YouVersion Logo
Search Icon

ਲੇਵਿਆਂ 19

19
ਪਵਿੱਤਰਤਾ ਅਤੇ ਆਚਰਣ ਸੰਬੰਧੀ ਨਿਯਮ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲ ਦੀ ਸਾਰੀ ਸਭਾ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਪਵਿੱਤਰ ਬਣੋ, ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਪਵਿੱਤਰ ਹਾਂ।
3“ ‘ਤੁਹਾਡੇ ਵਿੱਚੋਂ ਹਰੇਕ ਨੂੰ ਆਪਣੀ ਮਾਂ ਅਤੇ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਤੁਹਾਨੂੰ ਮੇਰੇ ਸਬਤ ਦੀ ਪਾਲਣਾ ਕਰਨੀ ਚਾਹੀਦੀ ਹੈ, ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
4“ ‘ਮੂਰਤੀਆਂ ਵੱਲ ਨਾ ਮੁੜੋ ਅਤੇ ਨਾ ਹੀ ਆਪਣੇ ਲਈ ਧਾਤ ਨੂੰ ਢਾਲ ਕੇ ਦੇਵਤੇ ਬਣਾਓ, ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
5“ ‘ਜਦੋਂ ਤੁਸੀਂ ਯਾਹਵੇਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਂਦੇ ਹੋ, ਤਾਂ ਇਸ ਨੂੰ ਇਸ ਤਰੀਕੇ ਨਾਲ ਬਲੀਦਾਨ ਕਰੋ ਕਿ ਇਸਨੂੰ ਮੈਂ ਸਵੀਕਾਰ ਕਰ ਲਵਾ। 6ਜਿਸ ਦਿਨ ਤੁਸੀਂ ਬਲੀ ਦਿੰਦੇ ਹੋ ਉਸਦਾ ਮਾਸ ਉਸੇ ਦਿਨ ਅਤੇ ਦੂਸਰੇ ਦਿਨ ਵੀ ਖਾਓ ਪਰ ਜੋ ਕੁਝ ਤੀਸਰੇ ਦਿਨ ਤੱਕ ਬਚਿਆ ਰਹੇ ਉਸਨੂੰ ਅੱਗ ਵਿੱਚ ਸਾੜਿਆ ਜਾਵੇ। 7ਜੇਕਰ ਇਸ ਵਿੱਚੋਂ ਕੋਈ ਵੀ ਤੀਜੇ ਦਿਨ ਖਾਧਾ ਜਾਵੇ ਤਾਂ ਇਹ ਅਸ਼ੁੱਧ ਹੈ ਅਤੇ ਸਵੀਕਾਰ ਨਹੀਂ ਕੀਤਾ ਜਾਵੇਗਾ। 8ਜੋ ਕੋਈ ਵੀ ਇਸ ਨੂੰ ਖਾਵੇਗਾ ਉਹ ਜ਼ਿੰਮੇਵਾਰ ਹੋਵੇਗਾ ਕਿਉਂਕਿ ਉਸ ਨੇ ਯਾਹਵੇਹ ਦੀ ਪਵਿੱਤਰ ਚੀਜ਼ ਨੂੰ ਭਰਿਸ਼ਟ ਕੀਤਾ ਹੈ, ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
9“ ‘ਜਦੋਂ ਤੁਸੀਂ ਆਪਣੇ ਖੇਤ ਵਿੱਚ ਵਾਢੀ ਕਰਦੇ ਹੋ, ਤਾਂ ਆਪਣੇ ਖੇਤ ਦੀਆਂ ਨੁੱਕਰਾਂ ਤੱਕ ਪੂਰੀ ਫਸਲ ਨਾ ਵੱਢਣਾ ਅਤੇ ਨਾ ਹੀ ਵਾਢੀ ਕੀਤੇ ਹੋਏ ਖੇਤ ਵਿੱਚ ਡਿੱਗੇ ਹੋਏ ਸਿੱਟਿਆ ਨੂੰ ਚੁੱਗਣਾ। 10ਦੂਸਰੀ ਵਾਰ ਆਪਣੇ ਅੰਗੂਰਾਂ ਦੇ ਬਾਗ਼ ਉੱਤੇ ਨਾ ਜਾਓ ਅਤੇ ਡਿੱਗੇ ਹੋਏ ਅੰਗੂਰਾਂ ਨੂੰ ਨਾ ਚੁੱਕੋ, ਉਹਨਾਂ ਨੂੰ ਗਰੀਬਾਂ ਅਤੇ ਪਰਦੇਸੀਆਂ ਲਈ ਛੱਡ ਦਿਓ। ਮੈਂ ਤੁਹਾਡਾ ਪਰਮੇਸ਼ਵਰ ਹਾਂ।
11“ ‘ਤੂੰ ਚੋਰੀ ਨਾ ਕਰ।
“ ‘ਨਾ ਇੱਕ ਦੂਸਰੇ ਨੂੰ ਝੂਠ ਬੋਲ।
“ ‘ਇੱਕ-ਦੂਜੇ ਨੂੰ ਧੋਖਾ ਨਾ ਦਿਓ।
12“ ‘ਮੇਰੇ ਨਾਮ ਦੀ ਝੂਠੀ ਸਹੁੰ ਨਾ ਖਾਓ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਅਪਵਿੱਤਰ ਨਾ ਕਰਨਾ। ਮੈਂ ਯਾਹਵੇਹ ਹਾਂ।
13“ ‘ਆਪਣੇ ਗੁਆਂਢੀ ਨੂੰ ਧੋਖਾ ਨਾ ਦਿਓ ਅਤੇ ਨਾ ਹੀ ਉਸਨੂੰ ਲੁੱਟੋ।
“ ‘ਮਜ਼ਦੂਰ ਦੀ ਮਜ਼ਦੂਰੀ ਤੇਰੇ ਕੋਲ ਸਾਰੀ ਰਾਤ ਸਵੇਰੇ ਤੱਕ ਨਾ ਰਹੇ।
14“ ‘ਬਹਿਰੇ ਨੂੰ ਸਰਾਪ ਨਾ ਦਿਓ ਅਤੇ ਨਾ ਅੰਨ੍ਹੇ ਨੂੰ ਠੋਕਰ ਖਿਲਾਵੀਂ, ਪਰ ਆਪਣੇ ਪਰਮੇਸ਼ਵਰ ਤੋਂ ਡਰ। ਮੈਂ ਯਾਹਵੇਹ ਹਾਂ।
15“ ‘ਤੂੰ ਨਿਆਂ ਵਿੱਚ ਕੋਈ ਅਨਿਆਂ ਨਾ ਕਰਨਾ ਅਤੇ ਨਾ ਹੀ ਗ਼ਰੀਬਾਂ ਜਾਂ ਵੱਡੇ ਲੋਕਾਂ ਦਾ ਪੱਖਪਾਤ ਕਰਨਾ, ਪਰ ਤੂੰ ਸਚਿਆਈ ਨਾਲ ਆਪਣੇ ਗੁਆਂਢੀ ਦਾ ਨਿਆਂ ਕਰੀਂ।
16“ ‘ਤੂੰ ਆਪਣੇ ਲੋਕਾਂ ਵਿੱਚ ਚੁਗਲਖ਼ੋਰੀ ਕਰਦਾ ਨਾ ਫਿਰੀਂ।
“ ‘ਅਜਿਹਾ ਕੁਝ ਨਾ ਕਰੋ ਜਿਸ ਨਾਲ ਤੁਹਾਡੇ ਗੁਆਂਢੀ ਦੀ ਜਾਨ ਨੂੰ ਖ਼ਤਰਾ ਹੋਵੇ। ਮੈਂ ਯਾਹਵੇਹ ਹਾਂ।
17“ ‘ਆਪਣੇ ਦਿਲ ਵਿੱਚ ਕਿਸੇ ਇਸਰਾਏਲੀ ਨਾਲ ਨਫ਼ਰਤ ਨਾ ਕਰ। ਆਪਣੇ ਗੁਆਂਢੀ ਨੂੰ ਸਾਫ਼-ਸਾਫ਼ ਝਿੜਕੋ ਤਾਂ ਜੋ ਤੁਸੀਂ ਉਹਨਾਂ ਦੇ ਦੋਸ਼ ਵਿੱਚ ਸ਼ਾਮਲ ਨਾ ਹੋਵੋ।
18“ ‘ਬਦਲਾ ਨਾ ਲਵੀਂ ਅਤੇ ਨਾ ਹੀ ਆਪਣੇ ਲੋਕਾਂ ਵਿੱਚੋਂ ਕਿਸੇ ਨਾਲ ਵੈਰ ਰੱਖ, ਸਗੋਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ। ਮੈਂ ਯਾਹਵੇਹ ਹਾਂ।
19“ ‘ਮੇਰੇ ਹੁਕਮਾਂ ਦੀ ਪਾਲਣਾ ਕਰੋ।
“ ‘ਤੂੰ ਆਪਣੇ ਪਸ਼ੂਆਂ ਨੂੰ ਕਿਸੇ ਵੱਖਰੀ ਪ੍ਰਜਾਤੀ ਦੇ ਪਸ਼ੂਆਂ ਨਾਲ ਨਾ ਮਿਲਾਵੀਂ।
“ ‘ਆਪਣੇ ਖੇਤ ਵਿੱਚ ਦੋ ਕਿਸਮਾਂ ਦੇ ਬੀਜਾਂ ਨੂੰ ਨਾ ਬੀਜੀਂ।
“ ‘ਦੋ ਕਿਸਮ ਦੀ ਸਮੱਗਰੀ ਨਾਲ ਬੁਣੇ ਹੋਏ ਕੱਪੜੇ ਨਾ ਪਾਵੀਂ।
20“ ‘ਜੇਕਰ ਕੋਈ ਆਦਮੀ ਉਸ ਔਰਤ ਨਾਲ ਸੌਂਦਾ ਹੈ ਜੋ ਗੁਲਾਮ ਹੈ ਜਾਂ ਉਸਦੀ ਕਿਸੇ ਹੋਰ ਆਦਮੀ ਨਾਲ ਮੰਗਣੀ ਕੀਤੀ ਗਈ ਹੋਵੇ ਪਰ ਜਿਸ ਨੂੰ ਰਿਹਾਈ ਨਹੀਂ ਦਿੱਤੀ ਗਈ ਸੀ ਜਾਂ ਉਸਨੂੰ ਅਜ਼ਾਦੀ ਨਹੀਂ ਦਿੱਤੀ ਗਈ ਸੀ, ਤਾਂ ਉਸ ਨੂੰ ਉਚਿਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। 21ਉਹ ਆਦਮੀ ਯਾਹਵੇਹ ਅੱਗੇ ਦੋਸ਼ ਦੀ ਭੇਟ ਵਜੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇੱਕ ਭੇਡੂ ਲਿਆਵੇ। 22ਪਾਪ ਦੀ ਭੇਟ ਦੇ ਭੇਡੂ ਦੇ ਨਾਲ ਜਾਜਕ ਨੂੰ ਉਸ ਦੇ ਪਾਪ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ, ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
23“ ‘ਜਦੋਂ ਤੁਸੀਂ ਦੇਸ਼ ਵਿੱਚ ਦਾਖਲ ਹੋਵੋ ਅਤੇ ਸਾਰੀ ਕਿਸਮ ਦੇ ਫਲਦਾਰ ਰੁੱਖ ਲਗਾਓ, ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ। 24ਚੌਥੇ ਸਾਲ ਵਿੱਚ ਇਸ ਦੇ ਸਾਰੇ ਫਲ ਪਵਿੱਤਰ ਹੋਣਗੇ, ਯਾਹਵੇਹ ਲਈ ਉਸਤਤ ਦੀ ਭੇਟ ਠਹਿਰੇ। 25ਪਰ ਪੰਜਵੇਂ ਸਾਲ ਤੁਸੀਂ ਇਸਦਾ ਫਲ ਖਾ ਸਕਦੇ ਹੋ, ਇਸ ਤਰ੍ਹਾਂ ਤੁਹਾਡੀ ਵਾਢੀ ਵੱਧੇਗੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
26“ ‘ਕੋਈ ਵੀ ਮਾਸ ਨਾ ਖਾਓ ਜਿਸ ਵਿੱਚ ਅਜੇ ਵੀ ਲਹੂ ਹੋਵੇ।
“ ‘ਨਾ ਤੁਸੀਂ ਜਾਦੂ-ਟੋਹਣੇ ਕਰਨਾ ਅਤੇ ਨਾ ਹੀ ਮਹੂਰਤ ਵੇਖਣਾ।
27“ ‘ਆਪਣੇ ਸਿਰ ਦੇ ਸਿਰਿਆਂ ਦੇ ਵਾਲ ਨਾ ਕੱਟੋ ਜਾਂ ਆਪਣੀ ਦਾੜ੍ਹੀ ਦੇ ਕਿਨਾਰਿਆਂ ਨੂੰ ਨਾ ਕੱਟੋ।
28“ ‘ਮੁਰਦਿਆਂ ਲਈ ਆਪਣੇ ਸਰੀਰਾਂ ਨੂੰ ਨਾ ਕੱਟਣਾ ਨਾ ਆਪਣੇ ਉੱਤੇ ਨਿਸ਼ਾਨੀਆਂ ਬਣਾਓ। ਮੈਂ ਯਾਹਵੇਹ ਹਾਂ।
29“ ‘ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਬਦਨਾਮ ਨਾ ਕਰਨਾ, ਨਹੀਂ ਤਾਂ ਦੇਸ਼ ਵੇਸਵਾ ਵੱਲ ਮੁੜ ਜਾਵੇਗਾ ਅਤੇ ਦੁਸ਼ਟਤਾ ਨਾਲ ਭਰ ਜਾਵੇਗਾ।
30“ ‘ਮੇਰੇ ਸਬਤ ਦੀ ਪਾਲਣਾ ਕਰੋ ਅਤੇ ਮੇਰੇ ਪਵਿੱਤਰ ਅਸਥਾਨ ਦਾ ਸਤਿਕਾਰ ਕਰਨਾ। ਮੈਂ ਯਾਹਵੇਹ ਹਾਂ।
31“ ‘ਤੁਸੀਂ ਝਾੜਾ-ਫੂਕੀ ਕਰਨ ਵਾਲਿਆ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭਰਿਸ਼ਟ ਨਾ ਹੋ ਜਾਣਾ। ਮੈ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
32“ ‘ਬਜ਼ੁਰਗਾਂ ਦੀ ਮੌਜੂਦਗੀ ਵਿੱਚ ਖੜ੍ਹੇ ਹੋਵੋ, ਬਜ਼ੁਰਗਾਂ ਦਾ ਆਦਰ ਕਰੋ ਅਤੇ ਆਪਣੇ ਪਰਮੇਸ਼ਵਰ ਤੋਂ ਡਰਨਾ। ਮੈਂ ਯਾਹਵੇਹ ਹਾਂ।
33“ ‘ਜਦੋਂ ਕੋਈ ਪਰਦੇਸੀ ਤੁਹਾਡੇ ਦੇਸ਼ ਵਿੱਚ ਤੁਹਾਡੇ ਵਿਚਕਾਰ ਵੱਸਦਾ ਹੈ, ਤਾਂ ਉਸ ਨਾਲ ਦੁਰਵਿਵਹਾਰ ਨਾ ਕਰਨਾ। 34ਤੁਹਾਡੇ ਵਿੱਚ ਰਹਿਣ ਵਾਲੇ ਵਿਦੇਸ਼ੀ ਨੂੰ ਤੁਹਾਡੇ ਮੂਲ-ਜਨਮ ਵਾਂਗ ਮੰਨਿਆ ਜਾਵੇ। ਉਹਨਾਂ ਨੂੰ ਆਪਣੇ ਵਾਂਗ ਪਿਆਰ ਕਰੋ, ਕਿਉਂਕਿ ਤੁਸੀਂ ਮਿਸਰ ਵਿੱਚ ਪਰਦੇਸੀ ਸੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
35“ ‘ਲੰਬਾਈ, ਭਾਰ ਜਾਂ ਮਾਤਰਾ ਨੂੰ ਮਾਪਣ ਵੇਲੇ ਬੇਈਮਾਨ ਮਾਪਦੰਡਾਂ ਦੀ ਵਰਤੋਂ ਨਾ ਕਰੋ। 36ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ।
37“ ‘ਮੇਰੇ ਸਾਰੇ ਫ਼ਰਮਾਨਾਂ ਅਤੇ ਮੇਰੇ ਸਾਰੇ ਕਾਨੂੰਨਾਂ ਦੀ ਪਾਲਣਾ ਕਰੋ ਅਤੇ ਉਹਨਾਂ ਦੀ ਪਾਲਣਾ ਕਰੋ। ਮੈਂ ਯਾਹਵੇਹ ਹਾਂ।’ ”

Currently Selected:

ਲੇਵਿਆਂ 19: OPCV

Highlight

Share

Copy

None

Want to have your highlights saved across all your devices? Sign up or sign in