ਬਿਵਸਥਾ 10

10
ਪਹਿਲੀਆਂ ਵਰਗੀਆਂ ਫੱਟੀਆਂ
1ਉਸ ਸਮੇਂ ਯਾਹਵੇਹ ਨੇ ਮੈਨੂੰ ਕਿਹਾ, “ਪਹਿਲਾਂ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾ ਅਤੇ ਪਹਾੜ ਉੱਤੇ ਮੇਰੇ ਕੋਲ ਆ, ਨਾਲੇ ਇੱਕ ਲੱਕੜੀ ਦਾ ਸੰਦੂਕ ਬਣਾ। 2ਮੈਂ ਉਹਨਾਂ ਫੱਟੀਆਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜਿਆ ਸੀ। ਤੂੰ ਫਿਰ ਉਹਨਾਂ ਨੂੰ ਸੰਦੂਕ ਵਿੱਚ ਰੱਖ ਲਵੀਂ।”
3ਸੋ ਮੈਂ ਕਿੱਕਰ ਦੀ ਲੱਕੜੀ ਦਾ ਸੰਦੂਕ ਬਣਾਇਆ ਅਤੇ ਪਹਿਲੀਆਂ ਵਾਂਗੂੰ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਪਹਾੜ ਉੱਤੇ ਚੜ੍ਹ ਗਿਆ। 4ਯਾਹਵੇਹ ਨੇ ਇਨ੍ਹਾਂ ਫੱਟੀਆਂ ਉੱਤੇ ਉਹ ਲਿਖਿਆ ਜੋ ਉਸ ਨੇ ਪਹਿਲਾਂ ਲਿਖਿਆ ਸੀ, ਉਹ ਦਸ ਹੁਕਮ ਜਿਹੜੇ ਉਸ ਨੇ ਤੁਹਾਨੂੰ ਪਹਾੜ ਉੱਤੇ, ਅੱਗ ਵਿੱਚੋਂ, ਸਭਾ ਦੇ ਦਿਨ ਸੁਣਾਏ ਸਨ ਅਤੇ ਯਾਹਵੇਹ ਨੇ ਮੈਨੂੰ ਦਿੱਤੇ। 5ਤਦ ਮੈਂ ਪਹਾੜ ਤੋਂ ਹੇਠਾਂ ਆ ਕੇ ਫੱਟੀਆਂ ਨੂੰ ਆਪਣੇ ਬਣਾਏ ਹੋਏ ਸੰਦੂਕ ਵਿੱਚ ਰੱਖ ਦਿੱਤਾ, ਜਿਵੇਂ ਕਿ ਯਾਹਵੇਹ ਦੇ ਹੁਕਮ ਅਨੁਸਾਰ ਉਹ ਉੱਥੇ ਹੀ ਹਨ।
6(ਇਸਰਾਏਲੀਆਂ ਨੇ ਬਨੇ-ਯਾਕਾਨ ਦੇ ਖੂਹਾਂ ਤੋਂ ਮੋਸੇਰਾਹ ਤੱਕ ਦਾ ਸਫ਼ਰ ਕੀਤਾ, ਉੱਥੇ ਹਾਰੋਨ ਦੀ ਮੌਤ ਹੋ ਗਈ ਅਤੇ ਉਸ ਨੂੰ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਲਆਜ਼ਾਰ ਉਸ ਤੋਂ ਬਾਅਦ ਜਾਜਕ ਬਣਿਆ। 7ਉੱਥੋਂ ਉਹ ਗੁਦਗੋਦਾਹ ਅਤੇ ਯੋਤਬਥਾਹ ਨਾਮਕ ਇੱਕ ਦੇਸ਼ ਨੂੰ ਗਏ, ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ਼ ਹੈ। 8ਉਸ ਸਮੇਂ ਯਾਹਵੇਹ ਨੇ ਲੇਵੀ ਦੇ ਗੋਤ ਨੂੰ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਲਈ ਅਤੇ ਯਾਹਵੇਹ ਦੇ ਸਾਮ੍ਹਣੇ ਖੜ੍ਹੇ ਹੋਣ ਲਈ ਵੱਖਰਾ ਕੀਤਾ, ਤਾਂ ਕਿ ਉਸਦੀ ਸੇਵਾ ਕਰਨ ਲਈ ਅਤੇ ਉਸਦੇ ਨਾਮ ਉੱਤੇ ਅਸੀਸਾਂ ਦੇਣ, ਜਿਵੇਂ ਕਿ ਉਹ ਅੱਜ ਵੀ ਕਰਦੇ ਹਨ। 9ਇਸ ਲਈ ਲੇਵੀਆਂ ਦਾ ਆਪਣੇ ਇਸਰਾਏਲੀਆਂ ਵਿੱਚ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਹੈ। ਯਾਹਵੇਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ।)
10ਹੁਣ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਠਹਿਰਿਆ ਸੀ, ਜਿਵੇਂ ਮੈਂ ਪਹਿਲਾ ਵੀ ਕੀਤਾ ਸੀ ਅਤੇ ਯਾਹਵੇਹ ਨੇ ਇਸ ਸਮੇਂ ਵੀ ਮੇਰੀ ਗੱਲ ਸੁਣੀ ਅਤੇ ਤੁਹਾਨੂੰ ਤਬਾਹ ਕਰਨਾ ਨਾ ਚਾਹਿਆ। 11ਯਾਹਵੇਹ ਨੇ ਮੈਨੂੰ ਆਖਿਆ, “ਜਾਹ ਅਤੇ ਲੋਕਾਂ ਨੂੰ ਉਹਨਾਂ ਦੇ ਰਾਹ ਤੇ ਲੈ ਜਾ, ਤਾਂ ਜੋ ਉਹ ਉਸ ਧਰਤੀ ਵਿੱਚ ਵੜਨ ਅਤੇ ਉਸ ਉੱਤੇ ਕਬਜ਼ਾ ਕਰ ਲੈਣ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।”
ਯਾਹਵੇਹ ਤੋਂ ਡਰੋ
12ਹੇ ਇਸਰਾਏਲ, ਹੁਣ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਤੋਂ ਕੀ ਮੰਗਦਾ ਹੈ ਪਰ ਸਿਰਫ ਇਹ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰੋ, ਉਸਦੇ ਹੁਕਮਾਂ ਅਨੁਸਾਰ ਚੱਲੋ, ਉਸ ਨੂੰ ਪਿਆਰ ਕਰੋ, ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ, 13ਅਤੇ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਨਾ ਜੋ ਮੈਂ ਅੱਜ ਤੁਹਾਨੂੰ ਤੁਹਾਡੇ ਭਲੇ ਲਈ ਦਿੰਦਾ ਹਾਂ?
14ਅਕਾਸ਼ ਸਗੋਂ ਅਕਾਸ਼ਾਂ ਦਾ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ ਉਹ ਸਭ ਕੁਝ ਯਾਹਵੇਹ ਤੁਹਾਡੇ ਪਰਮੇਸ਼ਵਰ ਦਾ ਹੈ 15ਫਿਰ ਵੀ ਯਾਹਵੇਹ ਨੇ ਤੁਹਾਡੇ ਪੁਰਖਿਆਂ ਉੱਤੇ ਆਪਣਾ ਪਿਆਰ ਦੇਖਿਆ ਅਤੇ ਉਹਨਾਂ ਨੂੰ ਪਿਆਰ ਕੀਤਾ ਅਤੇ ਉਸਨੇ ਤੁਹਾਨੂੰ ਆਪਣੇ ਉੱਤਰਾਧਿਕਾਰੀਆਂ ਵਜੋਂ, ਸਾਰੀਆਂ ਕੌਮਾਂ ਵਿੱਚੋਂ ਚੁਣਿਆ, ਜਿਵੇਂ ਕਿ ਅੱਜ ਹੈ। 16ਇਸ ਲਈ ਆਪਣੇ ਮਨਾਂ ਦੀ ਸੁੰਨਤ ਕਰੋ ਅਤੇ ਅੱਗੇ ਤੋਂ ਹਠੀਲੇ ਨਾ ਬਣੋ। 17ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ ਪਰਮੇਸ਼ਵਰ, ਸ਼ਕਤੀਸ਼ਾਲੀ ਅਤੇ ਅਚਰਜ ਹੈ, ਜੋ ਕੋਈ ਪੱਖਪਾਤ ਨਹੀਂ ਕਰਦਾ ਅਤੇ ਕਿਸੇ ਤੋਂ ਰਿਸ਼ਵਤ ਨਹੀਂ ਲੈਂਦਾ। 18ਉਹ ਯਤੀਮਾਂ ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ ਅਤੇ ਤੁਹਾਡੇ ਵਿੱਚ ਵੱਸਣ ਵਾਲੇ ਪਰਦੇਸੀਆਂ ਨੂੰ ਭੋਜਨ ਅਤੇ ਕੱਪੜੇ ਦਿੰਦਾ ਹੈ। 19ਅਤੇ ਤੁਸੀਂ ਪਰਦੇਸੀਆਂ ਨੂੰ ਪਿਆਰ ਕਰੋ ਕਿਉਂ ਜੋ ਤੁਸੀਂ ਆਪ ਮਿਸਰ ਵਿੱਚ ਪਰਦੇਸੀ ਸੀ। 20ਆਪਣੇ ਯਾਹਵੇਹ ਪਰਮੇਸ਼ਵਰ ਤੋਂ ਡਰੋ ਅਤੇ ਉਸਦੀ ਸੇਵਾ ਕਰੋ, ਉਸ ਨੂੰ ਫੜੀ ਰੱਖੋ ਅਤੇ ਉਸੇ ਦੇ ਨਾਮ ਉੱਤੇ ਸਹੁੰ ਖਾਓ। 21ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ, ਉਹ ਤੁਹਾਡਾ ਪਰਮੇਸ਼ਵਰ ਹੈ ਜਿਸ ਨੇ ਤੁਹਾਡੇ ਲਈ ਉਹ ਮਹਾਨ ਅਤੇ ਸ਼ਾਨਦਾਰ ਅਚੰਭੇ ਕੰਮ ਕੀਤੇ ਹਨ, ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਸਨ। 22ਤੁਹਾਡੇ ਪੂਰਵਜ ਜਦੋਂ ਮਿਸਰ ਵਿੱਚ ਗਏ ਸਨ ਕੁੱਲ ਸੱਤਰ ਪ੍ਰਾਣੀ ਸਨ ਅਤੇ ਹੁਣ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕਰ ਦਿੱਤਾ ਹੈ।

தற்சமயம் தேர்ந்தெடுக்கப்பட்டது:

ਬਿਵਸਥਾ 10: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்