ਲੂਕਾ 10
10
ਸੱਤਰਾਂ ਦਾ ਮਿਸ਼ਨ। ਨੇਕ ਸਾਮਰੀ
1ਇਨ੍ਹਾਂ ਗੱਲਾਂ ਦੇ ਪਿੱਛੋਂ ਪ੍ਰਭੁ ਨੇ ਸੱਤਰ ਹੋਰ ਵੀ ਠਹਿਰਾਏ ਅਰ ਹਰ ਨਗਰ ਅਤੇ ਹਰ ਥਾਂ ਜਿੱਥੇਂ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ 2ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਨੂੰ ਵਾਢੇ ਘੱਲ ਦੇਵੇ 3ਜਾਓ ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਙੁ ਬਘਿਆੜਾਂ ਦੇ ਵਿੱਚ ਭੇਜਦਾ ਹਾਂ 4ਨਾ ਬਟੂਆ, ਨਾ ਝੋਲਾ, ਨਾ ਜੁੱਤੀਆਂ ਲਓ, ਨਾ ਰਸਤੇ ਵਿੱਚ ਕਿਸੇ ਨੂੰ ਪਰਨਾਮ ਕਰੋ 5ਜਿਸ ਘਰ ਵਿੱਚ ਤੁਸੀਂ ਜਾਓ ਪਹਿਲਾਂ ਆਖੋ ਭਈ ਇਸ ਘਰ ਦੀ ਸ਼ਾਂਤੀ ਹੋਵੇ 6ਅਰ ਜੇ ਸ਼ਾਂਤੀ ਦਾ ਪੁੱਤ੍ਰ ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਨਹੀਂ ਤਾਂ ਉਹ ਮੁੜ ਤੁਹਾਡੇ ਕੋਲ ਆ ਜਾਵੇਗੀ 7ਅਤੇ ਓਸੇ ਘਰ ਵਿੱਚ ਟਿਕੋ ਅਰ ਜੋ ਕੁਝ ਓਹ ਦੇਣ, ਖਾਓ ਪੀਓ ਕਿਉ ਜੋ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ। ਘਰ ਘਰ ਨਾ ਫਿਰੋ 8ਅਤੇ ਜਿਸ ਨਗਰ ਵਿੱਚ ਤੁਸੀਂ ਵੜੋ ਅਤੇ ਓਹ ਤੁਹਾਨੂੰ ਕਬੂਲ ਕਰਨ ਤਦ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਸੋ ਖਾਓ 9ਅਰ ਉੱਥੋਂ ਦੇ ਰੋਗੀਆਂ ਨੂੰ ਚੰਗੇ ਕਰੋ ਅਤੇ ਉਨ੍ਹਾਂ ਨੂੰ ਕਹੋ ਭਈ ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ 10ਪਰ ਜਿਸ ਨਗਰ ਵਿੱਚ ਤੁਸੀਂ ਵੜੋ ਅਤੇ ਓਹ ਤੁਹਾਨੂੰ ਕਬੂਲ ਨਾ ਕਰਨ ਤਾਂ ਉਹ ਦੇ ਚੌਕਾਂ ਵਿੱਚ ਜਾ ਕੇ ਕਹੋ 11ਭਈ ਤੁਹਾਡੇ ਨਗਰ ਦੀ ਧੂੜ ਵੀ ਜਿਹੜੀ ਸਾਡੇ ਪੈਰਾਂ ਉੱਤੇ ਪਈ ਹੈ ਅਸੀਂ ਤੁਹਾਡੇ ਸਾਹਮਣੇ ਝਾੜ ਸੁੱਟਦੇ ਹਾਂ ਪਰ ਇਹ ਜਾਣੋ ਕਿ ਪਰਮੇਸ਼ੁਰ ਦਾ ਰਾਜ ਨੇੜੇ ਆਇਆ ਹੈ 12ਮੈਂ ਤੁਹਾਨੂੰ ਆਖਦਾ ਹਾਂ ਭਈ ਉਸ ਦਿਨ ਉਸ ਨਗਰ ਨਾਲੋਂ ਸਦੂਮ ਦਾ ਹਾਲ ਝੱਲਣ ਜੋਗ ਹੋਵੇਗਾ 13ਹਾਇ ਤੈਨੂੰ ਖੁਰਾਜ਼ੀਨ! ਹਾਇ ਤੈਨੂੰ ਬੈਤਸੈਦਾ! ਕਿਉਂਕਿ ਜਿਹੜੀਆਂ ਕਰਾਮਾਤਾਂ ਤੁਹਾਡੇ ਵਿੱਚ ਕੀਤੀਆਂ ਗਈਆਂ ਜੇ ਸੂਰ ਅਤੇ ਸੈਦਾ ਵਿੱਚ ਕੀਤੀਆਂ ਜਾਂਦੀਆਂ ਤਾਂ ਓਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੀ ਦੇ ਤੋਬਾ ਕਰ ਲੈਂਦੇ 14ਪਰ ਅਦਾਲਤ ਵਿੱਚ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਝੱਲਣ ਜੋਗ ਹੋਵੇਗਾ 15ਅਤੇ ਹੇ ਕਫ਼ਰਨਹੂਮ, ਕੀ ਤੂੰ ਅਕਾਸ਼ ਤੀਕਰ ਉੱਚਾ ਕੀਤਾ ਜਾਏਂਗਾ? ਤੂੰ ਤਾਂ ਸਗੋਂ ਪਤਾਲ ਤੋੜੀ ਉਤਾਰਿਆ ਜਾਏਂਗਾ! 16ਜੋ ਕੋਈ ਤੁਹਾਡੀ ਸੁਣਦਾ ਉਹ ਮੇਰੀ ਸੁਣਦਾ ਹੈ ਅਤੇ ਜੋ ਕੋਈ ਤੁਹਾਨੂੰ ਰੱਦ ਕਰਦਾ ਹੈ ਉਹ ਮੈਨੂੰ ਰੱਦ ਕਰਦਾ ਹੈ ਅਰ ਜੋ ਕੋਈ ਮੈਨੂੰ ਰੱਦ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਰੱਦ ਕਰਦਾ ਹੈ ।।
17ਓਹ ਸੱਤਰ ਅਨੰਦ ਨਾਲ ਮੁੜੇ ਅਰ ਬੋਲੇ ਕਿ ਪ੍ਰਭੁ ਜੀ ਤੇਰੇ ਨਾਮ ਕਰਕੇ ਭੂਤ ਭੀ ਸਾਡੇ ਵੱਸ ਵਿੱਚ ਹਨ! 18ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਸ਼ਤਾਨ ਨੂੰ ਬਿਜਲੀ ਵਾਂਙੁ ਅਕਾਸ਼ ਤੋਂ ਡਿੱਗਾ ਹੋਇਆ ਡਿੱਠਾ 19ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂੰਹਿਆਂ ਦੇ ਲਿਤਾੜਨ ਦਾ ਅਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖ਼ਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ 20ਪਰ ਇਸ ਤੋਂ ਅਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਭਈ ਤੁਹਾਡੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ।।
21ਉਸੇ ਘੜੀ ਉਹ ਪਵਿੱਤ੍ਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਰ ਉਨ੍ਹਾਂ ਨੂੰ ਇਆਣਿਆਂ ਉੱਤੇ ਪਰਗਟ ਕੀਤਾ। ਹਾਂ, ਪਿਤਾ, ਕਿਉਂ ਜੋ ਇਹੋ ਤੈਨੂੰ ਚੰਗਾ ਲੱਗਾ 22ਸੱਭੋ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਭਈ ਪੁੱਤ੍ਰ ਕੌਣ ਹੈ ਪਰ ਪਿਤਾ ਅਰ ਪਿਤਾ ਕੌਣ ਹੈ ਪਰ ਪੁੱਤ੍ਰ ਅਤੇ ਉਹ ਜਿਸ ਉੱਤੇ ਪੁੱਤ੍ਰ ਨੂੰ ਉਸ ਨੂੰ ਪਰਗਟ ਕੀਤਾ ਚਾਹੇ 23ਅਤੇ ਉਸ ਨੇ ਚੇਲਿਆਂ ਦੀ ਵੱਲ ਮੁੜ ਕੇ ਨਿਰਾਲੇ ਵਿੱਚ ਕਿਹਾ ਕਿ ਧੰਨ ਓਹ ਅੱਖੀਆਂ ਜਿਹੜੀਆਂ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ 24ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤਿਆਂ ਨਬੀਆਂ ਅਤੇ ਪਾਤਸ਼ਾਹਾਂ ਨੇ ਚਾਹ ਕੀਤੀ ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ।।
25ਤਾਂ ਵੇਖੋ ਇੱਕ ਸ਼ਰ੍ਹਾ ਦੇ ਸਿਖਾਉਨ ਵਾਲੇ ਨੇ ਉਹ ਦੇ ਪਰਤਾਉਣ ਲਈ ਖੜੋ ਕੇ ਕਿਹਾ, ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ? 26ਉਸ ਨੇ ਉਹ ਨੂੰ ਆਖਿਆ ਕਿ ਤੁਰੇਤ ਵਿੱਚ ਕੀ ਲਿੱਖਿਆ ਹੋਇਆ ਹੈ? ਤੂੰ ਕਿੱਕੁਰ ਪੜ੍ਹਦਾਂ ਹੈਂ? 27ਤਾਂ ਉਹ ਨੇ ਉੱਤਰ ਦਿੱਤਾ ਕਿ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਰ ਆਪਣੇ ਗੁਆਂਢੀ ਨੂੰ ਆਪਣੇ ਜਿਹਾ 28ਉਸ ਨੇ ਉਹ ਨੂੰ ਆਖਿਆ, ਤੈਂ ਠੀਕ ਉੱਤਰ ਦਿੱਤਾ, ਇਹੋ ਕਰ ਤਾਂ ਤੂੰ ਜੀਏਂਗਾ 29ਪਰ ਉਹ ਜੋ ਚਾਹੁੰਦਾ ਸੀ ਭਈ ਆਪਣੇ ਤਾਈਂ ਸੱਚਾ ਠਹਿਰਾਵੇ ਯਿਸੂ ਨੂੰ ਕਿਹਾ,ਫੇਰ ਕੌਣ ਹੈ ਮੇਰਾ ਗੁਆਂਢੀ? 30ਯਿਸੂ ਨੇ ਉੱਤਰ ਦਿੱਤਾ ਕਿ ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਰ ਅਧਮੋਇਆ ਛੱਡ ਕੇ ਚਲੇ ਗਏ 31ਸਬੱਬ ਨਾਲ ਇੱਕ ਜਾਜਕ ਉਸ ਰਸਤੇ ਉਤਰਿਆ ਜਾਂਦਾ ਸੀ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ 32ਇਸੇ ਤਰਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ 33ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਆਇਆ 34ਅਤੇ ਜਾਂ ਉਹ ਨੂੰ ਵੇਖਿਆ ਤਾਂ ਤਰਸ ਖਾ ਕੇ ਉਹ ਦੇ ਕੋਲ ਗਿਆ ਅਤੇ ਤੇਲ ਅਰ ਮੈ ਲਾ ਕੇ ਉਹ ਦੇ ਘਾਵਾਂ ਨੂੰ ਬੰਨ੍ਹਿਆ ਅਰ ਆਪਣੀ ਅਸਵਾਰੀ ਤੇ ਉਹ ਨੂੰ ਚੜ੍ਹਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਹ ਦੀ ਟਹਿਲ ਟਕੋਰ ਕੀਤੀ 35ਫੇਰ ਸਵੇਰ ਨੂੰ ਦੋ ਅੱਠਿਆਨੀਆਂ ਕੱਢ ਕੇ ਭਠਿਆਰੇ ਨੂੰ ਦਿੱਤੀਆਂ ਅਤੇ ਆਖਿਆ ਭਈ ਇਹ ਦੀ ਟਹਿਲ ਟਕੋਰ ਕਰਦਾ ਰਹੀਂ, ਅਰ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਾਂ ਮੁੜ ਆਵਾਂ ਤੇਰਾ ਭਰ ਦਿਆਂਗਾ 36ਸੋ ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਉਨ੍ਹਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਾਲੂਮ ਹੁੰਦਾ ਹੈ? 37ਉਹ ਬੋਲਿਆ, ਜਿਹ ਨੇ ਉਸ ਉੱਤੇ ਦਯਾ ਕੀਤੀ। ਫੇਰ ਯਿਸੂ ਨੇ ਉਹ ਨੂੰ ਆਖਿਆ, ਤੂੰ ਵੀ ਜਾ ਕੇ ਏਵੇਂ ਹੀ ਕਰ।।
38ਫੇਰ ਜਾਂ ਓਹ ਚੱਲੇ ਜਾਂਦੇ ਸਨ ਤਾਂ ਉਹ ਇੱਕ ਪਿੰਡ ਜਾ ਵੜਿਆ ਅਤੇ ਮਾਰਥਾ ਨਾਉਂ ਦੀ ਇੱਕ ਜਨਾਨੀ ਨੇ ਉਹ ਨੂੰ ਆਪਣੇ ਘਰ ਉਤਾਰਿਆ 39ਅਤੇ ਮਰਿਯਮ ਕਰਕੇ ਉਹ ਦੀ ਇੱਕ ਭੈਣ ਸੀ ਜਿਹੜੀ ਪ੍ਰਭੁ ਦੇ ਚਰਨਾਂ ਕੋਲ ਬੈਠ ਕੇ ਉਹ ਦਾ ਬਚਨ ਸੁਣਦੀ ਸੀ 40ਪਰ ਮਾਰਥਾ ਵੱਡੀ ਟਹਿਲ ਤੋਂ ਘਬਰਾ ਗਈ ਅਤੇ ਉਹ ਦੇ ਕੋਲ ਆਣ ਕੇ ਬੋਲੀ, ਪ੍ਰਭੁ ਜੀ ਤੈਨੂੰ ਕੁਝ ਚਿੰਤਾ ਨਹੀਂ ਜੋ ਮੇਰੀ ਭੈਣ ਨੇ ਮੈਨੂੰ ਟਹਿਲ ਕਰਨ ਲਈ ਕੱਲੀ ਹੀ ਛੱਡਿਆ ਹੈ? ਸੋ ਉਹ ਨੂੰ ਕਹੁ ਕਿ ਮੇਰੀ ਮੱਦਤ ਕਰੇ 41ਪਰ ਪ੍ਰਭੁ ਨੇ ਉਹ ਨੂੰ ਉੱਤਰ ਦਿੱਤਾ, ਮਾਰਥਾ ਮਾਰਥਾ, ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ 42ਪਰ ਇੱਕ ਗੱਲ ਦੀ ਲੋੜ ਹੈ। ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸਿੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।।
Currently Selected:
ਲੂਕਾ 10: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.