ਯਹੋਸ਼ੂਆ 2
2
ਰਾਹਾਬ ਅਤੇ ਜਾਸੂਸ
1ਤਦ ਨੂਨ ਦੇ ਪੁੱਤਰ ਯਹੋਸ਼ੂਆ ਨੇ ਸ਼ਿੱਟੀਮ ਤੋਂ ਗੁਪਤ ਰੂਪ ਵਿੱਚ ਦੋ ਜਾਸੂਸ ਭੇਜੇ। ਉਸਨੇ ਕਿਹਾ, “ਜਾਓ, ਧਰਤੀ ਵੱਲ ਦੇਖੋ, ਖਾਸ ਕਰਕੇ ਯਰੀਹੋ ਨੂੰ।” ਇਸ ਲਈ ਉਹ ਜਾ ਕੇ ਰਾਹਾਬ ਨਾਂ ਦੀ ਵੇਸਵਾ ਦੇ ਘਰ ਜਾ ਵੜੇ ਅਤੇ ਉੱਥੇ ਠਹਿਰੇ।
2ਯਰੀਹੋ ਦੇ ਰਾਜੇ ਨੂੰ ਦੱਸਿਆ ਗਿਆ, “ਦੇਖੋ, ਕੁਝ ਇਸਰਾਏਲੀ ਅੱਜ ਰਾਤ ਇੱਥੇ ਦੇਸ਼ ਦੀ ਜਾਸੂਸੀ ਕਰਨ ਲਈ ਆਏ ਹਨ।” 3ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੁਨੇਹਾ ਭੇਜਿਆ, “ਉਨ੍ਹਾਂ ਆਦਮੀਆਂ ਨੂੰ ਬਾਹਰ ਲਿਆਓ ਜਿਹੜੇ ਤੇਰੇ ਕੋਲ ਆਏ ਅਤੇ ਤੇਰੇ ਘਰ ਵਿੱਚ ਵੜ ਗਏ ਕਿਉਂਕਿ ਉਹ ਸਾਰੇ ਦੇਸ਼ ਦੀ ਜਾਸੂਸੀ ਕਰਨ ਆਏ ਹਨ।”
4ਪਰ ਔਰਤ ਉਹਨਾਂ ਦੋਹਾਂ ਆਦਮੀਆਂ ਨੂੰ ਲੁਕਾ ਲਿਆ ਸੀ। ਉਸਨੇ ਕਿਹਾ, “ਹਾਂ, ਉਹ ਆਦਮੀ ਮੇਰੇ ਕੋਲ ਆਏ ਸਨ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਕਿੱਥੋਂ ਆਏ ਸਨ। 5ਸ਼ਾਮ ਵੇਲੇ, ਜਦੋਂ ਸ਼ਹਿਰ ਦਾ ਫਾਟਕ ਬੰਦ ਕਰਨ ਦਾ ਸਮਾਂ ਹੋਇਆ, ਉਹ ਚਲੇ ਗਏ। ਮੈਨੂੰ ਨਹੀਂ ਪਤਾ ਕਿ ਉਹ ਕਿਸ ਪਾਸੇ ਗਏ। ਜਲਦੀ ਨਾਲ ਉਨ੍ਹਾਂ ਦਾ ਪਿੱਛਾ ਕਰੋ ਕਿਉਂਕਿ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ।” 6ਪਰ ਉਹ ਉਨ੍ਹਾਂ ਨੂੰ ਛੱਤ ਤੇ ਲੈ ਗਈ ਅਤੇ ਉਨ੍ਹਾਂ ਨੂੰ ਬਾਲਣ ਦੀਆਂ ਲੱਕੜਾਂ ਦੇ ਹੇਠ ਜੋ ਛੱਤ ਉੱਤੇ ਰੱਖੀਆਂ ਸਨ ਲੁਕਾ ਦਿੱਤਾ। 7ਇਸ ਲਈ ਉਹ ਮਨੁੱਖ ਜਾਸੂਸਾਂ ਦਾ ਪਿੱਛਾ ਕਰਨ ਲਈ ਉਸ ਰਾਹ ਉੱਤੇ ਤੁਰ ਪਏ ਜੋ ਯਰਦਨ ਦੇ ਦਰਿਆਵਾਂ ਨੂੰ ਜਾਂਦਾ ਸੀ ਅਤੇ ਜਿਵੇਂ ਹੀ ਪਿੱਛਾ ਕਰਨ ਵਾਲੇ ਬਾਹਰ ਨਿਕਲੇ ਤਾਂ ਫਾਟਕ ਬੰਦ ਹੋ ਗਿਆ।
8ਜਾਸੂਸਾਂ ਦੇ ਸੌਣ ਤੋਂ ਪਹਿਲਾਂ ਉਹ ਉਹਨਾਂ ਕੋਲ ਛੱਤ ਤੇ ਗਈ 9ਅਤੇ ਉਨ੍ਹਾਂ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਯਾਹਵੇਹ ਨੇ ਤੁਹਾਨੂੰ ਇਹ ਧਰਤੀ ਦਿੱਤੀ ਹੈ ਅਤੇ ਤੁਹਾਡਾ ਡਰ ਸਾਡੇ ਲੋਕਾਂ ਉੱਤੇ ਛਾ ਗਿਆ ਹੈ, ਇਸ ਲਈ ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਤੁਹਾਡੇ ਕਾਰਨ ਡਰ ਨਾਲ ਘਬਰਾ ਗਏ ਹਨ। 10ਅਸੀਂ ਸੁਣਿਆ ਹੈ ਕਿ ਕਿਵੇਂ ਯਾਹਵੇਹ ਨੇ ਤੁਹਾਡੇ ਲਈ ਲਾਲ ਸਾਗਰ ਦੇ ਪਾਣੀ ਨੂੰ ਸੁਕਾ ਦਿੱਤਾ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ, ਅਤੇ ਤੁਸੀਂ ਯਰਦਨ ਦੇ ਪੂਰਬ ਵੱਲ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਨਾਲ ਕੀ ਕੀਤਾ, ਜਿਨ੍ਹਾਂ ਨੂੰ ਤੁਸੀਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। 11ਜਦੋਂ ਅਸੀਂ ਇਸ ਬਾਰੇ ਸੁਣਿਆ, ਤਾਂ ਸਾਡੇ ਦਿਲ ਡਰ ਨਾਲ ਪਿਘਲ ਗਏ ਅਤੇ ਤੁਹਾਡੇ ਕਾਰਨ ਸਾਰਿਆਂ ਦੀ ਹਿੰਮਤ ਅਸਫ਼ਲ ਹੋ ਗਈ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਉੱਪਰ ਸਵਰਗ ਵਿੱਚ ਅਤੇ ਹੇਠਾਂ ਧਰਤੀ ਉੱਤੇ ਇੱਕੋ ਪਰਮੇਸ਼ਵਰ ਹੈ।
12“ਹੁਣ, ਕਿਰਪਾ ਕਰਕੇ ਮੇਰੇ ਨਾਲ ਯਾਹਵੇਹ ਦੀ ਸਹੁੰ ਖਾਓ ਕਿ ਤੁਸੀਂ ਮੇਰੇ ਪਰਿਵਾਰ ਉੱਤੇ ਦਿਆਲਤਾ ਦਿਖਾਓਗੇ, ਕਿਉਂਕਿ ਮੈਂ ਤੁਹਾਡੇ ਉੱਤੇ ਦਇਆ ਕੀਤੀ ਹੈ। ਮੈਨੂੰ ਪੱਕੀ ਨਿਸ਼ਾਨੀ ਦਿਓ 13ਕਿ ਤੁਸੀਂ ਮੇਰੇ ਪਿਤਾ ਅਤੇ ਮਾਤਾ, ਮੇਰੇ ਭੈਣਾਂ-ਭਰਾਵਾਂ ਅਤੇ ਉਨ੍ਹਾਂ ਦੇ ਸਾਰੇ ਲੋਕਾਂ ਦੀ ਜਾਨ ਬਚਾਓਗੇ ਅਤੇ ਤੁਸੀਂ ਸਾਨੂੰ ਮੌਤ ਤੋਂ ਬਚਾਓਗੇ।”
14“ਤੁਹਾਡੀ ਜਾਨ ਦੇ ਬਦਲੇ ਸਾਡੀ ਜਾਨ ਹੈ!” ਆਦਮੀਆਂ ਨੇ ਉਸਨੂੰ ਭਰੋਸਾ ਦਿਵਾਇਆ। “ਜੇ ਤੁਸੀਂ ਇਹ ਨਹੀਂ ਦੱਸਦੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਤੁਹਾਡੇ ਨਾਲ ਦਇਆ ਅਤੇ ਸਚਿਆਈ ਨਾਲ ਪੇਸ਼ ਆਵਾਂਗੇ ਜਦੋਂ ਯਾਹਵੇਹ ਸਾਨੂੰ ਇਹ ਧਰਤੀ ਦੇਵੇਗਾ।”
15ਇਸ ਲਈ ਉਸਨੇ ਉਨ੍ਹਾਂ ਨੂੰ ਰੱਸੀ ਨਾਲ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਕਿਉਂਕਿ ਜਿਸ ਘਰ ਵਿੱਚ ਉਹ ਰਹਿੰਦੀ ਸੀ ਉਹ ਸ਼ਹਿਰ ਦੀ ਕੰਧ ਦੀ ਚਾਰ-ਦੀਵਾਰੀ ਨਾਲ ਲੱਗਦਾ ਸੀ। 16ਉਸਨੇ ਉਨ੍ਹਾਂ ਨੂੰ ਕਿਹਾ, “ਪਹਾੜਾਂ ਉੱਤੇ ਜਾਓ ਤਾਂ ਜੋ ਪਿੱਛਾ ਕਰਨ ਵਾਲੇ ਤੁਹਾਨੂੰ ਨਾ ਲੱਭ ਸਕਣ। ਤਿੰਨ ਦਿਨ ਤੱਕ ਉੱਥੇ ਲੁਕੋ ਜਦੋਂ ਤੱਕ ਉਹ ਵਾਪਸ ਨਾ ਆ ਜਾਣ ਅਤੇ ਫਿਰ ਆਪਣੇ ਰਸਤੇ ਚਲੇ ਜਾਣਾ।”
17ਹੁਣ ਆਦਮੀਆਂ ਨੇ ਉਸ ਨੂੰ ਕਿਹਾ ਸੀ, “ਇਹ ਸਹੁੰ ਜਿਹੜੀ ਤੂੰ ਸਾਨੂੰ ਖੁਆਈ ਹੈ, ਸਾਡੇ ਉੱਤੇ ਬੰਧਨ ਨਹੀਂ ਹੋਵੇਗੀ 18ਜਦ ਅਸੀਂ ਇਸ ਧਰਤੀ ਵਿੱਚ ਆਵਾਂਗੇ, ਤੂੰ ਇਹ ਲਾਲ ਰੰਗ ਦੀ ਡੋਰੀ ਨੂੰ ਉਸ ਖਿੜਕੀ ਵਿੱਚ ਬੰਨ੍ਹੀ ਜਿਸ ਵਿੱਚੋਂ ਤੂੰ ਸਾਨੂੰ ਹੇਠਾਂ ਉਤਾਰਿਆ ਹੈ, ਅਤੇ ਆਪਣੇ ਮਾਤਾ-ਪਿਤਾ, ਆਪਣੇ ਭਰਾਵਾਂ ਅਤੇ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਘਰ ਵਿੱਚ ਇਕੱਠਾ ਕਰੀ। 19ਜੇਕਰ ਕੋਈ ਤੇਰੇ ਘਰ ਵਿੱਚੋਂ ਨਿੱਕਲ ਕੇ ਬਾਹਰ ਗਲੀ ਵਿੱਚ ਜਾਂਦਾ ਹੈ, ਤਾਂ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਆਪਣੇ ਸਿਰ ਉੱਤੇ ਹੋਵੇਗਾ। ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਜਿਹੜੇ ਲੋਕ ਤੇਰੇ ਨਾਲ ਘਰ ਵਿੱਚ ਹਨ, ਜੇਕਰ ਉਨ੍ਹਾਂ ਉੱਤੇ ਹੱਥ ਰੱਖਿਆ ਜਾਵੇ ਤਾਂ ਉਨ੍ਹਾਂ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ। 20ਪਰ ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਉਸ ਸਹੁੰ ਤੋਂ ਮੁਕਤ ਹੋ ਜਾਵਾਂਗੇ ਜਿਹੜੀ ਤੂੰ ਸਾਨੂੰ ਚੁਕਾਈ ਸੀ।”
21ਉਸਨੇ ਆਖਿਆ, “ਮੈ ਸਹਿਮਤ ਇਹ ਜਿਵੇਂ ਤੁਸੀਂ ਕਹਿੰਦੇ ਹੋ, ਹੋਣ ਦਿਓ।”
ਇਸ ਲਈ ਉਸ ਨੇ ਉਨ੍ਹਾਂ ਨੂੰ ਭੇਜ ਦਿੱਤਾ ਅਤੇ ਉਹ ਚਲੇ ਗਏ ਅਤੇ ਉਸਨੇ ਖਿੜਕੀ ਵਿੱਚ ਲਾਲ ਰੰਗ ਦੀ ਡੋਰੀ ਬੰਨ੍ਹ ਦਿੱਤੀ।
22ਜਦੋਂ ਉਹ ਚਲੇ ਗਏ, ਤਾਂ ਉਹ ਪਹਾੜੀਆਂ ਵਿੱਚ ਗਏ ਅਤੇ ਉੱਥੇ ਤਿੰਨ ਦਿਨ ਰਹੇ, ਜਦੋਂ ਤੱਕ ਪਿੱਛਾ ਕਰਨ ਵਾਲਿਆਂ ਨੇ ਸਾਰੇ ਰਸਤੇ ਵਿੱਚ ਖੋਜ ਨਾ ਕੀਤੀ ਅਤੇ ਉਨ੍ਹਾਂ ਨੂੰ ਨਾ ਲੱਭਿਆ। 23ਫਿਰ ਦੋਵੇਂ ਆਦਮੀ ਵਾਪਸ ਆਉਣ ਲੱਗੇ। ਉਹ ਪਹਾੜੀਆਂ ਤੋਂ ਹੇਠਾਂ ਉਤਰੇ ਅਤੇ ਨਦੀ ਦੇ ਕਿਨਾਰੇ ਗਏ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਕੋਲ ਆਏ ਅਤੇ ਉਸ ਨੂੰ ਸਭ ਕੁਝ ਦੱਸਿਆ ਜੋ ਉਨ੍ਹਾਂ ਨਾਲ ਵਾਪਰਿਆ ਸੀ। 24ਉਨ੍ਹਾਂ ਨੇ ਯਹੋਸ਼ੂਆ ਨੂੰ ਕਿਹਾ, “ਯਾਹਵੇਹ ਨੇ ਨਿਸ਼ਚਿਤ ਹੀ ਸਾਰੀ ਧਰਤੀ ਸਾਡੇ ਹੱਥਾਂ ਵਿੱਚ ਦੇ ਦਿੱਤੀ ਹੈ, ਸਾਡੇ ਕਾਰਨ ਸਾਰੇ ਲੋਕ ਡਰ ਨਾਲ ਘਬਰਾ ਗਏ ਹਨ।”
தற்சமயம் தேர்ந்தெடுக்கப்பட்டது:
ਯਹੋਸ਼ੂਆ 2: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.