YouVersion Logo
Search Icon

ਹਿਜ਼ਕੀਏਲ 40

40
ਮਿਣਨ ਵਾਲੇ ਮਨੁੱਖ ਦਾ ਦਰਸ਼ਣ
1ਅਸਾਡੀ ਅਸੀਰੀ ਦੇ ਪੰਜੀਵੇਂ ਵਰ੍ਹੇ ਦੇ ਮੁੱਢ ਵਿੱਚ ਅਤੇ ਮਹੀਨੇ ਦੀ ਦਸਵੀਂ ਤਰੀਕ ਨੂੰ ਜੋ ਸ਼ਹਿਰ ਦੇ ਮਾਰੇ ਜਾਣ ਦਾ ਉਹ ਚੌਦਵਾਂ ਵਰ੍ਹਾ ਸੀ, ਉਸ ਦਿਹਾੜੇ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਉੱਥੇ ਲੈ ਗਿਆ 2ਉਹ ਮੈਨੂੰ ਪਰਮੇਸ਼ੁਰ ਦਿਆਂ ਦਰਸ਼ਣਾਂ ਵਿੱਚ ਇਸਰਾਏਲ ਦੇ ਦੇਸ ਵਿੱਚ ਲੈ ਆਇਆ ਅਤੇ ਉਹ ਨੇ ਮੈਨੂੰ ਇੱਕ ਵੱਡੇ ਉੱਚੇ ਪਰਬਤ ਤੇ ਲਾਹਿਆ ਅਤੇ ਉਸੇ ਉੱਤੇ ਦੱਖਣ ਵੱਲ ਜਾਣੋ ਇੱਕ ਸ਼ਹਿਰ ਦਾ ਅਕਾਰ ਸੀ 3ਅਤੇ ਉਹ ਮੈਨੂੰ ਉੱਥੇ ਲੈ ਗਿਆ ਤਾਂ ਵੇਖੋ, ਇੱਕ ਮਨੁੱਖ ਸੀ ਜਿਸ ਦਾ ਰੂਪ ਪਿੱਤਲ ਵਰਗਾ ਸੀ ਅਤੇ ਉਹ ਸਣ ਦੀ ਰੱਸੀ ਅਤੇ ਮਿਣਨ ਵਾਲਾ ਕਾਨਾ ਹੱਥ ਵਿੱਚ ਲਈ ਫਾਟਕ ਵਿੱਚ ਖਲੋਤਾ ਸੀ 4ਅਤੇ ਉਸ ਮਨੁੱਖ ਨੇ ਮੇਰੇ ਕੋਲ ਇਉਂ ਗੱਲ ਕੀਤੀ, ਹੇ ਆਦਮੀ ਦੇ ਪੁੱਤ੍ਰ, ਆਪਣੀਆਂ ਅੱਖਾਂ ਨਾਲ ਵੇਖ ਅਤੇ ਕੰਨਾਂ ਨਾਲ ਸੁਣ ਅਤੇ ਜਿਹੜਾ ਕੁਝ ਮੈਂ ਤੈਨੂੰ ਵਿਖਾਵਾਂ ਉਸ ਸਾਰੇ ਤੇ ਦਿਲ ਲਾ ਕਿਉਂ ਜੋ ਤੂੰ ਏਸ ਦੇ ਵੇਖਣ ਲਈ ਏਥੇ ਲਿਆਂਦਾ ਗਿਆ ਹੈਂ ਕਿ ਮੈਂ ਇਹ ਸਾਰਾ ਕੁਝ ਤੈਨੂੰ ਵਿਖਾਵਾਂ, ਸੋ ਜੋ ਕੁਝ ਤੂੰ ਵੇਖਦਾ ਹੈਂ ਇਸਰਾਏਲ ਦੇ ਘਰਾਣੇ ਨੂੰ ਦੱਸ।।
5ਤਾਂ ਵੇਖੋ, ਭਵਨ ਦੇ ਹਾਤੇ ਦੇ ਚਾਰ ਚੁਫੇਰੇ ਕੰਧ ਸੀ, ਅਤੇ ਉਸ ਮਨੁੱਖ ਦੇ ਹੱਥ ਵਿੱਚ ਮਿਣਨ ਵਾਲਾ ਕਾਨਾ ਸੀ ਜਿਹੜਾ ਛੇ ਹੱਥ ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਸੋ ਓਸ ਉਸ ਘਰ ਦੀ ਚੁੜਾਈ ਮਿਣੀ, ਉਹ ਇੱਕ ਕਾਨਾ ਹੋਈ ਅਤੇ ਉਚਾਈ ਇੱਕ ਕਾਨਾ 6ਤਦ ਉਹ ਪੂਰਬੀ ਦਰਵੱਜੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ ਅਤੇ ਉਸ ਦਰਵੱਜੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਕਾਨਾ ਚੌੜੀ ਸੀ ਅਤੇ ਦੂਜੇ ਦਰਵੱਜੇ ਦੀ ਸਰਦਲ ਦੀ ਚੁੜਾਈ ਵੀ ਇੱਕ ਕਾਨਾ ਸੀ 7ਅਤੇ ਹਰ ਇੱਕ ਕੋਠੜੀ ਇੱਕ ਕਾਨਾ ਲੰਮੀ ਤੇ ਇੱਕ ਕਾਨਾ ਚੌੜੀ ਸੀ ਅਤੇ ਕੋਠੜੀਆਂ ਦੇ ਵਿਚਾਲੇ ਪੰਜ ਪੰਜ ਹੱਥ ਦੀ ਵਿੱਥ ਸੀ ਅਤੇ ਦਰਵੱਜੇ ਦੀ ਡੇਉੜ੍ਹੀ ਦੇ ਨੇੜੇ ਅੰਦਰ ਵੱਲ ਦਰਵੱਜੇ ਦੀ ਸਰਦਲ ਇੱਕ ਕਾਨਾ ਸੀ 8ਉਹ ਨੇ ਦਰਵੱਜੇ ਦੀ ਡੇਉੜ੍ਹੀ ਘਰ ਵੱਲੋਂ ਇੱਕ ਕਾਨਾ ਮਿਣੀ 9ਤਦ ਉਹ ਨੇ ਦਰਵੱਜੇ ਦੀ ਡੇਉੜ੍ਹੀ ਅੱਠ ਹੱਥ ਮਿਣੀ ਅਤੇ ਉਹ ਦੇ ਥੰਮ ਦੋ ਹੱਥ ਸਨ ਅਤੇ ਦਰਵੱਜੇ ਦੀ ਡੇਉੜ੍ਹੀ ਘਰ ਵੱਲ ਸੀ 10ਅਤੇ ਪੂਰਬ ਵੱਲ ਦੇ ਦਰਵੱਜੇ ਦੀਆਂ ਕੋਠੜੀਆਂ ਤਿੰਨ ਏਧਰ ਅਤੇ ਤਿੰਨ ਓਧਰ ਸਨ, ਇਹ ਤਿੰਨੇ ਮਿਣਤੀ ਵਿੱਚ ਇੱਕੋ ਜਿੰਨੀਆਂ ਸਨ ਅਤੇ ਏਧਰ ਓਧਰ ਦੇ ਥੰਮਾਂ ਦਾ ਇੱਕੋ ਹੀ ਨਾਪ ਸੀ 11ਅਤੇ ਉਹ ਨੇ ਫਾਟਕ ਦੇ ਦਰ ਦੀ ਚੁੜਾਈ ਦਸ ਹੱਥ ਤੇ ਫਾਟਕ ਦੀ ਲੰਮਾਈ ਤੇਰਾਂ ਹੱਥ ਮਿਣੀ 12ਅਤੇ ਕੋਠੜੀਆਂ ਦੇ ਅੱਗੇ ਦਾ ਥਾਂ ਹੱਥ ਭਰ ਏਧਰ ਅਤੇ ਹੱਥ ਭਰ ਓਧਰ ਸੀ ਅਤੇ ਕੋਠੜੀਆਂ ਛੇ ਹੱਥ ਏਧਰ ਅਤੇ ਹੱਥ ਓਧਰ ਸਨ 13ਤਦ ਉਹ ਨੇ ਦਰਵੱਜੇ ਨੂੰ ਇੱਕ ਕੋਠੜੀ ਦੀ ਛੱਤ ਤੋਂ ਦੂਜੀ ਦੀ ਛੱਤ ਤੀਕਰ ਪੰਜੀ ਹੱਥ ਚੌੜਾ ਮਿਣਿਆ, ਦਰਵੱਜੇ ਦੇ ਸਾਹਮਣੇ ਦਰਵੱਜਾ 14ਅਤੇ ਉਹ ਨੇ ਥੰਮ ਸੱਠ ਹੱਥ ਮਿਣੇ ਅਤੇ ਵੇਹੜੇ ਦੇ ਥੰਮ ਫਾਟਕ ਦੇ ਚਾਰ ਚੁਫੇਰੇ ਸਨ 15ਅਤੇ ਲਾਂਘੇ ਦੇ ਫਾਟਕ ਦੇ ਸਾਹਮਣੇ ਤੋਂ ਲੈ ਕੇ ਅੰਦਰਲੇ ਫਾਟਕ ਦੀ ਡੇਉੜੀ ਦੇ ਸਾਹਮਣੇ ਤੀਕਰ ਪੰਜਾਹ ਹੱਥਾਂ ਦੇ ਥੰਮਾਂ ਦੀ ਵਿੱਥ ਸੀ 16ਅਤੇ ਕੋਠੜੀਆਂ ਵਿੱਚ ਅਤੇ ਉਨ੍ਹਾਂ ਦੇ ਥੰਮਾਂ ਵਿੱਚ ਫਾਟਕ ਦੇ ਅੰਦਰ ਚੁਫੇਰੇ ਝਰੋਖੇ ਸਨ, ਓਦਾਂ ਹੀ ਡੇਉੜ੍ਹੀ ਦੇ ਅੰਦਰ ਵੀ ਚੁਫੇਰੇ ਝਰੋਖੇ ਸਨ ਅਤੇ ਥੰਮਾਂ ਤੇ ਖਜੂਰ ਦੀਆਂ ਮੂਰਤਾਂ ਸਨ।।
17ਫੇਰ ਉਹ ਮੈਨੂੰ ਬਾਹਰ ਦੇ ਵੇਹੜੇ ਵਿੱਚ ਲੈ ਗਿਆ ਅਤੇ ਵੇਖੋ, ਕੋਠੜੀਆਂ ਸਨ ਅਤੇ ਚਾਰੇ ਪਾਸੇ ਵੇਹੜੇ ਵਿੱਚ ਫਰਸ਼ ਲਗਾ ਹੋਇਆ ਸੀ ਅਤੇ ਉਸ ਫਰਸ਼ ਉੱਤੇ ਤੀਹ ਕੋਠੜੀਆਂ ਸਨ 18ਅਤੇ ਉਹ ਫਰਸ਼ ਅਥਵਾ ਥੱਲੇ ਦਾ ਫਰਸ਼ ਫਾਟਕਾਂ ਦੇ ਨਾਲ ਨਾਲ ਬਰਾਬਰ ਲਗਾ ਹੋਇਆ ਸੀ 19ਤਦ ਉਸ ਨੇ ਉਹ ਦੀ ਚੁੜਾਈ ਹੇਠਾਂ ਦੇ ਫਾਟਕ ਦੇ ਸਾਹਮਣੇ ਤੋਂ ਅੰਦਰ ਦੇ ਵੇਹੜੇ ਦੇ ਅੱਗੇ ਪੂਰਬ ਅਤੇ ਉੱਤਰ ਵਾਲੇ ਪਾਸੇ ਬਾਹਰ ਬਾਹਰ ਸੌ ਹੱਥ ਮਿਣੀ।। 20ਫੇਰ ਉਸ ਨੇ ਬਾਹਰ ਦੇ ਵੇਹੜੇ ਦੀ ਉੱਤਰ ਮੂੰਹ ਵਾਲੀ ਫਾਟਕ ਦੀ ਲੰਮਾਈ ਤੇ ਚੁੜਾਈ ਮਿਣੀ 21ਅਤੇ ਉਹ ਦੀਆਂ ਕੋਠੜੀਆਂ ਤਿੰਨ ਏਸ ਪਾਸੇ ਅਤੇ ਤਿੰਨ ਉਸ ਪਾਸੇ ਸਨ ਅਤੇ ਉਹ ਦੇ ਥੰਮ ਤੇ ਡਾਟਾਂ ਪਹਿਲੇ ਫਾਟਕ ਦੇ ਮੇਚੇ ਦੇ ਅਨਕੂਲ ਸਨ। ਉਹ ਦੀ ਲੰਮਾਈ ਪੰਜਾਹ ਹੱਥ ਅਤੇ ਚੁੜਾਈ ਪੰਜੀ ਹੱਥ ਸੀ 22ਅਤੇ ਉਹ ਦੀਆਂ ਬਾਰੀਆਂ ਅਤੇ ਡੇਉੜ੍ਹੀ ਅਤੇ ਖਜੂਰ ਦੇ ਰੁੱਖ ਪੂਰਬੀ ਮੂੰਹ ਵਾਲੇ ਫਾਟਕ ਦੇ ਮੇਚੇ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡੇਉੜ੍ਹੀ ਉਨ੍ਹਾਂ ਦੇ ਅੱਗੇ ਸੀ 23ਅਤੇ ਅੰਦਰ ਦੇ ਵੇਹੜੇ ਦਾ ਫਾਟਕ ਉੱਤਰੀ ਮੂੰਹ ਵਾਲੇ ਅਤੇ ਪੂਰਬੀ ਮੂੰਹ ਵਾਲੇ ਫਾਟਕਾਂ ਦੇ ਸਾਹਮਣੇ ਸੀ ਅਤੇ ਉਹ ਨੇ ਫਾਟਕ ਤੋਂ ਫਾਟਕ ਤੀਕਰ ਸੌ ਹੱਥ ਮਿਣਿਆ 24ਅਤੇ ਉਹ ਮੈਨੂੰ ਦੱਖਣ ਵੱਲ ਲੈ ਗਿਆ ਅਤੇ ਕੀ ਵੇਖਦਾ ਹਾਂ ਕਿ ਦੱਖਣ ਵੱਲ ਇੱਕ ਫਾਟਕ ਹੈ। ਉਹ ਨੇ ਉਸ ਦੇ ਥੰਮਾਂ ਅਤੇ ਉਸ ਦੀ ਡੇਉੜ੍ਹੀ ਨੂੰ ਇਨ੍ਹਾਂ ਹੀ ਨਾਪਾਂ ਦੇ ਅਨੁਸਾਰ ਮਿਣਿਆ 25ਅਤੇ ਉਹ ਦੇ ਵਿੱਚ ਅਤੇ ਉਹ ਦੀ ਡੇਉੜ੍ਹੀ ਵਿੱਚ ਚੁਫੇਰੇ ਉਨ੍ਹਾਂ ਬਾਰੀਆਂ ਵਾਂਗਰ ਬਾਰੀਆਂ ਸਨ। ਲੰਮਾਈ ਪੰਜਾਹ ਹੱਥ ਅਤੇ ਚੁੜਾਈ ਪੰਜੀ ਹੱਥ 26ਅਤੇ ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡੇਉੜੀ ਉਨ੍ਹਾਂ ਦੇ ਅੱਗੇ ਸੀ ਅਤੇ ਉਹ ਦੇ ਥੰਮਾਂ ਤੇ ਖਜੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ, ਇੱਕ ਏਸ ਪਾਸੇ ਅਤੇ ਇੱਕ ਓਸ ਪਾਸੇ 27ਅਤੇ ਦੱਖਣ ਵੱਲ ਅੰਦਰਲੇ ਵੇਹੜੇ ਦਾ ਫਾਟਕ ਸੀ ਅਤੇ ਉਹ ਦੇ ਦੱਖਣ ਦੀ ਵੱਲ ਫਾਟਕ ਤੋਂ ਫਾਟਕ ਤੀਕਰ ਸੌ ਹੱਥ ਮਿਣਿਆ।।
28ਤਦ ਉਹ ਮੈਨੂੰ ਦੱਖਣੀ ਫਾਟਕ ਦੇ ਰਾਹ ਅੰਦਰ ਵੇਹੜੇ ਲਿਆਇਆ ਅਤੇ ਇਨ੍ਹਾਂ ਹੀ ਮੇਚਿਆਂ ਦੇ ਅਨੁਸਾਰ ਉਹ ਨੇ ਦੱਖਣੀ ਫਾਟਕ ਨੂੰ ਮਿਣਿਆ 29ਅਤੇ ਉਹ ਦੀਆਂ ਕੋਠੜੀਆਂ ਅਤੇ ਉਹ ਦੇ ਥੰਮਾਂ ਅਤੇ ਉਹ ਦੀ ਡੇਉੜ੍ਹੀ ਨੂੰ ਇਨ੍ਹਾਂ ਹੀ ਮੇਚਿਆਂ ਦੇ ਅਨਕੂਲ ਵੇਖਿਆ ਅਤੇ ਓਸ ਵਿੱਚ ਅਤੇ ਉਹ ਦੀ ਡੇਉੜ੍ਹੀ ਵਿੱਚ ਚੁਫੇਰੇ ਬਾਰੀਆਂ ਸਨ। ਲੰਮਾਈ ਪੰਜਾਹ ਹੱਥ ਤੇ ਚੁੜਾਈ ਪੰਜੀ ਹੱਥ ਸੀ 30ਅਤੇ ਡੇਉੜ੍ਹੀ ਚਾਰ ਚੁਫੇਰਿਓਂ ਪੰਜੀ ਹੱਥ ਲੰਮੀ ਅਤੇ ਪੰਜ ਹੱਥ ਚੌੜੀ ਸੀ 31ਉਹ ਦੀ ਡੇਉੜ੍ਹੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਖਜੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ 32ਅਤੇ ਉਹ ਮੈਨੂੰ ਪੂਰਬ ਵੱਲ ਅੰਦਰਲੇ ਵੇਹੜੇ ਵਿੱਚ ਲੈ ਆਇਆ ਅਤੇ ਇਨ੍ਹਾਂ ਹੀ ਮੇਚਿਆਂ ਦੇ ਅਨੁਸਾਰ ਫਾਟਕ ਨੂੰ ਵੇਖਿਆ 33ਅਤੇ ਉਹ ਦੀਆਂ ਕੋਠੜੀਆਂ ਅਤੇ ਥੰਮਾਂ ਅਤੇ ਡੇਉੜ੍ਹੀ ਨੂੰ ਇਨ੍ਹਾਂ ਹੀ ਮੇਚਿਆਂ ਦੇ ਅਨਕੂਲ ਵੇਖਿਆ ਅਤੇ ਉਹ ਦੇ ਵਿੱਚ ਅਤੇ ਉਹ ਦੀ ਡੇਉੜ੍ਹੀ ਵਿੱਚ ਚੁਫੇਰੇ ਬਾਰੀਆਂ ਸਨ। ਲੰਮਾਈ ਪੰਜਾਹ ਹੱਥ ਅਤੇ ਚੁੜਾਈ ਪੰਜੀ ਹੱਥ ਸੀ 34ਅਤੇ ਉਹ ਦੀ ਡੇਉੜੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਏਧਰ ਓਧਰ ਖਜੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ 35ਉਹ ਮੈਨੂੰ ਉੱਤਰੀ ਫਾਟਕ ਵੱਲ ਲੈ ਗਿਆ ਅਤੇ ਇਨ੍ਹਾਂ ਹੀ ਮੇਚਿਆਂ ਦੇ ਅਨਕੂਲ ਉਹ ਨੂੰ ਵੇਖਿਆ 36ਉਹ ਦੀਆਂ ਕੋਠੜੀਆਂ ਅਤੇ ਉਹ ਦੇ ਥੰਮਾਂ ਅਤੇ ਉਹ ਦੀ ਡੇਉੜ੍ਹੀ ਜਿਨ੍ਹਾਂ ਵਿੱਚ ਚੁਫੇਰੇ ਬਾਰੀਆਂ ਸਨ ਦੀ ਲੰਮਾਈ ਪੰਜਾਹ ਹੱਥ ਤੇ ਚੁੜਾਈ ਪੰਜੀ ਹੱਥ ਸੀ 37ਅਤੇ ਉਹ ਦੇ ਥੰਮ ਬਾਹਰਲੇ ਵੇਹੜੇ ਵੱਲ ਸਨ ਅਤੇ ਉਹ ਦੇ ਥੰਮਾਂ ਤੇ ਏਧਰ ਓਧਰ ਖਜੂਰਾਂ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।।
38ਫਾਟਕਾਂ ਦੇ ਥੰਮਾਂ ਦੇ ਕੋਲ ਦਰਵੱਜੇ ਵਾਲੀ ਕੋਠੜੀ ਸੀ ਜਿੱਥੇ ਹੋਮ ਬਲੀ ਧੋਦੇ ਸਨ 39ਅਤੇ ਦਰਵੱਜੇ ਦੀ ਡੇਉੜ੍ਹੀ ਵਿੱਚ ਦੋ ਮੇਜ਼ਾਂ ਏਸ ਪਾਸੇ ਤੇ ਦੋ ਉਸ ਪਾਸੇ ਸਨ ਕਿ ਉਨ੍ਹਾਂ ਉੱਤੇ ਹੋਮ ਦੀ ਬਲੀ, ਪਾਪ ਦੀ ਬਲੀ ਅਤੇ ਦੋਸ਼ ਦੀ ਬਲੀ ਕੱਟਣ 40ਅਤੇ ਬਾਹਰ ਵੱਲ ਉੱਤਰੀ ਫਾਟਕ ਦੇ ਲਾਂਘੇ ਦੇ ਨੇੜੇ ਦੋ ਮੇਜ਼ਾਂ ਸਨ ਅਤੇ ਫਾਟਕ ਦੀ ਡੇਉੜ੍ਹੀ ਦੇ ਦੂਜੇ ਪਾਸੇ ਦੋ ਮੇਜ਼ਾਂ ਸਨ 41ਫਾਟਕ ਦੇ ਨੇੜੇ ਚਾਰ ਮੇਜ਼ਾਂ ਏਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ 42ਹੋਮ ਦੀ ਬਲੀ ਲਈ ਘੜੇ ਹੋਏ ਪੱਥਰਾਂ ਦੀਆਂ ਚਾਰ ਮੇਜ਼ਾਂ ਸਨ ਜਿਹੜੀਆਂ ਡੂਢ ਹੱਥ ਲੰਮੀਆਂ ਅਤੇ ਡੂਢ ਹੱਥ ਚੌੜੀਆਂ ਅਤੇ ਇੱਕ ਹੱਥ ਉੱਚੀਆਂ ਸਨ ਜਿਨ੍ਹਾਂ ਉੱਤੇ ਉਹ ਹੋਮ ਦੀ ਭੇਟ ਅਤੇ ਬਲੀ ਨੂੰ ਕੱਟਣ ਵਾਲੇ ਹਥਿਆਰ ਰੱਖਦੇ ਸਨ 43ਅਤੇ ਉਹ ਦੇ ਚੁਫੇਰ ਚਾਰ ਉਂਗਲਾਂ ਲੰਮੇ ਕੁੰਡੇ ਲਗੇ ਸਨ ਅਤੇ ਬਲੀ ਦਾ ਮਾਸ ਮੇਜ਼ਾਂ ਤੇ ਸੀ।।
44ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਨ੍ਹਾਂ ਦੇ ਮੂੰਹ ਦੱਖਣ ਦੀਆਂ ਕੋਠੜੀਆਂ ਸਨ ਅਤੇ ਉਨ੍ਹਾਂ ਦਾ ਮੂੰਹ ਦੱਖਣ ਵੱਸ ਸੀ ਅਤੇ ਇੱਕ ਪੂਰਬੀ ਫਾਟਕ ਵੱਲ ਸੀ ਜਿਸ ਦਾ ਮੂੰਹ ਉੱਤਰ ਵੱਲ ਸੀ 45ਅਤੇ ਉਹ ਨੇ ਮੈਨੂੰ ਆਖਿਆ ਕਿ ਇਹ ਕੋ ਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਨ੍ਹਾਂ ਜਾਜਕਾਂ ਦੇ ਲਈ ਹੈ ਜਿਹੜੇ ਡੇਹਰੇ ਦੀ ਰਾਖੀ ਕਰਦੇ ਹਨ 46ਅਤੇ ਉਹ ਕੋਠੜੀ ਜਿਸ ਦਾ ਮੂੰਹ ਉੱਤਰ ਵੱਲ ਹੈ ਉਨ੍ਹਾਂ ਜਾਜਕਾਂ ਲਈ ਹੈ ਜਿਹੜੇ ਜਗਵੇਦੀ ਦੀ ਰਾਖੀ ਲਈ ਹਨ। ਏਹ ਸਦੋਕ ਦੀ ਵੰਸ ਵਿੱਚੋਂ ਹਨ ਜੋ ਲੇਵੀਆਂ ਵਿੱਚੋਂ ਯਹੋਵਾਹ ਦੇ ਹਜ਼ੂਰ ਆਉਂਦੇ ਹਨ ਤਾਂ ਜੋ ਉਹ ਦੀ ਉਪਾਸਨਾ ਕਰਨ 47ਅਤੇ ਉਹ ਨੇ ਵੇਹੜੇ ਨੂੰ ਸੌ ਹੱਥ ਲੰਮਾ ਤੇ ਸੌ ਹੱਥ ਚੌੜਾ ਵਰਗਾਕਾਰ ਮਿਣਿਆ ਅਤੇ ਜਗਵੇਦੀ ਭਵਨ ਦੇ ਸਾਹਮਣੇ ਸੀ।।
48ਫੇਰ ਉਹ ਮੈਨੂੰ ਭਵਨ ਦੀ ਡੇਉੜ੍ਹੀ ਵਿੱਚ ਲੈ ਆਇਆ ਅਤੇ ਡੇਉੜ੍ਹੀ ਨੂੰ ਮਿਣਿਆ, ਪੰਜ ਹੱਥ ਏਧਰ ਅਤੇ ਪੰਜ ਹੱਥ ਓਧਰ, ਅਤੇ ਉਹ ਫਾਟਕ ਦੀ ਚੁੜਾਈ ਤਿੰਨ ਹੱਥ ਏਸ ਪਾਸੇ ਸੀ ਅਤੇ ਤਿੰਨ ਹੱਥ ਉਸ ਪਾਸੇ 49ਡੇਉੜ੍ਹੀ ਦੀ ਲੰਮਾਈ ਵੀਹ ਹੱਥ ਅਤੇ ਚੁੜਾਈ ਬਾਰਾਂ ਹੱਥ ਸੀ ਉਸ ਪੌੜੀ ਦੇ ਡੰਡੇ ਕੋਲ ਜਿਨ੍ਹਾਂ ਤੋਂ ਉਸ ਉੱਤੇ ਚੜ੍ਹਦੇ ਸਨ ਅਤੇ ਥੰਮਾਂ ਦੇ ਨਾਲ ਪੀਲ ਪਾਏ ਸਨ, ਇੱਕ ਇਸ ਪਾਸੇ ਅਤੇ ਇੱਕ ਉਸ ਪਾਸੇ।।

Highlight

Copy

Compare

Share

None

Want to have your highlights saved across all your devices? Sign up or sign in