ਰਸੂਲਾਂ ਦੇ ਕਰਤੱਬ 25
25
ਪੌਲੁਸ ਕੈਸਰ ਦੀ ਦੁਹਾਈ ਦਿੰਦਾ ਹੈ
1ਉਪਰੰਤ ਫ਼ੇਸਤੁਸ ਉਸ ਸੂਬੇ ਵਿੱਚ ਪਹੁੰਚ ਕੇ ਤਿੰਨਾਂ ਦਿਨਾਂ ਦੇ ਮਗਰੋਂ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ 2ਤਾਂ ਪਰਧਾਨ ਜਾਜਕਾਂ ਅਤੇ ਯਹੂਦੀਆਂ ਦੇ ਸਰਦਾਰਾਂ ਨੇ ਪੌਲੁਸ ਦੇ ਵਿਰੁੱਧ ਉਹ ਦੇ ਕੰਨ ਭਰੇ 3ਅਤੇ ਉਸ ਦੀਆਂ ਮਿੰਨਤਾ ਕਰ ਕੇ ਉਹ ਦੇ ਵਿਰੁੱਧ ਐੱਨੀ ਰਿਆਇਤ ਚਾਹੀ ਜੋ ਉਹ ਨੂੰ ਯਰੂਸ਼ਲਮ ਨੂੰ ਬੁਲਾਵੇ ਅਤੇ ਘਾਤ ਵਿੱਚ ਸਨ ਜੋ ਉਹ ਨੂੰ ਰਸਤੇ ਵਿੱਚ ਹੀ ਮਾਰ ਘੱਤਣ 4ਉਪਰੰਤ ਫ਼ੇਸਤੁਸ ਨੇ ਉਤਰ ਦਿੱਤਾ ਜੋ ਪੌਲੁਸ ਕੈਸਰਿਯਾ ਵਿੱਚ ਨਜ਼ਰ ਬੰਦ ਹੈ ਅਤੇ ਮੈਂ ਆਪ ਉੱਥੇ ਛੇਤੀ ਜਾਣ ਨੂੰ ਤਿਆਰ ਹਾਂ 5ਫੇਰ ਬੋਲਿਆ, ਜਿਹੜੇ ਤੁਹਾਡੇ ਵਿੱਚੋਂ ਗੱਲਕਰ ਹੋਣ ਓਹ ਮੇਰੇ ਨਾਲ ਚੱਲਣ ਅਤੇ ਜੇ ਉਸ ਵਿੱਚ ਕੋਈ ਔਗੁਣ ਹੋਵੇ ਤਾਂ ਉਹ ਦੇ ਉੱਤੇ ਨਾਲਸ਼ ਕਰਨ।।
6ਉਹ ਉਨ੍ਹਾਂ ਵਿੱਚ ਕੋਈ ਅੱਠ ਦਸ ਦਿਨ ਰਹਿ ਕੇ ਕੈਸਰਿਯਾ ਨੂੰ ਗਿਆ ਅਰ ਅਗਲੇ ਭਲਕ ਅਦਾਲਤ ਦੀ ਗੱਦੀ ਉੱਤੇ ਬੈਠ ਕੇ ਹੁਕਮ ਦਿੱਤਾ ਜੋ ਪੌਲੁਸ ਨੂੰ ਲਿਆਉਣ 7ਜਾਂ ਉਹ ਹਾਜ਼ਰ ਹੋਇਆ ਤਾਂ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਹ ਦੇ ਉਦਾਲੇ ਖੜੇ ਹੋ ਕੇ ਉਸ ਉੱਤੇ ਬਹੁਤ ਸਾਰੀਆਂ ਭਾਰੀਆਂ ਤੁਹਮਤਾਂ ਲਾਉਣ ਲੱਗੇ ਜਿਨ੍ਹਾਂ ਨੂੰ ਸਾਬਤ ਨਾ ਕਰ ਸੱਕੇ 8ਪਰ ਪੌਲੁਸ ਨੇ ਆਪਣੇ ਉਜ਼ਰ ਵਿੱਚ ਕਿਹਾ ਭਈ ਨਾ ਤਾਂ ਮੈਂ ਯਹੂਦੀਆਂ ਦੀ ਸ਼ਰਾ ਦਾ, ਨਾ ਹੈਕਲ ਦਾ, ਨਾ ਕੈਸਰ ਦਾ ਕੁਝ ਵਿਗਾੜਿਆ ਹੈ 9ਪਰ ਫ਼ੇਸਤੁਸ ਨੇ ਜੋ ਚਾਹੁੰਦਾ ਸੀ ਭਈ ਯਹੂਦੀਆਂ ਨੂੰ ਪਰਸੰਨ ਕਰੇ ਅੱਗੋਂ ਪੌਲੁਸ ਨੂੰ ਆਖਿਆ, ਕੀ ਤੂੰ ਯਰੂਸ਼ਲਮ ਨੂੰ ਜਾਣਾ ਚਾਹੁੰਦਾ ਹੈਂ ਭਈ ਉੱਥੇ ਮੇਰੇ ਅੱਗੇ ਇਨ੍ਹਾਂ ਗੱਲਾਂ ਵਿਖੇ ਤੇਰਾ ਨਿਆਉਂ ਕੀਤਾ ਜਾਵੇ? 10ਪੌਲੁਸ ਨੇ ਕਿਹਾ, ਮੈਂ ਕੈਸਰੀ ਅਦਾਲਤ ਦੀ ਗੱਦੀ ਦੇ ਅੱਗੇ ਖੜ੍ਹਾ ਹਾਂ। ਚਾਹੀਦਾ ਹੈ ਕਿ ਮੇਰਾ ਨਿਆਉਂ ਏੱਥੇ ਹੀ ਹੋਵੇ। ਯਹੂਦੀਆਂ ਦੇ ਉੱਤੇ ਮੈਂ ਕੋਈ ਵਾਧਾ ਨਹੀਂ ਕੀਤਾ ਜਿਵੇਂ ਤੁਸੀਂ ਵੀ ਅੱਛੀ ਤਰਾਂ ਜਾਣਦੇ ਹੋ 11ਸੋ ਜੇ ਮੈਂ ਕੋਈ ਵਾਧਾ ਕੀਤਾ ਅਤੇ ਕਤਲ ਦੇ ਲਾਇਕ ਕੋਈ ਕੰਮ ਕੀਤਾ ਹੋਵੇ ਤਾਂ ਮੈਂ ਕਤਲ ਹੋਣ ਵਿੱਚ ਉੱਜ਼ਰ ਨਹੀਂ ਕਰਦਾ ਪਰ ਜੇ ਉਨ੍ਹਾਂ ਗੱਲਾਂ ਦਾ ਕੁਝ ਅਸਲ ਨਾ ਹੋਵੇ ਜਿਨ੍ਹਾਂ ਦਾ ਏਹ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤਾਂ ਕਿਸੇ ਦੀ ਮਜਾਲ ਨਹੀਂ ਜੋ ਮੈਨੂੰ ਉਨ੍ਹਾਂ ਦੇ ਹਵਾਲੇ ਕਰੇ । ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ। 12ਤਦ ਫ਼ੇਸਤੁਸ ਨੇ ਸਲਾਹਕਾਰਾਂ ਨਾਲ ਗੱਲ ਗਿਣ ਕੇ ਉੱਤਰ ਦਿੱਤਾ ਭਈ ਤੈਂ ਕੈਸਰ ਦੀ ਦੁਹਾਈ ਦਿੱਤੀ ਹੈ, ਤੂੰ ਕੈਸਰ ਹੀ ਦੇ ਕੋਲ ਜਾਏਂਗਾ।। 13ਕੁਝ ਦਿਨ ਬੀਤੇ ਰਾਜਾ ਅਗ੍ਰਿੱਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਦੀ ਆਉ ਭਗਤ ਨੂੰ ਆਏ 14ਅਰ ਜਾਂ ਓਹ ਉੱਥੇ ਕਈ ਦਿਨ ਰਹੇ ਤਾਂ ਫ਼ੇਸਤੁਸ ਨੇ ਪੌਲੁਸ ਦੀ ਵਿਥਿਆ ਰਾਜੇ ਨੂੰ ਸੁਣਾ ਕੇ ਕਿਹਾ ਜੋ ਇੱਕ ਮਨੁੱਖ ਹੈ ਜਿਹ ਨੂੰ ਫ਼ੇਲਿਕਸ ਕੈਦ ਵਿੱਚ ਛੱਡ ਗਿਆ 15ਅਤੇ ਜਾਂ ਮੈਂ ਯਰੂਸ਼ਲਮ ਵਿੱਚ ਸਾਂ ਤਾਂ ਪਰਧਾਨ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਹ ਦੇ ਵਿੱਖੇ ਮੇਰੇ ਕੰਨੀਂ ਗੱਲਾਂ ਪਾਈਆਂ ਅਤੇ ਅਰਜ਼ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ 16ਉਨ੍ਹਾਂ ਨੂੰ ਮੈਂ ਇਹ ਉੱਤਰ ਦਿੱਤਾ ਭਈ ਰੋਮੀਆਂ ਦਾ ਕਾਨੂਨ ਨਹੀਂ ਹੈ ਜੋ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿੰਨਾਂ ਚਿਰ ਮੁਦਾਆਲੈ ਆਪਣੇ ਮੁਦਈਆਂ ਦੇ ਰੋਬਰੂ ਹੋ ਕੇ ਦਾਵੇ ਦਾ ਜਵਾਬ ਦੇਣ ਦਾ ਮੌਕਾ ਨਾ ਪਾਵੇ 17ਸੋ ਜਾਂ ਓਹ ਐੱਥੇ ਆਣ ਇਕੱਠੇ ਹੋਏ ਤਾਂ ਮੈਂ ਕੁਝ ਢਿੱਲ ਨਾ ਕੀਤੀ ਸਗੋਂ ਅਗਲੇ ਭਲਕ ਅਦਾਲਤ ਦੀ ਗੱਦੀ ਤੇ ਬੈਠ ਕੇ ਹੁਕਮ ਦਿੱਤਾ ਜੋ ਉਸ ਮਨੁੱਖ ਨੂੰ ਹਾਜ਼ਰ ਕਰਨ 18ਪਰ ਜਾਂ ਉਹ ਦੇ ਮੁਦਈ ਖੜੇ ਹੋਏ ਤਾਂ ਉਨ੍ਹਾਂ ਨੇ ਇਹੋ ਜਿਹੀ ਕੋਈ ਬੁਰੀ ਗੱਲ ਉਹ ਦੇ ਜੁੰਮੇ ਨਾ ਲਾਈ ਜਿਹੀ ਮੈਂ ਸਮਝਦਾ ਸਾਂ 19ਪਰ ਓਹ ਆਪਣੀ ਦੇਵਪੂਜਾ ਵਿਖੇ ਅਤੇ ਕਿਸੇ ਯਿਸੂ ਦੇ ਵਿਖੇ ਜੋ ਮਰ ਚੁੱਕਿਆ ਪਰ ਪੌਲੁਸ ਆਖਦਾ ਸੀ ਭਈ ਉਹ ਤਾਂ ਜੀਉਂਦਾ ਹੈ ਉਸ ਨਾਲ ਝਗੜਾ ਕਰਦੇ ਸਨ 20ਜਾਂ ਮੈਂ ਦੁਬਧਾ ਵਿੱਚ ਪਿਆ ਕਿ ਇਨ੍ਹਾਂ ਗੱਲਾਂ ਦਾ ਕਿੱਕੁਰ ਨਿਬੇੜਾ ਕਰਾਂ ਤਾਂ ਮੈਂ ਪੁਛਿਆ, ਤੂੰ ਯਰੂਸ਼ਲਮ ਵਿੱਚ ਜਾਣ ਨੂੰ ਰਾਜੀ ਹੈਂ ਜੋ ਉੱਥੇ ਇਨ੍ਹਾਂ ਗੱਲਾਂ ਦੇ ਵਿਖੇ ਤੇਰਾ ਨਿਆਉਂ ਹੋਵੇ? 21ਪਰ ਜਾਂ ਪੌਲੁਸ ਨੇ ਦੁਹਾਈ ਦਿੱਤੀ ਜੋ ਮੇਰਾ ਨਿਆਉਂ ਪਾਤਸ਼ਾਹ ਦੀ ਅਦਾਲਤ ਉੱਤੇ ਰਹਿਣ ਦਿਓ ਤਾਂ ਮੈਂ ਹੁਕਮ ਦਿੱਤਾ ਜੋ ਉਹ ਨਜ਼ਰਬੰਦ ਰਹੇ ਜਦ ਤਾਈਂ ਮੈਂ ਉਹ ਨੂੰ ਕੈਸਰ ਕੋਲ ਨਾ ਭੇਜਾਂ 22ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ ਕਿ ਮੈਂ ਆਪ ਭੀ ਉਸ ਮਨੁੱਖ ਦੀ ਸੁਣਿਆ ਚਾਹੁੰਦਾ ਹਾਂ। ਉਹ ਬੋਲਿਆ, ਤੂੰ ਭਲਕੇ ਉਹ ਦੀ ਸੁਣ ਲਵੀਂ।।
23ਸੋ ਦੂਜੇ ਦਿਨ ਜਾਂ ਅਗ੍ਰਿੱਪਾ ਅਤੇ ਬਰਨੀਕੇ ਵੱਡੀ ਧੂਮ ਧਾਮ ਨਾਲ ਆਏ ਅਤੇ ਫੌਜਾਂ ਦੇ ਸਰਦਾਰਾਂ ਅਤੇ ਸ਼ਹਿਰ ਦੇ ਉੱਤਮ ਲੋਕਾਂ ਸਣੇ ਕਚਹਿਰੀ ਵਿੱਚ ਜਾ ਵੜੇ ਤਾਂ ਫ਼ੇਸਤੁਸ ਦੇ ਹੁਕਮ ਨਾਲ ਪੌਲੁਸ ਨੂੰ ਲਿਆਏ 24ਤਦ ਫ਼ੇਸਤੁਸ ਨੇ ਆਖਿਆ, ਹੇ ਰਾਜਾ ਅਗ੍ਰਿੱਪਾ ਅਤੇ ਸਭ ਲੋਕੋ ਜਿਹੜੇ ਐੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਐਸ ਮਨੁੱਖ ਨੂੰ ਵੇਖਦੇ ਹੋ ਜਿਹ ਦੇ ਕਾਰਨ ਯਹੂਦੀਆਂ ਦੇ ਸਾਰੇ ਲੋਕ ਯਰੂਸ਼ਲਮ ਵਿੱਚ ਅਰ ਐੱਥੇ ਭੀ ਮੇਰੇ ਪਿੱਛੇ ਪਏ ਅਤੇ ਇਹ ਡੰਡ ਪਾਉਂਦੇ ਸਨ ਜੋ ਇਹ ਦਾ ਅੱਗੇ ਨੂੰ ਜੀਉਂਦਾ ਰਹਿਣਾ ਹੀ ਜੋਗ ਨਹੀਂ 25ਪਰ ਮੈਂ ਜਾਣ ਲਿਆ ਜੋ ਉਹ ਨੇ ਕਤਲ ਦੇ ਲਾਇਕ ਕੁਝ ਨਹੀਂ ਕੀਤਾ ਅਤੇ ਜਦੋਂ ਉਸ ਨੇ ਆਪ ਪਾਤਸ਼ਾਹ ਦੀ ਦੁਹਾਈ ਦਿੱਤੀ ਤਦ ਮੈਂ ਠਾਣ ਲਿਆ ਜੋ ਉਹ ਨੂੰ ਘੱਲ ਦਿਆਂ 26ਪਰ ਮੈਨੂੰ ਉਹ ਦੇ ਵਿਖੇ ਕੋਈ ਠੀਕ ਗੱਲ ਨਹੀਂ ਦਿੱਸਦੀ ਜੋ ਆਪਣੇ ਮਾਲਕ ਨੂੰ ਲਿਖਾਂ ਇਸ ਲਈ ਮੈਂ ਉਹ ਨੂੰ ਤੁਹਾਡੇ ਅੱਗੇ ਅਤੇ ਨਿੱਜ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਜੋ ਤਹਕੀਕਾਤ ਦੇ ਪਿੱਛੋਂ ਮੈਂ ਕੁਝ ਲਿਖ ਸੱਕਾਂ 27ਕਿਉਂ ਜੋ ਮੈਨੂੰ ਇਹ ਸਿਆਣੀ ਗੱਲ ਨਹੀਂ ਮਲੂਮ ਹੁੰਦੀ ਭਈ ਇੱਕ ਕੈਦੀ ਨੂੰ ਘੱਲਾਂ ਅਤੇ ਨਾਲ ਹੀ ਨਾ ਦੱਸਾਂ ਜੋ ਕੀ ਕੀ ਦੋਸ਼ ਉਹ ਦੇ ਜੁੰਮੇ ਲਾਏ ਹਨ।।
Currently Selected:
ਰਸੂਲਾਂ ਦੇ ਕਰਤੱਬ 25: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.