22
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖ ਕਿ ਉਹ ਉਹਨਾਂ ਪਵਿੱਤਰ ਭੇਟਾਂ ਦਾ ਆਦਰ ਕਰਨ ਜੋ ਇਸਰਾਏਲੀ ਮੇਰੇ ਲਈ ਪਵਿੱਤਰ ਕਰਦੇ ਹਨ, ਤਾਂ ਜੋ ਉਹ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਾ ਕਰਨ। ਮੈਂ ਯਾਹਵੇਹ ਹਾਂ।
3“ਉਹਨਾਂ ਨੂੰ ਆਖ, ‘ਆਉਣ ਵਾਲੀਆਂ ਪੀੜ੍ਹੀਆਂ ਲਈ, ਜੇ ਤੁਹਾਡੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਰਸਮੀ ਤੌਰ ਤੇ ਅਸ਼ੁੱਧ ਹੈ ਅਤੇ ਫਿਰ ਵੀ ਉਹਨਾਂ ਪਵਿੱਤਰ ਭੇਟਾਂ ਦੇ ਨੇੜੇ ਆਉਂਦਾ ਹੈ ਜਿਨ੍ਹਾਂ ਨੂੰ ਇਸਰਾਏਲੀ ਯਾਹਵੇਹ ਲਈ ਪਵਿੱਤਰ ਕਰਦੇ ਹਨ, ਤਾਂ ਉਸ ਵਿਅਕਤੀ ਨੂੰ ਮੇਰੀ ਹਜ਼ੂਰੀ ਵਿੱਚੋਂ ਛੇਕਿਆ ਜਾਵੇ। ਮੈਂ ਯਾਹਵੇਹ ਹਾਂ।
4“ ‘ਜੇ ਹਾਰੋਨ ਦੇ ਉੱਤਰਾਧਿਕਾਰੀ ਨੂੰ ਚਮੜੇ ਦਾ ਰੋਗ ਜਾਂ ਪ੍ਰਮੇਹ ਹੋਵੇ, ਤਾਂ ਉਹ ਪਵਿੱਤਰ ਭੇਟਾਂ ਨੂੰ ਉਦੋਂ ਤੱਕ ਨਹੀਂ ਖਾ ਸਕਦਾ ਜਦੋਂ ਤੱਕ ਉਹ ਸ਼ੁੱਧ ਨਹੀਂ ਹੋ ਜਾਂਦਾ। ਉਹ ਵੀ ਅਸ਼ੁੱਧ ਹੋ ਜਾਵੇਗਾ ਜੇਕਰ ਉਹ ਕਿਸੇ ਲਾਸ਼ ਜਾਂ ਕਿਸੇ ਵੀ ਵਿਅਕਤੀ ਦੁਆਰਾ ਅਸ਼ੁੱਧ ਹੋਈ ਚੀਜ਼ ਨੂੰ ਛੂੰਹਦਾ ਹੈ ਜਿਸਦਾ ਵੀਰਜ ਨਿਕਲਦਾ ਹੋਵੇ, 5ਜਾਂ ਜੇ ਉਹ ਕਿਸੇ ਘਿਸਰਨ ਵਾਲੀ ਚੀਜ਼ ਨੂੰ ਛੂਹ ਲੈਂਦਾ ਹੈ ਜੋ ਉਸਨੂੰ ਅਸ਼ੁੱਧ ਕਰ ਦਿੰਦਾ ਹੈ, ਜਾਂ ਕੋਈ ਅਜਿਹਾ ਵਿਅਕਤੀ ਜੋ ਉਸਨੂੰ ਅਸ਼ੁੱਧ ਕਰਦਾ ਹੈ, ਭਾਵੇਂ ਉਹ ਅਸ਼ੁੱਧਤਾ ਭਾਵੇਂ ਕੋਈ ਵੀ ਹੋਵੇ। 6ਜਿਹੜਾ ਵਿਅਕਤੀ ਅਜਿਹੀ ਕਿਸੇ ਚੀਜ਼ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਉਸਨੂੰ ਪਵਿੱਤਰ ਭੇਟਾਂ ਵਿੱਚੋਂ ਕੋਈ ਵੀ ਨਹੀਂ ਖਾਣਾ ਚਾਹੀਦਾ ਜਦੋਂ ਤੱਕ ਉਹ ਪਾਣੀ ਨਾਲ ਇਸ਼ਨਾਨ ਨਹੀਂ ਕਰਦਾ। 7ਜਦੋਂ ਸੂਰਜ ਡੁੱਬ ਜਾਵੇਗਾ, ਉਹ ਸ਼ੁੱਧ ਹੋ ਜਾਵੇਗਾ, ਅਤੇ ਉਸ ਤੋਂ ਬਾਅਦ ਉਹ ਪਵਿੱਤਰ ਭੇਟਾਂ ਵਿੱਚੋਂ ਖਾ ਸਕਦਾ ਹੈ, ਕਿਉਂਕਿ ਉਹ ਉਸਦਾ ਭੋਜਨ ਹੈ। 8ਉਸਨੂੰ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਮਰੇ ਹੋਏ ਜਾਂ ਜੰਗਲੀ ਜਾਨਵਰਾਂ ਦੁਆਰਾ ਫਾੜੀ ਗਈ ਹੋਵੇ, ਅਤੇ ਇਸ ਲਈ ਉਹ ਅਸ਼ੁੱਧ ਹੋ ਜਾਵੇ। ਮੈਂ ਯਾਹਵੇਹ ਹਾਂ।
9“ ‘ਜਾਜਕ ਮੇਰੀ ਸੇਵਾ ਇਸ ਤਰ੍ਹਾਂ ਕਰਨ ਕਿ ਉਹ ਦੋਸ਼ੀ ਨਾ ਬਣ ਜਾਣ ਅਤੇ ਅਪਮਾਨਜਨਕ ਢੰਗ ਨਾਲ ਮਰਨ। ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।
10“ ‘ਕਿਸੇ ਜਾਜਕ ਦੇ ਪਰਿਵਾਰ ਤੋਂ ਬਿਨ੍ਹਾਂ ਕੋਈ ਵੀ ਪਵਿੱਤਰ ਭੇਟ ਨਹੀਂ ਖਾ ਸਕਦਾ, ਨਾ ਹੀ ਕਿਸੇ ਜਾਜਕ ਦਾ ਮਹਿਮਾਨ ਜਾਂ ਉਸ ਦਾ ਕੰਮ ਕਰਨ ਵਾਲਾ ਇਸ ਨੂੰ ਖਾ ਸਕਦਾ ਹੈ। 11ਪਰ ਜੇ ਕੋਈ ਜਾਜਕ ਪੈਸੇ ਨਾਲ ਕਿਸੇ ਨੌਕਰ ਨੂੰ ਖਰੀਦਦਾ ਹੈ, ਜਾਂ ਜੇ ਉਸਦੇ ਘਰ ਵਿੱਚ ਗੁਲਾਮ ਪੈਦਾ ਹੁੰਦੇ ਹਨ, ਤਾਂ ਉਹ ਉਸਦਾ ਭੋਜਨ ਖਾ ਸਕਦੇ ਹਨ। 12ਜੇ ਕਿਸੇ ਜਾਜਕ ਦੀ ਧੀ ਇੱਕ ਜਾਜਕ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਦੀ ਹੈ, ਤਾਂ ਉਹ ਪਵਿੱਤਰ ਭੇਟਾਂ ਵਿੱਚੋਂ ਨਾ ਖਾਵੇ। 13ਪਰ ਜੇ ਕਿਸੇ ਜਾਜਕ ਦੀ ਧੀ ਵਿਧਵਾ ਹੋ ਜਾਂਦੀ ਹੈ ਜਾਂ ਤਲਾਕਸ਼ੁਦਾ ਹੈ, ਪਰ ਉਸ ਦੇ ਕੋਈ ਔਲਾਦ ਨਹੀਂ ਹੈ, ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦੀ ਹੈ ਜਿਵੇਂ ਕਿ ਆਪਣੀ ਜਵਾਨੀ ਵਿੱਚ, ਉਹ ਆਪਣੇ ਪਿਤਾ ਦਾ ਭੋਜਨ ਖਾ ਸਕਦੀ ਹੈ। ਜਦਕਿ, ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।
14“ ‘ਜੇ ਕੋਈ ਵਿਅਕਤੀ ਗਲਤੀ ਨਾਲ ਪਵਿੱਤਰ ਭੇਟ ਵਿੱਚੋਂ ਖਾ ਲੈਂਦਾ ਹੈ, ਤਾਂ ਉਹ ਉਸ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇਵੇ। 15ਜਾਜਕਾਂ ਨੂੰ ਪਵਿੱਤਰ ਭੇਟਾਂ ਦੀ ਬੇਅਦਬੀ ਨਹੀਂ ਕਰਨੀ ਜੋ ਇਸਰਾਏਲੀ ਯਾਹਵੇਹ ਦੇ ਅੱਗੇ ਭੇਟ ਚੜ੍ਹਾਉਂਦੇ ਹਨ। 16ਉਹ ਉਹਨਾਂ ਨੂੰ ਆਪਣੀਆਂ ਪਵਿੱਤਰ ਵਸਤੂਆਂ ਵਿੱਚੋਂ ਖੁਆ ਕੇ, ਉਨ੍ਹਾਂ ਉੱਤੇ ਬਦੀ ਦਾ ਦੋਸ਼ ਨਾ ਲਿਆਉਣ, ਕਿਉਂ ਜੋ ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।’ ”
ਅਸਵੀਕਾਰ ਬਲੀਦਾਨ
17ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 18“ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਤੁਹਾਡੇ ਵਿੱਚੋਂ ਕੋਈ ਇਸਰਾਏਲੀ ਹੋਵੇ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਪਰਦੇਸੀ, ਇੱਕ ਤੋਹਫ਼ਾ ਭੇਟ ਕਰਦਾ ਹੈ। ਯਾਹਵੇਹ ਲਈ ਹੋਮ ਦੀ ਭੇਟ ਲਈ, ਜਾਂ ਤਾਂ ਸੁੱਖਣਾ ਪੂਰੀ ਕਰਨ ਲਈ ਜਾਂ ਆਪਣੀ ਮਰਜ਼ੀ ਦੀ ਭੇਟ ਚੜ੍ਹਾਵੇ, 19ਤੁਸੀਂ ਪਸ਼ੂਆਂ, ਭੇਡਾਂ ਜਾਂ ਬੱਕਰੀਆਂ ਵਿੱਚੋਂ ਇੱਕ ਦੋਸ਼ ਰਹਿਤ ਨਰ ਭੇਟ ਚੜ੍ਹਾਓ, ਤਾਂ ਜੋ ਇਹ ਤੁਹਾਡੀ ਤਰਫ਼ੋਂ ਸਵੀਕਾਰ ਕੀਤਾ ਜਾ ਸਕੇ। 20ਪਰ ਜਿਸ ਕਿਸੇ ਵੀ ਚੀਜ਼ ਵਿੱਚ ਕੋਈ ਦੋਸ਼ ਹੋਵੇ ਉਹ ਨਾ ਚੜ੍ਹਾਉਣਾ ਕਿਉਂਕਿ ਇਹ ਤੁਹਾਡੇ ਲਈ ਸਵੀਕਾਰ ਨਹੀਂ ਕੀਤਾ ਜਾਵੇਗਾ। 21ਅਤੇ ਜਿਹੜਾ ਯਾਹਵੇਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਲਈ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਜਾ ਆਪਣੀ ਖੁਸ਼ੀ ਦੀ ਭੇਟ ਲਈ ਬਲਦਾਂ ਜਾ ਭੇਡਾਂ ਵਿੱਚੋਂ ਭੇਟ ਲਈ ਬਲਦਾਂ ਜਾ ਭੇਡਾਂ ਵਿੱਚੋਂ ਭੇਟ ਚੜ੍ਹਾਵੇ ਤਾਂ ਸਵੀਕਾਰੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੂਰੀ ਹੋਵੇ ਅਤੇ ਉਸ ਦੇ ਵਿੱਚ ਕੋਈ ਦੋਸ਼ ਨਾ ਹੋਵੇ। 22ਜਿਹੜਾ ਅੰਨ੍ਹਾ ਹੋਵੇ, ਜਾਂ ਜਿਸ ਦੇ ਅੰਗ ਟੁੱਟੇ ਹੋਣ ਜਾਂ ਟੁੰਡਾ ਹੋਵੇ ਜਾਂ ਜਿਸ ਨੂੰ ਮੁਹਕੇ ਹੋਣ, ਜਾਂ ਦਾਦ ਜਾਂ ਖੁਜਲੀ ਹੋਵੇ, ਇਨ੍ਹਾਂ ਨੂੰ ਤੁਸੀਂ ਯਾਹਵੇਹ ਦੇ ਅੱਗੇ ਨਾ ਚੜ੍ਹਾਉਣਾ, ਨਾ ਉਨ੍ਹਾਂ ਨੂੰ ਅੱਗ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਾਹਵੇਹ ਦੇ ਅੱਗੇ ਚੜ੍ਹਾਉਣਾ। 23ਤੁਸੀਂ ਕਿਸੇ ਬਲਦ ਜਾਂ ਭੇਡ ਨੂੰ ਜਿਸ ਦਾ ਅੰਗ ਵੱਧ ਜਾ ਘੱਟ ਹੋਵੇ, ਖੁਸ਼ੀ ਦੀ ਭੇਟ ਕਰਕੇ ਚੜ੍ਹਾਂ ਸਕਦੇ ਹੋ, ਪਰ ਇਹ ਸੁੱਖਣਾ ਪੂਰੀ ਕਰਨ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ। 24ਤੁਸੀਂ ਯਾਹਵੇਹ ਨੂੰ ਉਹ ਜਾਨਵਰ ਨਾ ਚੜ੍ਹਾਉਣਾ ਜਿਸ ਦੇ ਨਲ ਵਿੱਚ ਸੱਟ ਵੱਜੀ ਹੋਵੇ, ਦੱਬੇ ਜਾ ਕੁਚਲੇ, ਫਟ ਗਏ ਜਾਂ ਕੱਟੇ ਹੋਏ ਹੋਣ। ਤੁਸੀਂ ਆਪਣੀ ਧਰਤੀ ਉੱਤੇ ਅਜਿਹੀ ਭੇਟ ਨਾ ਚੜ੍ਹਾਉਣਾ, 25ਅਤੇ ਤੁਸੀਂ ਅਜਿਹੇ ਜਾਨਵਰਾਂ ਨੂੰ ਕਿਸੇ ਵਿਦੇਸ਼ੀ ਦੇ ਹੱਥੋਂ ਨਹੀਂ ਲੈਣਾ ਅਤੇ ਉਹਨਾਂ ਨੂੰ ਆਪਣੇ ਪਰਮੇਸ਼ਵਰ ਦੇ ਭੋਜਨ ਵਜੋਂ ਭੇਟ ਨਹੀਂ ਕਰਨਾ। ਉਹ ਤੁਹਾਡੀ ਤਰਫ਼ੋਂ ਸਵੀਕਾਰ ਨਹੀਂ ਕੀਤੇ ਜਾਣਗੇ, ਕਿਉਂਕਿ ਉਹ ਵਿਗੜੇ ਹੋਏ ਹਨ ਅਤੇ ਉਹਨਾਂ ਵਿੱਚ ਦੋਸ਼ ਹੈ।’ ”
26ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 27“ਜਦੋਂ ਇੱਕ ਵੱਛਾ, ਇੱਕ ਲੇਲਾ ਜਾਂ ਬੱਕਰੀ ਜੰਮੇ ਤਾਂ ਉਹ ਸੱਤ ਦਿਨ ਆਪਣੀ ਮਾਂ ਕੋਲ ਰਹੇ। ਅੱਠਵੇਂ ਦਿਨ ਤੋਂ, ਇਹ ਯਾਹਵੇਹ ਨੂੰ ਭੇਟ ਕੀਤੇ ਭੋਜਨ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਵੇਗਾ। 28ਇੱਕ ਗਾਂ ਜਾਂ ਭੇਡ ਅਤੇ ਉਸਦੇ ਬੱਚੇ ਨੂੰ ਇੱਕੋ ਦਿਨ ਨਾ ਵੱਢੋ।
29“ਜਦੋਂ ਤੁਸੀਂ ਯਾਹਵੇਹ ਨੂੰ ਧੰਨਵਾਦ ਦੀ ਭੇਟ ਚੜ੍ਹਾਉਂਦੇ ਹੋ, ਤਾਂ ਇਸ ਨੂੰ ਇਸ ਤਰੀਕੇ ਨਾਲ ਚੜ੍ਹਾਓ ਕਿ ਇਹ ਤੁਹਾਡੀ ਤਰਫੋਂ ਸਵੀਕਾਰ ਹੋ ਜਾਵੇ। 30ਇਹ ਉਸੇ ਦਿਨ ਖਾਧਾ ਜਾਣਾ ਚਾਹੀਦਾ ਹੈ, ਸਵੇਰ ਤੱਕ ਇਸ ਵਿੱਚੋਂ ਕੁਝ ਵੀ ਨਾ ਛੱਡਣਾ। ਮੈਂ ਯਾਹਵੇਹ ਹਾਂ।
31“ਮੇਰੇ ਹੁਕਮਾਂ ਨੂੰ ਮੰਨੋ ਅਤੇ ਉਹਨਾਂ ਦੀ ਪਾਲਣਾ ਕਰੋ। ਮੈਂ ਯਾਹਵੇਹ ਹਾਂ। 32ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਾ ਕਰੋ, ਕਿਉਂ ਜੋ ਮੈਂ ਇਸਰਾਏਲੀਆਂ ਦੁਆਰਾ ਪਵਿੱਤਰ ਮੰਨਿਆ ਜਾਵਾਂ। ਮੈਂ ਯਾਹਵੇਹ ਹਾਂ, ਜਿਸਨੇ ਤੁਹਾਨੂੰ ਪਵਿੱਤਰ ਬਣਾਇਆ ਹੈ 33ਅਤੇ ਜਿਸ ਨੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ ਤਾਂ ਜੋ ਤੁਹਾਡਾ ਪਰਮੇਸ਼ਵਰ ਹੋਵੇ। ਮੈਂ ਯਾਹਵੇਹ ਹਾਂ।”