YouVersion Logo
Search Icon

੧ ਸਮੂਏਲ 21

21
ਦਾਊਦ ਅਤੇ ਨੋਬ ਦਾ ਜਾਜਕ
1ਦਾਊਦ ਨੋਬ ਵਿੱਚ ਅਹੀਮਲਕ ਜਾਜਕ ਦੇ ਕੋਲ ਆਇਆ ਅਤੇ ਅਹੀਮਲਕ ਦਾਊਦ ਦੇ ਮਲਣ ਤੋਂ ਡਰਿਆ ਅਤੇ ਉਸ ਨੇ ਆਖਿਆ, ਤੂੰ ਇਕੱਲਾ ਕਿਉਂ ਹੈਂ ਅਤੇ ਤੇਰੇ ਨਾਲ ਕੋਈ ਮਨੁੱਖ ਹੈ ਨਹੀਂ? 2ਸੋ ਦਾਊਦ ਨੇ ਅਹੀਮਲਕ ਜਾਜਕ ਨੂੰ ਆਖਿਆ, ਕਿ ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਦੀ ਆਗਿਆ ਦਿੱਤੀ ਹੈ ਅਤੇ ਮੈਨੂੰ ਆਖਿਆ ਹੈ, ਇਹ ਕੰਮ ਜਿਸ ਕਰਕੇ ਮੈਂ ਤੈਨੂੰ ਘੱਲਿਆ ਹੈ ਕਿਸੇ ਮਨੁੱਖ ਉੱਤੇ ਨਾ ਪਰਗਟ ਹੋਵੇ ਅਤੇ ਆਪਣੇ ਜੁਆਨਾਂ ਨੂੰ ਮੈਂ ਫ਼ਲਾਨੇ ਫ਼ਲਾਨੇ ਥਾਂ ਬਿਠਾ ਦਿੱਤਾ ਹੈ 3ਪਰ ਹੁਣ ਤੇਰੇ ਹੱਥ ਵਿੱਚ ਕੀ ਹੈ? ਪੰਜ ਰੋਟੀਆਂ ਯਾ ਹੋਰ ਜੋ ਕੁਝ ਹੈ ਸੋ ਮੇਰੇ ਹੱਥ ਵਿੱਚ ਦੇਹ 4ਜਾਜਕ ਨੇ ਦਾਊਦ ਨੂੰ ਉੱਤਰ ਦੇਕੇ ਆਖਿਆ, ਮੇਰੇ ਹੱਥ ਵਿੱਚ ਆਮ ਰੋਟੀਆਂ ਨਹੀਂ ਪਰ ਪਵਿੱਤ੍ਰ ਰੋਟੀਆਂ ਹਨ ਜੇ ਕਦੀ ਜੁਆਨਾਂ ਨੇ ਸੱਚ ਮੁੱਚ ਆਪਣੇ ਆਪ ਨੂੰ ਤੀਵੀਆਂ ਕੋਲੋਂ ਵੱਖਰਾ ਰੱਖਿਆ ਹੋਵੇ 5ਤਦ ਦਾਊਦ ਨੇ ਜਾਜਕ ਨੂੰ ਉੱਤਰ ਦੇ ਕੇ ਆਖਿਆ, ਸੱਚ ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਤੀਵੀਆਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਪੈਂਡਾ ਮਮੂਲੀ ਜਿਹਾ ਸੀ ਸੋ ਓਹਨਾਂ ਦੇ ਭਾਂਡੇ ਅੱਜ ਕਿੰਨੇ ਵਧੀਕ ਸ਼ੁੱਧ ਹੋਣਗੇ 6ਸੋ ਜਾਜਕ ਨੇ ਪਵਿੱਤ੍ਰ ਰੋਟੀ ਉਸ ਨੂੰ ਦਿੱਤੀ ਕਿਉਂ ਜੋ ਉੱਥੇ ਹਜ਼ੂਰੀ ਦੀ ਰੋਟੀ ਖੁਣੋਂ ਜਿਹੜੀ ਯਹੋਵਾਹ ਦੇ ਅੱਗੋਂ ਚੁੱਕੀ ਗਈ ਸੀ ਭਈ ਉਹ ਦੇ ਥਾਂ ਬਦਲਣੇ ਦੇ ਦਿਨ ਵਿੱਚ ਤੱਤੀ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ 7ਉਸ ਦਿਨ ਉੱਥੇ ਸ਼ਾਊਲ ਦੇ ਟਹਿਲੂਆਂ ਵਿੱਚੋਂ ਇੱਕ ਮਨੁੱਖ ਯਹੋਵਾਹ ਦੇ ਅੱਗੇ ਅਟਕਾਇਆ ਹੋਇਆ ਸੀ। ਉਹ ਦਾ ਨਾਉਂ ਅਦੋਮੀ ਦੋਏਗ ਸੀ, ਉਹ ਸ਼ਾਊਲ ਦੇ ਵਾਗੀਆਂ ਦਾ ਚੌਧਰੀ ਸੀ।।
8ਫੇਰ ਦਾਊਦ ਨੇ ਅਹੀਮਲਕ ਨੂੰ ਪੁੱਛਿਆ, ਐਥੇ ਤੇਰੇ ਕੋਲ ਕੋਈ ਬਰਛੀ ਯਾ ਤਲਵਾਰ ਤਾਂ ਨਹੀਂ? ਕਿਉ ਜੋ ਮੈਂ ਆਪਣੀ ਤਲਵਾਰ ਅਤੇ ਆਪਣੇ ਹਥਿਆਰ ਨਾਲ ਨਹੀਂ ਲਿਆਇਆ ਪਾਤਸ਼ਾਹ ਦੇ ਕੰਮ ਦੀ ਛੇਤੀ ਲੋੜ ਜੋ ਸੀ 9ਸੋ ਜਾਜਕ ਨੇ ਆਖਿਆ, ਫਲਿਸਤੀ ਗੋਲਿਅਥ ਦੀ ਤਲਵਾਰ ਜਿਹ ਨੂੰ ਤੂੰ ਏਲਾਹ ਦੇ ਖੱਡ ਵਿੱਚ ਮਾਰਿਆ ਸੀ ਵੇਖ ਉਹ ਇੱਕ ਲੀੜੇ ਦੇ ਵਿੱਚ ਵਲ੍ਹੇਟੀ ਹੋਈ ਏਫ਼ੋਦ ਦੇ ਪਿੱਛੇ ਹੈ। ਜੇ ਤੈਨੂੰ ਉਹ ਦੀ ਲੋੜ ਹੈ ਤਾਂ ਲੈ ਲੈ ਕਿਉਂ ਜੋ ਉਹ ਦੇ ਬਿਨਾ ਹੋਰ ਐਥੇ ਕੋਈ ਨਹੀਂ। ਤਦ ਦਾਊਦ ਬੋਲਿਆ, ਉਸ ਜੇਹੀ ਤਾਂ ਹੋਰ ਕੋਈ ਹੈ ਹੀ ਨਹੀਂ। ਉਹੋ ਮੈਨੂੰ ਦੇਹ।।
10ਤਾਂ ਦਾਊਦ ਉੱਠਿਆ ਅਤੇ ਸ਼ਾਊਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਥ ਦੇ ਰਾਜਾ ਆਕੀਸ਼ ਦੇ ਕੋਲ ਚੱਲਿਆ ਗਿਆ 11ਆਕੀਸ਼ ਦੇ ਟਹਿਲੂਆਂ ਨੇ ਉਹ ਨੂੰ ਆਖਿਆ, ਭਲਾ, ਇਹ ਉਹ ਦਾਊਦ ਨਹੀਂ ਜੋ ਉਸ ਦੇਸ ਦਾ ਪਾਤਸ਼ਾਹ ਹੈ? ਅਤੇ ਉਹ ਨਹੀਂ ਜਿਸ ਦੇ ਲਈ ਓਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ, -
ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ,
ਪਰ ਦਾਊਦ ਨੇ ਆਪਣੇ ਲੱਖਾਂ ਨੂੰ?
12ਏਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਅਤੇ ਗਥ ਦੇ ਰਾਜਾ ਆਕੀਸ਼ ਵੱਲੋਂ ਬਹੁਤ ਡਰਿਆ 13ਤਦ ਉਹ ਨੇ ਉਸ ਦੇ ਅੱਗੇ ਆਪਣੀ ਡੌਲ ਚਾਲ ਵਟਾ ਲਈ ਅਤੇ ਉਨ੍ਹਾਂ ਦੇ ਵੱਸ ਵਿੱਚ ਹੋਣ ਕਰਕੇ ਆਪ ਨੂੰ ਕਮਲਾ ਬਣਾਇਆ ਅਤੇ ਡਿਉੜ੍ਹੀ ਦੇ ਬੂਹਿਆਂ ਉਤੇ ਵਿਅਰਥ ਗੱਲਾਂ ਲਿਖਣ ਲੱਗਾ ਅਤੇ ਲਾਲਾਂ ਆਪਣੀ ਦਾਹੜੀ ਉੱਤੇ ਵਗਾਈਆਂ 14ਤਦ ਆਕੀਸ਼ ਨੇ ਆਪਣੇ ਟਹਿਲੂਆਂ ਨੂੰ ਆਖਿਆ, ਲਓ, ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ, ਤੁਸੀਂ ਇਹ ਨੂੰ ਮੇਰੇ ਕੋਲ ਕਾਹ ਨੂੰ ਲਿਆਏ ਹੋ? 15ਭਲਾ, ਮੈਨੂੰ ਪਾਗਲਾਂ ਦੀ ਥੁੜ੍ਹੋਂ ਹੈ ਜੋ ਤੁਸੀਂ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਲਈ ਉਹ ਨੂੰ ਮੇਰੇ ਕੋਲ ਲੈ ਆਏ? ਭਲਾ, ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ?।।

Highlight

Copy

Compare

Share

None

Want to have your highlights saved across all your devices? Sign up or sign in