ਬਿਵਸਥਾ 27

27
ਏਬਾਲ ਪਰਬਤ ਉੱਤੇ ਜਗਵੇਦੀ
1ਮੋਸ਼ੇਹ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਲੋਕਾਂ ਨੂੰ ਹੁਕਮ ਦਿੱਤਾ, “ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ। 2ਜਦੋਂ ਤੁਸੀਂ ਯਰਦਨ ਨਦੀ ਪਾਰ ਕਰਕੇ ਉਸ ਧਰਤੀ ਵਿੱਚ ਪਹੁੰਚ ਜਾਓ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ, ਤਾਂ ਕੁਝ ਵੱਡੇ-ਵੱਡੇ ਪੱਥਰ ਲਗਾਓ ਅਤੇ ਉਹਨਾਂ ਉੱਤੇ ਲਿਪਾਈ ਕਰੋ। 3ਉਹਨਾਂ ਉੱਤੇ ਇਸ ਬਿਵਸਥਾ ਦੇ ਸਾਰੇ ਸ਼ਬਦ ਲਿਖੋ ਜਦੋਂ ਤੁਸੀਂ ਉਸ ਧਰਤੀ ਵਿੱਚ ਪ੍ਰਵੇਸ਼ ਕਰਨ ਲਈ ਪਾਰ ਹੋਵੋ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ, ਇੱਕ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਜਿਵੇਂ ਯਾਹਵੇਹ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ। 4ਅਤੇ ਜਦੋਂ ਤੁਸੀਂ ਯਰਦਨ ਪਾਰ ਕਰੋਗੇ, ਤਾਂ ਜਿਵੇਂ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ, ਏਬਾਲ ਪਹਾੜ ਉੱਤੇ ਇਨ੍ਹਾਂ ਪੱਥਰਾਂ ਨੂੰ ਖੜ੍ਹਾ ਕਰੋ ਅਤੇ ਉਹਨਾਂ ਉੱਤੇ ਲਿਪਾਈ ਕਰੋ। 5ਉੱਥੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾਓ, ਪੱਥਰਾਂ ਦੀ ਇੱਕ ਜਗਵੇਦੀ। ਇਨ੍ਹਾਂ ਉੱਤੇ ਲੋਹੇ ਦੇ ਕਿਸੇ ਸੰਦ ਦੀ ਵਰਤੋਂ ਨਾ ਕਰੋ। 6ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੀ ਜਗਵੇਦੀ ਨੂੰ ਖੇਤ ਦੇ ਪੱਥਰਾਂ ਨਾਲ ਬਣਾਓ ਅਤੇ ਇਸ ਉੱਤੇ ਆਪਣੇ ਯਾਹਵੇਹ ਨੂੰ ਹੋਮ ਬਲੀ ਦੀਆਂ ਭੇਟਾਂ ਚੜ੍ਹਾਓ। 7ਉੱਥੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਓ, ਉਹਨਾਂ ਨੂੰ ਖਾਓ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅਨੰਦ ਕਰਿਓ। 8ਅਤੇ ਤੁਸੀਂ ਇਨ੍ਹਾਂ ਪੱਥਰਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਸਾਫ਼-ਸਾਫ਼ ਲਿਖੋ।”
ਏਬਾਲ ਪਰਬਤ ਤੋਂ ਸਰਾਪ
9ਤਦ ਮੋਸ਼ੇਹ ਅਤੇ ਲੇਵੀ ਜਾਜਕਾਂ ਨੇ ਸਾਰੇ ਇਸਰਾਏਲ ਨੂੰ ਆਖਿਆ, “ਇਸਰਾਏਲ, ਚੁੱਪ ਰਹੋ ਅਤੇ ਸੁਣੋ! ਤੁਸੀਂ ਹੁਣ ਆਪਣੇ ਯਾਹਵੇਹ ਪਰਮੇਸ਼ਵਰ ਦੇ ਲੋਕ ਬਣ ਗਏ ਹੋ। 10ਆਪਣੇ ਯਾਹਵੇਹ ਪਰਮੇਸ਼ਵਰ ਦੀ ਆਵਾਜ਼ ਸੁਣੋ, ਅਤੇ ਉਸਦੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ।”
11ਉਸੇ ਦਿਨ ਮੋਸ਼ੇਹ ਨੇ ਲੋਕਾਂ ਨੂੰ ਹੁਕਮ ਦਿੱਤਾ:
12ਜਦੋਂ ਤੁਸੀਂ ਯਰਦਨ ਪਾਰ ਕਰੋਗੇ, ਤਾਂ ਇਹ ਗੋਤ ਲੋਕਾਂ ਨੂੰ ਅਸੀਸ ਦੇਣ ਲਈ ਗਰਿੱਜ਼ੀਮ ਪਹਾੜ ਉੱਤੇ ਖੜ੍ਹੇ ਹੋਣਗੇ: ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਯੋਸੇਫ਼ ਅਤੇ ਬਿਨਯਾਮੀਨ। 13ਅਤੇ ਇਹ ਗੋਤ ਏਬਾਲ ਪਰਬਤ ਉੱਤੇ ਸਰਾਪ ਦੇਣ ਲਈ ਖੜ੍ਹੇ ਹੋਣਗੇ: ਰਊਬੇਨ, ਗਾਦ, ਆਸ਼ੇਰ, ਜ਼ਬੂਲੁਨ, ਦਾਨ ਅਤੇ ਨਫ਼ਤਾਲੀ।
14ਲੇਵੀ ਇਸਰਾਏਲ ਦੇ ਸਾਰੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਆਖਣ:
15“ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮੂਰਤੀ ਬਣਾਉਂਦਾ ਹੈ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਾਹਵੇਹ ਘਿਰਣਾ ਕਰਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
16“ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਆਪਣੇ ਪਿਤਾ ਜਾਂ ਮਾਤਾ ਦਾ ਨਿਰਾਦਰ ਕਰਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
17“ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਆਪਣੇ ਗੁਆਂਢੀ ਦੀ ਸੀਮਾ ਦੇ ਪੱਥਰ ਨੂੰ ਹਿਲਾਉਂਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
18“ਸਰਾਪਿਆ ਹੋਇਆ ਹੈ ਉਹ ਜਿਹੜਾ ਅੰਨ੍ਹੇ ਨੂੰ ਰਾਹ ਵਿੱਚੋਂ ਕੁਰਾਹੇ ਪਾਉਂਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
19“ਸਰਾਪਿਆ ਹੋਇਆ ਹੈ ਉਹ ਜਿਹੜਾ ਪਰਦੇਸੀ, ਯਤੀਮ ਜਾਂ ਵਿਧਵਾ ਦਾ ਨਿਆਂ ਰੋਕਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
20“ਸਰਾਪਿਆ ਹੋਇਆ ਹੈ ਉਹ ਜਿਹੜਾ ਆਪਣੇ ਪਿਤਾ ਦੀ ਪਤਨੀ ਨਾਲ ਸੌਂਦਾ ਹੈ ਕਿਉਂ ਜੋ ਉਹ ਆਪਣੇ ਪਿਤਾ ਦੇ ਬਿਸਤਰੇ ਦਾ ਅਪਮਾਨ ਕਰਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
21“ਸਰਾਪਿਆ ਹੋਇਆ ਕੋਈ ਵੀ ਵਿਅਕਤੀ ਜਿਹੜਾ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
22“ਸਰਾਪਿਆ ਹੋਇਆ ਕੋਈ ਵੀ ਵਿਅਕਤੀ ਜਿਹੜਾ ਆਪਣੀ ਭੈਣ, ਆਪਣੇ ਪਿਤਾ ਦੀ ਧੀ ਜਾਂ ਆਪਣੀ ਮਾਂ ਦੀ ਧੀ ਨਾਲ ਸੌਂਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
23“ਸਰਾਪਿਆ ਹੋਇਆ ਹੈ ਜਿਹੜਾ ਆਪਣੀ ਸੱਸ ਨਾਲ ਸੌਂਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
24“ਸਰਾਪਿਆ ਹੋਇਆ ਹੈ ਉਹ ਜਿਹੜਾ ਆਪਣੇ ਗੁਆਂਢੀ ਨੂੰ ਗੁਪਤ ਰੂਪ ਵਿੱਚ ਮਾਰਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
25“ਸਰਾਪਿਆ ਹੋਇਆ ਹੈ ਉਹ ਜਿਹੜਾ ਕਿਸੇ ਨਿਰਦੋਸ਼ ਨੂੰ ਮਾਰਨ ਲਈ ਰਿਸ਼ਵਤ ਲੈਂਦਾ ਹੈ।”
ਤਦ ਸਾਰੇ ਲੋਕ ਆਖਣਗੇ, “ਆਮੀਨ!”
26“ਸਰਾਪੀ ਹੈ ਉਹ ਵਿਅਕਤੀ ਜਿਹੜਾ ਇਸ ਬਿਵਸਥਾ ਦੇ ਬਚਨਾਂ ਨੂੰ ਮੰਨ ਕੇ ਪੂਰਾ ਨਾ ਕਰੇ।”
ਤਦ ਸਾਰੇ ਲੋਕ ਆਖਣਗੇ, “ਆਮੀਨ!”

தற்சமயம் தேர்ந்தெடுக்கப்பட்டது:

ਬਿਵਸਥਾ 27: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்