ਗਿਣਤੀ 11
11
ਯਾਹਵੇਹ ਵੱਲੋਂ ਅੱਗ
1ਹੁਣ ਲੋਕਾਂ ਨੇ ਯਾਹਵੇਹ ਦੇ ਸੁਣਨ ਵਿੱਚ ਆਪਣੀਆਂ ਮੁਸ਼ਕਲਾਂ ਬਾਰੇ ਸ਼ਿਕਾਇਤ ਕੀਤੀ, ਅਤੇ ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਸਦਾ ਕ੍ਰੋਧ ਭੜਕ ਉੱਠਿਆ। ਫਿਰ ਯਾਹਵੇਹ ਦੀ ਅੱਗ ਉਹਨਾਂ ਦੇ ਵਿਚਕਾਰ ਬਲ ਉੱਠੀ ਅਤੇ ਡੇਰੇ ਦੀਆਂ ਹੱਦਾਂ ਨੂੰ ਭਸਮ ਕਰ ਦਿੱਤਾ। 2ਜਦੋਂ ਲੋਕਾਂ ਨੇ ਮੋਸ਼ੇਹ ਨੂੰ ਪੁਕਾਰਿਆ, ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬੁਝ ਗਈ। 3ਇਸ ਲਈ ਉਸ ਥਾਂ ਨੂੰ ਤਬੇਰਾਹ#11:3 ਤਬੇਰਾਹ ਅਰਥਾਤ: ਜਲਣਾ ਕਿਹਾ ਜਾਂਦਾ ਸੀ, ਕਿਉਂਕਿ ਯਾਹਵੇਹ ਦੀ ਅੱਗ ਉਹਨਾਂ ਵਿੱਚ ਬਲਦੀ ਸੀ।
ਯਾਹਵੇਹ ਵੱਲੋਂ ਬਟੇਰੇ
4ਉਹਨਾਂ ਦੇ ਨਾਲ ਦੇ ਬਟੇਰੇ ਹੋਰ ਭੋਜਨ ਨੂੰ ਤਰਸਣ ਲੱਗੇ, ਅਤੇ ਇਸਰਾਏਲੀ ਫਿਰ ਰੋਣ ਲੱਗੇ ਅਤੇ ਕਹਿਣ ਲੱਗੇ, “ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ! 5ਸਾਨੂੰ ਉਹ ਮੱਛੀਆਂ ਯਾਦ ਹਨ ਜੋ ਅਸੀਂ ਮਿਸਰ ਵਿੱਚ ਬਿਨਾਂ ਕਿਸੇ ਕੀਮਤ ਦੇ ਖਾਂਦੇ ਹੁੰਦੇ ਸੀ, ਖੀਰੇ, ਤਰਬੂਜ, ਗੰਦਨੇ, ਹਰਾ ਪਿਆਜ਼ ਅਤੇ ਲਸਣ ਵੀ। 6ਪਰ ਹੁਣ ਸਾਡੀ ਭੁੱਖ ਮਰ ਚੁੱਕੀ ਹੈ, ਸਾਨੂੰ ਇਸ ਮੰਨੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿਖਦਾ!”
7ਮੰਨਾ ਧਨੀਏ ਦੇ ਬੀਜ ਵਰਗਾ ਸੀ ਅਤੇ ਮੋਤੀ ਵਰਗਾ ਦਿਖਾਈ ਦਿੰਦਾ ਸੀ। 8ਲੋਕਾਂ ਨੇ ਇਸ ਨੂੰ ਇਕੱਠਾ ਕਰਨ ਲਈ ਆਲੇ-ਦੁਆਲੇ ਘੁੰਮਦੇ ਅਤੇ ਫਿਰ ਇਸ ਨੂੰ ਚੱਕੀ ਵਿੱਚ ਪੀਸਦੇ ਅਤੇ ਓਖਲੀ ਵਿੱਚ ਕੁੱਟਦੇ। ਉਹ ਇਸਨੂੰ ਇੱਕ ਘੜੇ ਵਿੱਚ ਪਕਾਉਂਦੇ ਸਨ ਜਾਂ ਇਸ ਦੀਆਂ ਰੋਟੀਆਂ ਬਣਾਉਂਦੇ ਸਨ ਅਤੇ ਇਸ ਦਾ ਸਵਾਦ ਜ਼ੈਤੂਨ ਦੇ ਤੇਲ ਨਾਲ ਬਣੀਆਂ ਹੋਈਆਂ ਪੂੜੀਆਂ ਵਰਗਾ ਸੀ। 9ਜਦੋਂ ਰਾਤ ਨੂੰ ਡੇਰੇ ਉੱਤੇ ਤ੍ਰੇਲ ਪੈਂਦੀ ਸੀ, ਤਾਂ ਮੰਨਾ ਵੀ ਉਸ ਨਾਲ ਹੇਠਾਂ ਉੱਤਰਦਾ ਸੀ।
10ਮੋਸ਼ੇਹ ਨੇ ਹਰੇਕ ਪਰਿਵਾਰ ਦੇ ਲੋਕਾਂ ਨੂੰ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਰੋਂਦੇ ਹੋਏ ਸੁਣਿਆ। ਯਾਹਵੇਹ ਬਹੁਤ ਕ੍ਰੋਧਿਤ ਹੋ ਗਿਆ, ਅਤੇ ਮੋਸ਼ੇਹ ਬਹੁਤ ਪਰੇਸ਼ਾਨ ਹੋਇਆ। 11ਮੋਸ਼ੇਹ ਨੇ ਯਾਹਵੇਹ ਨੂੰ ਪੁੱਛਿਆ, “ਤੂੰ ਆਪਣੇ ਸੇਵਕ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ? ਤੂੰ ਮੇਰੇ ਤੇ ਕਿਰਪਾ ਕਿਉਂ ਨਹੀਂ ਕਰਦਾ ਕਿ ਤੂੰ ਇਨ੍ਹਾਂ ਸਾਰੇ ਲੋਕਾਂ ਦਾ ਬੋਝ ਮੇਰੇ ਉੱਤੇ ਪਾ ਦਿੱਤਾ ਹੈ? 12ਕੀ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਗਰਭ ਵਿੱਚ ਲਿਆ? ਕੀ ਮੈਂ ਉਹਨਾਂ ਨੂੰ ਜਨਮ ਦਿੱਤਾ ਹੈ? ਤੂੰ ਮੈਨੂੰ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਣ ਲਈ ਕਿਉਂ ਕਹਿੰਦਾ ਹੈ, ਜਿਵੇਂ ਇੱਕ ਨਰਸ ਇੱਕ ਬੱਚੇ ਨੂੰ ਚੁੱਕ ਕੇ ਲੈ ਜਾਂਦੀ ਹੈ, ਉਸ ਧਰਤੀ ਉੱਤੇ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ? 13ਮੈਂ ਇਨ੍ਹਾਂ ਸਾਰੇ ਲੋਕਾਂ ਲਈ ਮਾਸ ਕਿੱਥੋਂ ਲਿਆਵਾਂ? ਉਹ ਮੇਰੇ ਅੱਗੇ ਰੋਂਦੇ ਰਹਿੰਦੇ ਹਨ, ‘ਸਾਨੂੰ ਖਾਣ ਲਈ ਮਾਸ ਦਿਓ!’ 14ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦਾ। ਕਿਉ ਇਹ ਮੇਰੇ ਸਹਿਣ ਤੋਂ ਬਾਹਰ ਹੈ। 15ਜੇ ਤੂੰ ਮੇਰੇ ਨਾਲ ਇਸ ਤਰ੍ਹਾਂ ਦਾ ਕਰਨਾ ਹੈ, ਅਤੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਨਹੀਂ ਹੈ, ਤਾਂ ਮੈਨੂੰ ਮਾਰ ਸੁੱਟ ਕਿ ਆਪਣੀ ਪਰਜਾ ਦੀ ਦੁਰਦਸ਼ਾ ਨਾ ਵੇਖਾਂ।”
16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਸੱਤਰ ਬਜ਼ੁਰਗਾਂ ਨੂੰ ਮੇਰੇ ਕੋਲ ਲਿਆਓ ਜਿਹੜੇ ਲੋਕਾਂ ਵਿੱਚ ਆਗੂ ਅਤੇ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਲਿਆ, ਤਾਂ ਜੋ ਉਹ ਉੱਥੇ ਤੇਰੇ ਨਾਲ ਖੜ੍ਹੇ ਹੋਣ। 17ਮੈਂ ਹੇਠਾਂ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ ਅਤੇ ਉਸ ਆਤਮਾ ਦੀ ਸ਼ਕਤੀ ਨਾਲ ਜੋ ਤੇਰੇ ਉੱਤੇ ਹੈ, ਉਸ ਵਿੱਚੋਂ ਕੁਝ ਲੈ ਕੇ ਉਹਨਾਂ ਉੱਤੇ ਪਾਵਾਂਗਾ। ਉਹ ਲੋਕਾਂ ਦਾ ਬੋਝ ਤੇਰੇ ਨਾਲ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ।
18“ਲੋਕਾਂ ਨੂੰ ਆਖੋ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਜਦੋਂ ਤੁਸੀਂ ਮਾਸ ਖਾਓਗੇ। ਯਾਹਵੇਹ ਨੇ ਤੁਹਾਨੂੰ ਸੁਣਿਆ ਜਦੋਂ ਤੁਸੀਂ ਰੋ ਰਹੇ ਸੀ, “ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ! ਅਸੀਂ ਮਿਸਰ ਵਿੱਚ ਚੰਗੇ ਸੀ!” ਹੁਣ ਯਾਹਵੇਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਇਸਨੂੰ ਖਾਓਗੇ। 19ਤੁਸੀਂ ਇਸ ਨੂੰ ਸਿਰਫ ਇੱਕ ਦਿਨ, ਜਾਂ ਦੋ ਦਿਨ, ਜਾਂ ਪੰਜ, ਦਸ ਜਾਂ ਵੀਹ ਦਿਨਾਂ ਲਈ ਨਹੀਂ ਖਾਓਗੇ, 20ਸਗੋਂ ਪੂਰੇ ਮਹੀਨੇ ਲਈ, ਜਦੋਂ ਤੱਕ ਇਹ ਤੁਹਾਡੀਆਂ ਨਾਸਾਂ ਵਿੱਚੋਂ ਬਾਹਰ ਨਾ ਨਿਕਲੇ ਅਤੇ ਤੁਸੀਂ ਇਸ ਨੂੰ ਨਫ਼ਰਤ ਨਾ ਕਰੋ ਕਿਉਂਕਿ ਤੁਸੀਂ ਯਾਹਵੇਹ ਨੂੰ ਤੁੱਛ ਗਿਣਿਆ ਹੈ, ਜੋ ਉਹਨਾਂ ਵਿੱਚ ਹੈ। ਤੁਸੀਂ, ਅਤੇ ਉਸ ਦੇ ਅੱਗੇ ਰੋਂਦੇ ਹੋਏ ਕਿਹਾ, “ਅਸੀਂ ਮਿਸਰ ਵਿੱਚੋਂ ਕਿਉਂ ਬਾਹਰ ਆਏ?” ’ ”
21ਪਰ ਮੋਸ਼ੇਹ ਨੇ ਆਖਿਆ, “ਮੈਂ ਇੱਥੇ ਛੇ ਲੱਖ ਪੈਦਲ ਆਦਮੀਆਂ ਵਿੱਚੋਂ ਇੱਕ ਹਾਂ ਅਤੇ ਤੁਸੀਂ ਆਖਦੇ ਹੋ, ‘ਮੈਂ ਉਹਨਾਂ ਨੂੰ ਪੂਰਾ ਮਹੀਨਾ ਖਾਣ ਲਈ ਮਾਸ ਦਿਆਂਗਾ!’ 22ਕੀ ਉਹਨਾਂ ਕੋਲ ਕਾਫ਼ੀ ਹੋਵੇਗਾ ਜੇਕਰ ਸਾਰੇ ਇੱਜੜ ਅਤੇ ਪਸ਼ੂ ਉਹਨਾਂ ਲਈ ਵੱਢੇ ਜਾਣ? ਕੀ ਉਹਨਾਂ ਕੋਲ ਕਾਫ਼ੀ ਹੋਵੇਗਾ ਜੇਕਰ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉਹਨਾਂ ਲਈ ਫੜੀਆਂ ਜਾਣ?”
23ਯਾਹਵੇਹ ਨੇ ਮੋਸ਼ੇਹ ਨੂੰ ਉੱਤਰ ਦਿੱਤਾ, “ਕੀ ਯਾਹਵੇਹ ਦੀ ਬਾਂਹ ਬਹੁਤ ਛੋਟੀ ਹੈ? ਹੁਣ ਤੁਸੀਂ ਦੇਖੋਗੇ ਕਿ ਜੋ ਮੈਂ ਕਹਿੰਦਾ ਹਾਂ ਉਹ ਤੁਹਾਡੇ ਲਈ ਸੱਚ ਹੁੰਦਾ ਹੈ ਜਾਂ ਨਹੀਂ।”
24ਇਸ ਲਈ ਮੋਸ਼ੇਹ ਬਾਹਰ ਗਿਆ ਅਤੇ ਲੋਕਾਂ ਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਯਾਹਵੇਹ ਨੇ ਆਖੀਆਂ ਸਨ। ਉਸ ਨੇ ਉਹਨਾਂ ਦੇ ਸੱਤਰ ਬਜ਼ੁਰਗਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ। 25ਤਦ ਯਾਹਵੇਹ ਬੱਦਲ ਵਿੱਚ ਹੇਠਾਂ ਆਇਆ ਅਤੇ ਉਸ ਨਾਲ ਗੱਲ ਕੀਤੀ ਅਤੇ ਉਸ ਨੇ ਆਤਮਾ ਦੀ ਸ਼ਕਤੀ ਵਿੱਚੋਂ ਜੋ ਉਸ ਉੱਤੇ ਸੀ ਕੁਝ ਲਿਆ ਅਤੇ ਸੱਤਰ ਬਜ਼ੁਰਗਾਂ ਉੱਤੇ ਪਾ ਦਿੱਤਾ। ਜਦੋਂ ਆਤਮਾ ਉਹਨਾਂ ਉੱਤੇ ਟਿਕਿਆਂ, ਤਾਂ ਉਹ ਭਵਿੱਖਬਾਣੀਆਂ ਕਰਨ ਲੱਗ ਪਏ, ਪਰ ਦੁਬਾਰਾ ਅਜਿਹਾ ਨਹੀਂ ਕੀਤਾ।
26ਪਰ ਦੋ ਆਦਮੀ, ਜਿਨ੍ਹਾਂ ਦੇ ਨਾਮ ਅਲਦਾਦ ਅਤੇ ਮੇਦਾਦ ਸਨ, ਡੇਰੇ ਵਿੱਚ ਰਹਿ ਗਏ ਸਨ ਅਤੇ ਉਹਨਾਂ ਉੱਤੇ ਵੀ ਆਤਮਾ ਉੱਤਰਿਆਂ ਅਤੇ ਉਹ ਵੀ ਉਹਨਾਂ ਵਿੱਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ, ਇਹ ਆਪਣੇ-ਆਪਣੇ ਡੇਰੇ ਵਿੱਚ ਭਵਿੱਖਬਾਣੀ ਕਰਨ ਲੱਗੇ। 27ਇੱਕ ਨੌਜਵਾਨ ਨੇ ਦੌੜ ਕੇ ਮੋਸ਼ੇਹ ਨੂੰ ਕਿਹਾ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀਆਂ ਕਰ ਰਹੇ ਹਨ।”
28ਨੂਨ ਦਾ ਪੁੱਤਰ ਯਹੋਸ਼ੂਆ, ਜੋ ਜਵਾਨੀ ਤੋਂ ਮੋਸ਼ੇਹ ਦਾ ਸਹਾਇਕ ਸੀ, ਬੋਲਿਆ ਅਤੇ ਆਖਿਆ, “ਮੋਸ਼ੇਹ, ਮੇਰੇ ਸੁਆਮੀ, ਉਹਨਾਂ ਨੂੰ ਰੋਕੋ!”
29ਪਰ ਮੋਸ਼ੇਹ ਨੇ ਉੱਤਰ ਦਿੱਤਾ, “ਕੀ ਤੁਸੀਂ ਮੇਰੇ ਕਾਰਨ ਈਰਖਾ ਕਰਦੇ ਹੋ? ਮੈਂ ਚਾਹੁੰਦਾ ਹਾਂ ਕਿ ਯਾਹਵੇਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਾਹਵੇਹ ਉਹਨਾਂ ਉੱਤੇ ਆਪਣਾ ਆਤਮਾ ਘੱਲਦਾ!” 30ਫਿਰ ਮੋਸ਼ੇਹ ਅਤੇ ਇਸਰਾਏਲ ਦੇ ਬਜ਼ੁਰਗ ਡੇਰੇ ਵਿੱਚ ਵਾਪਸ ਆਏ।
31ਯਾਹਵੇਹ ਵੱਲੋਂ ਅਜਿਹੀ ਤੇਜ਼ ਹਵਾ ਆਈ ਕਿ ਬਟੇਰ ਸਮੁੰਦਰ ਦੇ ਕੰਢੇ ਤੋਂ ਆਏ ਅਤੇ ਡੇਰੇ ਦੇ ਨੇੜੇ ਡਿੱਗਣ ਲੱਗੇ। ਉਹਨਾਂ ਦਾ ਇਲਾਕਾ ਛਾਉਣੀ ਦੇ ਇਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਅਤੇ ਉਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਫੈਲਿਆ ਹੋਇਆ ਸੀ; ਡੇਰੇ ਦੇ ਆਲੇ-ਦੁਆਲੇ ਸੀ। ਇਹ ਬਟੇਰ ਜ਼ਮੀਨ ਤੋਂ ਕਰੀਬ ਇੱਕ ਹੱਥ ਦੀ ਉਚਾਈ ਤੇ ਉੱਡਦੇ ਪਾਏ ਗਏ। 32ਉਹ ਸਾਰਾ ਦਿਨ-ਰਾਤ ਅਤੇ ਅਗਲੇ ਦਿਨ ਲੋਕਾਂ ਨੇ ਬਾਹਰ ਜਾ ਕੇ ਬਟੇਰੇ ਇਕੱਠੇ ਕੀਤੇ। ਕਿਸੇ ਨੇ ਇੱਕ ਹਜ਼ਾਰ ਛੇ ਸੌ ਕਿੱਲੋ ਤੋਂ ਘੱਟ ਇਕੱਠੇ ਨਹੀਂ ਕੀਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਲਈ ਡੇਰੇ ਦੇ ਆਲੇ-ਦੁਆਲੇ ਖਿਲਾਰ ਦਿੱਤਾ। 33ਪਰ ਜਦੋਂ ਮਾਸ ਉਹਨਾਂ ਦੇ ਦੰਦਾਂ ਦੇ ਵਿਚਕਾਰ ਸੀ ਅਤੇ ਇਸ ਤੋਂ ਪਹਿਲਾਂ ਕਿ ਉਹ ਖਾ ਜਾਣ, ਯਾਹਵੇਹ ਦਾ ਕ੍ਰੋਧ ਲੋਕਾਂ ਉੱਤੇ ਭੜਕ ਉੱਠਿਆ ਅਤੇ ਉਸਨੇ ਉਹਨਾਂ ਨੂੰ ਇੱਕ ਭਿਆਨਕ ਬਿਪਤਾ ਨਾਲ ਮਾਰਿਆ। 34ਇਸ ਲਈ ਉਸ ਥਾਂ ਦਾ ਨਾਮ ਕਿਬਰੋਥ ਹੱਤਾਵਹ#11:34 ਕਿਬਰੋਥ ਹੱਤਾਵਹ ਅਰਥਾਤ: ਲਾਲਚ ਦੀ ਕਬਰ ਰੱਖਿਆ ਗਿਆ ਕਿਉਂਕਿ ਉਹਨਾਂ ਨੇ ਉੱਥੇ ਉਹਨਾਂ ਲੋਕਾਂ ਨੂੰ ਦਫ਼ਨਾਇਆ ਜੋ ਹੋਰ ਭੋਜਨ ਨੂੰ ਤਰਸਦੇ ਸਨ।
35ਕਿਬਰੋਥ ਹੱਤਾਵਹ ਤੋਂ ਲੋਕ ਹਸੇਰੋਥ ਨੂੰ ਚਲੇ ਗਏ ਅਤੇ ਉੱਥੇ ਠਹਿਰੇ।
தற்சமயம் தேர்ந்தெடுக்கப்பட்டது:
ਗਿਣਤੀ 11: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.