੂਕਦਨੱਸਰ ਰਾਜਾ ਨੇ ਇਹ ਸੁਫ਼ਨਾ ਵੇਖਿਆ ਹੈ। ਤੂੰ ਹੇ ਬੇਲਟਸ਼ੱਸਰ, ਉਹ ਦਾ ਅਰਥ ਦੱਸ ਕਿਉਂ ਜੋ ਮੇਰੇ ਰਾਜ ਦੇ ਸਭ ਵਿਦਵਾਨ ਮੈਨੂੰ ਇਹ ਦਾ ਅਰਥ ਦੱਸ ਨਹੀਂ ਸਕੇ ਪਰ ਤੂੰ ਦੱਸ ਸਕਦਾ ਹੈਂ ਕਿਉਂ ਜੋ ਪਵਿੱਤਰ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ!
ਦਾਨੀਏਲ ਦੁਆਰਾ ਸੁਫ਼ਨੇ ਦਾ ਅਰਥ ਦੱਸਿਆ ਜਾਣਾ
19ਤਦ ਦਾਨੀਏਲ ਜਿਸ ਦਾ ਨਾਮ ਬੇਲਟਸ਼ੱਸਰ ਵੀ ਸੀ ਕੁਝ ਦੇਰ ਤੱਕ ਚੁੱਪ ਰਿਹਾ ਅਤੇ ਆਪਣੇ ਖ਼ਿਆਲਾਂ ਤੋਂ ਘਬਰਾਇਆ। ਰਾਜੇ ਨੇ ਉੱਤਰ ਦੇ ਕੇ ਉਸ ਨੂੰ ਆਖਿਆ, ਹੇ ਬੇਲਟਸ਼ੱਸਰ ਸੁਫ਼ਨੇ ਤੋਂ ਤੇ ਉਹ ਦੇ ਅਰਥ ਤੋਂ ਨਾ ਘਬਰਾ! ਬੇਲਟਸ਼ੱਸਰ ਨੇ ਉੱਤਰ ਦੇ ਕੇ ਆਖਿਆ, ਹੇ ਮੇਰੇ ਸੁਆਮੀ, ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ! 20ਉਹ ਰੁੱਖ ਜੋ ਤੁਸੀਂ ਦੇਖਿਆ ਜੋ ਉਹ ਵਧਿਆ ਤੇ ਤਕੜਾ ਹੋਇਆ ਜਿਸ ਦੀ ਚੋਟੀ ਅਕਾਸ਼ ਤੱਕ ਪਹੁੰਚੀ ਤੇ ਉਹ ਧਰਤੀ ਦੇ ਕੰਢਿਆਂ ਤੱਕ ਵਿਖਾਈ ਦਿੰਦਾ ਸੀ। 21ਜਿਸ ਦੇ ਪੱਤੇ ਸੋਹਣੇ ਸਨ ਅਤੇ ਫਲ ਬਹੁਤਾ ਸੀ ਜਿਸ ਦੇ ਵਿੱਚ ਸਭਨਾਂ ਲਈ ਭੋਜਨ ਸੀ, ਜਿਸ ਦੇ ਹੇਠ ਜੰਗਲੀ ਜਾਨਵਰ ਬਹਿੰਦੇ ਅਤੇ ਜਿਹ ਦੀਆਂ ਟਹਿਣੀਆਂ ਵਿੱਚ ਅਕਾਸ਼ ਦੇ ਪੰਛੀ ਵਸੇਰਾ ਕਰਦੇ ਸਨ। 22ਹੇ ਰਾਜਾ, ਉਹ ਤੁਸੀਂ ਹੀ ਹੋ ਜਿਹੜੇ ਵਧੇ ਤੇ ਤਕੜੇ ਹੋਏ ਕਿਉਂ ਜੋ ਤੁਹਾਡੀ ਮਹਿਮਾ ਵਧੀ ਤੇ ਸਵਰਗ ਤੱਕ ਪਹੁੰਚ ਗਈ ਹੈ ਤੇ ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੱਕ ਫੈਲਿਆ ਹੈ। 23ਹੇ ਰਾਜਾ, ਤੁਸੀਂ ਜੋ ਇੱਕ ਰਾਖੇ ਨੂੰ, ਪਵਿੱਤਰ ਜਨ ਨੂੰ ਅਕਾਸ਼ੋਂ ਉਤਰਦੇ ਅਤੇ ਇਹ ਆਖਦੇ ਵੇਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ, ਉਹ ਦਾ ਸੱਤਿਆਨਾਸ ਕਰ ਸੁੱਟੋ ਤਾਂ ਵੀ ਜ਼ਮੀਨ ਵਿੱਚ ਉਹ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ। ਸਗੋਂ ਉਹ ਨੂੰ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਕਿ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ, ਜਦ ਤੱਕ ਸੱਤ ਜੁੱਗ ਉਹ ਦੇ ਉੱਤੇ ਨਾ ਬੀਤਣ, ਉਹ ਦਾ ਹਿੱਸਾ ਖੇਤ ਦੇ ਪਸ਼ੂਆਂ ਨਾਲ ਹੋਵੇ। 24ਹੇ ਰਾਜਾ, ਉਹ ਦਾ ਅਰਥ ਜੋ ਅੱਤ ਮਹਾਨ ਨੇ ਠਹਿਰਾਇਆ ਹੈ ਕਿ ਰਾਜਾ ਨਾਲ ਘਟੇ, ਇਹੋ ਹੈ 25ਭਈ ਤੁਸੀਂ ਮਨੁੱਖਾਂ ਵਿੱਚੋਂ ਹੱਕੇ ਜਾਓਗੇ, ਖੇਤ ਦੇ ਪਸ਼ੂਆਂ ਵਿੱਚ ਵੱਸੋਗੇ। ਤੁਹਾਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ, ਅਕਾਸ਼ ਦੀ ਤ੍ਰੇਲ ਨਾਲ ਤਰ ਕੀਤੇ ਜਾਓਗੇ। ਤੁਹਾਡੇ ਉੱਤੇ ਸੱਤ ਸਮੇਂ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ, ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ! 26ਅਤੇ ਇਹ ਜੋ ਉਹਨਾਂ ਨੇ ਹੁਕਮ ਕੀਤਾ ਕਿ ਰੁੱਖ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ, ਅਰਥ ਇਹ ਹੈ ਭਈ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਰਾਜ ਦਾ ਅਧਿਕਾਰ ਅਕਾਸ਼ੋਂ ਹੁੰਦਾ ਹੈ ਤਾਂ ਤੁਹਾਡਾ ਰਾਜ ਤੁਹਾਡੇ ਲਈ ਫੇਰ ਪੱਕਾ ਕੀਤਾ ਜਾਵੇਗਾ। 27ਇਸ ਕਾਰਨ ਹੇ ਰਾਜਾ, ਮੇਰੀ ਸਲਾਹ ਤੁਹਾਡੇ ਮਨ ਪਸੰਦ ਹੋਵੇ! ਤੁਸੀਂ ਆਪਣੇ ਪਾਪਾਂ ਨੂੰ ਧਰਮ ਨਾਲ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਯਾ ਕਰਨ ਨਾਲ ਟਾਲ ਦਿਓ। ਸ਼ਾਇਦ ਅਜਿਹਾ ਹੋਵੇ ਕਿ ਤੁਹਾਡਾ ਸੁੱਖ ਚਿਰ ਤੱਕ ਕਾਇਮ ਰਹੇ। 28ਇਹ ਸੱਭੋ ਕੁਝ ਨਬੂਕਦਨੱਸਰ ਰਾਜਾ ਉੱਤੇ ਬੀਤਿਆ। 29ਬਾਰਾਂ ਮਹੀਨਿਆਂ ਦੇ ਪਿੱਛੋਂ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ 30ਤਦ ਰਾਜੇ ਨੇ ਆਖਿਆ, ਕੀ ਇਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੇ ਸ਼ਕਤੀ ਦੇ ਬਲ ਨਾਲ ਮਹਾਰਾਜ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ? 31ਰਾਜਾ ਇਹ ਗੱਲ ਕਰ ਰਿਹਾ ਸੀ ਕਿ ਅਕਾਸ਼ੋਂ ਇੱਕ ਅਵਾਜ਼ ਆਈ ਕਿ ਹੇ ਨਬੂਕਦਨੱਸਰ ਰਾਜਾ, ਤੇਰੇ ਵਿਖੇ ਇਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੇਰੇ ਕੋਲੋਂ ਲੈ ਲਿਆ ਗਿਆ ਹੈ। 32ਤੂੰ ਮਨੁੱਖਾਂ ਵਿੱਚੋਂ ਛੇਕਿਆ ਜਾਵੇਂਗਾ ਤੇ ਤੇਰਾ ਵਾਸ ਖੇਤ ਦੇ ਪਸ਼ੂਆਂ ਨਾਲ ਹੋਵੇਗਾ ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ ਤੇ ਸੱਤ ਸਮੇਂ ਤੇਰੇ ਉੱਤੇ ਬੀਤਣਗੇ ਤਾਂ ਤੈਨੂੰ ਪਤਾ ਲੱਗੇਗਾ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ! 33ਉਸੇ ਘੜੀ ਉਹ ਗੱਲ ਨਬੂਕਦਨੱਸਰ ਉੱਤੇ ਪੂਰੀ ਹੋਈ। ਉਹ ਮਨੁੱਖਾਂ ਵਿੱਚੋਂ ਛੇਕਿਆ ਗਿਆ ਤੇ ਬਲਦਾਂ ਵਾਂਗੂੰ ਘਾਹ ਖਾਣ ਲੱਗ ਪਿਆ ਅਤੇ ਉਹ ਦੀ ਦੇਹੀ ਅਕਾਸ਼ ਦੀ ਤ੍ਰੇਲ ਨਾਲ ਤਰ ਹੋਈ ਐਥੋਂ ਤੱਕ ਉਹ ਦੇ ਵਾਲ਼ ਉਕਾਬਾਂ ਦੇ ਪਰਾਂ ਵਾਂਗੂੰ ਅਤੇ ਉਹ ਦੇ ਨੌਂਹ ਪੰਛੀਆਂ ਦੇ ਨੌਂਹਾਂ ਵਰਗੇ ਵੱਧ ਗਏ!
ਨਬੂਕਦਨੱਸਰ ਦੁਆਰਾ ਪਰਮੇਸ਼ੁਰ ਦੀ ਉਸਤਤ
34ਉਹਨਾਂ ਦਿਨਾਂ ਦੇ ਬੀਤਣ ਮਗਰੋਂ ਮੈਂ ਨਬੂਕਦਨੱਸਰ ਨੇ ਆਪਣੀਆਂ ਅੱਖੀਆਂ ਅਕਾਸ਼ ਵੱਲ ਚੁੱਕੀਆਂ ਅਤੇ ਮੇਰੀ ਸਮਝ ਫਿਰ ਮੇਰੇ ਵਿੱਚ ਮੁੜ ਆਈ ਤਾਂ ਮੈਂ ਅੱਤ ਮਹਾਨ ਦਾ ਧੰਨਵਾਦ ਕੀਤਾ ਅਤੇ ਉਹ ਦਾ ਜੋ ਸਦਾ ਜੀਉਂਦਾ ਹੈ ਵਡਿਆਈ ਤੇ ਆਦਰ ਕੀਤਾ। ਜਿਹ ਦੀ ਪ੍ਰਭੂਤਾ ਸਦਾ ਦੀ ਹੈ, ਅਤੇ ਜਿਹ ਦਾ ਰਾਜ ਪੀੜ੍ਹੀਓਂ ਪੀੜ੍ਹੀ ਤੱਕ ਹੈ! 35ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ, ਅਤੇ ਉਹ ਸਵਰਗ ਦੀਆਂ ਫ਼ੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਜੋ ਉਹ ਦੇ ਹੱਥ ਨੂੰ ਰੋਕ ਸਕੇ, ਜਾਂ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈ? 36ਉਸੇ ਵੇਲੇ ਮੇਰੀ ਸਮਝ ਮੇਰੇ ਵਿੱਚ ਫਿਰ ਮੁੜ ਆਈ, ਮੇਰੇ ਰਾਜ ਦੇ ਪਰਤਾਪ ਲਈ ਮੇਰਾ ਆਦਰ, ਮੇਰਾ ਦਬਕਾ ਫਿਰ ਮੇਰੇ ਵਿੱਚ ਆ ਗਿਆ, ਮੇਰੇ ਸਲਾਹਕਾਰਾਂ ਤੇ ਪਰਧਾਨਾਂ ਨੇ ਮੈਨੂੰ ਫਿਰ ਲੱਭ ਲਿਆ, ਮੈਂ ਆਪਣੇ ਰਾਜ ਵਿੱਚ ਕਾਇਮ ਹੋ ਗਿਆ ਅਤੇ ਚੰਗਾ ਪਰਤਾਪ ਮੈਨੂੰ ਮਿਲਦਾ ਜਾਂਦਾ ਸੀ। 37ਹੁਣ ਮੈਂ ਨਬੂਕਦਨੱਸਰ ਅਕਾਸ਼ ਦੇ ਮਹਾਰਾਜੇ ਦੀ ਵਡਿਆਈ, ਮਹਿਮਾ ਤੇ ਆਦਰ ਕਰਦਾ ਹਾਂ ਕਿਉਂ ਜੋ ਉਹ ਆਪਣੇ ਸਭਨਾਂ ਕੰਮਾਂ ਵਿੱਚ ਸੱਚਾ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਆਈਂ ਹੈ ਅਤੇ ਜਿਹੜੇ ਘਮੰਡ ਨਾਲ ਚੱਲਦੇ ਹਨ ਉਹਨਾਂ ਨੂੰ ਨੀਵਾਂ ਕਰ ਸਕਦਾ ਹੈ!
Currently Selected:
ਦਾਨੀਏਲ 4: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.