ਬਿਵਸਥਾ 30
30
ਯਾਹਵੇਹ ਵੱਲ ਮੁੜਨ ਤੋਂ ਬਾਅਦ ਖੁਸ਼ਹਾਲੀ
1ਜਦ ਬਰਕਤਾਂ ਅਤੇ ਸਰਾਪਾਂ ਦੀਆਂ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਰੱਖਿਆ ਹੈ ਤੁਹਾਡੇ ਉੱਤੇ ਆਉਣਗੀਆਂ ਅਤੇ ਜਦ ਤੁਸੀਂ ਉਹਨਾਂ ਸਾਰੀਆਂ ਕੌਮਾਂ ਵਿੱਚ ਜਿਨ੍ਹਾਂ ਵਿੱਚ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਧੱਕ ਦੇਵੇਗਾ, ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿੱਚ ਯਾਦ ਕਰੋਗੇ 2ਅਤੇ ਜਦੋਂ ਤੁਸੀਂ ਅਤੇ ਤੁਹਾਡੇ ਬੱਚੇ ਆਪਣੇ ਪਰਮੇਸ਼ਵਰ ਯਾਹਵੇਹ ਵੱਲ ਮੁੜੋਗੇ ਅਤੇ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਮੰਨੋਗੇ, ਜਿਵੇਂ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, 3ਤਦ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੀ ਗੁਲਾਮੀ ਨੂੰ ਮੁੜ ਬਹਾਲ ਕਰੇਗਾ ਅਤੇ ਤੁਹਾਡੇ ਉੱਤੇ ਰਹਿਮ ਕਰੇਗਾ ਅਤੇ ਤੁਹਾਨੂੰ ਉਹਨਾਂ ਸਾਰੀਆਂ ਕੌਮਾਂ ਵਿੱਚੋਂ ਜਿੱਥੇ ਉਸ ਨੇ ਤੁਹਾਨੂੰ ਖਿੰਡਾ ਦਿੱਤਾ ਸੀ ਇੱਕਠੇ ਕਰੇਗਾ। 4ਭਾਵੇਂ ਤੁਹਾਨੂੰ ਅਕਾਸ਼ ਦੇ ਹੇਠਾਂ ਸਭ ਤੋਂ ਦੂਰ ਦੇਸ਼ ਵਿੱਚ ਸੁੱਟ ਦਿੱਤਾ ਗਿਆ ਹੋਵੇ, ਉੱਥੋਂ ਵੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਇਕੱਠਾ ਕਰੇਗਾ ਅਤੇ ਤੁਹਾਨੂੰ ਵਾਪਸ ਲਿਆਵੇਗਾ। 5ਯਾਹਵੇਹ ਤੁਹਾਨੂੰ ਉਸ ਧਰਤੀ ਉੱਤੇ ਲਿਆਵੇਗਾ ਜਿਹੜੀ ਤੁਹਾਡੇ ਪੁਰਖਿਆਂ ਦੀ ਸੀ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਲਵੋਂਗੇ। ਉਹ ਤੁਹਾਨੂੰ ਤੁਹਾਡੇ ਪੁਰਖਿਆਂ ਨਾਲੋਂ ਵਧੇਰੇ ਖੁਸ਼ਹਾਲ ਅਤੇ ਅਣਗਿਣਤ ਬਣਾ ਦੇਵੇਗਾ। 6ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਡੇ ਦਿਲਾਂ ਅਤੇ ਤੁਹਾਡੇ ਉੱਤਰਾਧਿਕਾਰੀਆਂ ਦੇ ਦਿਲਾਂ ਦੀ ਸੁੰਨਤ ਕਰੇਗਾ ਤਾਂ ਜੋ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪਿਆਰ ਕਰੋ ਅਤੇ ਜੀਉਂਦੇ ਰਹੋ। 7ਯਾਹਵੇਹ ਤੁਹਾਡਾ ਪਰਮੇਸ਼ਵਰ ਇਹ ਸਾਰੇ ਸਰਾਪ ਤੁਹਾਡੇ ਵੈਰੀਆਂ ਉੱਤੇ ਪਾਵੇਗਾ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਅਤੇ ਸਤਾਉਂਦੇ ਹਨ। 8ਤੁਸੀਂ ਮੁੜੋਗੇ ਅਤੇ ਯਾਹਵੇਹ ਦਾ ਹੁਕਮ ਮੰਨੋਗੇ ਅਤੇ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। 9ਤਦ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਅਤੇ ਤੁਹਾਡੀ ਕੁੱਖ ਦੇ ਫਲ ਵਿੱਚ, ਤੁਹਾਡੇ ਪਸ਼ੂਆਂ ਦੇ ਬੱਚਿਆਂ ਅਤੇ ਤੁਹਾਡੀ ਜ਼ਮੀਨ ਦੀਆਂ ਫ਼ਸਲਾਂ ਵਿੱਚ ਤੁਹਾਨੂੰ ਸਭ ਤੋਂ ਵੱਧ ਵਧਾਵੇਗਾ, ਕਿਉਂ ਜੋ ਯਾਹਵੇਹ ਤੁਹਾਡੇ ਉੱਤੇ ਭਲਿਆਈ ਲਈ ਖੁਸ਼ ਹੋਵੇਗਾ, ਜਿਵੇਂ ਉਹ ਤੁਹਾਡੇ ਪੁਰਖਿਆਂ ਉੱਤੇ ਖੁਸ਼ ਸੀ। 10ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਮੰਨਦੇ ਹੋ ਅਤੇ ਉਸ ਦੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਦੇ ਹੋ ਜੋ ਇਸ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਆਪਣੇ ਪੂਰੇ ਦਿਲ ਅਤੇ ਆਤਮਾ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜਦੇ ਹੋ।
ਜੀਵਨ ਦਾ ਚੁਣਾਵ ਜਾਂ ਮੌਤ
11ਹੁਣ ਜੋ ਹੁਕਮ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ ਉਹ ਤੁਹਾਡੇ ਲਈ ਨਾ ਤਾਂ ਬਹੁਤ ਔਖਾ ਹੈ ਅਤੇ ਨਾ ਹੀ ਤੁਹਾਡੇ ਤੋਂ ਬਹੁਤ ਦੂਰ ਹੈ। 12ਨਾ ਤਾਂ ਇਹ ਅਕਾਸ਼ ਉੱਤੇ ਹੈ, ਇਸ ਲਈ ਤੁਸੀਂ ਆਖੋ, “ਇਸ ਨੂੰ ਪ੍ਰਾਪਤ ਕਰਨ ਲਈ ਸਵਰਗ ਵਿੱਚ ਕੌਣ ਚੜ੍ਹੇਗਾ ਅਤੇ ਸਾਨੂੰ ਇਸ ਦਾ ਪ੍ਰਚਾਰ ਕਰੇਗਾ ਤਾਂ ਜੋ ਅਸੀਂ ਇਸਨੂੰ ਮੰਨ ਸਕੀਏ?” 13ਅਤੇ ਨਾ ਹੀ ਇਹ ਸਮੁੰਦਰ ਤੋਂ ਪਾਰ ਹੈ, ਇਸ ਲਈ ਤੁਸੀਂ ਆਖੋ, “ਕੌਣ ਇਸ ਨੂੰ ਪ੍ਰਾਪਤ ਕਰਨ ਲਈ ਸਮੁੰਦਰ ਨੂੰ ਪਾਰ ਕਰੇਗਾ ਅਤੇ ਸਾਨੂੰ ਇਸ ਦਾ ਪ੍ਰਚਾਰ ਕਰੇਗਾ ਤਾਂ ਜੋ ਅਸੀਂ ਇਸਨੂੰ ਮੰਨ ਸਕੀਏ?” 14ਨਹੀਂ, ਇਹ ਬਚਨ ਤੁਹਾਡੇ ਬਹੁਤ ਨੇੜੇ ਹੈ, ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹੈ ਤਾਂ ਜੋ ਤੁਸੀਂ ਇਸਨੂੰ ਮੰਨ ਸਕੋ।
15ਵੇਖੋ, ਮੈਂ ਅੱਜ ਤੁਹਾਡੇ ਅੱਗੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ। 16ਕਿਉਂਕਿ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਪਿਆਰ ਕਰੋ, ਉਸ ਦੀ ਆਗਿਆਕਾਰੀ ਵਿੱਚ ਚੱਲੋ ਅਤੇ ਉਸ ਦੇ ਹੁਕਮਾਂ, ਫ਼ਰਮਾਨਾਂ ਅਤੇ ਨਿਯਮਾਂ ਦੀ ਪਾਲਣਾ ਕਰੋ। ਤਾਂ ਤੁਸੀਂ ਜੀਉਂਦੇ ਰਹੋਗੇ ਅਤੇ ਵਧੋਗੇ, ਅਤੇ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਉੱਤੇ ਬਰਕਤ ਦੇਵੇਗਾ ਜਿਸ ਵਿੱਚ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ।
17ਪਰ ਜੇ ਤੁਹਾਡਾ ਮਨ ਮੁੜ ਜਾਵੇ ਅਤੇ ਤੁਸੀਂ ਆਗਿਆਕਾਰੀ ਨਾ ਹੋਵੋ ਅਤੇ ਜੇ ਤੁਸੀਂ ਦੂਜੇ ਦੇਵਤਿਆਂ ਨੂੰ ਮੱਥਾ ਟੇਕਦੇ ਫਿਰੋ ਅਤੇ ਉਹਨਾਂ ਦੀ ਪੂਜਾ ਕਰੋ, 18ਮੈਂ ਅੱਜ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਜ਼ਰੂਰ ਨਾਸ ਹੋ ਜਾਵੋਂਗੇ। ਤੁਸੀਂ ਉਸ ਦੇਸ਼ ਵਿੱਚ ਜ਼ਿਆਦਾ ਦਿਨਾਂ ਤੱਕ ਨਹੀਂ ਰਹਿ ਸਕੋਗੇ ਜਿਸ ਉੱਤੇ ਤੁਸੀਂ ਦਾਖਲ ਹੋਣ ਅਤੇ ਕਬਜ਼ਾ ਕਰਨ ਲਈ ਯਰਦਨ ਪਾਰ ਕਰ ਰਹੇ ਹੋ।
19ਅੱਜ ਦੇ ਦਿਨ ਮੈਂ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹ ਠਹਿਰਾਉਂਦਾ ਹਾਂ ਜੋ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤਾਂ ਅਤੇ ਸਰਾਪ ਰੱਖੇ ਹਨ। ਹੁਣ ਜੀਵਨ ਚੁਣੋ, ਤਾਂ ਜੋ ਤੁਸੀਂ ਅਤੇ ਤੁਹਾਡੇ ਬੱਚੇ ਜੀਉਂਦੇ ਰਹਿਣ। 20ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ, ਉਸਦੀ ਆਵਾਜ਼ ਸੁਣੋ ਅਤੇ ਉਸਨੂੰ ਫੜੀ ਰੱਖੋ ਕਿਉਂਕਿ ਯਾਹਵੇਹ ਤੁਹਾਡਾ ਜੀਵਨ ਅਤੇ ਤੁਹਾਨੂੰ ਲੰਮੀ ਉਮਰ ਦਿੰਦਾ ਹੈ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਵੱਸੇ ਰਹੋ ਜਿਸਦੇ ਦੇਣ ਦੀ ਸਹੁੰ ਯਾਹਵੇਹ ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ।
தற்சமயம் தேர்ந்தெடுக்கப்பட்டது:
ਬਿਵਸਥਾ 30: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.