YouVersion Logo
Search Icon

ਕਹਾਉਤਾਂ 7

7
ਰੰਡੀ ਬਾਜ਼ੀ ਦੀ ਮੂਰਖਤਾਈ
1ਹੇ ਮੇਰੇ ਪੁੱਤ੍ਰ, ਤੂੰ ਮੇਰੇ ਆਖੇ ਲੱਗ,
ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ।
2ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ,
ਅਤੇ ਮੇਰੀ ਤਾਲੀਮ ਨੂੰ ਆਪਣੀ ਅੱਖ ਦੀ ਕਾਕੀ
ਵਰਗੀ ਜਾਣ।
3ਓਹਨਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ,
ਓਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ
ਲੈ।
4ਬੁੱਧ ਨੂੰ ਕਹੁ, ਤੂੰ ਮੇਰੀ ਭੈਣ ਹੈਂ,
ਅਤੇ ਸਮਝ ਨੂੰ ਆਪਣੀ ਜਾਣੂ ਆਖ,
5ਤਾਂ ਜੋ ਓਹ ਤੈਨੂੰ ਪਰਾਈ ਤੀਵੀਂ ਤੋਂ ਬਚਾਈ ਰੱਖਣ,
ਉਸ ਓਪਰੀ ਤੋਂ ਜਿਹੜੀ ਲੱਲੋ ਪੱਤੋਂ ਦੀਆਂ ਗੱਲਾਂ
ਕਰਦੀ ਹੈ।।
6ਮੈਂ ਆਪਣੇ ਘਰ ਦੀ ਤਾਕੀ ਕੋਲ ਹੋ ਕੇ
ਝਰੋਖੇ ਦੇ ਵਿੱਚੋਂ ਦੀ ਝਾਕਿਆ,
7ਤਾਂ ਮੈਂ ਵੇਖਿਆ ਭਈ ਭੋਲਿਆਂ ਵਿੱਚੋਂ,
ਗੱਭਰੂਆਂ ਵਿੱਚੋਂ ਇੱਕ ਜੁਆਨ ਨਿਰਬੁੱਧ ਜਿਹਾ,
8ਉਸ ਤੀਵੀਂ ਦੀ ਨੁੱਕਰ ਦੇ ਲਾਗੇ ਦੀ ਗਲੀ ਵਿੱਚੋਂ
ਦੀ ਲੰਘਿਆ ਜਾਂਦਾ ਸੀ,
ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜਿਆ,
9ਦਿਨ ਢਲੇ, ਸੰਝ ਦੇ ਵੇਲੇ,
ਤੇ ਕਾਲੀ ਰਾਤ ਦੇ ਅਨ੍ਹੇਰੇ ਵਿੱਚ।
10ਤਾਂ ਵੇਖੋ ਇੱਕ ਤੀਵੀਂ ਕੰਜਰੀ ਦਾ ਭੇਸ ਪਹਿਨੀ,
ਅਤੇ ਮਨ ਮੋਹਣੀ ਉਹ ਨੂੰ ਆ ਮਿਲੀ।
11ਉਹ ਬੜਬੋਲੀ ਅਤੇ ਮਨ ਮਤਣੀ ਹੈ,
ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ।
12ਉਹ ਕਦੀ ਸੜਕਾਂ ਉੱਤੇ, ਕਦੀ ਚੌਕਾਂ ਵਿੱਚ ਹੈ,
ਅਤੇ ਹਰੇਕ ਮੋੜ ਕੋਲ ਦਾਉਂ ਲਾਉਂਦੀ ਹੈ।
13ਸੋ ਉਹ ਨੇ ਉਸ ਨੂੰ ਫੜ ਕੇ ਉਸ ਦਾ ਚੁੰਮਾ
ਲਿਆ,
ਤੇ ਬਿਸ਼ਰਮ ਮੂੰਹ ਨਾਲ ਉਸ ਨੂੰ ਆਖਿਆ,
14ਮੇਲ ਦੀਆਂ ਭੇਟਾਂ ਮੈਂ ਚੜ੍ਹਾਉਣੀਆਂ ਸਨ,
ਅਤੇ ਅੱਜ ਮੈਂ ਆਪਣੀਆਂ ਸੁੱਖਾਂ ਭਰ ਦਿੱਤੀਆਂ
15ਤਾਹੀਏਂ ਮੈਂ ਤੈਨੂੰ ਮਿਲਣ ਅਤੇ ਆਹਰ ਨਾਲ ਤੈਨੂੰ
ਲੱਭਣ ਨੂੰ ਨਿੱਕਲੀ ਹਾਂ,
ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ!
16ਮੈਂ ਆਪਣੀ ਮੇਜ ਉੱਤੇ ਪਲੰਘ ਪੋਸ਼,
ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛਾਉਣੇ
ਵਿਛਾਏ।
17ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ,
ਅਤੇ ਦਾਰਚੀਨੀ ਛਿੜਕੀ ਹੈ।
18ਆ, ਅਸੀਂ ਸਵੇਰ ਤਾਂਈ ਪ੍ਰੇਮ ਨਾਲ ਰੱਤੇ ਜਾਈਏ,
ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ,
19ਕਿਉਂ ਜੋ ਮੇਰਾ ਭਰਤਾ ਘਰ ਵਿੱਚ ਨਹੀਂ ਹੈ,
ਉਹ ਦੂਰ ਦੇ ਪੈਂਡੇ ਗਿਆ ਹੋਇਆ ਹੈ।
20ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ,
ਅਤੇ ਪੂਰਨਮਾਸੀ ਨੂੰ ਘਰ ਆਵੇਗਾ।
21ਉਹ ਨੇ ਆਪਣੀਆਂ ਬਾਹਲੀਆਂ ਚਿਕਣੀਆਂ
ਚੋਪੜੀਆਂ ਗੱਲਾਂ ਨਾਲ ਉਹ ਨੂੰ ਫ਼ੁਸਲਾ ਲਿਆ,
ਅਤੇ ਆਪਣੇ ਬੁਲ੍ਹਾਂ ਦੇ ਲੱਲੋ ਪੱਤੋਂ ਨਾਲ ਧੱਕੋ ਧੱਕੀ
ਉਹ ਨੂੰ ਲੈ ਗਈ।
22ਉਹ ਝੱਟ ਉਹ ਦੇ ਮਗਰ ਹੋ ਤੁਰਿਆ,
ਜਿਵੇਂ ਬਲਦ ਕੱਟਣ ਲਈ,
ਜਾਂ ਬੇੜੀਆਂ ਵਿੱਚ ਕੋਈ ਮੂਰਖ ਦੀ ਸਜ਼ਾ ਲਈ ਜਾਵੇ,
23ਜਦ ਤੀਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨ੍ਹੇ, -
ਜਿਵੇਂ ਪੰਛੀ ਫਾਹੇ ਨੂੰ ਛੇਤੀ ਕਰੇ,
ਅਤੇ ਨਹੀਂ ਜਾਣਦਾ ਭਈ ਉਹ ਉਸ ਦੀ ਜਾਨ ਲਈ
ਹੈ।।
24ਹੁਣ ਹੇ ਮੇਰੇ ਪੁੱਤ੍ਰੋਂ, ਤੁਸੀਂ ਮੇਰੀ ਸੁਣੋ,
ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਚਿੱਤ ਲਾਓ।
25ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ,
ਤੂੰ ਉਹ ਦੇ ਪਹਿਆਂ ਵਿੱਚ ਨਾ ਭਟਕਦਾ ਫਿਰੀਂ,
26ਕਿਉਂ ਜੋ ਉਹ ਨੇ ਬਾਹਲਿਆਂ ਨੂੰ ਘਾਇਲ ਕਰ ਕੇ
ਡੇਗ ਦਿੱਤਾ ਹੈ,
ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ!
27ਉਹ ਦਾ ਘਰ ਪਤਾਲ ਦਾ ਰਾਹ ਹੈ,
ਜਿਹੜਾ ਮੌਤ ਦੀਆਂ ਕੋਠੜੀਆਂ ਵਿੱਚ ਲਹਿ ਪੈਂਦਾ
ਹੈ।।

Highlight

Copy

Compare

Share

None

Want to have your highlights saved across all your devices? Sign up or sign in

Videos for ਕਹਾਉਤਾਂ 7