ਆਮੋਸ 9
9
ਪਰਮੇਸ਼ੁਰ ਦਾ ਨਿਆਂ
1ਮੈਂ ਪ੍ਰਭੂ ਨੂੰ ਜਗਵੇਦੀ ਦੇ ਕੋਲ ਖੜ੍ਹਾ ਹੋਇਆ ਵੇਖਿਆ ਅਤੇ ਉਸ ਨੇ ਕਿਹਾ, “ਥੰਮ੍ਹਾਂ ਦੇ ਸਿਖਰਾਂ ਨੂੰ ਮਾਰ ਤਾਂ ਜੋ ਚੌਖਟਾਂ ਹਿੱਲਣ ਅਤੇ ਉਨ੍ਹਾਂ ਨੂੰ ਸਾਰੇ ਲੋਕਾਂ ਦੇ ਸਿਰਾਂ ਉੱਤੇ ਡੇਗ ਕੇ ਭੰਨ ਸੁੱਟ! ਅਤੇ ਜੋ ਬਚ ਜਾਣ ਉਨ੍ਹਾਂ ਨੂੰ ਮੈਂ ਤਲਵਾਰ ਨਾਲ ਵੱਢਾਂਗਾ, ਉਨ੍ਹਾਂ ਵਿੱਚੋਂ ਕੋਈ ਵੀ ਭੱਜ ਨਾ ਸਕੇਗਾ ਅਤੇ ਕੋਈ ਵੀ ਨਾ ਬਚੇਗਾ।
2“ਭਾਵੇਂ ਉਹ ਪਤਾਲ ਤੱਕ ਟੋਇਆ ਪੁੱਟ ਲੈਣ, ਉੱਥੋਂ ਵੀ ਮੇਰਾ ਹੱਥ ਉਨ੍ਹਾਂ ਨੂੰ ਖਿੱਚ ਲਵੇਗਾ, ਭਾਵੇਂ ਉਹ ਅਕਾਸ਼ ਤੱਕ ਚੜ੍ਹ ਜਾਣ, ਤਾਂ ਵੀ ਉੱਥੋਂ ਮੈਂ ਉਨ੍ਹਾਂ ਨੂੰ ਉਤਾਰ ਲਿਆਵਾਂਗਾ! 3ਭਾਵੇਂ ਉਹ ਕਰਮਲ ਪਰਬਤ ਦੀ ਚੋਟੀ ਉੱਤੇ ਲੁੱਕ ਜਾਣ, ਉੱਥੋਂ ਵੀ ਮੈਂ ਉਨ੍ਹਾਂ ਨੂੰ ਲੱਭ ਕੇ ਫੜ੍ਹ ਲਵਾਂਗਾ, ਭਾਵੇਂ ਉਹ ਮੇਰੀ ਨਜ਼ਰ ਤੋਂ ਸਮੁੰਦਰ ਦੇ ਥੱਲੇ ਲੁੱਕ ਜਾਣ, ਉੱਥੇ ਵੀ ਮੈਂ ਸੱਪ ਨੂੰ ਹੁਕਮ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਡੱਸੇਗਾ! 4ਭਾਵੇਂ ਵੈਰੀ ਉਨ੍ਹਾਂ ਨੂੰ ਹੱਕ ਕੇ ਗ਼ੁਲਾਮੀ ਵਿੱਚ ਲੈ ਜਾਣ, ਉੱਥੇ ਵੀ ਮੈਂ ਤਲਵਾਰ ਨੂੰ ਹੁਕਮ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਵੱਢੇਗੀ! ਮੈਂ ਆਪਣੀਆਂ ਅੱਖਾਂ ਨੂੰ ਉਨ੍ਹਾਂ ਉੱਤੇ ਭਲਿਆਈ ਲਈ ਨਹੀਂ ਸਗੋਂ ਬੁਰਿਆਈ ਲਈ ਹੀ ਰੱਖਾਂਗਾ।”
5ਸੈਨਾਂ ਦਾ ਪ੍ਰਭੂ ਯਹੋਵਾਹ ਉਹ ਹੈ, ਜੋ ਧਰਤੀ ਨੂੰ ਛੂਹੰਦਾ ਹੈ ਤਾਂ ਉਹ ਪਿਘਲ ਜਾਂਦੀ ਹੈ ਅਤੇ ਉਸ ਦੇ ਸਾਰੇ ਵਾਸੀ ਸੋਗ ਕਰਦੇ ਹਨ ਅਤੇ ਸਾਰਾ ਦੇਸ਼ ਮਿਸਰ ਦੀ ਨੀਲ ਨਦੀ ਦੀ ਤਰ੍ਹਾਂ ਚੜ੍ਹਦਾ ਹੈ, ਜੋ ਉੱਛਲਦੀ ਹੈ ਅਤੇ ਫੇਰ ਉਤਰ ਜਾਂਦੀ ਹੈ। 6ਜੋ ਅਕਾਸ਼ ਉੱਤੇ ਆਪਣੇ ਚੁਬਾਰੇ ਬਣਾਉਂਦਾ ਹੈ ਅਤੇ ਧਰਤੀ ਉੱਤੇ ਆਪਣੇ ਅਕਾਸ਼ ਮੰਡਲ ਦੀ ਨੀਂਹ ਰੱਖਦਾ ਹੈ ਅਤੇ ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੀ ਪਰਤ ਉੱਤੇ ਵਹਾ ਦਿੰਦਾ ਹੈ, ਉਸ ਦਾ ਨਾਮ ਯਹੋਵਾਹ ਹੈ!
7“ਹੇ ਇਸਰਾਏਲੀਓ, ਕੀ ਤੁਸੀਂ ਮੇਰੇ ਲਈ ਕੂਸ਼ੀਆਂ ਵਰਗੇ ਨਹੀਂ?” ਪ੍ਰਭੂ ਯਹੋਵਾਹ ਦਾ ਵਾਕ ਹੈ। “ਕੀ ਮੈਂ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ, ਫ਼ਲਿਸਤੀਆਂ ਨੂੰ ਕਫ਼ਤੋਰ ਸ਼ਹਿਰ ਵਿੱਚੋਂ ਅਤੇ ਅਰਾਮੀਆਂ ਨੂੰ ਕੀਰ ਸ਼ਹਿਰ ਵਿੱਚੋਂ ਕੱਢ ਕੇ ਨਹੀਂ ਲੈ ਆਇਆ? 8ਵੇਖੋ, ਪ੍ਰਭੂ ਯਹੋਵਾਹ ਦੀਆਂ ਅੱਖਾਂ ਇਸ ਪਾਪੀ ਰਾਜ ਉੱਤੇ ਲੱਗੀਆਂ ਹਨ ਅਤੇ ਮੈਂ ਇਸ ਨੂੰ ਧਰਤੀ ਉੱਤੋਂ ਨਾਸ ਕਰਾਂਗਾ। ਤਾਂ ਵੀ ਮੈਂ ਯਾਕੂਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ ਨਹੀਂ ਕਰਾਂਗਾ,” ਪ੍ਰਭੂ ਯਹੋਵਾਹ ਦਾ ਵਾਕ ਹੈ।
9“ਵੇਖੋ, ਮੈਂ ਹੁਕਮ ਦਿਆਂਗਾ ਅਤੇ ਮੈਂ ਇਸਰਾਏਲ ਦੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚੋਂ ਐਂਵੇਂ ਛਾਣ ਸੁੱਟਾਂਗਾ, ਜਿਵੇਂ ਅੰਨ ਛਾਨਣੀ ਵਿੱਚ ਛਾਣੀਦਾ ਹੈ ਅਤੇ ਇੱਕ ਦਾਣਾ ਵੀ ਧਰਤੀ ਤੇ ਨਾ ਡਿੱਗੇਗਾ। 10ਮੇਰੀ ਪਰਜਾ ਦੇ ਸਾਰੇ ਪਾਪੀ ਤਲਵਾਰ ਨਾਲ ਮਰਨਗੇ, ਜੋ ਕਹਿੰਦੇ ਹਨ, ਇਹ ਬਿਪਤਾ ਸਾਡੇ ਉੱਤੇ ਨਹੀਂ ਪਵੇਗੀ, ਨਾ ਸਾਨੂੰ ਮਿਲੇਗੀ!”
ਇਸਰਾਏਲ ਦੀ ਬਹਾਲੀ
11“ਉਸ ਦਿਨ ਮੈਂ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਖੜ੍ਹਾ ਕਰਾਂਗਾ ਅਤੇ ਉਸ ਦੀਆਂ ਤੇੜਾਂ ਨੂੰ ਬੰਦ ਕਰਾਂਗਾ, ਮੈਂ ਉਸ ਦੇ ਖੰਡਰਾਂ ਨੂੰ ਫੇਰ ਬਣਾਵਾਂਗਾ ਅਤੇ ਉਸ ਨੂੰ ਪੁਰਾਣੇ ਸਮਿਆਂ ਵਰਗਾ ਬਣਾ ਦਿਆਂਗਾ, 12ਤਾਂ ਜੋ ਉਹ ਅਦੋਮ ਦੇ ਬਚੇ ਹੋਇਆਂ ਉੱਤੇ, ਸਗੋਂ ਸਾਰੀਆਂ ਕੌਮਾਂ ਉੱਤੇ ਕਾਬੂ ਪਾ ਲੈਣ, ਜਿਹੜੀਆਂ ਮੇਰੇ ਨਾਮ ਤੋਂ ਪੁਕਾਰੀਆਂ ਜਾਂਦੀਆਂ ਹਨ,” ਪ੍ਰਭੂ ਯਹੋਵਾਹ ਦਾ ਵਾਕ ਹੈ, ਜੋ ਇਹ ਕੰਮ ਪੂਰਾ ਕਰਦਾ ਹੈ।
13ਪ੍ਰਭੂ ਯਹੋਵਾਹ ਦਾ ਵਾਕ ਹੈ, “ਵੇਖੋ, ਉਹ ਦਿਨ ਆਉਂਦੇ ਹਨ, ਜਦ ਹਲ਼ ਚਲਾਉਣ ਵਾਲਾ ਵਾਢੀ ਕਰਨ ਵਾਲੇ ਨੂੰ ਅਤੇ ਅੰਗੂਰਾਂ ਦਾ ਮਿੱਧਣ ਵਾਲਾ, ਬੀਜ ਬੀਜਣ ਵਾਲੇ ਨੂੰ ਜਾ ਲਵੇਗਾ ਅਤੇ ਪਹਾੜਾਂ ਤੋਂ ਨਵੀਂ ਮਧ ਚੋਵੇਗੀ ਅਤੇ ਸਾਰੇ ਟਿੱਲਿਆਂ ਤੋਂ ਵਗੇਗੀ! 14ਮੈਂ ਆਪਣੀ ਪਰਜਾ ਇਸਰਾਏਲ ਨੂੰ ਗ਼ੁਲਾਮੀ ਤੋਂ ਵਾਪਿਸ ਲੈ ਆਵਾਂਗਾ, ਉਹ ਉੱਜੜੇ ਹੋਏ ਸ਼ਹਿਰਾਂ ਨੂੰ ਉਸਾਰਨਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦੀ ਮਧ ਪੀਣਗੇ, ਉਹ ਬਾਗ਼ ਲਾਉਣਗੇ ਅਤੇ ਉਹਨਾਂ ਦਾ ਫਲ ਖਾਣਗੇ। 15ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਵਿੱਚ ਲਾਵਾਂਗਾ ਅਤੇ ਉਹ ਆਪਣੀ ਭੂਮੀ ਤੋਂ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ ਹੈ, ਫੇਰ ਕਦੇ ਪੁੱਟੇ ਨਾ ਜਾਣਗੇ,” ਤੁਹਾਡਾ ਪਰਮੇਸ਼ੁਰ ਯਹੋਵਾਹ ਫ਼ਰਮਾਉਂਦਾ ਹੈ।
Currently Selected:
ਆਮੋਸ 9: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.