ਉਤਪਤ 1
PUNOVBSI

ਉਤਪਤ 1

1
ਸ੍ਰਿਸ਼ਟੀ ਦਾ ਵਰਣਨ
1ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ 2ਧਰਤੀ ਬੇਡੌਲ ਤੇ ਸੁੰਞੀ ਸੀ ਅਤੇ ਡੁੰਘਿਆਈ ਉੱਤੇ ਅਨ੍ਹੇਰਾ ਸੀ ਅਤੇ ਪਰਮੇਸ਼ੁਰ ਦਾ ਆਤਮਾ ਪਾਣੀਆਂ ਦੇ ਉੱਤੇ ਸੇਉਂਦਾ#1:2 ਅਥਵਾ "ਫੜਫੜਾ ਰਿਹਾ ਸੀ" ਅਥਵਾ "ਹਿਲਦਾ ਸੀ" ।। ਸੀ 3ਪਰਮੇਸ਼ੁਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ 4ਤਾਂ ਪਰਮੇਸ਼ੁਰ ਨੇ ਚਾਨਣ ਨੂੰ ਡਿੱਠਾ ਭਈ ਚੰਗਾ ਹੈ ਅਤੇ ਪਰਮੇਸ਼ੁਰ ਨੇ ਚਾਨਣ ਨੂੰ ਅਨ੍ਹੇਰੇ ਤੋਂ ਵੱਖਰਾ ਕੀਤਾ 5ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਤੇ ਅਨ੍ਹੇਰੇ ਨੂੰ ਰਾਤ ਆਖਿਆ ਸੋ ਸੰਝ ਤੇ ਸਵੇਰ ਪਹਿਲਾ ਦਿਨ ਹੋਇਆ।।
6ਫੇਰ ਪਰਮੇਸ਼ੁਰ ਨੇ ਆਖਿਆ ਕਿ ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰਿਆਂ ਕਰੇ 7ਸੋ ਪਰਮੇਸ਼ੁਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਓਵੇਂ ਹੀ ਹੋ ਗਿਆ 8ਤਾਂ ਪਰਮੇਸ਼ੁਰ ਨੇ ਅੰਬਰ ਨੂੰ ਅਕਾਸ਼ ਆਖਿਆ ਸੋ ਸੰਝ ਤੇ ਸਵੇਰ ਦੂਜਾ ਦਿਨ ਹੋਇਆ।।
9ਫੇਰ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂਜੋ ਖੁਸ਼ਕੀ ਦਿੱਸ ਪਵੇ ਅਤੇ ਓਵੇਂ ਹੀ ਹੋ ਗਿਆ 10ਪਰਮੇਸ਼ੁਰ ਨੇ ਖੁਸ਼ਕੀ ਨੂੰ ਧਰਤੀ ਆਖਿਆ ਅਤੇ ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ੁਰ ਨੇ ਡਿੱਠਾ ਭਈ ਚੰਗਾ ਹੈ 11ਫੇਰ ਪਰਮੇਸ਼ੁਰ ਨੇ ਅਖਿਆ ਕਿ ਧਰਤੀ ਘਾਹ, ਨਾਲੇ ਬੀ ਵਾਲਾ ਸਾਗ ਪੱਤ ਅਤੇ ਫਲਦਾਰ ਬਿਰਛ ਉਗਾਵੇ ਜਿਹੜੇ ਆਪੋ ਆਪਣੀ ਜਿਨਸ ਦੇ ਅਨੁਸਾਰ ਬੀ ਵਾਲਾ ਫਲ ਧਰਤੀ ਉੱਤੇ ਦੇਣ ਅਤੇ ਓਵੇਂ ਹੀ ਹੋ ਗਿਆ 12ਸੋ ਧਰਤੀ ਨੇ ਘਾਹ ਤੇ ਬੀ ਵਾਲਾ ਸਾਗ ਪੱਤ ਉਹ ਦੀ ਜਿਨਸ ਦੇ ਅਨੁਸਾਰ ਤੇ ਫਲਦਾਰ ਬਿਰਛ ਜਿਨ੍ਹਾਂ ਦੇ ਵਿੱਚ ਆਪੋ ਆਪਣੀ ਜਿਨਸ ਦੇ ਅਨੁਸਾਰ ਬੀ ਹੈ ਉਗਾਇਆ ਅਤੇ ਪਰਮੇਸ਼ੁਰ ਨੇ ਡਿੱਠਾ ਭਈ ਚੰਗਾ ਹੈ 13ਸੋ ਸੰਝ ਤੇ ਸਵੇਰ ਤੀਜਾ ਦਿਨ ਹੋਇਆ।।
14ਤਾਂ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਤਾਂਜੋ ਓਹ ਦਿਨ ਨੂੰ ਰਾਤ ਤੋਂ ਅੱਡ ਕਰਨ, ਨਾਲੇ ਓਹ ਨਿਸ਼ਾਨਾਂ ਤੇ ਰੁੱਤਾਂ ਤੇ ਦਿਨਾਂ ਤੇ ਵਰਿਹਾਂ ਲਈ ਹੋਣ 15ਓਹ ਅਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਭਈ ਓਹ ਧਰਤੀ ਉੱਤੇ ਚਾਨਣ ਕਰਨ ਅਤੇ ਓਵੇਂ ਹੀ ਹੋ ਗਿਆ 16ਸੋ ਪਰਮੇਸ਼ੁਰ ਨੇ ਦੋ ਵੱਡੀਆਂ ਜੋਤਾਂ ਬਣਾਈਆਂ- ਵੱਡੀ ਜੋਤ ਜਿਹੜੀ ਦਿਨ ਉੱਤੇ ਰਾਜ ਕਰੇ ਅਤੇ ਨਿੱਕੀ ਜੋਤ ਜਿਹੜੀ ਰਾਤ ਉੱਤੇ ਰਾਜ ਕਰੇ ਨਾਲੇ ਉਸ ਨੇ ਤਾਰੇ ਵੀ ਬਣਾਏ 17ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਦੇ ਅੰਬਰ ਵਿੱਚ ਰੱਖਿਆ ਭਈ ਧਰਤੀ ਉੱਤੇ ਚਾਨਣ ਕਰਨ 18ਅਤੇ ਦਿਨ ਅਰ ਰਾਤ ਉੱਤੇ ਰਾਜ ਕਰਨ ਅਤੇ ਚਾਨਣ ਨੂੰ ਅਨ੍ਹੇਰੇ ਤੋਂ ਅੱਡ ਕਰਨ। ਤਾਂ ਪਰਮੇਸ਼ੁਰ ਨੇ ਡਿੱਠਾ ਭਈ ਚੰਗਾ ਹੈ।।
19ਸੋ ਸੰਝ ਤੇ ਸਵੇਰ ਚੌਥਾ ਦਿਨ ਹੋਇਆ 20ਫੇਰ ਪਰਮੇਸ਼ੁਰ ਨੇ ਆਖਿਆ ਕਿ ਪਾਣੀ ਢੇਰ ਸਾਰੇ ਜੀਉਂਦੇ ਪ੍ਰਾਣੀਆਂ ਨਾਲ ਭਰ ਜਾਣ ਅਤੇ ਪੰਛੀ ਧਰਤੀ ਤੋਂ ਉਤਾਹਾਂ ਅਕਾਸ਼ ਦੇ ਅੰਬਰ ਵਿੱਚ ਉੱਡਣ 21ਪਰਮੇਸ਼ੁਰ ਨੇ ਵੱਡੇ ਵੱਡੇ ਜਲ ਜੰਤੂਆਂ ਨੂੰ ਅਤੇ ਸਾਰੇ ਚੱਲਣ ਵਾਲੇ ਜੀਉਂਦੇ ਪ੍ਰਾਣੀਆਂ ਨੂੰ ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਜਿਨਸ ਅਨੁਸਾਰ ਪਾਣੀ ਭਰ ਗਏ ਉਤਪਤ ਕੀਤਾ, ਨਾਲੇ ਸਾਰੇ ਪੰਖ ਪੰਛੀਆਂ ਨੂੰ ਵੀ ਉਨ੍ਹਾਂ ਦੀ ਜਿਨਸ ਅਨੁਸਾਰ ਅਤੇ ਪਰਮੇਸ਼ੁਰ ਨੇ ਡਿੱਠਾ ਭਈ ਚੰਗਾ ਹੈ 22ਤਾਂ ਪਰਮੇਸ਼ੁਰ ਨੇ ਇਹ ਆਖਕੇ ਉਨ੍ਹਾਂ ਨੂੰ ਅਸੀਸ ਦਿੱਤੀ ਭਈ ਫਲੋ ਤੇ ਵੱਧੋ ਤੇ ਸਮੁੰਦਰਾਂ ਦੇ ਪਾਣੀਆਂ ਨੂੰ ਭਰ ਦਿਓ ਅਤੇ ਪੰਛੀ ਧਰਤੀ ਉੱਤੇ ਵਧਣ 23ਸੋ ਸੰਝ ਤੇ ਸਵੇਰ ਪੰਜਵਾ ਦਿਨ ਹੋਇਆ ।।
24ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਉੱਤੇ ਜੀਉਂਦੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਤੇ ਡੰਗਰਾਂ ਨੂੰ ਅਰ ਘਿੱਸਰਨ ਵਾਲਿਆਂ ਨੂੰ ਅਰ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਉਪਜਾਵੇ ਅਤੇ ਓਵੇਂ ਹੀ ਹੋ ਗਿਆ 25ਸੋ ਪਰਮੇਸ਼ੁਰ ਨੇ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਅਰ ਡੰਗਰਾਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਅਰ ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ੁਰ ਨੇ ਡਿੱਠਾ ਭਈ ਚੰਗਾ ਹੈ 26ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਅਕਾਸ਼ ਦਿਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਸਾਰੇ ਘਿੱਸਰਨ ਵਾਲਿਆਂ ਉੱਤੇ ਰਾਜ ਕਰਨ 27ਸੋ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ 28ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਰ ਵੱਧੋ ਅਤੇ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ 29ਅਤੇ ਪਰਮੇਸ਼ੁਰ ਨੇ ਆਖਿਆ, ਵੇਖੋ ਮੈਂ ਤੁਹਾਨੂੰ ਹਰ ਬੀ ਵਾਲਾ ਸਾਗ ਪੱਤ ਜਿਹੜਾ ਸਾਰੀ ਧਰਤੀ ਦੇ ਉੱਤੇ ਹੈ ਤੇ ਹਰ ਬਿਰਛ ਜਿਹ ਦੇ ਵਿੱਚ ਉਸ ਦਾ ਬੀ ਵਾਲਾ ਫਲ ਹੈ ਦੇ ਦਿੱਤਾ। ਇਹ ਤੁਹਾਡੇ ਲਈ ਭੋਜਨ ਹੈ 30ਅਤੇ ਮੈਂ ਧਰਤੀ ਦੇ ਹਰ ਜਾਨਵਰ ਨੂੰ ਅਰ ਅਕਾਸ਼ ਦੇ ਹਰ ਪੰਛੀ ਨੂੰ ਅਰ ਧਰਤੀ ਪੁਰ ਹਰ ਘਿੱਸਰਨ ਵਾਲੇ ਨੂੰ ਜਿਹ ਦੇ ਵਿੱਚ ਜੀਵਣ ਦਾ ਸਾਹ ਹੈ ਖਾਣ ਲਈ ਹਰ ਪਰਕਾਰ ਦਾ ਸਾਗ ਪੱਤ ਦੇ ਦਿੱਤਾ ਅਤੇ ਉਵੇਂ ਹੀ ਹੋ ਗਿਆ 31ਉਪਰੰਤ ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ। ਸੋ ਸੰਝ ਤੇ ਸਵੇਰ ਛੇਵਾਂ ਦਿਨ ਹੋਇਆ।।

Punjabi O.V. - ਪਵਿੱਤਰ ਬਾਈਬਲ O.V.

Copyright © 2016 by The Bible Society of India

Used by permission. All rights reserved worldwide.


Learn More About ਪਵਿੱਤਰ ਬਾਈਬਲ O.V. Bible (BSI)

Encouraging and challenging you to seek intimacy with God every day.


YouVersion uses cookies to personalize your experience. By using our website, you accept our use of cookies as described in our Privacy Policy.