ਹਿਜ਼ਕੀਏਲ 39
39
1“ਹੇ ਮਨੁੱਖ ਦੇ ਪੁੱਤਰ, ਗੋਗ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹੇ ਗੋਗ, ਮੇਸ਼ੇਕ ਅਤੇ ਤੂਬਲ ਦੇ ਮੁੱਖ ਰਾਜਕੁਮਾਰ ਮੈਂ ਤੇਰੇ ਵਿਰੁੱਧ ਹਾਂ। 2ਮੈਂ ਤੁਹਾਨੂੰ ਉਲਟਾ ਦੇਵਾਂਗਾ ਅਤੇ ਤੈਨੂੰ ਇੱਧਰ-ਉੱਧਰ ਘਸੀਟਾਗਾ। ਮੈਂ ਤੈਨੂੰ ਦੂਰ ਉੱਤਰ ਤੋਂ ਲਿਆਵਾਂਗਾ ਅਤੇ ਤੈਨੂੰ ਇਸਰਾਏਲ ਦੇ ਪਹਾੜਾਂ ਦੇ ਵਿਰੁੱਧ ਭੇਜਾਂਗਾ। 3ਫਿਰ ਮੈਂ ਤੇਰਾ ਧਣੁੱਖ ਤੇਰੇ ਖੱਬੇ ਹੱਥ ਵਿੱਚੋਂ ਛੁਡਾ ਦਿਆਂਗਾ ਅਤੇ ਤੇਰੇ ਤੀਰ ਤੇਰੇ ਸੱਜੇ ਹੱਥ ਵਿੱਚੋਂ ਡੇਗੇ ਜਾਣਗੇ। 4ਤੂੰ ਇਸਰਾਏਲ ਦੇ ਪਹਾੜਾਂ ਉੱਤੇ ਆਪਣੇ ਸਾਰੇ ਲੋਕਾਂ ਸਮੇਤ, ਜਿਹੜੇ ਤੇਰੇ ਨਾਲ ਹੋਣਗੇ ਡਿੱਗ ਜਾਏਂਗਾ। ਮੈਂ ਤੈਨੂੰ ਹਰ ਪ੍ਰਕਾਰ ਦੇ ਮੋਘੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਭੋਜਨ ਦੇ ਦਿਆਂਗਾ। 5ਤੂੰ ਖੁੱਲ੍ਹੇ ਮੈਦਾਨ ਵਿੱਚ ਡਿੱਗ ਜਾਵੇਂਗਾ, ਕਿਉਂਕਿ ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 6ਮੈਂ ਮਾਗੋਗ ਉੱਤੇ ਅਤੇ ਉਹਨਾਂ ਲੋਕਾਂ ਉੱਤੇ ਜਿਹੜੇ ਸਮੁੰਦਰੀ ਕੰਢਿਆਂ ਵਿੱਚ ਸੁਰੱਖਿਅਤ ਰਹਿੰਦੇ ਹਨ, ਅੱਗ ਭੇਜਾਂਗਾ, ਅਤੇ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।
7“ ‘ਮੈਂ ਆਪਣੇ ਲੋਕ ਇਸਰਾਏਲ ਵਿੱਚ ਆਪਣਾ ਪਵਿੱਤਰ ਨਾਮ ਦੱਸਾਂਗਾ। ਮੈਂ ਹੁਣ ਆਪਣੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਹੋਣ ਦਿਆਂਗਾ, ਅਤੇ ਕੌਮਾਂ ਜਾਣ ਲੈਣਗੀਆਂ ਕਿ ਮੈਂ ਇਸਰਾਏਲ ਦਾ ਪਵਿੱਤਰ ਯਾਹਵੇਹ ਹਾਂ। 8ਵੇਖ, ਉਹ ਆ ਰਿਹਾ ਹੈ ਅਤੇ ਹੋ ਕੇ ਰਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ।
9“ ‘ਫਿਰ ਇਸਰਾਏਲ ਦੇ ਕਸਬਿਆਂ ਵਿੱਚ ਰਹਿਣ ਵਾਲੇ ਬਾਹਰ ਜਾਣਗੇ ਅਤੇ ਹਥਿਆਰਾਂ ਨੂੰ ਬਾਲਣ ਲਈ ਵਰਤਣਗੇ ਅਤੇ ਉਹਨਾਂ ਨੂੰ ਸਾੜ ਦੇਣਗੇ—ਛੋਟੀਆਂ ਅਤੇ ਵੱਡੀਆਂ ਢਾਲਾਂ, ਧਨੁਸ਼ ਅਤੇ ਤੀਰ, ਜੰਗੀ ਡੰਡੇ ਅਤੇ ਬਰਛੇ। ਸੱਤ ਸਾਲਾਂ ਤੱਕ ਉਹ ਇਨ੍ਹਾਂ ਨੂੰ ਬਾਲਣ ਲਈ ਵਰਤਣਗੇ। 10ਉਹਨਾਂ ਨੂੰ ਖੇਤਾਂ ਵਿੱਚੋਂ ਲੱਕੜ ਇਕੱਠੀ ਕਰਨ ਜਾਂ ਜੰਗਲਾਂ ਵਿੱਚੋਂ ਕੱਟਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਹ ਬਾਲਣ ਲਈ ਹਥਿਆਰਾਂ ਦੀ ਵਰਤੋਂ ਕਰਨਗੇ ਅਤੇ ਉਹ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਅਤੇ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
11“ ‘ਉਸ ਦਿਨ ਮੈਂ ਗੋਗ ਨੂੰ ਇਸਰਾਏਲ ਵਿੱਚ, ਸਮੁੰਦਰ ਦੇ ਪੂਰਬ ਵੱਲ ਜਾਣ ਵਾਲਿਆਂ ਦੀ ਘਾਟੀ ਵਿੱਚ ਦਫ਼ਨਾਉਣ ਦੀ ਜਗ੍ਹਾ ਦੇਵਾਂਗਾ। ਇਹ ਯਾਤਰੀਆਂ ਦੇ ਰਾਹ ਨੂੰ ਰੋਕ ਦੇਵੇਗਾ, ਕਿਉਂਕਿ ਗੋਗ ਅਤੇ ਉਸਦੀ ਸਾਰੀ ਭੀੜ ਉੱਥੇ ਹੀ ਦੱਬੀ ਜਾਵੇਗੀ। ਇਸ ਲਈ ਇਸਨੂੰ ਹਾਮੋਨ ਗੋਗ#39:11 ਹਾਮੋਨ ਗੋਗ ਅਰਥਾਤ ਗੋਗ ਦੀ ਭੀੜ ਦੀ ਵਾਦੀ ਕਿਹਾ ਜਾਵੇਗਾ।
12“ ‘ਸੱਤ ਮਹੀਨਿਆਂ ਤੱਕ ਇਸਰਾਏਲੀ ਧਰਤੀ ਨੂੰ ਸਾਫ਼ ਕਰਨ ਲਈ ਉਹਨਾਂ ਨੂੰ ਦਫ਼ਨਾਉਣਗੇ। 13ਦੇਸ਼ ਦੇ ਸਾਰੇ ਲੋਕ ਉਹਨਾਂ ਨੂੰ ਦਫ਼ਨਾਉਣਗੇ, ਅਤੇ ਜਿਸ ਦਿਨ ਮੈਂ ਆਪਣੀ ਮਹਿਮਾ ਦਾ ਪ੍ਰਦਰਸ਼ਨ ਕਰਾਂਗਾ ਉਹ ਉਹਨਾਂ ਲਈ ਯਾਦਗਾਰੀ ਦਿਨ ਹੋਵੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 14ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫ਼ਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਤਾਂ ਕਿ ਉਹ ਸਾਫ਼ ਹੋਵੇ।
“ ‘ਸੱਤ ਮਹੀਨਿਆਂ ਬਾਅਦ ਉਹ ਹੋਰ ਚੰਗੀ ਖੋਜ ਕਰਨਗੇ। 15ਜਦੋਂ ਉਹ ਧਰਤੀ ਵਿੱਚੋਂ ਲੰਘਦੇ ਹਨ, ਜੋ ਕੋਈ ਵੀ ਮਨੁੱਖ ਦੀ ਹੱਡੀ ਨੂੰ ਵੇਖਦਾ ਹੈ, ਉਹ ਉਸ ਦੇ ਕੋਲ ਇੱਕ ਨਿਸ਼ਾਨ ਛੱਡ ਦੇਵੇਗਾ ਜਦੋਂ ਤੱਕ ਕਬਰ ਖੋਦਣ ਵਾਲੇ ਇਸਨੂੰ ਹਾਮੋਨ ਗੋਗ ਦੀ ਘਾਟੀ ਵਿੱਚ ਦਫ਼ਨਾ ਨਹੀਂ ਦਿੰਦੇ, 16ਸ਼ਹਿਰ ਦਾ ਨਾਮ ਵੀ ਹਮੋਨ#39:16 ਹਮੋਨ ਅਰਥ ਭੀੜ ਹੋਵੇਗਾ। ਇਸ ਤਰ੍ਹਾਂ ਉਹ ਧਰਤੀ ਨੂੰ ਸ਼ੁੱਧ ਕਰਨਗੇ।’
17“ਹੇ ਮਨੁੱਖ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹਰ ਕਿਸਮ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਪੁਕਾਰ: ‘ਉਸ ਬਲੀ ਲਈ ਜੋ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਆਲੇ-ਦੁਆਲੇ ਤੋਂ ਇੱਕ ਜਗ੍ਹਾਂ ਆਓ ਅਤੇ ਇਕੱਠੇ ਹੋਵੋ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਮਹਾਨ ਬਲੀਦਾਨ। ਉੱਥੇ ਤੁਸੀਂ ਮਾਸ ਖਾਓਗੇ ਅਤੇ ਲਹੂ ਪੀਓਗੇ। 18ਤੁਸੀਂ ਸੂਰਬੀਰਾਂ ਦਾ ਮਾਸ ਖਾਵੋਂਗੇ ਅਤੇ ਧਰਤੀ ਦੇ ਸਰਦਾਰਾਂ ਦਾ ਲਹੂ ਪੀਓਗੇ ਜਿਵੇਂ ਕਿ ਉਹ ਭੇਡੂ, ਲੇਲੇ, ਬੱਕਰੀਆਂ ਅਤੇ ਬਲਦ ਹਨ, ਉਹ ਸਾਰੇ ਬਾਸ਼ਾਨ ਦੇ ਮੋਟੇ ਜਾਨਵਰ ਹਨ। 19ਜੋ ਬਲੀ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਤੁਸੀਂ ਚਰਬੀ ਖਾਓਗੇ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ ਅਤੇ ਖੂਨ ਪੀਓਗੇ ਜਦੋਂ ਤੱਕ ਤੁਸੀਂ ਮਸਤ ਨਹੀਂ ਹੋ ਜਾਂਦੇ। 20ਮੇਰੀ ਮੇਜ਼ ਤੇ ਤੁਸੀਂ ਘੋੜਿਆਂ ਅਤੇ ਸਵਾਰਾਂ, ਸੂਰਬੀਰਾਂ ਅਤੇ ਹਰ ਕਿਸਮ ਦੇ ਸਿਪਾਹੀਆਂ ਨਾਲ ਰੱਜ ਕੇ ਖਾਓਗੇ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
21“ਮੈਂ ਕੌਮਾਂ ਵਿੱਚ ਆਪਣਾ ਪਰਤਾਪ ਵਿਖਾਵਾਂਗਾ, ਅਤੇ ਸਾਰੀਆਂ ਕੌਮਾਂ ਉਸ ਸਜ਼ਾ ਨੂੰ ਵੇਖਣਗੀਆਂ ਜੋ ਮੈਂ ਦਿਆਂਗਾ ਅਤੇ ਜੋ ਹੱਥ ਮੈਂ ਉਹਨਾਂ ਉੱਤੇ ਰੱਖਾਂਗਾ। 22ਉਸ ਦਿਨ ਤੋਂ ਇਸਰਾਏਲ ਦੇ ਲੋਕ ਜਾਣ ਲੈਣਗੇ ਕਿ ਮੈਂ ਹੀ ਉਹਨਾਂ ਦਾ ਪਰਮੇਸ਼ਵਰ ਹਾਂ। 23ਅਤੇ ਕੌਮਾਂ ਜਾਣ ਲੈਣਗੀਆਂ ਕਿ ਇਸਰਾਏਲ ਦੇ ਲੋਕ ਆਪਣੇ ਪਾਪ ਦੇ ਕਾਰਨ ਗ਼ੁਲਾਮੀ ਵਿੱਚ ਗਏ ਸਨ, ਕਿਉਂਕਿ ਉਹ ਮੇਰੇ ਨਾਲ ਬੇਵਫ਼ਾ ਸਨ। ਇਸ ਲਈ ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹਵਾਲੇ ਕਰ ਦਿੱਤਾ ਅਤੇ ਉਹ ਸਾਰੇ ਤਲਵਾਰ ਨਾਲ ਮਾਰੇ ਗਏ। 24ਮੈਂ ਉਹਨਾਂ ਨਾਲ ਉਹਨਾਂ ਦੀ ਅਸ਼ੁੱਧਤਾ ਅਤੇ ਉਹਨਾਂ ਦੇ ਅਪਰਾਧਾਂ ਦੇ ਅਨੁਸਾਰ ਪੇਸ਼ ਆਇਆ, ਅਤੇ ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾਇਆ।
25“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਹੁਣ ਯਾਕੋਬ ਨੂੰ ਗੁਲਾਮੀ ਤੋਂ ਬਹਾਲ ਕਰਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ। 26ਉਹ ਆਪਣੀ ਸ਼ਰਮ ਅਤੇ ਉਹ ਸਾਰੀ ਬੇਵਫ਼ਾਈ ਭੁੱਲ ਜਾਣਗੇ ਜੋ ਉਹਨਾਂ ਨੇ ਮੇਰੇ ਨਾਲ ਦਿਖਾਈ ਸੀ ਜਦੋਂ ਉਹ ਆਪਣੇ ਦੇਸ਼ ਵਿੱਚ ਸੁਰੱਖਿਆ ਨਾਲ ਰਹਿੰਦੇ ਸਨ ਅਤੇ ਉਹਨਾਂ ਨੂੰ ਡਰਾਉਣ ਵਾਲਾ ਕੋਈ ਨਹੀਂ ਸੀ। 27ਜਦੋਂ ਮੈਂ ਉਹਨਾਂ ਨੂੰ ਕੌਮਾਂ ਵਿੱਚੋਂ ਮੋੜ ਲਿਆਵਾਂਗਾ ਉਹਨਾਂ ਨੂੰ ਵੈਰੀਆਂ ਦੇ ਦੇਸ਼ਾਂ ਵਿੱਚੋਂ ਇਕੱਠੇ ਕੀਤਾ, ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਅੱਖਾਂ ਵਿੱਚ ਮੈਂ ਪਵਿੱਤਰ ਠਹਿਰਾਇਆ ਗਿਆ। 28ਤਦ ਉਹ ਜਾਣ ਲੈਣਗੇ ਕਿ ਮੈਂ ਉਹਨਾਂ ਦਾ ਪਰਮੇਸ਼ਵਰ ਹਾਂ, ਕਿਉਂਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਗ਼ੁਲਾਮੀ ਵਿੱਚ ਭੇਜਿਆ, ਮੈਂ ਉਹਨਾਂ ਨੂੰ ਉਹਨਾਂ ਦੀ ਧਰਤੀ ਉੱਤੇ ਇਕੱਠਾ ਕਰਾਂਗਾ, ਕਿਸੇ ਨੂੰ ਪਿੱਛੇ ਨਾ ਛੱਡਾਂਗਾ। 29ਮੈਂ ਹੁਣ ਉਹਨਾਂ ਤੋਂ ਆਪਣਾ ਮੂੰਹ ਨਹੀਂ ਲੁਕਾਵਾਂਗਾ, ਕਿਉਂਕਿ ਮੈਂ ਇਸਰਾਏਲ ਦੇ ਲੋਕਾਂ ਉੱਤੇ ਆਪਣਾ ਆਤਮਾ ਵਹਾ ਦਿਆਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
Právě zvoleno:
ਹਿਜ਼ਕੀਏਲ 39: PCB
Zvýraznění
Sdílet
Kopírovat
Chceš mít své zvýrazněné verše uložené na všech zařízeních? Zaregistruj se nebo se přihlas
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.