YouVersion Logo
Search Icon

ਯੂਨਾਹ 1

1
ਯੂਨਾਹ ਦੀ ਅਣਆਗਿਆਕਾਰੀ
1ਯਹੋਵਾਹ ਦੀ ਬਾਣੀ ਅਮਿੱਤਈ ਦੇ ਪੁੱਤ੍ਰ ਯੂਨਾਹ ਨੂੰ ਆਈ ਕਿ 2ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਓਹਨਾਂ ਦੀ ਬੁਰਿਆਈ ਮੇਰੇ ਸਨਮੁਖ ਉਤਾਹਾਂ ਆਈ ਹੈ! 3ਪਰ ਯੂਨਾਹ ਯਹੋਵਾਹ ਦੇ ਹਜ਼ੂਰੋਂ ਤਰਸ਼ੀਸ ਨੂੰ ਭੱਜਣ ਲਈ ਉੱਠਿਆ। ਉਹ ਯਾਫਾ ਵੱਲ ਉਤਰ ਗਿਆ ਅਤੇ ਉੱਥੇ ਇੱਕ ਜਹਾਜ਼ ਜੋ ਤਰਸ਼ੀਸ ਨੂੰ ਜਾਣ ਵਾਲਾ ਸੀ ਉਹ ਨੂੰ ਲੱਭ ਪਿਆ। ਤਦ ਉਸ ਦਾ ਭਾੜਾ ਦੇ ਕੇ ਉਹ ਉਸ ਉੱਤੇ ਚੜ੍ਹਿਆ ਭਈ ਯਹੋਵਾਹ ਦੇ ਹਜ਼ੂਰੋਂ ਉਨ੍ਹਾਂ ਦੇ ਨਾਲ ਤਰਸ਼ੀਸ਼ ਨੂੰ ਜਾਵੇ।।
4ਪਰ ਯਹੋਵਾਹ ਨੇ ਸਮੁੰਦਰ ਉੱਤੇ ਇੱਕ ਵੱਡੀ ਅਨ੍ਹੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੁਫ਼ਾਨ ਸੀ, ਏਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ 5ਤਦ ਮਲਾਹ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵ ਦੇ ਅੱਗੇ ਦੁਹਾਈ ਦੇਣ ਲੱਗਾ। ਉਨ੍ਹਾਂ ਨੇ ਉਸ ਮਾਲ ਮਤਾਹ ਨੂੰ ਜੋ ਜਹਾਜ਼ ਵਿੱਚ ਸੀ ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਉਸ ਨੂੰ ਹੌਲਾ ਕਰ ਦੇਣ। ਪਰ ਯੂਨਾਹ ਜਹਾਜ਼ ਦੇ ਹੇਠਲੇ ਥਾਂ ਲਹਿ ਕੇ ਸੁੱਤਾ ਪਿਆ ਸੀ 6ਤਾਂ ਕਪਤਾਨ ਉਹ ਦੇ ਕੋਲ ਗਿਆ ਅਤੇ ਉਹ ਨੂੰ ਆਖਿਆ, ਹੇ ਸੌਣ ਵਾਲੇ, ਤੈਨੂੰ ਕੀ ਹੋਇਆ? ਉੱਠ! ਆਪਣੇ ਦੇਵ ਨੂੰ ਪੁਕਾਰ! ਸ਼ਾਇਦ ਉਹ ਦੇਵ ਸਾਨੂੰ ਚੇਤੇ ਕਰੇ ਤਾਂ ਅਸੀਂ ਨਾਸ ਨਾ ਹੋਈਏ!।।
7ਤਾਂ ਓਹ ਇੱਕ ਦੂਏ ਨੂੰ ਕਹਿਣ ਲੱਗੇ, ਆਓ, ਅਸੀਂ ਗੁਣਾ ਪਾ ਕੇ ਲੱਭੀਏ ਜੋ ਏਹ ਬਿਪਤਾ ਕਿਹ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ। ਉਪਰੰਤ ਉਨ੍ਹਾਂ ਨੇ ਗੁਣਾ ਪਾਇਆ ਅਤੇ ਗੁਣਾ ਯੂਨਾਹ ਉੱਤੇ ਪਿਆ 8ਤਦ ਓਹ ਉਹ ਨੂੰ ਆਖਣ ਲੱਗੇ, ਤੂੰ ਸਾਨੂੰ ਦੱਸ ਕਿ ਏਹ ਬਿਪਤਾ ਕਿਹ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ? ਤੇਰਾ ਕੰਮ ਕੀ ਹੈ ਅਤੇ ਤੂੰ ਕਿੱਥੋ ਆਇਆ ਹੈਂ? ਤੇਰਾ ਦੇਸ ਕਿਹੜਾ ਹੈ ਅਤੇ ਤੂੰ ਕਿਹੜਿਆਂ ਲੋਕਾਂ ਵਿੱਚੋਂ ਹੈਂ? 9ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਮੈਂ ਇਬਰਾਨੀ ਹਾਂ ਅਤੇ ਅਕਾਸ਼ ਦੇ ਪਰਮੇਸ਼ੁਰ ਯਹੋਵਾਹ ਤੋਂ ਜਿਹ ਨੇ ਸਮੁੰਦਰ ਅਤੇ ਥਲ ਬਣਾਇਆ ਹੈ ਡਰਦਾ ਹਾਂ 10ਤਾਂ ਓਹ ਮਨੁੱਖ ਬਹੁਤ ਹੀ ਡਰ ਗਏ ਅਤੇ ਉਹ ਨੂੰ ਆਖਣ ਲੱਗੇ, ਤੈਂ ਏਹ ਕੀ ਕੀਤਾ? ਕਿਉਂ ਜੋ ਓਹ ਮਨੁੱਖ ਜਾਣਦੇ ਸਨ ਕਿ ਏਹ ਯਹੋਵਾਹ ਦੇ ਹਜ਼ੂਰੋਂ ਨੱਸ ਰਿਹਾ ਸੀ ਕਿਉਂਕਿ ਉਹ ਨੇ ਉਨ੍ਹਾਂ ਨੂੰ ਇਹ ਦੱਸ ਦਿੱਤਾ ਸੀ।।
11ਤਦ ਉਨ੍ਹਾਂ ਨੇ ਉਹ ਨੂੰ ਆਖਿਆ, ਅਸੀਂ ਤੇਰੇ ਨਾਲ ਕੀ ਕਰੀਏ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ? ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਵਧਦੀਆਂ ਜਾਂਦੀਆਂ ਸਨ 12ਤਦ ਉਹ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ, ਫੇਰ ਤੁਹਾਡੇ ਲਈ ਸਮੁੰਦਰ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਏਹ ਵੱਡਾ ਤੁਫ਼ਾਨ ਤੁਹਾਡੇ ਉੱਤੇ ਆਇਆ ਹੈ 13ਤਾਂ ਵੀ ਉਨ੍ਹਾਂ ਮਨੁੱਖਾਂ ਨੇ ਵੰਝ ਚੱਪੇ ਲਾਉਣ ਵਿੱਚ ਵੱਡਾ ਜ਼ੋਰ ਲਾਇਆ ਜੋ ਉਹ ਕੰਢੇ ਲਗ ਜਾਵੇ ਪਰ ਓਹ ਲਾ ਨਾ ਸੱਕੇ ਇਸ ਲਈ ਜੋ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਦੇ ਵਿਰੁੱਧ ਵਧਦੀਆਂ ਜਾਂਦੀਆਂ ਸਨ 14ਤਦ ਉਨ੍ਹਾਂ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਆਖਿਆ, ਹੇ ਯਹੋਵਾਹ, ਅਸੀਂ ਤੇਰੇ ਤਰਲੇ ਕਰਦੇ ਹਾਂ ਭਈ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ ਨਾ ਹੋਈਏ ਅਤੇ ਤੂੰ ਬਿਦੋਸ਼ਾਂ ਖ਼ੂਨ ਸਾਡੇ ਉੱਤੇ ਨਾ ਪਾ ਕਿਉਂ ਜੋ ਹੇ ਯਹੋਵਾਹ, ਤੈਂ ਜੋ ਚਾਹਿਆ ਹੈ ਸੋਈ ਕੀਤਾ ਹੈ! 15ਫੇਰ ਉਨ੍ਹਾਂ ਨੇ ਯੂਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਦਾ ਜ਼ੋਰ ਬੰਦ ਹੋ ਗਿਆ 16ਤਦ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਡਾਢਾ ਹੀ ਭੈ ਮੰਨਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਇੱਕ ਬਲੀ ਚੜ੍ਹਾਈ ਅਤੇ ਸੁੱਖਣਾ ਸੁੱਖੀਆਂ।।
17ਪਰ ਯਹੋਵਾਹ ਨੇ ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੂਨਾਹ ਨੂੰ ਨਿਗਲ ਜਾਵੇ, ਅਤੇ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਢਿੱਡ ਵਿੱਚ ਰਿਹਾ।।

Currently Selected:

ਯੂਨਾਹ 1: PUNOVBSI

Highlight

Copy

Compare

Share

None

Want to have your highlights saved across all your devices? Sign up or sign in