ਹੱਜਈ 2
2
ਹੈਕਲ ਦੇ ਬਣਾਉਣ ਵਾਲਿਆਂ ਨੂੰ ਤਕੜਾ ਕਰਨਾ
1ਸੱਤਵੇਂ ਮਹੀਨੇ ਦੀ ਇੱਕੀ ਤਰੀਕ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਦੇ ਰਾਹੀਂ ਆਇਆ ਕਿ 2ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤ੍ਰ ਜ਼ਰੁੱਬਾਬਲ ਨੂੰ ਅਤੇ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਮਹਾ ਜਾਜਕ ਨੂੰ ਅਤੇ ਬਾਕੀ ਲੋਕਾਂ ਨੂੰ ਇਉਂ ਆਖ 3ਤੁਹਾਡੇ ਵਿੱਚੋਂ ਕੌਣ ਬਾਕੀ ਹੈ ਜਿਹ ਨੇ ਏਸ ਭਵਨ ਦੀ ਪਹਿਲੀ ਰੌਣਕ ਨੂੰ ਵੇਖਿਆ ਹੈ? ਅਤੇ ਹੁਣ ਤੁਸੀਂ ਕੀ ਵੇਖਦੇ ਹੋ? ਕੀ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈ? 4ਪਰ ਹੇ ਜ਼ਰੁੱਬਾਬਲ, ਤਕੜਾ ਹੋ ! ਯਹੋਵਾਹ ਦਾ ਵਾਕ ਹੈ, ਅਤੇ ਹੇ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਮਹਾ ਜਾਜਕ, ਤਕੜਾ ਹੋ! ਅਤੇ ਹੇ ਦੇਸ ਦੇ ਸਾਰੇ ਲੋਕੋ, ਤਕੜੇ ਹੋਵੋ! ਯਹੋਵਾਹ ਦਾ ਵਾਕ ਹੈ, ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, 5ਉਸ ਬਚਨ ਅਨੁਸਾਰ ਜੋ ਮੈਂ ਤੁਹਾਡੇ ਨਾਲ ਬੰਨ੍ਹਿਆ ਜਦ ਤੁਸੀਂ ਮਿਸਰੋਂ ਨਿੱਕਲੇ, ਸੋ ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਡਰੋ ਨਾ? 6ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਥੋੜੇ ਜਿਹੇ ਚਿਰ ਵਿੱਚ ਮੈਂ ਫੇਰ ਅਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ ਦਿਆਂਗਾ 7ਨਾਲੇ ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦਾ ਯਹੋਵਾਹ ਕਹਿੰਦਾ ਹੈ 8ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾਹ ਦਾ ਵਾਕ ਹੈ 9ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ, - ਮੈਂ ਏਸ ਅਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।।
10ਦਾਰਾ ਪਾਤਸ਼ਾਹ ਦੇ ਦੂਜੇ ਵਰ੍ਹੇ ਦੇ ਨੌਵੇਂ ਮਹੀਨੇ ਦੀ ਚੱਵੀ ਤਰੀਕ ਨੂੰ ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ ਕਿ 11ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਬਿਵਸਥਾ ਦੇ ਵਿਖੇ ਜਾਜਕਾਂ ਤੋਂ ਪੁੱਛ 12ਕਿ ਜੇ ਕੋਈ ਮਨੁੱਖ ਪਵਿੱਤਰ ਮਾਸ ਨੂੰ ਆਪਣੇ ਕੁੜਤੇ ਦੀ ਝੋਲੀ ਵਿੱਚ ਪਾ ਕੇ ਲਈ ਜਾਂਦਾ ਹੋਵੇ ਅਤੇ ਉਹ ਦੀ ਝੋਲੀ ਰੋਟੀ, ਦਾਲ, ਮੈ, ਤੇਲ ਯਾ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੋਹ ਜਾਵੇ ਤਾਂ ਭਲਾ, ਉਹ ਚੀਜ਼ ਪਵਿੱਤਰ ਹੋ ਜਾਵੇਗੀ? ਤਾਂ ਜਾਜਕਾਂ ਨੇ ਉੱਤਰ ਦਿੱਤਾ, ਨਹੀਂ 13ਫੇਰ ਹੱਜਈ ਨੇ ਪੁੱਛਿਆ, ਜੇ ਕੋਈ ਮਨੁੱਖ ਜੋ ਲੋਥ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ ਇਨ੍ਹਾਂ ਵਿੱਚੋਂ ਕਿਸੇ ਚੀਜ਼ ਨੂੰ ਛੋਹ ਦੇਵੇ ਤਾਂ ਭਲਾ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ? ਤਾਂ ਜਾਜਕਾਂ ਨੇ ਉੱਤਰ ਦਿੱਤਾ, ਉਹ ਅਸ਼ੁੱਧ ਹੋਵੇਗੀ 14ਫੇਰ ਹੱਜਈ ਨੇ ਉੱਤਰ ਦੇ ਕੇ ਆਖਿਆ ਕਿ ਮੇਰੇ ਅੱਗੇ ਏਸ ਪਰਜਾ ਅਰ ਏਸ ਕੌਮ ਦਾ ਇਹੋ ਹਾਲ ਹੈ, ਯਹੋਵਾਹ ਦਾ ਵਾਕ ਹੈ ਅਤੇ ਏਸੇ ਤਰਾਂ ਓਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਓਹ ਉੱਥੇ ਚੜ੍ਹਾਉਂਦੇ ਹਨ ਉਹ ਵੀ ਅਸ਼ੁੱਧ ਹੈ 15ਹੁਣ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ। ਏਸ ਤੋਂ ਪਹਿਲਾਂ ਕਿ ਪੱਥਰ ਉੱਤੇ ਪੱਥਰ ਯਹੋਵਾਹ ਦੀ ਹੈਕਲ ਵਿੱਚ ਰੱਖਿਆ ਗਿਆ ਤਾਂ ਤੁਹਾਡਾ ਕੀ ਹਾਲ ਰਿਹਾ? 16ਜਦ ਕੋਈ ਵੀਹ ਪੈਮਾਨਿਆਂ ਦੀ ਢੇਰੀ ਕੋਲ ਆਉਂਦਾ ਸੀ ਤਾਂ ਦਸ ਹੀ ਹੁੰਦੇ ਸਨ। ਜਦ ਕੋਈ ਮੈ ਦੇ ਪੀਪੇ ਵਿੱਚੋਂ ਪੰਜਾਹ ਪੈਮਾਨੇ ਕੱਢਣ ਲਈ ਜਾਂਦਾ ਤਾਂ ਵੀਹ ਹੀ ਹੁੰਦੇ ਸਨ 17ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ, ਉੱਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾਹ ਦਾ ਵਾਕ ਹੈ 18ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ, ਨੌਵੇਂ ਮਹੀਨੇ ਦੀ ਚੱਵੀ ਤਰੀਕ ਤੋਂ ਜਿਸ ਦਿਨ ਤੋਂ ਯਹੋਵਾਹ ਦੀ ਹੈਕਲ ਦੀ ਨੀਂਹ ਰੱਖੀ ਗਈ, ਸੋਚ ਵਿਚਾਰ ਕਰੋ 19ਕੀ ਬੀਜ ਅਜੇ ਖੱਤੇ ਵਿੱਚ ਹੈ? ਕੀ ਅੰਗੂਰੀ ਬਾਗ, ਹਜੀਰ ਅਨਾਰ ਅਤੇ ਜ਼ੈਤੂਨ ਦੇ ਬਿਰਛ ਅਜੇ ਫਲ ਨਹੀਂ ਦਿੰਦੇ? ਅੱਜ ਤੋਂ ਤੁਹਾਨੂੰ ਬਕਰਤ ਦਿਆਂਗਾ।।
20ਮਹੀਨੇ ਦੀ ਚੱਵੀ ਤਰੀਕ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਕੋਲ ਦੂਜੀ ਵਾਰ ਆਇਆ ਕਿ 21ਯਹੂਦਾਹ ਦੇ ਹਾਕਮ ਜ਼ਰੁੱਬਾਬਲ ਨੂੰ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ 22ਅਤੇ ਮੈਂ ਰਾਜਾਂ ਦੀਆਂ ਗੱਦੀਆਂ ਨੂੰ ਉਲੱਦ ਦਿਆਂਗਾ ਅਤੇ ਮੈਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦਿਆਂਗਾ ਅਤੇ ਰਥਾਂ ਨੂੰ ਸਵਾਰਾਂ ਸਣੇ ਉੱਲਦ ਦਿਆਂਗਾ ਅਤੇ ਘੋੜੇ ਅਰ ਉਨ੍ਹਾਂ ਦੇ ਸਵਾਰ ਡਿੱਗ ਪੈਣਗੇ, ਹਾਂ, ਹਰ ਮਨੁੱਖ ਆਪਣੇ ਭਰਾ ਦੀ ਤਲਵਾਰ ਨਾਲ 23ਉਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਹੇ ਮੇਰੇ ਦਾਸ ਜ਼ਰੁੱਬਾਬਲ ਸ਼ਅਲਤੀਏਲ ਦੇ ਪੁੱਤ੍ਰ, ਮੈਂ ਤੈਨੂੰ ਲਵਾਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੈਨੂੰ ਆਪਣੀ ਮੋਹਰ ਛਾਪ ਵਾਂਙੁ ਰੱਖਾਂਗਾ ਕਿਉਂ ਜੋ ਮੈਂ ਤੈਨੂੰ ਚੁਣਿਆ ਹੈ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।।
Currently Selected:
ਹੱਜਈ 2: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.