YouVersion Logo
Search Icon

ਕੂਚ 19

19
ਸੀਨਈ ਪਰਬਤ ਦਾ ਨੇਮ
1ਤੀਜੇ ਮਹੀਨੇ ਦੇ ਉਸੇ ਦਿਨ ਵਿੱਚ ਜਿਸ ਵਿੱਚ ਇਸਰਾਏਲੀ ਮਿਸਰ ਦੇਸ ਤੋਂ ਨਿੱਕਲੇ ਓਹ ਸੀਨਈ ਦੀ ਉਜਾੜ ਵਿੱਚ ਆਏ 2ਅਰ ਰਫ਼ੀਦੀਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਅੱਪੜੇ ਅਰ ਉੱਥੇ ਉਜਾੜ ਵਿੱਚ ਡੇਰੇ ਲਾਏ ਅਤੇ ਇਸਰਾਏਲ ਨੇ ਪਹਾੜ ਦੇ ਅੱਗੇ ਡੇਰਾ ਕੀਤਾ 3ਤਾਂ ਮੂਸਾ ਪਰਮੇਸ਼ੁਰ ਕੋਲ ਚੜ੍ਹ ਗਿਆ ਅਰ ਯਹੋਵਾਹ ਨੇ ਪਹਾੜ ਤੋਂ ਉਸ ਨੂੰ ਪੁਕਾਰ ਕੇ ਫ਼ਰਮਾਇਆ, ਤੂੰ ਯਾਕੂਬ ਦੇ ਘਰਾਣੇ ਨੂੰ ਐਉਂ ਆਖ ਅਰ ਇਸਰਾਏਲੀਆਂ ਨੂੰ ਦੱਸ 4ਭਈ ਤੁਸਾਂ ਵੇਖਿਆ ਜੋ ਮੈਂ ਇਸਰਾਏਲੀਆਂ ਨਾਲ ਕੀਤਾ ਅਤੇ ਤੁਹਾਨੂੰ ਉਕਾਬ ਦੇ ਖੰਭਾਂ ਉੱਤੇ ਬਿਠਾਲ ਕੇ ਆਪਣੇ ਕੋਲ ਲੈ ਆਇਆ 5ਹੁਣ ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨਾਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ 6ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ। ਏਹ ਉਹ ਗੱਲਾਂ ਹਨ ਜਿਹੜੀਆਂ ਤੂੰ ਇਸਰਾਏਲੀਆਂ ਨੂੰ ਦੱਸੇਂਗਾ।।
7ਤਾਂ ਮੂਸਾ ਨੇ ਆਕੇ ਪਰਜਾ ਦੇ ਬਜ਼ੁਰਗਾਂ ਨੂੰ ਬੁਲਾਇਆ ਅਰ ਓਹ ਸਾਰੀਆਂ ਗੱਲਾਂ ਉਨ੍ਹਾਂ ਦੇ ਅੱਗੇ ਰੱਖੀਆਂ ਜਿਹੜੀਆਂ ਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ 8ਫੇਰ ਸਾਰੀ ਪਰਜਾ ਨੇ ਰਲ ਕੇ ਉੱਤ੍ਰ ਦਿੱਤਾ, ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ। ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਦੇ ਅੱਗੇ ਰੱਖੀਆਂ 9ਅਰ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੇਰੇ ਕੋਲ ਬੱਦਲ ਦੇ ਓਹਲੇ ਵਿੱਚ ਆਉਂਦਾ ਹਾਂ ਤਾਂ ਜੋ ਪਰਜਾ ਗੱਲਾਂ ਸੁਣੇ ਜਿਹੜੀਆਂ ਮੈਂ ਤੇਰੇ ਨਾਲ ਕਰਾਂ ਨਾਲੇ ਉਹ ਸਦਾ ਲਈ ਤੇਰੇ ਉੱਤੇ ਪਰਤੀਤ ਕਰੇ। ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਨੂੰ ਦੱਸੀਆਂ। 10ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਕੋਲ ਜਾਹ ਅਤੇ ਅਜ ਭਲਕੇ ਉਨ੍ਹਾਂ ਨੂੰ ਪਵਿੱਤ੍ਰ ਕਰ ਅਰ ਓਹ ਆਪਣੇ ਬਸਤ੍ਰ ਧੋਣ 11ਅਰ ਤੀਜੇ ਦਿਨ ਲਈ ਤਿਆਰ ਰਹਿਣ ਕਿਉਂ ਕਿ ਤੀਜੇ ਦਿਨ ਯਹੋਵਾਹ ਸਾਰੀ ਪਰਜਾ ਦੀ ਦਰਿਸ਼ਟ ਵਿੱਚ ਸੀਨਈ ਦੇ ਪਹਾੜ ਉੱਤੇ ਉੱਤਰੇਗਾ 12ਅਰ ਤੂੰ ਪਰਜਾ ਲਈ ਚੁਫੇਰੇ ਏਹ ਆਖ ਕੇ ਹੱਦਾਂ ਬਣਾਈਂ ਭਈ ਤੁਸੀਂ ਧਿਆਨ ਰੱਖੋ ਅਰ ਪਹਾੜ ਦੇ ਉੱਤੇ ਨਾ ਚੜ੍ਹਿਓ, ਨਾ ਉਸ ਦੀ ਹੱਦ ਨੂੰ ਛੂਹਿਓ ਅਰ ਹਰ ਇੱਕ ਜਿਹੜਾ ਪਹਾੜ ਨੂੰ ਛੂਹੇ ਉਹ ਜਰੂਰ ਮਾਰਿਆ ਜਾਵੇ 13ਕੋਈ ਹੱਥ ਉਸ ਨੂੰ ਨਾ ਛੂਹੇ ਪਰ ਉਹ ਵੱਟਿਆਂ ਨਾਲ ਮਾਰਿਆ ਜਾਵੇ ਯਾ ਤੀਰ ਨਾਲ ਵਿੰਨ੍ਹਿਆਂ ਜਾਵੇ ਭਾਵੇਂ ਪਸੂ ਹੋਵੇ ਭਾਵੇਂ ਮਨੁੱਖ ਹੋਵੇ, ਉਹ ਜਿਉਂਦਾ ਨਾ ਰਹੇ। ਜਦ ਤੁਰ੍ਹੀ ਦੀ ਅਵਾਜ਼ ਗੂੰਜੇ ਤਾਂ ਉਹ ਪਹਾੜ ਉੱਤੇ ਚੜ੍ਹਨ 14ਤਾਂ ਮੂਸਾ ਪਹਾੜ ਤੋਂ ਪਰਜਾ ਕੋਲ ਉੱਤਰਿਆ ਅਰ ਪਰਜਾ ਨੂੰ ਪਵਿੱਤ੍ਰ ਕੀਤਾ ਅਰ ਉਨ੍ਹਾਂ ਨੇ ਆਪਣੇ ਬਸਤ੍ਰ ਧੋਤੇ 15ਫੇਰ ਉਸ ਨੇ ਪਰਜਾ ਨੂੰ ਆਖਿਆ, ਤੀਜੇ ਦਿਨ ਲਈ ਤਿਆਰ ਰਹੋ ਅਰ ਤੀਵੀਂ ਦੇ ਨੇੜੇ ਨਾ ਜਾਓ।।
16ਐਉਂ ਹੋਇਆ ਕਿ ਜਾਂ ਤੀਜੇ ਦਿਨ ਸਵੇਰਾ ਹੋਇਆ ਤਾਂ ਗੱਜਾਂ ਹੋਈਆਂ ਅਰ ਲਿਸ਼ਕਾਂ ਪਈਆਂ ਅਰ ਇੱਕ ਕਾਲਾ ਬੱਦਲ ਪਹਾੜ ਉੱਤੇ ਸੀ ਅਰ ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਸੀ ਅਤੇ ਜਿੰਨੇ ਲੋਕ ਡੇਰੇ ਵਿੱਚ ਸਨ ਕੰਬ ਗਏ 17ਮੂਸਾ ਲੋਕਾਂ ਨੂੰ ਪਰਮੇਸ਼ੁਰ ਨਾਲ ਮਿਲਣ ਲਈ ਡੇਰੇ ਤੋਂ ਬਾਹਰ ਲੈ ਆਇਆ ਅਤੇ ਓਹ ਪਹਾੜ ਦੇ ਹਠਾੜ ਖਲੋ ਗਏ 18ਅਰ ਸਾਰੇ ਸੀਨਈ ਪਹਾੜ ਤੋਂ ਧੂੰਆਂ ਨਿੱਕਲਦਾ ਸੀ ਕਿਉਂ ਜੋ ਯਹੋਵਾਹ ਅੱਗ ਵਿੱਚ ਉਸ ਦੇ ਉੱਤੇ ਉੱਤਰਿਆ ਅਤੇ ਭੱਠੀ ਵਰਗਾ ਧੂੰਆਂ ਉਸ ਦੇ ਉੱਤੋਂ ਉੱਠ ਰਿਹਾ ਸੀ ਅਰ ਸਾਰਾ ਪਹਾੜ ਅੱਤ ਕੰਬ ਰਿਹਾ ਸੀ 19ਜਦ ਤੁਰ੍ਹੀ ਦੀ ਅਵਾਜ਼ ਅੱਤ ਉੱਚੀ ਹੁੰਦੀ ਜਾਂਦੀ ਸੀ ਤਾਂ ਮੂਸਾ ਬੋਲਿਆ ਅਰ ਪਰਮੇਸ਼ੁਰ ਨੇ ਉਹ ਨੂੰ ਅਵਾਜ਼ ਨਾਲ ਉੱਤ੍ਰ ਦਿੱਤਾ 20ਯਹੋਵਾਹ ਸੀਨਈ ਪਹਾੜ ਉੱਤੇ ਉੱਤਰਿਆ ਅਰਥਾਤ ਪਹਾੜ ਦੀ ਟੀਸੀ ਉੱਤੇ ਅਤੇ ਯਹੋਵਾਹ ਨੇ ਮੂਸਾ ਨੂੰ ਪਹਾੜ ਦੀ ਟੀਸੀ ਉੱਤੇ ਸੱਦਿਆ ਤਾਂ ਮੂਸਾ ਉਤਾਹਾਂ ਗਿਆ 21ਯਹੋਵਾਹ ਨੇ ਮੂਸਾ ਨੂੰ ਆਖਿਆ, ਹੇਠ ਜਾਹ ਅਰ ਪਰਜਾ ਨੂੰ ਤਕੀਦ ਕਰ ਮਤੇ ਓਹ ਵੇਖਣ ਨੂੰ ਯਹੋਵਾਹ ਕੋਲ ਘੁਸ ਆਉਣ ਅਰ ਉਨ੍ਹਾਂ ਵਿੱਚੋਂ ਬਹੁਤੇ ਡਿੱਗ ਪੈਣ 22ਅਰ ਜਾਜਕ ਵੀ ਜਿਹੜੇ ਯਹੋਵਾਹ ਦੇ ਨੇੜੇ ਆਉਂਦੇ ਹਨ ਆਪਣੇ ਆਪ ਨੂੰ ਪਵਿੱਤ੍ਰ ਕਰਨ ਕਿਤੇ ਯਹੋਵਾਹ ਉਨ੍ਹਾਂ ਉੱਤੇ ਨਾ ਵਰ੍ਹ ਪਵੇ 23ਮੂਸਾ ਨੇ ਯਹੋਵਾਹ ਨੂੰ ਆਖਿਆ ਕਿ ਲੋਕ ਸੀਨਈ ਪਹਾੜ ਉੱਤੇ ਨਹੀਂ ਚੜ੍ਹ ਸੱਕਦੇ ਕਿਉਂ ਜੋ ਤੈਂ ਸਾਨੂੰ ਤਕੀਦ ਨਾਲ ਆਖਿਆ ਸੀ ਕਿ ਪਹਾੜ ਦੀਆਂ ਹੱਦਾਂ ਬਣਾ ਰੱਖੋ ਅਰ ਉਹ ਨੂੰ ਪਵਿੱਤ੍ਰ ਕਰੋ 24ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਹੇਠਾਂ ਜਾਹ ਅਰ ਫੇਰ ਉਤਾਹਾਂ ਆ ਤੂੰ ਅਤੇ ਤੇਰੇ ਨਾਲ ਹਾਰੂਨ ਪਰ ਜਾਜਕ ਅਤੇ ਲੋਕ ਯਹੋਵਾਹ ਕੋਲ ਚੜ੍ਹਨ ਲਈ ਨਾ ਘੁਸਣ ਕਿਤੇ ਉਹ ਉਨ੍ਹਾਂ ਉੱਤੇ ਨਾ ਵਰ੍ਹ ਪਵੇ 25ਤਾਂ ਮੂਸਾ ਪਰਜਾ ਕੋਲ ਉੱਤਰਿਆ ਅਰ ਉਨ੍ਹਾਂ ਨੂੰ ਦੱਸਿਆ।।

Currently Selected:

ਕੂਚ 19: PUNOVBSI

Highlight

Share

Copy

None

Want to have your highlights saved across all your devices? Sign up or sign in

YouVersion uses cookies to personalize your experience. By using our website, you accept our use of cookies as described in our Privacy Policy