ਲੇਵੀਆਂ ਦੀ ਪੋਥੀ 19
19
ਅਖਲਾਕੀ ਉਪਦੇਸ਼
1ਤਾਂ ਯਹੋਵਾਹ ਮੂਸਾ ਨਾਲ ਬੋਲਿਆ ਕਿ 2ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਐਉਂ ਬੋਲ, ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਯਹੋਵਾਹ ਹਾਂ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ।। 3ਤੁਸਾਂ ਆਪੋ ਆਪਣੀ ਮਾਂ ਅਤੇ ਆਪਣੇ ਪਿਉ ਤੋਂ ਡਰਨਾ ਅਤੇ ਮੇਰਿਆਂ ਸਬਤਾਂ ਨੂੰ ਧਿਆਨ ਰੱਖਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
4ਤੁਸਾਂ ਠਾਕੁਰਾਂ ਵੱਲ ਧਿਆਨ ਨਾ ਕਰਨਾ, ਨਾ ਆਪਣੇ ਲਈ ਢਾਲਵੀਆਂ ਮੂਰਤਾਂ ਬਣਾਉਣੀਆਂ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
5ਅਤੇ ਜੇ ਤੁਸੀਂ ਯਹੋਵਾਹ ਦੇ ਅੱਗੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸਾਂ ਆਪਣੇ ਕਬੂਲੇ ਜਾਣ ਲਈ ਚੜ੍ਹਾਉਣੀ 6ਉਹ ਓਸੇ ਦਿਨ ਜਿਸ ਦਿਨ ਵਿੱਚ ਤੁਸੀਂ ਉਸ ਨੂੰ ਚੜ੍ਹਾਓ ਅਤੇ ਅਗਲੇ ਭਲਕ ਖਾਧੀ ਜਾਏ ਅਤੇ ਜੇ ਕਦੀ ਤੀਜੇ ਦਿਨ ਤੋੜੀ ਕੁਝ ਰਹਿ ਜਾਏ ਤਾਂ ਉਹ ਅੱਗ ਵਿੱਚ ਸਾੜੀ ਜਾਵੇ 7ਅਤੇ ਜੇ ਉਹ ਤੀਜੇ ਦਿਨ ਨੂੰ ਕੁਝ ਖਾਧੀ ਨਾ ਜਾਏ, ਉਹ ਮਾੜੀ ਗੱਲ ਹੈ, ਉਹ ਕਬੂਲ ਨਾ ਕੀਤੀ ਜਾਵੇਗੀ 8ਇਸ ਲਈ ਜਿਹੜਾ ਉਸ ਨੂੰ ਖਾਵੇ ਸੋ ਉਸ ਦਾ ਦੋਸ਼ ਉਸ ਦੇ ਜੁੰਮੇ ਹੈ ਕਿਉਂ ਜੋ ਉਸ ਨੇ ਯਹੋਵਾਹ ਦੀ ਪਵਿੱਤ੍ਰ ਵਸਤ ਨੂੰ ਭ੍ਰਿਸ਼ਟ ਕੀਤਾ ਅਤੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।।
9ਅਤੇ ਜਿਸ ਵੇਲੇ ਤੁਸੀਂ ਆਪਣੀ ਧਰਤੀ ਦੀ ਵਾਢੀ ਕਰੋ ਤਾਂ ਤੂੰ ਮੂਲੋਂ ਆਪਣੀ ਪੈਲੀ ਦੀਆਂ ਨੁੱਕਰਾਂ ਦੀ ਵਾਢੀ ਨਾ ਕਰੀਂ, ਨਾ ਤੂੰ ਆਪਣੀ ਵਾਢੀ ਦਾ ਸਿਲਾ ਸਾਭੀਂ 10ਅਤੇ ਤੂੰ ਆਪਣੇ ਦਾਖਾਂ ਦੇ ਬਾਗਾਂ ਦਾ ਸਿਲਾ ਨਾ ਚੁਗੀਂ, ਤੂੰ ਆਪਣੇ ਦਾਖਾਂ ਦੇ ਬਾਗਾਂ ਦੇ ਸਾਰੇ ਦਾਣੇ ਨਾ ਸਾਭੀਂ, ਤੂੰ ਕੰਗਾਲ ਅਤੇ ਓਪਰੇ ਦੇ ਲਈ ਛੱਡ ਦੇਈਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
11ਤੁਸਾਂ ਚੋਰੀ ਨਾ ਕਰਨੀ, ਨਾ ਛਲ ਖੇਡਣਾ, ਨਾ ਆਪਸ ਵਿੱਚ ਝੂਠ ਬੋਲਨਾਂ।। 12ਅਤੇ ਤੁਸਾਂ ਮੇਰਾ ਨਾਮ ਲੈਕੇ ਝੂਠੀ ਸੌਂਹ ਨਾ ਚੁੱਕਣੀ, ਨਾ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਕਰਨਾ। ਮੈਂ ਯਹੋਵਾਹ ਹਾਂ।।
13ਤੂੰ ਆਪਣੇ ਗੁਆਢੀਂ ਨਾਲ ਛੱਲ ਨਾ ਖੇਡੀਂ, ਨਾ ਤੂੰ ਉਸ ਤੋਂ ਕੁਝ ਖੋਹਵੀ। ਮਜੂਰ ਦੀ ਮਜੂਰੀ ਤੇਰੇ ਕੋਲ ਸਾਰੀ ਰਾਤ ਸਵੇਰ ਤੋੜੀ ਤੇਰੇ ਕੋਲ ਨਾ ਰਹੇ।।
14ਤੂੰ ਡੋਰੇ ਨੂੰ ਗਾਲਾਂ ਨਾ ਕੱਢੀ, ਨਾ ਅੰਨ੍ਹੇ ਨੂੰ ਠੋਕਰ ਖਿਲਾਵੀਂ, ਪਰ ਆਪਣੇ ਪਰਮੇਸ਼ੁਰ ਤੋਂ ਡਰੀਂ। ਮੈਂ ਯਹੋਵਾਹ ਹਾਂ।।
15ਤੁਸਾਂ ਨਿਆਉਂ ਵਿੱਚ ਕੋਈ ਅਨਿਆਉਂ ਨਾ ਕਰਨਾ, ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ ਕਰੀਂ, ਪਰ ਸਚਿਆਈ ਨਾਲ ਤੂੰ ਆਪਣੇ ਗਵਾਢੀਂ ਦਾ ਨਿਆਉਂ ਕਰੀਂ।।
16ਤੂੰ ਆਪਣੇ ਲੋਕਾਂ ਵਿੱਚ ਘੁਸਮੁਸੀਆ ਬਣਕੇ ਭਉਂਦਾ ਨਾ ਫਿਰੀਂ। ਤੂੰ ਆਪਣੇ ਗੁਆਢੀਂ ਦੇ ਖੂਨ ਵਿੱਚ ਲੱਕ ਨਾ ਬੰਨ੍ਹੀਂ । ਮੈਂ ਯਹੋਵਾਹ ਹਾਂ।।
17ਤੂੰ ਆਪਣੇ ਭਰਾ ਨਾਲ ਆਪਣੇ ਮਨ ਵਿੱਚ ਵੈਰ ਨਾ ਰੱਖੀਂ। ਤੂੰ ਜਰੂਰ ਆਪਣੇ ਗੁਆਢੀਂ ਨੂੰ ਤਾੜੀਂ, ਜੋ ਓਸ ਦਾ ਦੋਸ਼ ਤੇਰੇ ਜੁੰਮੇ ਨਾ ਹੋਵੇ।।
18ਤੂੰ ਬਦਲਾ ਨਾ ਲਵੀਂ, ਨਾ ਆਪਣੇ ਲੋਕਾਂ ਦੇ ਪਰਵਾਰ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗੁਆਢੀਂ ਨਾਲ ਆਪਣੇ ਜੇਹਾ ਪਿਆਰ ਕਰੀਂ। ਮੈਂ ਯਹੋਵਾਹ ਹਾਂ।।
19ਤੁਸਾਂ ਮੇਰੀਆਂ ਬਿਧਾਂ ਨੂੰ ਧਿਆਨ ਰੱਖਣਾ। ਤੂੰ ਆਪਣੇ ਡੰਗਰ ਨੂੰ ਕਿਸੇ ਵੱਖਰੀ ਜਾਤ ਨਾਲ ਨਾ ਮਿਲਾਵੀਂ। ਤੂੰ ਆਪਣੀ ਪੈਲੀ ਵਿੱਚ ਰਲਿਆ ਮਿਲਿਆ ਬੀਜ ਨਾ ਬੀਜੀਂ, ਨਾ ਤੇਰੇ ਉੱਤੇ ਸੂਤਰ ਅਤੇ ਉੱਨ ਦਾ ਬਣਿਆ ਹੋਇਆ ਕੱਪੜਾ ਪਵੇ।।
20ਜਿਹੜਾ ਕਿਸੇ ਤੀਵੀਂ ਨਾਲ ਜੋ ਟਹਿਲਨ ਹੈ ਅਤੇ ਜੋ ਕਿਸੇ ਭਰਤੇ ਦੀ ਮੰਗੀ ਹੋਈ ਹੈ ਅਤੇ ਜਿਸ ਦਾ ਵੱਟਾ ਨਾ ਦਿੱਤਾ ਹੋਇਆ ਹੋਵੇ, ਨਾ ਉਹ ਛੱਡੀ ਗਈ ਹੋਵੇ, ਉਹ ਸੰਗ ਕਰੇ ਤਾਂ ਉਹ ਬੈਤਾਂ ਨਾਲ ਮਾਰੀ ਜਾਏ, ਓਹ ਵੱਢੇ ਨਾ ਜਾਣ ਕਿਉਂ ਜੋ ਉਹ ਅਜਾਦ ਨਹੀਂ ਸੀ 21ਅਤੇ ਉਹ ਆਪਣੇ ਦੋਸ਼ ਦੀ ਭੇਟ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਅਰਥਾਤ ਦੋਸ਼ ਦੀ ਭੇਟ ਕਰਕੇ ਇੱਕ ਛੱਤ੍ਰਾ ਲਿਆਵੇ 22ਅਤੇ ਜਾਜਕ ਦੋਸ਼ ਦੀ ਭੇਟ ਦੇ ਛੱਤ੍ਰੇ ਨੂੰ ਲੈਕੇ ਯਹੋਵਾਹ ਦੇ ਅੱਗੇ ਉਸ ਦੇ ਲਈ ਓਸ ਪਾਪ ਦੇ ਕਾਰਨ ਜੋ ਉਸ ਨੇ ਕੀਤਾ ਹੈ ਸੋ ਪ੍ਰਾਸਚਿਤ ਕਰੇ ਅਤੇ ਉਹ ਪਾਪ ਜੋ ਉਸ ਨੇ ਕੀਤਾ ਹੈ ਸੋ ਉਸ ਨੂੰ ਖਿਮਾ ਹੋ ਜਾਵੇਗਾ।।
23ਅਤੇ ਜਾਂ ਤੁਸਾਂ ਉਸ ਦੇਸ ਵਿੱਚ ਆਓ ਅਤੇ ਭਾਂਤ ਭਾਂਤ ਦੇ ਬੂਟਿਆਂ ਨੂੰ ਖਾਣ ਲਈ ਲਾਓ ਤੁਸਾਂ ਉਨ੍ਹਾਂ ਦਿਆਂ ਫਲਾਂ ਨੂੰ ਅਸੁੰਨਤੀ ਸਮਝਣਾ, ਓਹ ਤਿੰਨਾਂ ਵਰਿਹਾਂ ਤਾਈਂ ਤੁਹਾਡੇ ਲਈ ਅਸੁੰਨਤੀ ਜਿਹਾ ਹੋਵੇ, ਉਹ ਖਾਧਾ ਨਾ ਜਾਏ 24ਪਰ ਚਉਥੇ ਵਰਹੇ ਵਿੱਚ ਉਸ ਦਾ ਸਾਰਾ ਫਲ ਯਹੋਵਾਹ ਦੇ ਉਪਕਾਰ ਮੰਨਣ ਲਈ ਪਵਿੱਤ੍ਰ ਹੋਵੇ 25ਅਤੇ ਪੰਜਵੇਂ ਵਰਹੇ ਵਿੱਚ ਤੁਸਾਂ ਫਲ ਖਾਣਾ ਜੋ ਉਹ ਤਾਹਨੂੰ ਆਪਣਾ ਵਾਧਾ ਦੇਵੇ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
26ਤੁਸਾਂ ਕੋਈ ਵਸਤ ਲਹੂ ਨਾਲ ਨਾ ਖਾਣੀ, ਨਾ ਤੁਸਾਂ ਜਾਦੂ ਕਰਨੇ, ਨਾ ਮਹਰੂਤ ਵੇਖਣੇ 27ਤੁਸਾਂ ਆਪਣਿਆਂ ਸਿਰਾਂ ਦੀਆਂ ਨੁੱਕਰਾਂ ਨਾ ਮੁੰਨਾਵਣੀਆਂ, ਨਾ ਤੂੰ ਆਪਣੀ ਦਾੜ੍ਹੀ ਦੀਆਂ ਨੁੱਕਰਾਂ ਨੂੰ ਵਿਗਾੜ 28ਤੁਸਾਂ ਕਿਸੇ ਦੇ ਮਰਨ ਉੱਤੇ ਆਪਣਿਆਂ ਸਰੀਰਾਂ ਨੂੰ ਨਾ ਚੀਰਨਾ, ਮੈਂ ਯਹੋਵਾਹ ਹਾਂ।।
29ਆਪਣੀ ਧੀ ਨੂੰ ਕੰਜਰੀ ਬਣਾਉਣ ਦੇ ਲਈ ਆਪਣੀ ਧੀ ਦੀ ਪਤ ਨਾ ਲਾਹ, ਅਜਿਹਾ ਨਾ ਹੋਵੇ ਜੋ ਧਰਤੀ ਉੱਤੇ ਕੰਜਰੀਬਾਜੀ ਪਸਰੇ ਅਤੇ ਦੇਸ ਖੋਟ ਨਾਲ ਭਰਪੂਰ ਹੋਵੇ।।
30ਤੁਸਾਂ ਮੇਰਿਆਂ ਸਬਤਾਂ ਨੂੰ ਮਨਾਉਣਾ ਅਤੇ ਮੇਰੇ ਪਵਿੱਤ੍ਰ ਅਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।।
31ਤੁਸੀਂ ਉਨ੍ਹਾਂ ਦੀ ਵੱਲ ਧਿਆਨ ਨਾ ਕਰੋ ਜਿਨ੍ਹਾਂ ਦੇ ਦੇਉ ਯਾਰ ਹਨ, ਨਾ ਜਾਦੂਗਰਾਂ ਦੇ ਮਗਰ ਲੱਗੋ ਜੋ ਉਨ੍ਹਾਂ ਨਾਲ ਭ੍ਰਿਸ਼ਟ ਨਾ ਹੋ ਜਾਓ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
32ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।।
33ਅਤੇ ਜੇ ਕਦੀ ਓਪਰਾ ਤੇਰੇ ਨਾਲ ਤੁਹਾਡੇ ਦੇਸ ਵਿੱਚ ਵੱਸੇ ਤਾਂ ਤੁਸਾਂ ਉਹ ਨੂੰ ਦੁਖ ਨਾ ਦੇਣਾ 34ਪਰ ਜਿਹੜਾ ਓਪਰਾ ਤੁਹਾਡੇ ਵਿੱਚ ਵੱਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆਂ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
35ਤੁਸਾਂ ਨਿਆਉਂ ਕਰਨ ਵਿੱਚ, ਨਾਪਣ ਵਿੱਚ, ਤੋਂਲਣ ਵਿੱਚ, ਯਾ ਮਿਣਨ ਵਿੱਚ ਅਨਿਆਉਂ ਨਾ ਕਰਨਾ 36ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸੋਂ ਲਿਆਇਆ 37ਸੋ ਤੁਸਾਂ ਮੇਰੀਆਂ ਸਭਨਾਂ ਬਿਧਾਂ ਅਤੇ ਸਭਨਾਂ ਨਿਆਵਾਂ ਨੂੰ ਮੰਨਣਾ, ਅਤੇ ਪੂਰਾ ਕਰਨਾ। ਮੈਂ ਯਹੋਵਾਹ ਹਾਂ।।
Currently Selected:
ਲੇਵੀਆਂ ਦੀ ਪੋਥੀ 19: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.