ਪਰਕਾਸ਼ ਦੀ ਪੋਥੀ 16
16
ਕ੍ਰੋਧ ਦੇ ਸੱਤ ਕਟੋਰੇ
1ਮੈਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਓਹਨਾਂ ਸੱਤਾਂ ਦੂਤਾਂ ਨੂੰ ਇਹ ਆਖਦੇ ਸੁਣੀ ਭਈ ਚੱਲੋ ਅਤੇ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਉਲੱਦ ਦਿਓ!।।
2ਪਹਿਲੇ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਉਲੱਦ ਦਿੱਤਾ। ਤਾਂ ਜਿਨ੍ਹਾਂ ਮਨੁੱਖਾਂ ਉੱਤੇ ਓਸ ਦਰਿੰਦੇ ਦਾ ਦਾਗ ਸੀ ਅਤੇ ਜਿਹੜੇ ਉਸ ਦੀ ਪੂਜਾ ਕਰਦੇ ਸਨ ਓਹਨਾਂ ਨੂੰ ਉਸ ਤੋਂ ਬੁਰਾ ਡਾਢਾ ਘਾਓ ਪੈ ਗਿਆ।।
3ਤਾਂ ਦੂਏ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਉਲੱਦ ਦਿੱਤਾ । ਤਾਂ ਓਹ ਮੁਰਦੇ ਦੇ ਲਹੂ ਜਿਹਾ ਬਣ ਗਿਆ ਅਤੇ ਹਰੇਕ ਜੀਉਂਦੀ ਜਾਨ ਜਿਹੜੀ ਸਮੁੰਦਰ ਵਿੱਚ ਸੀ ਮਰ ਗਈ ।।
4ਫੇਰ ਤੀਏ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀਆਂ ਦੇ ਸੁੰਬਾਂ ਉੱਤੇ ਉਲੱਦ ਦਿੱਤਾ । ਤਾ ਓਸ ਤੋਂ ਓਹ ਲਹੂ ਬਣ ਗਏ 5ਅਤੇ ਮੈਂ ਪਾਣੀਆਂ ਦੇ ਦੂਤ ਨੂੰ ਇਹ ਆਖਦਾ ਸੁਣਿਆ, -
ਹੇ ਪਵਿੱਤਰ ਪੁਰਖ,
ਤੂੰ ਜੋ ਹੈਂ ਅਤੇ ਤੂੰ ਜੋ ਸੈਂ, ਤੂੰ ਧਰਮੀ ਹੈਂ, ਤੈਂ ਇਉਂ ਨਿਆਉਂ ਜੋ ਕੀਤਾ,
6ਕਿਉਂ ਜੋ ਓਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ
ਵਹਾਇਆ,
ਤਾਂ ਹੈਂ ਓਹਨਾਂ ਨੂੰ ਪੀਣ ਲਈ ਲਹੂ ਦਿੱਤਾ ਹੈ!
ਓਹ ਇਸੇ ਦੇ ਜੋਗ ਹਨ !।।
7ਫੇਰ ਮੈਂ ਜਗਵੇਦੀ ਨੂੰ ਏਹ ਆਖਦੇ ਸੁਣਿਆ,
ਹੇ ਪ੍ਰਭੁ ਪਰਮੇਸ਼ੁਰ ਸਰਬ ਸ਼ਕਤੀਮਾਨ,
ਤੇਰੀਆਂ ਅਦਾਲਤਾਂ ਸੱਚੀਆਂ ਅਤੇ ਜਥਾਰਥ ਹਨ!।।
8ਚੌਥੇ ਨੇ ਆਪਣਾ ਕਟੋਰਾ ਸੂਰਜ ਉੱਤੇ ਉਲੱਦ ਦਿੱਤਾ । ਤਾਂ ਉਹ ਨੂੰ ਇਹ ਦਿੱਤਾ ਗਿਆ ਭਈ ਮਨੁੱਖਾਂ ਨੂੰ ਅੱਗ ਨਾਲ ਝੁਲਸੇ 9ਅਤੇ ਮਨੁੱਖ ਵੱਡੀ ਤਪਤ ਨਾਲ ਝੁਲਸੇ ਗਏ ਅਤੇ ਪਰਮੇਸ਼ੁਰ ਜਿਹ ਨੂੰ ਇਨ੍ਹਾਂ ਬਵਾਂ ਉੱਤੇ ਇਖ਼ਤਿਆਰ ਹੈ ਉਹ ਦੇ ਨਾਮ ਦਾ ਕੁਫ਼ਰ ਬਕਣ ਲੱਗ ਪਏ ਅਤੇ ਤੋਬਾ ਨਾ ਕੀਤੀ ਭਈ ਉਹ ਦੀ ਵਡਿਆਈ ਕਰਨ ।।
10ਪੰਜਵੇਂ ਨੇ ਆਪਣਾ ਕਟੋਰਾ ਦਰਿੰਦੇ ਦੀ ਗੱਦੀ ਉੱਤੇ ਉਲੱਦ ਦਿੱਤਾ । ਤਾਂ ਉਹ ਦਾ ਰਾਜ ਅਨ੍ਹੇਰਾ ਹੋ ਗਿਆ ਅਤੇ ਲੋਕਾਂ ਨੇ ਦੁੱਖ ਦਿਆਂ ਮਾਰਿਆਂ ਆਪਣੀਆਂ ਜੀਭਾਂ ਚੱਬੀਆਂ 11ਅਤੇ ਓਹਨਾਂ ਨੇ ਆਪਣਿਆਂ ਦੁੱਖਾਂ ਦੇ ਕਾਰਨ ਅਤੇ ਆਪਣਿਆਂ ਘਾਵਾਂ ਦੇ ਕਾਰਨ ਸੁਰਗ ਦੇ ਪਰਮੇਸ਼ੁਰ ਦੇ ਉੱਤੇ ਕੁਫ਼ਰ ਬਕਿਆ ਅਤੇ ਆਪਣਿਆਂ ਕੰਮਾਂ ਤੋਂ ਤੋਬਾ ਨਾ ਕੀਤੀ।। 12ਛੇਵੇਂ ਨੇ ਆਪਣਾ ਕਟੋਰਾ ਓਸ ਵੱਡੇ ਦਰਿਆ ਫਰਾਤ ਉੱਤੇ ਉਲੱਦ ਦਿੱਤਾ ਅਤੇ ਉਹ ਦਾ ਪਾਣੀ ਸੁੱਕ ਗਿਆ ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ ਓਹਨਾਂ ਲਈ ਰਾਹ ਤਿਆਰ ਕੀਤਾ ਜਾਵੇ 13ਅਜਗਰ ਦੇ ਮੂੰਹ ਵਿਚੋਂ ਅਤੇ ਓਸ ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਜੇਹੇ ਤਿੰਨ ਭ੍ਰਿਸ਼ਟ ਆਤਮੇ ਨਿੱਕਲਦੇ ਵੇਖੇ 14ਕਿਉਂ ਜੋ ਏਹ ਨਿਸ਼ਾਨ ਵਿਖਾਉਣ ਵਾਲੇ ਭੂਤਾਂ ਦੇ ਆਤਮੇ ਹਨ ਜਿਹੜੇ ਸਾਰੇ ਜਗਤ ਦਿਆਂ ਰਾਜਿਆਂ ਕੋਲ ਜਾਂਦੇ ਹਨ ਭਈ ਓਹਨਾਂ ਨੂੰ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ ਲਈ ਇਕੱਠਿਆਂ ਕਰਨ 15ਵੇਖੋਂ, ਮੈਂ ਚੋਰ ਵਾਂਙੁ ਆਉਂਦਾ ਹਾਂ । ਧੰਨ ਓਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਭਈ ਓਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ 16ਅਤੇ ਉਨ੍ਹਾਂ ਨੇ ਉਸ ਥਾਂ ਓਹਨਾਂ ਨੂੰ ਇਕੱਠਿਆਂ ਕੀਤਾ ਜਿਹੜਾ ਇਬਰਾਨੀ ਭਾਖਿਆ ਵਿੱਚ ਹਰਮਗਿੱਦੋਨ ਕਰਕੇ ਸਦਾਉਂਦਾ ਹੈ।।
17ਸੱਤਵੇਂ ਨੇ ਆਪਣਾ ਕਟੋਰਾ ਪੌਣ ਉੱਤੇ ਉਲੱਦ ਦਿੱਤਾ । ਤਾਂ ਸਿੰਘਾਸਣ ਦੀ ਵੱਲੋਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਇਹ ਆਖਦੀ ਨਿੱਕਲੀ ਭਈ ਹੋ ਚੁੱਕਿਆ ! 18ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਵੱਡਾ ਭੁਚਾਲ ਆਇਆ ਅਜਿਹਾ ਭਈ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਭਾਰਾ ਭੁਚਾਲ ਕਦੇ ਨਹੀਂ ਸੀ ਆਇਆ! 19ਤਾਂ ਉਹ ਵੱਡੀ ਨਗਰੀ ਤਿੰਨ ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਢਹਿ ਪਏ ਅਤੇ ਓਹ ਵੱਡੀ ਨਗਰੀ ਬਾਬੁਲ ਪਰਮੇਸ਼ੁਰ ਦੀ ਦਰਗਾਹੇ ਚੇਤੇ ਆਈ ਭਈ ਆਪਣੇ ਅੱਤ ਵੱਡੇ ਕ੍ਰੋਧ ਦੀ ਮੈ ਦਾ ਪਿਆਲਾ ਉਹ ਨੂੰ ਦੇਵੇ 20ਅਤੇ ਹਰੇਕ ਟਾਪੂ ਨੱਸ ਗਿਆ ਅਤੇ ਪਹਾੜਾਂ ਦਾ ਪਤਾ ਨਾ ਲੱਗਾ 21ਅਤੇ ਆਕਾਸ਼ੋਂ ਮਨੁੱਖਾਂ ਉੱਤੇ ਜਾਣੀਦਾ ਮਣ ਮਣ ਦੇ ਵੱਡੇ ਗੜੇ ਪੈਂਦੇ ਹਨ ਅਤੇ ਗੜਿਆਂ ਦੀ ਬਵਾ ਦੇ ਮਾਰੇ ਮਨੁੱਖਾਂ ਨੇ ਪਰਮੇਸ਼ੁਰ ਉੱਤੇ ਕੁਫ਼ਰ ਬਕਿਆ ਕਿਉਂ ਜੋ ਓਹਨਾਂ ਦੀ ਬਵਾ ਡਾਢੀ ਕਰੜੀ ਹੈ।।
Currently Selected:
ਪਰਕਾਸ਼ ਦੀ ਪੋਥੀ 16: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.