YouVersion Logo
Search Icon

ਲੇਵੀਆਂ ਦੀ ਪੋਥੀ 23

23
ਯਹੋਵਾਹ ਦੇ ਪਰਬ
1ਯਹੋਵਾਹ ਮੂਸਾ ਨਾਲ ਬੋਲਿਆ ਕਿ 2ਇਸਰਾਏਲੀਆਂ ਨੂੰ ਐਉਂ ਬੋਲ, ਜਿਹੜੇ ਯਹੋਵਾਹ ਦੇ ਪਰਬ ਹਨ, ਜੋ ਤੁਸਾਂ ਪਵਿੱਤ੍ਰ ਮੇਲੇ ਕਰਨੇ ਸੋ ਏਹ ਮੇਰੇ ਪਰਬ ਹਨ 3ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਵਿਸਰਾਮ ਦਾ ਸਬਤ ਇੱਕ ਪਵਿੱਤ੍ਰ ਮੇਲਾ ਹੈ, ਤੁਸਾਂ ਉਸ ਦੇ ਵਿੱਚ ਕੋਈ ਕੰਮ ਨਾ ਕਰਨਾ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਯਹੋਵਾਹ ਦਾ ਸਬਤ ਹੈ।।
4ਜਿਹੜੇ ਤੁਸਾਂ ਉਨ੍ਹਾਂ ਦਿਆਂ ਵੇਲਿਆਂ ਸਿਰ ਹੋਕਾ ਦੇਣਾ ਹੈ, ਸੋ ਯਹੋਵਾਹ ਦੇ ਪਰਬ ਅਤੇ ਪਵਿੱਤ੍ਰ ਮੇਲੇ ਏਹ ਹਨ 5ਪਹਿਲੇ ਮਹੀਨੇ ਦੀ ਚੌਧਵੀਂ ਮਿਤੀ ਨੂੰ ਸੰਧਿਆ ਵੇਲੇ ਤਾਈਂ ਯਹੋਵਾਹ ਦਾ ਪਸਾਹਦਾ ਪਰਬ ਹੈ 6ਅਤੇ ਉਸ ਮਹੀਨੇ ਦੀ ਪੰਧ੍ਰਵੀਂ ਮਿਤੀ ਯਹੋਵਾਹ ਦੀ ਪਤੀਰੀ ਰੋਟੀ ਦਾ ਪਰਬ ਹੈ, ਸੱਤ ਦਿਨ ਤੋੜੀ ਤੁਸਾਂ ਪਤੀਰੀ ਰੋਟੀ ਖਾਣੀ 7ਪਹਿਲੇ ਦਿਨ ਤੁਸਾਂ ਪਵਿੱਤ੍ਰ ਮੇਲਾ ਕਰਨਾ, ਉਸ ਦੇ ਵਿੱਚ ਤੁਸਾਂ ਕੋਈ ਕੰਮ ਧੰਦਾ ਨਾ ਕਰਨਾ 8ਪਰ ਤੁਸਾਂ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਸੱਤ ਦਿਨ ਤੋੜੀ ਚੜ੍ਹਾਉਣੀ ਅਤੇ ਸੱਤਵੇਂ ਦਿਨ ਪਵਿੱਤ੍ਰ ਮੇਲਾ ਹੋਵੇ, ਉਸ ਦੇ ਵਿੱਚ ਤੁਸਾਂ ਕੋਈ ਕੰਮ ਧੰਦਾ ਨਾ ਕਰਨਾ।।
9ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ 10ਇਸਰਾਏਲੀਆਂ ਨਾਲ ਗੱਲ਼ ਕਰ ਅਤੇ ਐਉਂ ਓਹਨਾਂ ਨੂੰ ਆਖ ਭਈ ਜਿਸ ਵੇਲੇ ਤੁਸੀਂ ਉਸ ਦੇਸ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਆ ਗਏ ਹੋ ਅਤੇ ਉਸ ਦੀ ਹਾੜੀ ਭੀ ਵੱਢੋਗੇ ਤਾਂ ਤੁਸਾਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ 11ਅਤੇ ਉਹ ਉਸ ਪੂਲੇ ਨੂੰ ਯਹੋਵਾਹ ਦੇ ਸਾਹਮਣੇ ਹਿਲਾਵੇ ਭਈ ਉਹ ਤੁਹਾਡੇ ਕੋਲੋਂ ਮੰਨਿਆਂ ਜਾਏ, ਉਸ ਸਬਤ ਦੇ ਅਗਲੇ ਭਲਕ ਨੂੰ ਜਾਜਕ ਉਸ ਨੂੰ ਹਿਲਾਵੇ 12ਅਤੇ ਓਸੇ ਦਿਨ ਜਿਸ ਦੇ ਵਿੱਚ ਤੁਸੀਂ ਉਸ ਪੂਲੇ ਨੂੰ ਹਿਲਾਓ ਤੁਸਾਂ ਇੱਕ ਬੱਜ ਤੋਂ ਰਹਿਤ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਕਰਕੇ ਪਹਿਲੇ ਵਰਹੇ ਦਾ ਇੱਕ ਲੇਲਾ ਚੜ੍ਹਾਉਣਾ 13ਅਤੇ ਉਸ ਮੈਦੇ ਦੀ ਭੇਟ ਜੋ ਹੈ, ਸੋ ਤੇਲ ਨਾਲ ਰਲੇ ਹੋਏ ਦੋ ਦਸਵੰਧ ਮੈਦੇ ਦੇ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਇੱਕ ਦਾਖਰਸ ਦੇ ਕੁੱਪੇ ਦੀ ਚੁਥਾਈ ਉਸ ਦੀ ਪੀਣ ਦੀ ਭੇਟ ਹੋਵੇ 14ਅਤੇ ਜਿਸ ਦਿਨ ਤਾਂਈ ਤੁਸੀਂ ਆਪਣੇ ਪਰਮੇਸ਼ੁਰ ਅੱਗੇ ਇੱਕ ਭੇਟ ਨਾ ਲਿਆਓ, ਉਸ ਦਿਨ ਤੋੜੀ ਤੁਸਾਂ ਨਾ ਰੋਟੀ, ਨਾ ਭੁੰਨੇ ਹੋਏ ਦਾਣੇ, ਨਾ ਹਰੇ ਸਿੱਟੇ ਖਾਣੇ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਹੋਵੇ।।
15ਅਤੇ ਉਸ ਸਬਤ ਦੇ ਅਗਲੇ ਭਲਕ ਤੋਂ ਉਸ ਦਿਨ ਤੋਂ ਜੋ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ ਤੁਸੀਂ ਸੱਤ ਸਬਤ ਪੂਰੇ ਗਿਣਨੇ 16ਅਰਥਾਤ ਸੱਤਵੇਂ ਸਬਤ ਦੇ ਅਗਲੇ ਭਲਕ ਤਾਈਂ ਤੁਸਾਂ ਪੰਜਾਹ ਦਿਨ ਗਿਣਨੇ ਅਤੇ ਫੇਰ ਯਹੋਵਾਹ ਦੇ ਅੱਗੇ ਇੱਕ ਮੈਦੇ ਦੀ ਭੇਟ ਨਵੀਂ ਚੜ੍ਹਾਉਣੀ 17ਤੁਸਾਂ ਆਪਣੇ ਵਸੇਬਿਆਂ ਵਿੱਚੋਂ ਦੋ ਦਸਵੰਧਾ ਦੇ ਦੋ ਹਿਲਾਉਣ ਦੀਆਂ ਰੋਟੀਆਂ ਕੱਢਣੀਆਂ, ਓਹ ਮੈਦੇ ਦੀਆਂ ਹੋਣ, ਓਹ ਖਮੀਰ ਨਾਲ ਗੁੰਨ੍ਹੀਆਂ ਜਾਣ, ਉਹ ਯਹੋਵਾਹ ਦੇ ਅੱਗੇ ਪਹਿਲਾ ਫਲ ਹੈ 18ਅਤੇ ਤੁਸਾਂ ਉਨ੍ਹਾਂ ਰੋਟੀਆਂ ਦੇ ਨਾਲ ਬੱਜ ਤੋਂ ਰਹਿਤ ਪਹਿਲੇ ਵਰਹੇ ਦੇ ਸੱਤ ਲੇਲੇ ਅਤੇ ਇੱਕ ਜੁਆਨ ਬਲਦ ਅਤੇ ਦੋ ਛੱਤ੍ਰੇ ਚੜ੍ਹਾਉਣੇ। ਉਹ ਉਨ੍ਹਾਂ ਦੇ ਮੈਦੇ ਦੀਆਂ ਭੇਟਾਂ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਸਣੇ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਹੋਵੇ, ਅਰਥਾਤ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ 19ਫੇਰ ਤੁਸਾਂ ਬੱਕਰਿਆਂ ਦੀ ਇੱਕ ਪੱਠ ਪਾਪ ਦੀ ਭੇਟ ਕਰਕੇ ਅਤੇ ਪਹਿਲੇ ਵਰਹੇ ਦੇ ਦੋ ਲੇਲੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਕਰਕੇ ਚੜ੍ਹਾਉਣੇ। 20ਅਤੇ ਜਾਜਕ ਉਨ੍ਹਾਂ ਪਹਿਲੇ ਫਲ ਦੀ ਰੋਟੀ ਸਣੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ ਅਤੇ ਦੋਹਾਂ ਲੇਲਿਆਂ ਸਣੇ ਉਹ ਜਾਜਕ ਦੇ ਲਈ ਯਹੋਵਾਹ ਦੇ ਅੱਗੇ ਪਵਿੱਤ੍ਰ ਹੋਣ 21ਅਤੇ ਓਸੇ ਦਿਨ ਤੁਸਾਂ ਆਪਣੇ ਲਈ ਇੱਕ ਪਵਿੱਤ੍ਰ ਮੇਲੇ ਦਾ ਹੋਕਾ ਦੇਣਾ। ਤੁਸਾਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੋੜੀ ਇੱਕ ਸਦਾ ਦੀ ਬਿਧੀ ਠਹਿਰੇ।।
22ਅਤੇ ਜਿਸ ਵੇਲੇ ਤੁਸੀਂ ਆਪਣੇ ਦੇਸ ਦੀ ਹਾੜੀ ਵੱਢੋ ਤਾਂ ਤੂੰ ਵੱਢਣ ਵੇਲੇ ਆਪਣੀ ਪੈਲੀ ਦੀਆਂ ਨੁੱਕਰਾਂ ਸਾਰੀਆਂ ਨਾ ਵੱਢੀਂ, ਨਾ ਤੂੰ ਆਪਣੀ ਹਾੜੀ ਦਾ ਕੋਈ ਸਿਲਾ ਚੁਗੀਂ। ਤੂੰ ਉਨ੍ਹਾਂ ਨੂੰ ਕੰਗਾਲ ਅਤੇ ਓਪਰੇ ਦੇ ਲਈ ਛੱਡੀਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
23ਨਾਲੇ ਮੂਸਾ ਯਹੋਵਾਹ ਨਾਲ ਬੋਲਿਆ ਕਿ 24ਇਸਰਾਏਲ ਦੇ ਪਰਵਾਰ ਨੂੰ ਬੋਲ ਕਿ ਸੱਤਵੇਂ ਮਹੀਨੇ ਨੂੰ, ਮਹੀਨੇ ਦੀ ਪਹਿਲੀ ਮਿਤੀ ਵਿੱਚ ਤੁਸਾਂ ਇੱਕ ਸਬਤ, ਇੱਕ ਤੁਰ੍ਹੀ ਵਜਾਉਣ ਦਾ ਸਿਮਰਨਾ, ਇੱਕ ਪਵਿੱਤ੍ਰ ਮੇਲਾ ਕਰਨ 25ਤੁਸਾਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ ਪਰ ਤੁਸਾਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ।।
26ਅਤੇ ਯਹੋਵਾਹ ਮੂਸਾ ਨਾਲ ਬੋਲਿਆ ਕਿ 27ਨਾਲੇ ਇਸੇ ਸੱਤਵੇਂ ਮਹੀਨੇ ਦੀ ਦਸਵੀਂ ਮਿਤੀ ਨੂੰ ਇੱਕ ਪ੍ਰਾਸਚਿਤ ਦਾ ਦਿਨ ਹੋਵੇ। ਉਹ ਤੁਹਾਡੇ ਲਈ ਇੱਕ ਪਵਿੱਤ੍ਰ ਮੇਲਾ ਹੋਵੇ ਅਤੇ ਤੁਸਾਂ ਆਪਣਿਆਂ ਪ੍ਰਾਣਾਂ ਨੂੰ ਔਖ ਦੇਣਾ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ 28ਅਤੇ ਤੁਸਾਂ ਉਸ ਦਿਨ ਵਿੱਚ ਕੋਈ ਕੰਮ ਨਾ ਕਰਨਾ ਕਿਉਂ ਜੋ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਲਈ ਪ੍ਰਾਸਚਿਤ ਕਰਨ ਨੂੰ, ਇਹ ਪ੍ਰਾਸਚਿਤ ਦਾ ਦਿਨ ਹੈ 29ਕਿਉਂ ਕਿ ਜਿਹੜਾ ਪ੍ਰਾਣੀ ਓਸ ਦਿਨ ਔਖ ਨਾ ਸਹਾਰੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ 30ਅਤੇ ਜਿਹੜਾ ਪ੍ਰਾਣੀ ਉਸ ਦਿਨ ਵਿੱਚ ਕੋਈ ਕੰਮ ਕਰੇ ਤਾਂ ਉਸੇ ਪ੍ਰਾਣੀ ਨੂੰ ਮੈਂ ਉਸ ਦੇ ਲੋਕਾਂ ਵਿੱਚੋਂ ਨਾਸ ਕਰਾਂਗਾ 31ਤੁਸਾਂ ਕਿਸੇ ਪ੍ਰਕਾਰ ਦਾ ਕੰਮ ਨਾ ਕਰਨਾ। ਇਹ ਤੁਹਾਡੇ ਸਭਨਾਂ ਵਸੇਬਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਠਹਿਰੇ 32ਇਹ ਤੁਹਾਨੂੰ ਇੱਕ ਵਿਸਰਾਮ ਦਾ ਸਬਤ ਹੋਵੇ ਅਤੇ ਤੁਸਾਂ ਆਪਣਿਆਂ ਪ੍ਰਾਣਾਂ ਨੂੰ ਔਖ ਦੇਣਾ। ਤੁਸੀਂ ਉਸ ਮਹੀਨੇ ਦੀ ਨੌਵੀਂ ਮਿਤੀ ਨੂੰ ਉਸ ਸੰਧਿਆ ਤੋਂ ਅਗਲੀ ਸੰਧਿਆ ਤੋੜੀ ਆਪਣੇ ਵਿਸਰਾਮ ਰੱਖਣਾ।।
33ਤਾਂ ਯਹੋਵਾਹ ਮੂਸਾ ਨਾਲ ਬੋਲਿਆ ਕਿ 34ਇਸਰਾਏਲੀਆਂ ਨੂੰ ਬੋਲ ਕਿ ਇਸੇ ਸੱਤਵੇਂ ਮਹੀਨੇ ਦੀ ਪੰਧ੍ਰਵੀਂ ਮਿਤੀ ਨੂੰ ਯਹੋਵਾਹ ਦੇ ਅੱਗੇ ਸੱਤ ਦਿਨ ਤੋੜੀ ਡੇਰਿਆਂ ਦਾ ਪਰਬ ਹੋਵੇ 35ਪਹਿਲੇ ਦਿਨ ਨੂੰ ਪਵਿੱਤ੍ਰ ਮੇਲਾ ਹੋਵੇ, ਤੁਸਾਂ ਉਸ ਦੇ ਵਿਚ ਕੋਈ ਕੰਮ ਧੰਦਾ ਨਾ ਕਰਨਾ 36ਸੱਤ ਦਿਨ ਤੋੜੀ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ, ਅੱਠਵੇਂ ਦਿਨ ਤੁਹਾਡੇ ਲਈ ਪਵਿੱਤ੍ਰ ਮੇਲਾ ਹੋਵੇ, ਅਤੇ ਤੁਸਾਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ। ਇਹ ਇੱਕ ਖਾਸ ਮੇਲੇ ਦਾ ਦਿਨ ਹੈ, ਤੁਸਾਂ ਉਸ ਦੇ ਵਿਚ ਕੋਈ ਕੰਮ ਧੰਦਾ ਨਾ ਕਰਨਾ 37ਜਿਹੜੇ ਤੁਸਾਂ ਪਵਿੱਤ੍ਰ ਮੇਲਿਆਂ ਦਾ ਹੋਕਾ ਦੇਣਾ ਹੈ, ਭਈ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਅਤੇ ਹੋਮ ਦੀ ਭੇਟ ਅਤੇ ਮੈਦੇ ਦੀ ਭੇਟ ਅਤੇ ਬਲੀ ਅਤੇ ਪੀਣ ਦੀਆਂ ਭੇਟਾਂ ਸੱਭੋ ਆਪੋ ਆਪਣਿਆਂ ਦਿਨਾਂ ਵਿੱਚ ਏਹੋ ਪਰਬ ਹਨ 38ਅਤੇ ਯਹੋਵਾਹ ਦੇ ਸਬਤ ਤੋਂ ਬਿਨਾ ਆਪਣੇ ਦਾਨ ਤੋਂ ਬਿਨਾਂ ਅਤੇ ਆਪਣੀਆਂ ਸਾਰੀਆਂ ਸੁੱਖਣਾਂ ਤੋਂ ਬਿਨਾਂ ਅਤੇ ਆਪਣੀਆਂ ਸਾਰੀਆਂ ਮਰਜੀ ਦੀਆਂ ਭੇਟਾਂ ਤੋਂ ਬਿਨਾਂ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹੋ 39ਸੱਤਵੇਂ ਮਹੀਨੇ ਦੀ ਪੰਧ੍ਰਵੀਂ ਮਿਤੀ ਨੂੰ ਜਿਸ ਵੇਲੇ ਤੁਸੀਂ ਦੇਸ ਦੇ ਫਲ ਨੂੰ ਇੱਕਠਾ ਕਰੋ ਤਾਂ ਤੁਸਾਂ ਯਹੋਵਾਹ ਦੇ ਅੱਗੇ ਸੱਤ ਦਿਨ ਤੋੜੀ ਇੱਕ ਪਰਬ ਰੱਖਣਾ। ਪਹਿਲਾਂ ਦਿਨ ਸਬਤ ਅਤੇ ਅੱਠਵੇਂ ਦਿਨ ਭੀ ਸਬਤ ਹੋਵੇ 40ਅਤੇ ਤੁਸਾਂ ਪਹਿਲੇ ਦਿਨ ਸੋਹਣੇ ਸੋਹਣੇ ਬਿਰਛਾਂ ਦੀਆਂ ਟਾਹਣੀਆਂ ਨੂੰ ਅਰਥਾਤ ਖਜੂਰ ਦੀਆਂ ਟਾਹਣੀਆਂ ਅਤੇ ਮੋਟੇ ਬਿਰਛਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ ਮਜਨੂੰ ਲੈਣਾ ਅਤੇ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੱਤ ਦਿਨ ਤੋੜੀ ਅਨੰਦ ਖੁਸ਼ੀ ਕਰਨੀ 41ਵਰਹੇ ਵਿੱਚ ਸੱਤ ਦਿਨ ਤੋੜੀ ਤੁਸਾਂ ਇਸ ਦਾ ਯਹੋਵਾਹ ਦੇ ਅੱਗੇ ਪਰਬ ਕਰਨ। ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ, ਤੁਸਾਂ ਸੱਤਵੇਂ ਦਿਨ ਵਿੱਚ ਇਸ ਨੂੰ ਰੱਖਣਾ 42ਤੁਸਾਂ ਸੱਤ ਦਿਨ ਤੋੜੀ ਛੱਪਰੀਆਂ ਵਿੱਚ ਵੱਸਣਾ, ਸੱਭੇ ਜੋ ਇਸਰਾਏਲੀ ਜੰਮੇ ਹੋਏ ਹਨ, ਸੋ ਛੱਪਰੀਆਂ ਵਿੱਚ ਵੱਸਣ 43ਭਈ ਤੁਹਾਡੀਆਂ ਪੀੜ੍ਹੀਆਂ ਜਾਣਨ, ਜੋ ਮੈਂ ਇਸਰਾਏਲੀਆਂ ਨੂੰ ਛੱਪਰੀਆਂ ਵਿੱਚ ਵਸਾਇਆ ਜਿਸ ਵੇਲੇ ਮੈਂ ਉਨ੍ਹਾਂ ਨੂੰ ਮਿਸਰ ਦੇ ਦੇਸ ਤੋਂ ਲਿਆਂਦਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ 44ਅਤੇ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਪਰਬਾਂ ਨੂੰ ਦੱਸ ਦਿੱਤਾ।।

Highlight

Copy

Compare

Share

None

Want to have your highlights saved across all your devices? Sign up or sign in

Videos for ਲੇਵੀਆਂ ਦੀ ਪੋਥੀ 23