ਗਿਣਤੀ 15

15
ਬਲੀਦਾਨ ਦੇ ਸਬੰਧੀ ਨਿਯਮ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਇਹ ਹੁਕਮ ਦੇ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋਗੇ, ਜਿੱਥੇ ਤੁਸੀਂ ਵੱਸਣਾ ਹੈ, ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ। 3ਅਤੇ ਤੁਸੀਂ ਝੁੰਡ ਜਾਂ ਇੱਜੜ ਤੋਂ ਭੋਜਨ ਦੀਆਂ ਭੇਟਾਂ ਚੜ੍ਹਾਓ, ਭਾਵੇਂ ਵਿਸ਼ੇਸ਼ ਸੁੱਖਣਾ ਨੂੰ ਪੂਰਾ ਕਰਨ ਲਈ ਹੋਮ ਦੀਆਂ ਭੇਟਾਂ ਜਾਂ ਸੁਤੰਤਰ ਭੇਟਾਂ ਜਾਂ ਤਿਉਹਾਰ ਦੀਆਂ ਭੇਟਾਂ ਤਾਂ ਜੋ ਇਹ ਯਾਹਵੇਹ ਦੇ ਅੱਗੇ ਸੁਗੰਧਿਤ ਹੋ ਸਕਣ। 4ਤਾਂ ਜਿਹੜਾ ਯਾਹਵੇਹ ਨੂੰ ਬਲੀ ਚੜ੍ਹਾਉਂਦਾ ਹੈ, ਉਹ ਡੇਢ ਕਿੱਲੋ ਮੈਦਾ ਇੱਕ ਲੀਟਰ ਤੇਲ ਵਿੱਚ ਮਿਲਾਏਗਾ। 5ਹੋਮ ਦੀ ਭੇਟ ਜਾਂ ਬਲੀ ਲਈ ਹਰੇਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ ਦਾਖ਼ਰਸ ਪੀਣ ਦੀ ਭੇਟ ਵਜੋਂ ਤਿਆਰ ਕਰੋ।
6“ ‘ਜਾਂ ਤੁਸੀਂ ਭੇਡੂ ਦੀ ਬਲੀ ਲਈ ਤਿੰਨ ਕਿੱਲੋ ਮੈਦਾ 1.30 ਲੀਟਰ ਤੇਲ ਵਿੱਚ ਮਿਲਾਓ। 7ਪੀਣ ਦੀ ਭੇਟ ਵਜੋਂ, ਤੁਸੀਂ ਯਾਹਵੇਹ ਨੂੰ 1.30 ਲੀਟਰ ਮਿੱਠੀ ਸੁਗੰਧ ਵਾਲੀ ਦਾਖ਼ਰਸ ਚੜ੍ਹਾਓਗੇ।
8“ ‘ਜਦੋਂ ਤੁਸੀਂ ਇੱਕ ਬਲਦ ਨੂੰ ਹੋਮ ਦੀ ਭੇਟ ਵਜੋਂ ਜਾਂ ਬਲੀਦਾਨ ਵਜੋਂ ਤਿਆਰ ਕਰਦੇ ਹੋ, ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਾਹਵੇਹ ਲਈ ਸੁੱਖ-ਸਾਂਦ ਦੀਆਂ ਭੇਟਾਂ ਹੋਣ। 9ਫਿਰ ਤੁਸੀਂ ਉਸ ਵੱਛੇ ਦੇ ਨਾਲ ਮੈਦੇ ਦੀ ਭੇਟ ਨਾਲ ਤਿੰਨ ਦਸਵੇਂ ਹਿੱਸੇ ਮੈਦੇ ਦੇ ਅੱਧਾ ਹੀਨ ਤੇਲ ਮਿਲਿਆ ਹੋਇਆ ਚੜ੍ਹਾਵੇ। 10ਇਸ ਤੋਂ ਇਲਾਵਾ, ਤੁਸੀਂ ਡੇਢ ਲੀਟਰ ਦਾਖ਼ਰਸ, ਅਤੇ ਭੋਜਨ ਦੀ ਭੇਟ ਚੜਾਉ ਇਹ ਸੁਗੰਧਿਤ ਯਾਹਵੇਹ ਨੂੰ ਭੇਟ ਕਰੋਗੇ। 11ਹਰੇਕ ਬਲਦ ਜਾਂ ਭੇਡੂ, ਹਰੇਕ ਲੇਲਾ ਜਾਂ ਬੱਕਰੀ ਇਸ ਤਰ੍ਹਾਂ ਤਿਆਰ ਕੀਤਾ ਜਾਵੇ। 12ਇਹ ਹਰ ਇੱਕ ਦੀ ਗਿਣਤੀ ਅਨੁਸਾਰ ਕਰੋ, ਜਿੰਨੇ ਤੁਸੀਂ ਤਿਆਰ ਕਰਦੇ ਹੋ।
13“ ‘ਹਰ ਵਿਅਕਤੀ ਜੋ ਦੇਸ਼ ਦਾ ਨਿਵਾਸੀ ਹੈ, ਇਹ ਗੱਲਾਂ ਇਸ ਤਰ੍ਹਾਂ ਕਰੇਗਾ ਕਿ ਜਦੋਂ ਉਹ ਯਾਹਵੇਹ ਲਈ ਅੱਗ ਦੀ ਸੁਗੰਧਤਾ ਚੜ੍ਹਾਉਣ ਇਸੇ ਤਰ੍ਹਾਂ ਹੀ ਕਰਨ। 14ਆਉਣ ਵਾਲੀਆਂ ਪੀੜ੍ਹੀਆਂ ਲਈ, ਜਦੋਂ ਵੀ ਕੋਈ ਪਰਦੇਸੀ ਜਾਂ ਤੁਹਾਡੇ ਵਿੱਚ ਰਹਿਣ ਵਾਲਾ ਕੋਈ ਹੋਰ ਵਿਅਕਤੀ ਯਾਹਵੇਹ ਲਈ ਅੱਗ ਦੀ ਸੁਗੰਧਤਾ ਚੜ੍ਹਾਵੇ, ਤਾਂ ਉਹ ਤੁਹਾਡੇ ਵਾਂਗ ਹੀ ਕਰੇ ਜਿਵੇਂ ਤੁਸੀਂ ਕਰਦੇ ਹੋ। 15ਸਭਾ ਲਈ ਇੱਕੋ ਹੀ ਬਿਧੀ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੋਵੇ ਅਤੇ ਇਹ ਬਿਧੀ ਤੁਹਾਡੀ ਪੀੜ੍ਹੀਓ ਪੀੜ੍ਹੀ ਸਦਾ ਲਈ ਹੋਵੇ, ਜਿਵੇਂ ਤੁਸੀਂ ਉਸੇ ਤਰ੍ਹਾਂ ਪਰਦੇਸੀ ਯਾਹਵੇਹ ਦੇ ਅੱਗੇ ਹੋ। 16ਤੁਹਾਡੇ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਉੱਤੇ ਇੱਕੋ ਜਿਹੀ ਬਿਵਸਥਾ ਅਤੇ ਕਾਨੂੰਨ ਲਾਗੂ ਹੋਣ।’ ”
17ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 18“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜਿੱਥੇ ਮੈਂ ਤੁਹਾਨੂੰ ਲੈ ਜਾ ਰਿਹਾ ਹਾਂ 19ਅਤੇ ਤੁਸੀਂ ਉਸ ਦੇਸ਼ ਦਾ ਭੋਜਨ ਖਾਓਗੇ, ਤਾਂ ਇੱਕ ਹਿੱਸਾ ਯਾਹਵੇਹ ਲਈ ਹਿਲਾਉਣ ਦੀ ਭੇਟ ਕਰਕੇ ਚੜ੍ਹਾਓ। 20ਆਪਣੇ ਜ਼ਮੀਨ ਦੇ ਪਹਿਲੇ ਭੋਜਨ ਵਿੱਚੋਂ ਇੱਕ ਰੋਟੀ ਭੇਂਟ ਕਰੋ ਜਿਵੇਂ ਪਿੜ#15:20 ਪਿੜ ਅਰਥਾਤ: ਉਹ ਥਾਂ ਜਿੱਥੇ ਅਨਾਜ ਨੂੰ ਕੁੱਟਿਆ ਜਾਂ ਛਾਣਿਆ ਜਾਂਦਾ ਹੈ ਦੀ ਹਿਲਾਉਣ ਦੀ ਭੇਟ ਹੈ ਉਸੇ ਤਰ੍ਹਾਂ ਚੜ੍ਹਾਓ। 21ਆਉਣ ਵਾਲੀਆਂ ਪੀੜ੍ਹੀਆਂ ਤੱਕ ਤੁਸੀਂ ਆਪਣੇ ਪਹਿਲੇ ਭੋਜਨ ਵਿੱਚੋਂ ਇਹ ਭੇਟ ਯਾਹਵੇਹ ਨੂੰ ਜ਼ਰੂਰ ਚੜ੍ਹਾਉਣੀ ਹੈ।
ਅਣਜਾਣੇ ਵਿੱਚ ਕੀਤੇ ਪਾਪਾਂ ਲਈ ਭੇਟਾਂ
22“ ‘ਹੁਣ ਜੇਕਰ ਤੁਸੀਂ ਅਣਜਾਣੇ ਵਿੱਚ ਇਨ੍ਹਾਂ ਵਿੱਚੋਂ ਕਿਸੇ ਵੀ ਹੁਕਮ ਨੂੰ ਮੰਨਣ ਵਿੱਚ ਅਸਫ਼ਲ ਰਹਿੰਦੇ ਹੋ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤੇ ਸਨ, 23ਅਰਥਾਤ ਸਭ ਜੋ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਤੁਹਾਨੂੰ ਹੁਕਮ ਦਿੱਤਾ ਸੀ, ਜਿਸ ਦਿਨ ਤੋਂ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਾਰੀ ਰਹੇਗਾ। 24ਅਤੇ ਜੇ ਸਮਾਜ ਨੂੰ ਇਸ ਦੀ ਜਾਣਕਾਰੀ ਨਾ ਹੋਵੇ ਅਤੇ ਅਣਜਾਣੇ ਵਿੱਚ ਅਜਿਹਾ ਕੀਤਾ ਜਾਂਦਾ ਹੈ, ਤਾਂ ਸਾਰੀ ਮੰਡਲੀ ਇੱਕ ਬਲਦ ਨੂੰ ਹੋਮ ਦੀ ਭੇਟ ਵਜੋਂ ਚੜ੍ਹਵੇ, ਜੋ ਕਿ ਯਾਹਵੇਹ ਨੂੰ ਪ੍ਰਸੰਨ ਕਰਦਾ ਹੈ, ਇਸ ਦੇ ਨਾਲ ਉਸ ਦੇ ਨਿਰਧਾਰਤ ਅਨਾਜ ਦੀ ਭੇਟ ਨਾਲ ਅਤੇ ਪੀਣ ਦੀ ਭੇਟ ਅਤੇ ਪਾਪ ਦੀ ਭੇਟ#15:24 ਪਾਪ ਦੀ ਭੇਟ ਅਰਥਾਤ: ਸ਼ੁੱਧੀਕਰਨ ਦੀ ਭੇਟ ਲਈ ਇੱਕ ਬੱਕਰਾ ਲਓ। 25ਜਾਜਕ ਨੂੰ ਇਸਰਾਏਲ ਦੇ ਸਾਰੇ ਲੋਕਾਂ ਲਈ ਪ੍ਰਾਸਚਿਤ ਕਰਨਾ ਚਾਹੀਦਾ ਹੈ, ਅਤੇ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ, ਕਿਉਂਕਿ ਇਹ ਜਾਣਬੁੱਝ ਕੇ ਨਹੀਂ ਸੀ ਅਤੇ ਉਹਨਾਂ ਨੇ ਆਪਣੀ ਗਲਤੀ ਲਈ ਯਾਹਵੇਹ ਦੇ ਅੱਗੇ ਭੋਜਨ ਦੀ ਭੇਟ ਅਤੇ ਪਾਪ ਦੀ ਭੇਟ ਚੜ੍ਹਾਈ ਸੀ। 26ਇਸਰਾਏਲ ਦੀ ਸਾਰੀ ਮੰਡਲੀ ਅਤੇ ਉਹਨਾਂ ਵਿੱਚ ਵੱਸਣ ਵਾਲੇ ਪਰਦੇਸੀਆਂ ਨੂੰ ਮਾਫ਼ ਕੀਤਾ ਜਾਵੇਗਾ, ਕਿਉਂਕਿ ਸਾਰੇ ਲੋਕ ਅਣਜਾਣੇ ਵਿੱਚ ਗਲਤ ਕੰਮ ਵਿੱਚ ਸ਼ਾਮਲ ਹੋਏ ਸਨ।
27“ ‘ਪਰ ਜੇ ਇੱਕ ਵਿਅਕਤੀ ਅਣਜਾਣੇ ਵਿੱਚ ਪਾਪ ਕਰਦਾ ਹੈ, ਤਾਂ ਉਸ ਵਿਅਕਤੀ ਨੂੰ ਪਾਪ ਦੀ ਭੇਟ ਲਈ ਇੱਕ ਸਾਲ ਦੀ ਬੱਕਰੀ ਲਿਆਉਣੀ ਚਾਹੀਦੀ ਹੈ। 28ਫਿਰ ਜਾਜਕ ਯਾਹਵੇਹ ਦੇ ਅੱਗੇ ਉਸ ਵਿਅਕਤੀ ਲਈ ਪ੍ਰਾਸਚਿਤ ਕਰੇ, ਜਿਸ ਨੇ ਅਣਜਾਣੇ ਵਿੱਚ ਪਾਪ ਕੀਤਾ ਹੈ, ਅਤੇ ਜਦੋਂ ਪ੍ਰਾਸਚਿਤ ਹੋ ਜਾਵੇਗਾ, ਤਾਂ ਉਸ ਵਿਅਕਤੀ ਨੂੰ ਮਾਫ਼ ਕੀਤਾ ਜਾਵੇਗਾ। 29ਇੱਕ ਹੀ ਬਿਵਸਥਾ ਹਰੇਕ ਉੱਤੇ ਲਾਗੂ ਹੁੰਦੀ ਹੈ ਜੋ ਅਣਜਾਣੇ ਵਿੱਚ ਪਾਪ ਕਰਦਾ ਹੈ, ਭਾਵੇਂ ਉਹ ਮੂਲ ਇਸਰਾਏਲੀ ਹੋਵੇ ਜਾਂ ਤੁਹਾਡੇ ਵਿੱਚ ਵੱਸਦਾ ਵਿਦੇਸ਼ੀ।
30“ ‘ਪਰ ਕੋਈ ਵੀ ਜੋ ਬੇਇੱਜ਼ਤੀ ਨਾਲ ਪਾਪ ਕਰਦਾ ਹੈ, ਭਾਵੇਂ ਉਹ ਦੇਸੀ ਜਾਂ ਪਰਦੇਸੀ, ਯਾਹਵੇਹ ਦੀ ਨਿੰਦਿਆ ਕਰਦਾ ਹੈ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਛੇਕਿਆ ਜਾਵੇ। 31ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਹੁਕਮਾਂ ਨੂੰ ਤੋੜਿਆ ਹੈ, ਉਹ ਮਨੁੱਖ ਜ਼ਰੂਰ ਛੇਕਿਆ ਜਾਵੇ, ਉਸ ਦੀ ਸਜ਼ਾ ਉਸ ਉੱਤੇ ਹੋਵੇਗੀ।’ ”
ਸਬਤ ਤੋੜਨ ਵਾਲੇ ਨੂੰ ਮੌਤ ਦੇ ਘਾਟ ਉਤਾਰਨ
32ਜਦੋਂ ਇਸਰਾਏਲੀ ਉਜਾੜ ਵਿੱਚ ਸਨ, ਇੱਕ ਆਦਮੀ ਸਬਤ#15:32 ਸਬਤ: ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੇ ਦਿਨ ਲੱਕੜਾਂ ਇਕੱਠਾ ਕਰਦਾ ਹੋਇਆ ਮਿਲਿਆ। 33ਜਿਨ੍ਹਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦੇ ਵੇਖਿਆ ਉਹ ਉਸ ਨੂੰ ਮੋਸ਼ੇਹ ਅਤੇ ਹਾਰੋਨ ਅਤੇ ਸਾਰੀ ਸਭਾ ਕੋਲ ਲੈ ਆਏ 34ਅਤੇ ਉਹਨਾਂ ਨੇ ਉਸ ਨੂੰ ਹਿਰਾਸਤ ਵਿੱਚ ਰੱਖਿਆ ਕਿਉਂ ਜੋ ਇਹ ਸਮਝ ਨਹੀਂ ਸੀ ਆਉਂਦਾ ਕਿ ਉਸ ਨਾਲ ਕੀ ਕੀਤਾ ਜਾਵੇ। 35ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਉਹ ਮਨੁੱਖ ਜ਼ਰੂਰ ਮਾਰਿਆ ਜਾਵੇ। ਸਾਰੀ ਸਭਾ ਉਸ ਨੂੰ ਡੇਰੇ ਦੇ ਬਾਹਰ ਪੱਥਰ ਮਾਰ ਦੇਵੇ।” 36ਇਸ ਲਈ ਸਭਾ ਉਸ ਨੂੰ ਡੇਰੇ ਤੋਂ ਬਾਹਰ ਲੈ ਗਈ ਅਤੇ ਉਸ ਨੂੰ ਪੱਥਰ ਮਾਰ ਕੇ ਮਾਰ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਕੱਪੜੇ ਦੇ ਕਿਨਾਰੇ ਦੀ ਝਾਲਰ
37ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 38“ਸਾਰੇ ਇਸਰਾਏਲ ਨੂੰ ਹੁਕਮ ਦੇ ਅਤੇ ਉਹਨਾਂ ਨੂੰ ਆਖ, ‘ਕਿ ਉਹ ਆਪਣੇ ਬਸਤਰ ਦੀ ਕਿਨਾਰੀ ਉੱਤੇ ਝਾਲਰ ਆਪਣੀਆਂ ਪੀੜ੍ਹੀਆਂ ਤੱਕ ਲਾਉਣ ਅਤੇ ਨੀਲਾ ਫੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਬੰਨ੍ਹਣ। 39ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਸ ਨੂੰ ਵੇਖ ਕੇ ਯਾਹਵੇਹ ਦੇ ਸਾਰੇ ਹੁਕਮਾਂ ਨੂੰ ਯਾਦ ਰੱਖ ਸਕੋ, ਤਾਂ ਜੋ ਤੁਸੀਂ ਉਹਨਾਂ ਦੀ ਪਾਲਣਾ ਕਰੋ ਅਤੇ ਆਪਣੇ ਦਿਲਾਂ ਅਤੇ ਅੱਖਾਂ ਦੀਆਂ ਲਾਲਸਾਵਾਂ ਦਾ ਪਿੱਛਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਖਾਓ। 40ਤੁਸੀਂ ਮੇਰੇ ਸਾਰੇ ਹੁਕਮਾਂ ਨੂੰ ਮੰਨਣਾ ਅਤੇ ਚੇਤੇ ਰੱਖਣਾ, ਇਸ ਤਰ੍ਹਾਂ ਆਪਣੇ ਪਰਮੇਸ਼ਵਰ ਲਈ ਪਵਿੱਤਰ ਹੋਵੋ। 41ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਤਾਂ ਜੋ ਤੁਹਾਡਾ ਪਰਮੇਸ਼ਵਰ ਹੋਵੇ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”

தற்சமயம் தேர்ந்தெடுக்கப்பட்டது:

ਗਿਣਤੀ 15: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்