16
ਵਿਅਕਤੀਗਤ ਸ਼ੁਭਕਾਮਨਾਵਾਂ
1ਮੈਂ ਸਾਡੀ ਭੈਣ ਫੋਬੀ ਦੀ ਤਾਰੀਫ਼ ਕਰਦਾ ਹਾਂ, ਜੋ ਕਿ ਕੰਖਰਿਯਾ ਕਲੀਸਿਆ ਵਿੱਚ ਸੇਵਿਕਾ ਹੈ। 2ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ ਨੂੰ ਪ੍ਰਭੂ ਵਿੱਚ ਸਵੀਕਾਰ ਕਰੋ ਜਿਵੇਂ ਸੰਤਾਂ ਦੇ ਕਰਨ ਦੇ ਜੋਗ ਹੈ। ਉਸ ਦੀ ਹਰ ਤਰ੍ਹਾਂ ਦੇ ਨਾਲ ਮਦਦ ਕਰੋ, ਕਿਉਂਕਿ ਉਸ ਨੇ ਮੇਰੇ ਸਮੇਤ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।
3ਪਰਿਸਕਾ ਅਤੇ ਅਕੂਲਾ ਨੂੰ ਸੁੱਖ-ਸਾਂਦ ਜੋ ਮਸੀਹ ਯਿਸ਼ੂ ਵਿੱਚ ਮੇਰੇ ਸਹਿ-ਕਰਮੀ ਹਨ। 4ਉਹਨਾਂ ਨੇ ਮੇਰੇ ਲਈ ਆਪਣੀ ਜਾਨ ਜੋਖਮ ਵਿੱਚ ਪਾਈ ਨਾ ਸਿਰਫ ਮੈਂ ਬਲਕਿ ਗ਼ੈਰ-ਯਹੂਦੀਆਂ ਦੀ ਸਾਰੀਆਂ ਕਲੀਸਿਆਵਾਂ ਉਹਨਾਂ ਦਾ ਧੰਨਵਾਦੀ ਕਰਦੀਆਂ ਹਨ।
5ਉਸ ਕਲੀਸਿਆ ਨੂੰ ਵੀ ਸੁੱਖ-ਸਾਂਦ ਜੋ ਉਹਨਾਂ ਦੇ ਘਰ ਮਿਲਦੇ ਹਨ।
ਮੇਰੇ ਪਿਆਰੇ ਮਿੱਤਰ ਇਪੈਨੇਤੁਸ ਨੂੰ ਨਮਸਕਾਰ ਕਰੋ, ਜੋ ਏਸ਼ੀਆ ਦੇ ਪ੍ਰਾਂਤ ਵਿੱਚ ਮਸੀਹ ਵਿੱਚ ਆਉਣ ਵਾਲਾ ਪਹਿਲਾ ਵਿਅਕਤੀ ਸੀ।
6ਮਰਿਯਮ ਨੂੰ ਸੁੱਖ-ਸਾਂਦ, ਜਿਸ ਨੇ ਤੁਹਾਡੇ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ।
7ਅੰਦਰੁਨਿਕੁਸ ਅਤੇ ਯੂਨਿਆਸ ਨੂੰ ਸੁੱਖ-ਸਾਂਦ, ਮੇਰੇ ਸਾਥੀ ਯਹੂਦੀ ਜੋ ਮੇਰੇ ਨਾਲ ਜੇਲ੍ਹ ਵਿੱਚ ਹਨ। ਉਹ ਰਸੂਲਾਂ ਵਿੱਚ ਉੱਤਮ ਹਨ, ਅਤੇ ਉਹ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਸਨ।
8ਅੰਪਲਿਯਾਤੁਸ ਨੂੰ ਸੁੱਖ-ਸਾਂਦ, ਪ੍ਰਭੂ ਵਿੱਚ ਮੇਰੇ ਪਿਆਰੇ ਮਿੱਤਰ ਨੂੰ।
9ਉਰਬਾਨੁਸ, ਮਸੀਹ ਵਿੱਚ ਸਾਡੇ ਸਹਿ-ਕਰਮੀ ਅਤੇ ਮੇਰੇ ਪਿਆਰੇ ਮਿੱਤਰ ਸਤਾਖੁਸ ਨੂੰ ਸੁੱਖ-ਸਾਂਦ।
10ਅਪਿੱਲੇਸ ਨੂੰ ਸੁੱਖ-ਸਾਂਦ, ਜਿਨ੍ਹਾਂ ਦੀ ਮਸੀਹ ਪ੍ਰਤੀ ਵਫ਼ਾਦਾਰੀ ਪਰਖੀ ਗਈ ਹੈ।
ਉਹਨਾਂ ਲੋਕਾਂ ਨੂੰ ਸੁੱਖ-ਸਾਂਦ ਜੋ ਅਰਿਸਤੁਬੂਲੁਸ ਦੇ ਪਰਿਵਾਰ ਨਾਲ ਸੰਬੰਧਿਤ ਹਨ।
11ਹੇਰੋਦੀਅਨ, ਮੇਰੇ ਸਾਥੀ ਯਹੂਦੀ ਨੂੰ ਸੁੱਖ-ਸਾਂਦ।
ਨਰਕਿੱਸੁਸ ਦੇ ਘਰ ਦੇ ਉਹਨਾਂ ਲੋਕਾਂ ਨੂੰ ਸੁੱਖ-ਸਾਂਦ ਜੋ ਪ੍ਰਭੂ ਵਿੱਚ ਹਨ।
12ਤਰੁਫ਼ੈਨਾ ਅਤੇ ਤਰੁਫੋਸਾ ਨੂੰ ਸੁੱਖ-ਸਾਂਦ, ਉਹਨਾਂ ਔਰਤਾਂ ਨੂੰ ਜੋ ਪ੍ਰਭੂ ਵਿੱਚ ਸਖ਼ਤ ਮਿਹਨਤ ਕਰਦੀਆਂ ਹਨ।
ਮੇਰੀ ਪਿਆਰੀ ਦੋਸਤ ਪਰਸੀਸ ਨੂੰ ਸੁੱਖ-ਸਾਂਦ, ਉਹ ਔਰਤ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ ਹੈ।
13ਰੂਫ਼ੁਸ ਨੂੰ, ਜਿਹੜਾ ਪ੍ਰਭੂ ਵਿੱਚ ਚੁਣਿਆ ਗਿਆ ਹੈ, ਅਤੇ ਉਸ ਦੀ ਮਾਂ ਨੂੰ ਵੀ ਸੁੱਖ-ਸਾਂਦ, ਜੋ ਮੇਰੀ ਵੀ ਮਾਂ ਰਹੀ ਹੈ।
14ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਾਤ੍ਰੋਬਾਸ ਅਤੇ ਹਰਮਾਸ ਅਤੇ ਉਹਨਾਂ ਦੇ ਨਾਲ ਦੇ ਹੋਰ ਭਰਾਵਾਂ ਅਤੇ ਭੈਣਾਂ ਨੂੰ ਸੁੱਖ-ਸਾਂਦ।
15ਫਿਲੋਲੋਗੁਸ, ਜੂਲੀਆ, ਨੇਰਿਯੁਸ ਅਤੇ ਉਸ ਦੀ ਭੈਣ ਅਤੇ ਉਲੁੰਪਾਸ ਅਤੇ ਸਾਰੇ ਪ੍ਰਭੂ ਦੇ ਸੰਤਾਂ ਨੂੰ ਜੋ ਉਹਨਾਂ ਦੇ ਨਾਲ ਹਨ ਸੁੱਖ-ਸਾਂਦ।
16ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ।
ਮਸੀਹ ਦੀਆਂ ਸਾਰੀਆਂ ਕਲੀਸਿਆਵਾਂ ਤੁਹਾਡੀ ਸੁੱਖ-ਸਾਂਦ ਪੁੱਛਦੀਆਂ ਹਨ।
17ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਲੋਕਾਂ ਦਾ ਧਿਆਨ ਰੱਖੋ ਜੋ ਫੁੱਟ ਪਾਉਂਦੇ ਹਨ ਅਤੇ ਤੁਹਾਡੇ ਰਾਹ ਵਿੱਚ ਰੁਕਾਵਟਾਂ ਪਾਉਂਦੇ ਹਨ ਜੋ ਤੁਹਾਨੂੰ ਸਿੱਖਿਆ ਮਿਲੀ ਹੈ ਉਹ ਉਸ ਦੇ ਉਲਟ ਹਨ। ਉਹਨਾਂ ਤੋਂ ਦੂਰ ਰਹੋ। 18ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰ ਰਹੇ, ਬਲਕਿ ਆਪਣੇ ਢਿੱਡ ਦੀ ਸੇਵਾ ਕਰਦੇ ਹਨ। ਚਿਕਨੀਆਂ ਚੋਪੜੀਆਂ ਗੱਲਾਂ ਨਾਲ ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ। 19ਹਰ ਕਿਸੇ ਨੇ ਤੁਹਾਡੀ ਆਗਿਆਕਾਰੀ ਬਾਰੇ ਸੁਣਿਆ ਹੈ, ਇਸ ਲਈ ਮੈਂ ਤੁਹਾਡੇ ਕਾਰਨ ਖੁਸ਼ ਹਾਂ; ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਬਾਰੇ ਬੁੱਧੀਮਾਨ ਬਣੋ, ਅਤੇ ਬੁਰਾਈ ਤੋਂ ਨਿਰਦੋਸ਼ ਰਹੋ।
20ਸ਼ਾਂਤੀ ਦਾ ਪਰਮੇਸ਼ਵਰ ਜਲਦੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠ ਕੁਚਲ ਦੇਵੇਗਾ।#16:20 ਉਤ 3:15
ਸਾਡੇ ਪ੍ਰਭੂ ਯਿਸ਼ੂ ਦੀ ਕਿਰਪਾ ਤੁਹਾਡੇ ਨਾਲ ਹੋਵੇ।
21ਤਿਮੋਥਿਉਸ, ਮੇਰਾ ਸਹਿ-ਕਰਮਚਾਰੀ, ਮੇਰੇ ਸਾਥੀ ਯਹੂਦੀਆਂ, ਲੂਕਿਯੁਸ ਅਤੇ ਯਸੋਨ ਅਤੇ ਸੋਸੀਪਤਰੁਸ ਵਾਂਗ ਤੁਹਾਡੀ ਵੀ ਸੁੱਖ-ਸਾਂਦ ਪੁੱਛਦੇ ਹਨ।
22ਮੈਂ ਤਰਤਿਯੁਸ ਜਿਸ ਨੇ ਇਹ ਪੱਤਰ ਲਿਖਿਆ ਹੈ, ਪ੍ਰਭੂ ਵਿੱਚ ਤੁਹਾਨੂੰ ਸੁੱਖ-ਸਾਂਦ ਆਖਦਾ ਹਾਂ।
23ਗਾਯੁਸ, ਜਿਨ੍ਹਾਂ ਦੀ ਪਰਾਹੁਣਚਾਰੀ ਦਾ ਮੈਂ ਅਤੇ ਇੱਥੋਂ ਦੀ ਸਾਰੀ ਕਲੀਸਿਆ ਆਨੰਦ ਮਾਣਦੀ ਹੈ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ।
ਇਰਾਸਤੁਸ, ਜਿਹੜਾ ਸ਼ਹਿਰ ਦਾ ਖਜ਼ਾਨਚੀ ਹੈ, ਅਤੇ ਸਾਡਾ ਭਰਾ ਕੁਆਰਤੁਸ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ।
24ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ। ਆਮੀਨ।#16:24 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
25ਹੁਣ ਪਰਮੇਸ਼ਵਰ ਨੂੰ ਜੋ ਮੇਰੀ ਖੁਸ਼ਖ਼ਬਰੀ ਅਤੇ ਯਿਸ਼ੂ ਮਸੀਹ ਦਾ ਪ੍ਰਚਾਰ ਕਰਕੇ ਤੁਹਾਨੂੰ ਹੋਰ ਮਜ਼ਬੂਤ ਕਰ ਸਕਦਾ ਹੈ, ਭੇਦ ਦੇ ਖੁਲਾਸੇ ਦੇ ਅਨੁਸਾਰ, ਜੋ ਕਿ ਸਦੀਵੀ ਤੋਂ ਲੁਕਿਆ ਹੋਇਆ ਸੀ। 26ਪਰ ਹੁਣ ਇਹ ਭੇਦ ਅਟੱਲ ਪਰਮੇਸ਼ਵਰ ਦੇ ਹੁਕਮ ਅਨੁਸਾਰ ਅਤੇ ਨਬੀਆਂ ਦੀਆਂ ਭਵਿੱਖਬਾਣੀਆਂ ਦੁਆਰਾ ਸਾਰੀਆਂ ਕੌਮਾਂ ਤੇ ਪ੍ਰਗਟ ਕੀਤਾ ਗਿਆ ਹੈ, ਤਾਂ ਜੋ ਇਸ ਦੁਆਰਾ ਉਹ ਵਿਸ਼ਵਾਸ ਦੀ ਆਗਿਆਕਾਰੀ ਵੱਲ ਅੱਗੇ ਵਧ ਸਕਣ। 27ਸਿਰਫ ਇੱਕੋ ਬੁੱਧੀਮਾਨ ਪਰਮੇਸ਼ਵਰ ਦੀ ਯਿਸ਼ੂ ਮਸੀਹ ਦੁਆਰਾ ਸਦਾ ਲਈ ਮਹਿਮਾ ਹੋਵੇ! ਆਮੀਨ।