YouVersion Logo
Search Icon

ਲੇਵੀਆਂ ਦੀ ਪੋਥੀ 16

16
ਪ੍ਰਾਸਚਿਤ ਦੀ ਵੱਡੀ ਰੀਤ
1ਹਾਰੂਨ ਦੇ ਪੁੱਤ੍ਰਾਂ ਦੇ ਮਰਨ ਦੇ ਮਗਰੋਂ ਜਿਸ ਵੇਲੇ ਓਹ ਯਹੋਵਾਹ ਦੇ ਅੱਗੇ ਭੇਟ ਚੜ੍ਹਾਕੇ ਮਰ ਗਏ 2ਤਾਂ ਯਹੋਵਾਹ ਨੇ ਮੂਸਾ ਨਾਲ ਗੱਲ ਕਰਕੇ ਆਖਿਆ, ਆਪਣੇ ਭਰਾ ਹਾਰੂਨ ਨੂੰ ਆਖ, ਜੋ ਉਹ ਪਵਿੱਤ੍ਰ ਥਾਂ ਵਿੱਚ ਪਰਦੇ ਦੇ ਅੰਦਰ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜੋ ਸੰਦੂਕ ਦੇ ਉੱਤੇ ਹੈ ਸਭਨੀਂ ਵਾਰੀਂ ਨਾ ਆਇਆ ਕਰੇ, ਜੋ ਉਹ ਮਰੇ ਨਾ, ਕਿਉਂ ਜੋ ਮੈਂ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪਰਗਟ ਹੋਵਾਂਗਾ 3ਪਵਿੱਤ੍ਰ ਥਾਂ ਵਿੱਚ ਹਾਰੂਨ ਇਸ ਤਰਾਂ ਆਇਆ ਕਰੇ, ਇੱਕ ਜੁਆਨ ਬਲਦ ਲੈਕੇ ਪਾਪ ਦੀ ਭੇਟ ਦੇ ਲਈ ਅਤੇ ਇੱਕ ਛੱਤ੍ਰਾ ਲੈਕੇ ਹੋਮ ਦੀ ਭੇਟ ਦੇ ਲਈ 4ਉਹ ਪਵਿੱਤ੍ਰ ਕਤਾਨ ਦੇ ਕੁੜਤੇ ਨੂੰ ਪਹਿਰੇ ਅਤੇ ਕਤਾਨ ਦੀ ਕੱਛ ਉਸ ਦੇ ਸਰੀਰ ਉੱਤੇ ਹੋਵੇ ਅਤੇ ਉਸ ਦਾ ਲੱਕ ਕਤਾਨ ਦੇ ਪੱਟਕੇ ਨਾਲ ਕੱਸਿਆ ਹੋਇਆ ਹੋਵੇ ਅਤੇ ਕਤਾਨ ਦਾ ਅਮਾਮਾ ਪਹਿਰੇ। ਏਹ ਪਵਿੱਤ੍ਰ ਲੀੜੇ ਹਨ, ਇਸ ਲਈ ਉਹ ਆਪਣਾ ਸਰੀਰ ਪਾਣੀ ਨਾਲ ਧੋਕੇ ਉਨ੍ਹਾਂ ਨੂੰ ਪਹਿਰੇ 5ਅਤੇ ਉਹ ਇਸਰਾਏਲੀਆਂ ਦੀ ਮੰਡਲੀ ਤੋਂ ਪਾਪ ਦੀ ਭੇਟ ਕਰਕੇ ਬੱਕਰੀਆਂ ਦੇ ਦੋ ਪਠੋਰੇ ਅਤੇ ਹੋਮ ਦੀ ਭੇਟ ਕਰਕੇ ਇੱਕ ਛੱਤ੍ਰਾ ਲਵੇ 6ਅਤੇ ਹਾਰੂਨ ਆਪਣੀ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਚੜ੍ਹਾਵੇ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸਚਿਤ ਕਰੇ 7ਅਤੇ ਉਹ ਦੋਵੇਂ ਬੱਕਰੇ ਲੈਕੇ ਮੰਡਲੀ ਦੇ ਡੇਰੇ ਦੇ ਬੁਹੇ ਕੋਲ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਖਲਿਹਾਰੇ 8ਅਤੇ ਹਾਰੂਨ ਉਨ੍ਹਾਂ ਦੋਹਾਂ ਬੱਕਰਿਆਂ ਉੱਤੇ ਗੁਣਾ ਪਾਵੇ, ਇੱਕ ਗੁਣਾ ਯਹੋਵਾਹ ਦੇ ਲਈ ਅਤੇ ਦੂਜਾ ਗੁਣਾ ਅਜ਼ਾਜ਼ੇਲ ਦੇ ਲਈ 9ਅਤੇ ਜਿਸ ਬੱਕਰੇ ਉੱਤੇ ਯਹੋਵਾਹ ਦਾ ਗੁਣਾ ਪਵੇ, ਹਾਰੂਨ ਉਸ ਨੂੰ ਲਿਆ ਕੇ ਪਾਪ ਦੀ ਭੇਟ ਕਰਕੇ ਚੜ੍ਹਾਵੇ 10ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਦਾ ਗੁਣਾ ਪਿਆ, ਸੋ ਯਹੋਵਾਹ ਦੇ ਅੱਗੇ ਉਸ ਦੇ ਨਾਲ ਪ੍ਰਾਸਚਿਤ ਕਰਨ ਲਈ ਅਤੇ ਉਸ ਨੂੰ ਛੋਟ ਕਰਕੇ ਉਜਾੜ ਵਿੱਚ ਛੱਡਣ ਲਈ, ਜੀਉਂਦਾ ਧਰਿਆ ਜਾਏ 11ਅਤੇ ਹਾਰੂਨ ਉਸ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਲਿਆਕੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸਚਿਤ ਕਰੇ ਅਤੇ ਉਸ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਕੱਟ ਸੁੱਟੇ 12ਅਤੇ ਉਹ ਜਗਵੇਦੀ ਦੇ ਉੱਤੋਂ ਅੱਗ ਦੇ ਕੋਲਿਆਂ ਨਾਲ ਧੂਪਦਾਨੀ ਨੂੰ ਭਰ ਕੇ ਅਤੇ ਮਹੀਨ ਕੁੱਟੇ ਹੋਏ ਅਸ਼ੁਗੰਧ ਨਾਲ ਹੱਥ ਭਰ ਕੇ ਉਸ ਨੂੰ ਪੜਦੇ ਦੇ ਅੰਦਰ ਲੈ ਆਵੇ 13ਅਤੇ ਉਹ ਯਹੋਵਾਹ ਦੇ ਅੱਗੇ ਅੱਗ ਦੇ ਉੱਤੇ ਧੂਪ ਪਾਵੇ ਜੋ ਧੂਪ ਦਾ ਬੱਦਲ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ ਕੱਜ ਲਵੇ ਭਈ ਉਹ ਮਰੇ ਨਾ 14ਅਤੇ ਉਹ ਬਲਦ ਦੇ ਲਹੂ ਤੋਂ ਲੈਕੇ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਪੂਰਬ ਦੀ ਵੱਲ ਆਪਣੀ ਉਂਗਲ ਨਾਲ ਛਿਣਕੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਓਹ ਆਪਣੀ ਉਂਗਲ ਨਾਲ ਲਹੂ ਨੂੰ ਸੱਤ ਵੇਰੀ ਛਿਣਕੇ।।
15ਫੇਰ ਉਹ ਪਾਪ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ ਕੱਟ ਕੇ ਉਸ ਦਾ ਲਹੂ ਪੜਦੇ ਦੇ ਅੰਦਰ ਲਿਆਵੇ ਅਤੇ ਜਿਕੁਰ ਉਸ ਦੇ ਬਲਦ ਦੇ ਲਹੂ ਨਾਲ ਕੀਤਾ ਤਿਹਾ ਹੀ ਉਸ ਲਹੂ ਨਾਲ ਕਰੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਉਸ ਨੂੰ ਛਿਣਕੇ 16ਅਤੇ ਇਸਰਾਏਲੀਆਂ ਦੀ ਅਸ਼ੁੱਧਤਾਈ ਦੇ ਕਾਰਨ ਅਤੇ ਉਨ੍ਹਾਂ ਦੇ ਪਾਪਾਂ ਵਿੱਚ ਉਨ੍ਹਾਂ ਦੇ ਅਪਰਾਧਾਂ ਦੇ ਕਾਰਨ, ਉਹ ਪਵਿੱਤ੍ਰ ਥਾਂ ਦੇ ਲਈ ਪ੍ਰਾਸਚਿਤ ਕਰੇ ਅਤੇ ਏਸੇ ਤਰਾਂ ਜਿਹੜਾ ਉਨ੍ਹਾਂ ਦੇ ਵਿੱਚ, ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ ਮੰਡਲੀ ਦੇ ਡੇਰੇ ਦੇ ਲਈ ਕਰੇ 17ਅਤੇ ਜਿਸ ਵੇਲੇ ਉਹ ਪਵਿੱਤ੍ਰ ਥਾਂ ਵਿੱਚ ਪ੍ਰਾਸਚਿਤ ਕਰਨ ਲਈ ਜਾਵੇ ਜਦ ਤੋੜੀ ਉਹ ਨਿੱਕਲੇ ਨਾ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈਅਤੇ ਇਸਰਾਏਲ ਦੀ ਸਾਰੀ ਮੰਡਲੀ ਦੇ ਲਈ ਪ੍ਰਾਸਚਿਤ ਪੂਰਾ ਨਾ ਕੀਤਾ ਹੋਵੇ, ਤਾਂ ਉਸ ਵੇਲੇ ਮੰਡਲੀ ਦੇ ਡੇਰੇ ਵਿੱਚ ਹੋਰ ਕੋਈ ਨਾ ਹੋਵੇ 18ਅਤੇ ਜਿਹੜੀ ਜਗਵੇਦੀ ਯਹੋਵਾਹ ਦੇ ਅੱਗੇ ਹੈ, ਉਸ ਜਗਵੇਦੀ ਦੇ ਕੋਲ ਜਾਕੇ ਉਸ ਦੇ ਲ਼ਈ ਪ੍ਰਾਸਚਿਤ ਕਰੇ ਅਤੇ ਬਲਦ ਦੇ ਲਹੂ ਤੋਂ ਅਤੇ ਬੱਕਰੇ ਦੇ ਲਹੂ ਤੋਂ ਲੈਕੇ ਉਸ ਨੂੰ ਜਗਵੇਦੀ ਦਿਆਂ ਸਿਙਾਂ ਉੱਤੇ ਆਲੇ ਦੁਆਲੇ ਛਿਣਕੇ 19ਅਤੇ ਉਹ ਉਸ ਲਹੂ ਤੋਂ ਉਸ ਦੇ ਉੱਤੇ ਸੱਤ ਵੇਰੀ ਆਪਣੀ ਉਂਗਲ ਨਾਲ ਛਿਣਕੇ ਅਤੇ ਉਸ ਨੂੰ ਸ਼ੁੱਧ ਕਰੇ ਅਤੇ ਇਸਰਾਏਲੀਆਂ ਦੀ ਅਸ਼ੁੱਧਤਾਈ ਤੋਂ ਉਸ ਨੂੰ ਪਵਿੱਤ੍ਰ ਕਰੇ।।
20ਜਾਂ ਉਹ ਪਵਿੱਤ੍ਰ ਥਾਂ ਦਾ ਅਤੇ ਮੰਡਲੀ ਦੇ ਡੇਰੇ ਦਾ ਅਤੇ ਜਗਵੇਦੀ ਦਾ ਪ੍ਰਾਸਚਿਤ ਪੂਰਾ ਕਰੇ ਤਾਂ ਜੀਉਂਦੇ ਬੱਕਰੇ ਨੂੰ ਲਿਆਵੇ 21ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਧਰੇ ਅਤੇ ਇਸਰਾਏਲੀਆਂ ਦੀਆਂ ਬਦੀਆਂ ਨੂੰ ਅਤੇ ਉਨ੍ਹਾਂ ਦੇ ਸਾਰਿਆਂ ਪਾਪਾਂ ਵਿੱਚ ਉਨ੍ਹਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਉਨ੍ਹਾਂ ਨੂੰ ਧਰ ਕੇ ਉਸ ਦੇ ਉੱਤੇ ਇਕਰਾਰ ਕਰੇ ਅਤੇ ਉਸ ਨੂੰ ਕਿਸੇ ਤਿਆਰ ਮਨੁੱਖ ਦੇ ਹੱਥ ਨਾਲ ਉਜਾੜ ਵਿੱਚ ਭੇਜ ਦੇਵੇ 22ਅਤੇ ਉਹਬੱਕਰਾ ਉਨ੍ਹਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਇੱਕ ਦੂਰ ਦੇਸ ਨੂੰ ਚੱਲਿਆ ਜਾਵੇ ਅਤੇ ਉਹ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ 23ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਆਣ ਕੇ ਅਤੇ ਜਿਹੜੇ ਉਸ ਨੂੰ ਪਵਿੱਤ੍ਰ ਥਾਂ ਦੇ ਅੰਦਰ ਜਾਣ ਦੇ ਵੇਲੇ ਪਹਿਰੇ ਸਨ ਕਤਾਨ ਦੇ ਲੀੜਿਆਂ ਨੂੰ ਲਾਹ ਕੇ ਉਨ੍ਹਾਂ ਨੂੰ ਉੱਥੇ ਛੱਡੇ 24ਅਤੇ ਉਹ ਆਪਣੇ ਸਰੀਰ ਨੂੰ ਪਵਿੱਤ੍ਰ ਥਾਂ ਵਿੱਚ ਪਾਣੀ ਨਾਲਧੋਕੇ ਆਪਣੇ ਲੀੜੇ ਪਾਵੇ ਅਤੇ ਬਾਹਰ ਨਿੱਕਲ ਕੇ ਆਪਣੀ ਹੋਮ ਦੀ ਭੇਟ ਅਤੇ ਲੋਕਾਂ ਦੀ ਹੋਮ ਦੀ ਭੇਟ ਚੜ੍ਹਾਵੇ ਅਤੇ ਆਪਣੇ ਲਈ ਅਤੇ ਲੋਕਾਂ ਲਈ ਪ੍ਰਾਸਚਿਤ ਕਰੇ 25ਅਤੇ ਪਾਪ ਦੀ ਭੇਟ ਦੀ ਚਰਬੀ ਨੂੰ ਉਹ ਜਗਵੇਦੀ ਉੱਤੇ ਸਾੜ ਸੁੱਟੇ 26ਅਤੇ ਜਿਸ ਨੇ ਅਜ਼ਾਜ਼ੇਲ ਲਈ ਉਸ ਬੱਕਰੇ ਨੂੰ ਛੱਡ ਦਿੱਤਾ, ਸੋ ਆਪਣੇ ਲੀੜੇ ਧੋਕੇ ਪਾਣੀ ਵਿੱਚ ਨ੍ਹਾਕੇ ਪਿੱਛੋਂ ਡੇਰੇ ਵਿੱਚ ਆਵੇ 27ਅਤੇ ਉਸ ਪਾਪ ਦੀ ਭੇਟ ਦੇ ਬਲਦ ਨੂੰ ਅਤੇ ਪਾਪ ਦੀ ਭੇਟ ਦੇ ਬੱਕਰੇ ਨੂੰ ਜਿਨ੍ਹਾਂ ਦਾ ਲਹੂ ਪਵਿੱਤ੍ਰ ਥਾਂ ਵਿੱਚ ਪ੍ਰਾਸਚਿਤ ਕਰਨ ਲਈ ਲਿਆਂਦਾ ਸੀ ਸੋ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਓਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਖੱਲਾਂ ਅਤੇ ਉਨ੍ਹਾਂ ਦੇ ਮਾਸ ਅਤੇ ਉਨ੍ਹਾਂ ਦੇ ਗੋਹੇ ਸਣੇ ਸਾੜ ਸੁੱਟਣ 28ਅਤੇ ਜਿਹੜਾ ਉਨ੍ਹਾਂ ਨੂੰ ਸਾੜੇ, ਸੋ ਆਪਣੇ ਲੀੜੇ ਧੋਕੇ ਅਤੇ ਪਾਣੀ ਵਿੱਚ ਨ੍ਹਾਕੇ ਪਿੱਛੋਂ ਡੇਰੇ ਵਿੱਚ ਆਵੇ।।
29ਅਤੇ ਤੁਹਾਡੇ ਲਈ ਇਹ ਇੱਕ ਸਦਾ ਦੀ ਬਿਧੀ ਠਹਿਰੇ, ਜੋ ਸੱਤਵੇਂ ਮਹੀਨੇ ਵਿੱਚ ਮਹੀਨੇ ਦੀ ਦਸਵੀਂ ਮਿਤੀ ਨੂੰ ਤੁਸਾਂ ਆਪਣੇ ਪ੍ਰਾਣਾਂ ਨੂੰ ਦੁਖ ਦੇਣਾ ਅਤੇ ਕੁਝ ਕੰਮ ਨਾ ਕਰਨਾ, ਭਾਵੇਂ ਆਪਣੇ ਦੇਸ ਦਾ ਹੋਵੇ, ਭਾਵੇਂ ਓਪਰਾ, ਜੋ ਤੁਹਾਡੇ ਵਿਚਕਾਰ ਰਹਿੰਦਾ ਹੋਵੇ 30ਕਿਉਂ ਜੋ ਓਸੇ ਦਿਨ ਜਾਜਕ ਤੁਹਾਨੂੰ ਸ਼ੁੱਧ ਕਰਨ ਨੂੰ ਤੁਹਾਡੇ ਲਈ ਪ੍ਰਾਸਚਿਤ ਕਰੇ ਜੋ ਤੁਸੀਂ ਆਪਣਿਆਂ ਸਾਰਿਆਂ ਪਾਪ ਤੋਂ ਯਹੋਵਾਹ ਦੇ ਅੱਗੇ ਸ਼ੁੱਧ ਹੋਵੋ 31ਇਹ ਤੁਹਾਡੇ ਲਈ ਇੱਕ ਵਿਸਰਾਮ ਦਾ ਸਬਤ ਹੋਵੇ ਅਤੇ ਇੱਕ ਸਦਾ ਦੀ ਬਿਧੀ ਦੇ ਅਨੁਸਾਰ ਤੁਸਾਂ ਆਪਣੇ ਪ੍ਰਾਣਾਂ ਨੂੰ ਦੁਖ ਦੇਣਾ 32ਅਤੇ ਉਹ ਜਾਜਕ ਜਿਸ ਨੂੰ ਉਹ ਮਸਹ ਕਰੇ ਅਤੇ ਜਿਸ ਨੂੰ ਆਪਣੇ ਪਿਓ ਦੀ ਥਾਂ ਜਾਜਕ ਦੇ ਕੰਮ ਵਿੱਚ ਸੇਵਾ ਕਰਨ ਲਈ ਥਾਪੇ ਸੋ ਪ੍ਰਾਸਚਿਤ ਕਰੇ ਅਤੇ ਕਤਾਨ ਦੇ ਲੀੜੇ ਨੂੰ ਅਰਥਾਤ ਪਵਿੱਤ੍ਰ ਬਸਤ੍ਰ ਨੂੰ ਪਹਿਰੇ 33ਅਤੇ ਉਹ ਪਵਿੱਤ੍ਰ ਥਾਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਮੰਡਲੀ ਦੇ ਡੇਰੇ ਦੇ ਲਈ ਅਤੇ ਜਗਵੇਦੀ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਜਾਜਕਾਂ ਦੇ ਲਈ ਅਤੇ ਮੰਡਲੀ ਦੇ ਸਭਨਾਂ ਲੋਕਾਂ ਦੇ ਲਈ ਪ੍ਰਾਸਚਿਤ ਕਰੇ 34ਅਤੇ ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ, ਭਈ ਤੁਸੀ ਇਸਰਾਏਲੀਆਂ ਦੇ ਸਭਨਾਂ ਪਾਪਾਂ ਦੇ ਲਈ ਵਰਹੇ ਵਿੱਚ ਇੱਕ ਵਾਰੀ ਪ੍ਰਾਸਚਿਤ ਕਰੋ। ਅਤੇ ਉਸ ਨੇ ਤਿਹਾ ਹੀ ਕੀਤਾ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ।।

Highlight

Share

Copy

None

Want to have your highlights saved across all your devices? Sign up or sign in

Videos for ਲੇਵੀਆਂ ਦੀ ਪੋਥੀ 16