YouVersion Logo
Search Icon

ਉਤਪਤ 45

45
ਯੋਸੇਫ਼ ਦੁਆਰਾ ਆਪਣੇ ਆਪ ਨੂੰ ਪ੍ਰਗਟ ਕਰਨਾ
1ਤਦ ਯੋਸੇਫ਼ ਆਪਣੇ ਸਾਰੇ ਸੇਵਕਾਂ ਦੇ ਅੱਗੇ ਆਪਣੇ ਆਪ ਨੂੰ ਕਾਬੂ ਨਾ ਕਰ ਸਕਿਆ ਅਤੇ ਉੱਚੀ ਆਵਾਜ਼ ਵਿੱਚ ਬੋਲਿਆ, “ਸਭਨਾਂ ਨੂੰ ਮੇਰੀ ਹਜ਼ੂਰੀ ਵਿੱਚੋਂ ਬਾਹਰ ਕੱਢ ਦਿਓ!” ਯੋਸੇਫ਼ ਦੇ ਨਾਲ ਕੋਈ ਨਹੀਂ ਸੀ ਜਦੋਂ ਉਸਨੇ ਆਪਣੇ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ। 2ਅਤੇ ਉਹ ਇੰਨੀ ਉੱਚੀ ਰੋਇਆ ਕਿ ਮਿਸਰੀਆਂ ਨੇ ਉਹ ਦੀ ਆਵਾਜ਼ ਸੁਣੀ ਅਤੇ ਫ਼ਿਰਾਊਨ ਦੇ ਘਰਾਣੇ ਨੇ ਇਸ ਬਾਰੇ ਸੁਣਿਆ।
3ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੈਂ ਯੋਸੇਫ਼ ਹਾਂ! ਕੀ ਮੇਰਾ ਪਿਤਾ ਅਜੇ ਵੀ ਜਿਉਂਦਾ ਹੈ?” ਪਰ ਉਸਦੇ ਭਰਾ ਉਸਨੂੰ ਜਵਾਬ ਨਹੀਂ ਦੇ ਸਕੇ ਕਿਉਂਕਿ ਉਹ ਉਸ ਤੋਂ ਡਰੇ ਹੋਏ ਸਨ।
4ਤਦ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ। ਜਦੋਂ ਉਹਨਾਂ ਨੇ ਅਜਿਹਾ ਕੀਤਾ, ਉਸਨੇ ਆਖਿਆ, “ਮੈਂ ਤੁਹਾਡਾ ਭਰਾ ਯੋਸੇਫ਼ ਹਾਂ, ਜਿਸਨੂੰ ਤੁਸੀਂ ਮਿਸਰ ਵਿੱਚ ਵੇਚ ਦਿੱਤਾ ਸੀ। 5ਅਤੇ ਹੁਣ ਮੈਨੂੰ ਇੱਥੇ ਵੇਖ ਕੇ ਦੁਖੀ ਨਾ ਹੋਵੋ ਅਤੇ ਆਪਣੇ ਆਪ ਉੱਤੇ ਨਾਰਾਜ਼ ਨਾ ਹੋਵੋ ਕਿਉਂ ਜੋ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਹੈ। 6ਹੁਣ ਦੋ ਸਾਲਾਂ ਤੋਂ ਦੇਸ਼ ਵਿੱਚ ਕਾਲ ਪਿਆ ਹੈ ਅਤੇ ਅਗਲੇ ਪੰਜ ਸਾਲਾਂ ਤੱਕ ਹੱਲ ਵਾਹੁਣਾ ਅਤੇ ਵਾਢੀ ਨਹੀਂ ਹੋਵੇਗੀ। 7ਇਸ ਲਈ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਅੱਗੇ ਭੇਜਿਆ ਤਾਂ ਜੋ ਤੁਸੀਂ ਧਰਤੀ ਉੱਤੇ ਜੀਉਂਦੇ ਰਹੋ ਅਤੇ ਤੁਹਾਨੂੰ ਬਚਾ ਕੇ ਤੁਹਾਡੇ ਵੰਸ਼ ਨੂੰ ਜੀਉਂਦਾ ਰੱਖੇ।
8“ਇਸ ਲਈ ਸੱਚਮੁੱਚ ਮੈਨੂੰ ਇੱਥੇ ਤੁਹਾਡੇ ਦੁਆਰਾ ਨਹੀਂ, ਸਗੋਂ ਪਰਮੇਸ਼ਵਰ ਦੁਆਰਾ ਭੇਜਿਆ ਗਿਆ ਹੈ। ਉਸ ਨੇ ਮੈਨੂੰ ਫ਼ਿਰਾਊਨ ਦੇ ਪਿਤਾ ਦੀ ਪਦਵੀ ਦਿੱਤੀ ਹੈ, ਮੈਨੂੰ ਫ਼ਿਰਾਊਨ ਦੇ ਸਾਰੇ ਘਰ ਦਾ ਸੁਆਮੀ ਅਤੇ ਮਿਸਰ ਦੇ ਸਾਰੇ ਦੇਸ਼ ਦਾ ਪ੍ਰਬੰਧਕ ਨਿਯੁਕਤ ਕੀਤਾ ਹੈ। 9ਹੁਣ ਜਲਦੀ ਮੇਰੇ ਪਿਤਾ ਕੋਲ ਵਾਪਸ ਜਾਓ ਅਤੇ ਉਸਨੂੰ ਆਖੋ, ‘ਤੇਰਾ ਪੁੱਤਰ ਯੋਸੇਫ਼ ਇਹ ਆਖਦਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਸਾਰੇ ਮਿਸਰ ਦਾ ਮਾਲਕ ਬਣਾਇਆ ਹੈ। ਮੇਰੇ ਕੋਲ ਆ ਜਾਓ ਅਤੇ ਦੇਰੀ ਨਾ ਕਰੋ। 10ਤੁਸੀਂ ਗੋਸ਼ੇਨ ਦੇ ਇਲਾਕੇ ਵਿੱਚ ਰਹੋਂਗੇ ਅਤੇ ਮੇਰੇ ਨੇੜੇ ਰਹੋਗੇ, ਤੁਸੀਂ ਅਤੇ ਤੁਹਾਡੇ ਬਾਲ ਬੱਚੇ ਅਤੇ ਤੁਹਾਡੇ ਬੱਚਿਆਂ ਦੇ ਬੱਚੇ ਅਤੇ ਤੁਹਾਡੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਤੁਹਾਡਾ ਹੈ। 11ਮੈਂ ਉੱਥੇ ਤੁਹਾਡੀ ਸੇਵਾ ਕਰਾਂਗਾ ਕਿਉਂ ਜੋ ਕਾਲ ਦੇ ਪੰਜ ਸਾਲ ਆਉਣੇ ਬਾਕੀ ਹਨ, ਨਹੀਂ ਤਾਂ ਤੁਸੀਂ ਅਤੇ ਤੁਹਾਡੇ ਘਰਾਣੇ ਅਤੇ ਤੇਰੇ ਸਾਰੇ ਲੋਕ ਬੇਸਹਾਰਾ ਹੋ ਜਾਣਗੇ।’
12“ਤੁਸੀਂ ਖੁਦ ਦੇਖ ਸਕਦੇ ਹੋ, ਮੇਰੇ ਭਰਾ ਬਿਨਯਾਮੀਨ, ਕਿ ਸੱਚ-ਮੁੱਚ ਮੈਂ ਹੀ ਹਾਂ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। 13ਮੇਰੇ ਪਿਤਾ ਨੂੰ ਉਸ ਸਾਰੇ ਆਦਰ ਬਾਰੇ ਦੱਸੋ ਜੋ ਮੈਨੂੰ ਮਿਸਰ ਵਿੱਚ ਦਿੱਤਾ ਗਿਆ ਅਤੇ ਜੋ ਕੁਝ ਤੁਸੀਂ ਵੇਖਿਆ ਹੈ ਅਤੇ ਮੇਰੇ ਪਿਤਾ ਨੂੰ ਇੱਥੇ ਜਲਦੀ ਹੇਠਾਂ ਲਿਆਓ।”
14ਤਦ ਉਸ ਆਪਣੇ ਭਰਾ ਬਿਨਯਾਮੀਨ ਦੇ ਗਲ਼ ਲੱਗ ਕੇ ਰੋਇਆ ਅਤੇ ਬਿਨਯਾਮੀਨ ਉਸ ਦੇ ਗਲ਼ ਲੱਗ ਕੇ ਰੋਂਦਾ ਰਿਹਾ। 15ਅਤੇ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਹਨਾਂ ਲਈ ਰੋਇਆ। ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਸ ਨਾਲ ਗੱਲ ਕੀਤੀ।
16ਜਦੋਂ ਇਹ ਖ਼ਬਰ ਫ਼ਿਰਾਊਨ ਦੇ ਮਹਿਲ ਵਿੱਚ ਪਹੁੰਚੀ ਕਿ ਯੋਸੇਫ਼ ਦੇ ਭਰਾ ਆਏ ਹਨ ਤਾਂ ਫ਼ਿਰਾਊਨ ਅਤੇ ਉਸ ਦੇ ਸਾਰੇ ਅਧਿਕਾਰੀ ਪ੍ਰਸੰਨ ਹੋਏ। 17ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਆਪਣੇ ਭਰਾਵਾਂ ਨੂੰ ਆਖ, ‘ਇੰਝ ਕਰੋ ਕਿ ਆਪਣੇ ਪਸ਼ੂਆਂ ਨੂੰ ਲੱਦ ਕੇ ਕਨਾਨ ਦੀ ਧਰਤੀ ਨੂੰ ਪਰਤ ਜਾਓ, 18ਅਤੇ ਆਪਣੇ ਪਿਤਾ ਅਤੇ ਆਪਣੇ ਪਰਿਵਾਰ ਨੂੰ ਮੇਰੇ ਕੋਲ ਵਾਪਸ ਲਿਆਓ। ਮੈਂ ਤੁਹਾਨੂੰ ਮਿਸਰ ਦੇਸ਼ ਦੇ ਸਭ ਤੋਂ ਵਧੀਆ ਪਦਾਰਥ ਦੇਵਾਂਗਾ ਅਤੇ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ।’
19“ਫ਼ਿਰਾਊਨ ਨੇ ਯੋਸੇਫ਼ ਨੂੰ ਇਹ ਆਦੇਸ਼ ਦਿੱਤਾ, ‘ਕਿ ਆਪਣੇ ਭਰਾਵਾਂ ਨੂੰ ਆਖ, ਕਿ ਉਹ ਮਿਸਰ ਦੇਸ਼ ਵਿੱਚੋਂ ਗੱਡੇ ਲੈ ਜਾਣ ਅਤੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਅਤੇ ਆਪਣੇ ਪਿਤਾ ਨੂੰ ਲੈ ਕੇ ਆਓ। 20ਆਪਣੇ ਮਾਲ ਦੀ ਚਿੰਤਾ ਨਾ ਕਰੋ, ਕਿਉਂਕਿ ਸਾਰੇ ਮਿਸਰ ਦੇਸ਼ ਵਿੱਚੋਂ ਸਭ ਤੋਂ ਉੱਤਮ ਪਦਾਰਥ ਤੁਹਾਡੇ ਹੀ ਹਨ।’ ”
21ਇਸ ਲਈ ਇਸਰਾਏਲ ਦੇ ਪੁੱਤਰਾਂ ਨੇ ਅਜਿਹਾ ਕੀਤਾ। ਯੋਸੇਫ਼ ਨੇ ਉਹਨਾਂ ਨੂੰ ਗੱਡੀਆਂ ਦਿੱਤੀਆਂ, ਜਿਵੇਂ ਕਿ ਫ਼ਿਰਾਊਨ ਨੇ ਹੁਕਮ ਦਿੱਤਾ ਸੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਲਈ ਪ੍ਰਬੰਧ ਵੀ ਦਿੱਤੇ ਸਨ। 22ਉਸ ਨੇ ਉਹਨਾਂ ਵਿੱਚੋਂ ਹਰੇਕ ਨੂੰ ਨਵੇਂ ਕੱਪੜੇ ਦਿੱਤੇ ਪਰ ਬਿਨਯਾਮੀਨ ਨੂੰ ਤਿੰਨ ਸੌ ਚਾਂਦੀ ਦੇ ਸਿੱਕੇ#45:22 ਤਿੰਨ ਸੌ ਚਾਂਦੀ ਦੇ ਸਿੱਕੇ 3.5 ਕਿਲੋਗ੍ਰਾਮ ਅਤੇ ਪੰਜ ਕੱਪੜੇ ਦਿੱਤੇ। 23ਅਤੇ ਉਸ ਨੇ ਆਪਣੇ ਪਿਤਾ ਨੂੰ ਜੋ ਭੇਜਿਆ ਉਹ ਇਹ ਹੈ, ਦਸ ਖੋਤੇ ਮਿਸਰ ਦੀਆਂ ਉੱਤਮ ਵਸਤੂਆਂ ਨਾਲ ਲੱਦੇ ਹੋਏ ਅਤੇ ਦਸ ਗਧੀਆਂ ਅਨਾਜ, ਰੋਟੀਆਂ ਅਤੇ ਹੋਰ ਸਮਾਨ ਨਾਲ ਲੱਦੀਆਂ ਹੋਈਆਂ ਉਹ ਦੇ ਸਫ਼ਰ ਲਈ ਦਿੱਤਾ। 24ਤਦ ਉਸ ਨੇ ਆਪਣੇ ਭਰਾਵਾਂ ਨੂੰ ਵਿਦਾ ਕੀਤਾ ਅਤੇ ਜਦੋਂ ਉਹ ਜਾ ਰਹੇ ਸਨ ਤਾਂ ਉਸ ਨੇ ਉਹਨਾਂ ਨੂੰ ਆਖਿਆ, ਰਾਹ ਵਿੱਚ ਝਗੜਾ ਨਾ ਕਰਿਓ।
25ਸੋ ਉਹ ਮਿਸਰ ਵਿੱਚੋਂ ਨਿੱਕਲ ਕੇ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਕੋਲ ਆਏ। 26ਉਹਨਾਂ ਨੇ ਉਸ ਨੂੰ ਕਿਹਾ, “ਅਜੇ ਯੋਸੇਫ਼ ਜੀਉਂਦਾ ਹੈ! ਅਸਲ ਵਿੱਚ, ਉਹ ਸਾਰੇ ਮਿਸਰ ਦਾ ਸ਼ਾਸਕ ਹੈ।” ਯਾਕੋਬ ਬਹੁਤ ਹੈਰਾਨ ਰਹਿ ਗਿਆ; ਉਸਨੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ। 27ਪਰ ਜਦੋਂ ਉਹਨਾਂ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਯੋਸੇਫ਼ ਨੇ ਉਹਨਾਂ ਨੂੰ ਕਿਹਾ ਸੀ ਅਤੇ ਜਦੋਂ ਉਸਨੇ ਉਹ ਗੱਡੇ ਵੇਖੇ ਜੋ ਯੋਸੇਫ਼ ਨੇ ਉਹਨਾਂ ਨੂੰ ਵਾਪਸ ਲਿਜਾਣ ਲਈ ਭੇਜੇ ਸਨ, ਤਾਂ ਉਹਨਾਂ ਦੇ ਪਿਤਾ ਯਾਕੋਬ ਦਾ ਆਤਮਾ ਮੁੜ ਉੱਠਿਆ। 28ਅਤੇ ਇਸਰਾਏਲ ਨੇ ਕਿਹਾ, “ਮੈਨੂੰ ਯਕੀਨ ਹੈ! ਮੇਰਾ ਪੁੱਤਰ ਯੋਸੇਫ਼ ਅਜੇ ਵੀ ਜਿਉਂਦਾ ਹੈ ਅਤੇ ਮੈਂ ਮਰਨ ਤੋਂ ਪਹਿਲਾਂ ਉਸ ਨੂੰ ਜਾ ਕੇ ਦੇਖਾਂਗਾ।”

Currently Selected:

ਉਤਪਤ 45: OPCV

Highlight

Share

Copy

None

Want to have your highlights saved across all your devices? Sign up or sign in