YouVersion Logo
Search Icon

ਉਤਪਤ 32

32
ਯਾਕੋਬ ਏਸਾਓ ਨੂੰ ਮਿਲਣ ਦੀ ਤਿਆਰੀ ਕਰਦਾ ਹੈ
1ਯਾਕੋਬ ਵੀ ਆਪਣੇ ਰਾਹ ਤੁਰ ਪਿਆ ਅਤੇ ਪਰਮੇਸ਼ਵਰ ਦੇ ਦੂਤ ਉਸ ਨੂੰ ਮਿਲੇ। 2ਜਦੋਂ ਯਾਕੋਬ ਨੇ ਉਹਨਾਂ ਨੂੰ ਵੇਖਿਆ ਤਾਂ ਆਖਿਆ, ਇਹ ਪਰਮੇਸ਼ਵਰ ਦਾ ਡੇਰਾ ਹੈ! ਇਸ ਲਈ ਉਸ ਨੇ ਉਸ ਥਾਂ ਦਾ ਨਾਮ ਮਾਹਾਨਾਇਮ#32:2 ਮਾਹਾਨਾਇਮ ਮਤਲਬ ਦੋ ਦਲ ਰੱਖਿਆ।
3ਯਾਕੋਬ ਨੇ ਅਦੋਮ ਦੇ ਦੇਸ਼ ਸੇਈਰ ਵਿੱਚ ਆਪਣੇ ਭਰਾ ਏਸਾਓ ਕੋਲ ਆਪਣੇ ਅੱਗੇ ਸੰਦੇਸ਼ਵਾਹਕਾਂ ਨੂੰ ਭੇਜਿਆ। 4ਉਸ ਨੇ ਉਹਨਾਂ ਨੂੰ ਹੁਕਮ ਦਿੱਤਾ, “ਤੁਸੀਂ ਮੇਰੇ ਸੁਆਮੀ ਏਸਾਓ ਨੂੰ ਇਹ ਆਖਣਾ ਹੈ, ‘ਤੇਰਾ ਦਾਸ ਯਾਕੋਬ ਆਖਦਾ ਹੈ, ਮੈਂ ਲਾਬਾਨ ਦੇ ਕੋਲ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ ਹਾਂ। 5ਮੇਰੇ ਕੋਲ ਡੰਗਰ ਅਤੇ ਗਧੇ, ਭੇਡਾਂ ਅਤੇ ਬੱਕਰੀਆਂ, ਦਾਸ ਅਤੇ ਦਾਸੀਆਂ ਹਨ। ਹੁਣ ਮੈਂ ਇਹ ਸੰਦੇਸ਼ ਆਪਣੇ ਸੁਆਮੀ ਨੂੰ ਭੇਜ ਰਿਹਾ ਹਾਂ, ਤਾਂ ਜੋ ਮੈਂ ਤੇਰੀ ਨਿਗਾਹ ਵਿੱਚ ਮਿਹਰ ਪਾ ਸਕਾਂ।’ ”
6ਜਦੋਂ ਸੰਦੇਸ਼ਵਾਹਕਾਂ ਨੇ ਯਾਕੋਬ ਨੂੰ ਮੁੜ ਆ ਕੇ ਆਖਿਆ, “ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ ਅਤੇ ਹੁਣ ਉਹ ਤੈਨੂੰ ਮਿਲਣ ਲਈ ਆ ਰਿਹਾ ਹੈ ਅਤੇ ਚਾਰ ਸੌ ਮਨੁੱਖ ਉਹ ਦੇ ਨਾਲ ਹਨ।”
7ਤਦ ਯਾਕੋਬ ਬਹੁਤ ਡਰ ਅਤੇ ਬਿਪਤਾ ਨਾਲ ਘਬਰਾਇਆ, ਉਪਰੰਤ ਉਸਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ, ਝੁੰਡਾਂ ਅਤੇ ਊਠਾਂ ਨੂੰ ਦੋ ਸਮੂਹਾਂ ਵਿੱਚ ਵੰਡ ਦਿੱਤਾ। 8ਉਸ ਨੇ ਸੋਚਿਆ, “ਜੇਕਰ ਏਸਾਓ ਆ ਕੇ ਇੱਕ ਸਮੂਹ ਉੱਤੇ ਹਮਲਾ ਕਰਦਾ ਹੈ, ਤਾਂ ਪਿਛਲਾ ਸਮੂਹ ਬਚ ਸਕਦਾ ਹੈ।”
9ਤਦ ਯਾਕੋਬ ਨੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ਵਰ, ਮੇਰੇ ਪਿਤਾ ਇਸਹਾਕ ਦੇ ਪਰਮੇਸ਼ਵਰ, ਹੇ ਯਾਹਵੇਹ, ਤੂੰ ਜਿਸ ਨੇ ਮੈਨੂੰ ਆਖਿਆ ਸੀ, ‘ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵਾਪਸ ਜਾ ਅਤੇ ਮੈਂ ਤੈਨੂੰ ਖੁਸ਼ਹਾਲ ਕਰਾਂਗਾ।’ 10ਮੈਂ ਉਸ ਸਾਰੀ ਦਿਆਲਤਾ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੁਸੀਂ ਆਪਣੇ ਸੇਵਕ ਨੂੰ ਦਿਖਾਈ ਹੈ। ਜਦੋਂ ਮੈਂ ਇਸ ਯਰਦਨ ਨਦੀ ਨੂੰ ਪਾਰ ਕੀਤਾ ਤਾਂ ਮੇਰੇ ਕੋਲ ਸਿਰਫ ਮੇਰੀ ਸੋਟੀ ਸੀ, ਪਰ ਹੁਣ ਮੈਂ ਦੋ ਸਮੂਹਾਂ ਦੇ ਨਾਲ ਮੁੜਿਆ ਹਾਂ। 11ਮੈਂ ਪ੍ਰਾਰਥਨਾ ਕਰਦਾ ਹਾਂ, ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਬਚਾ ਕਿਉਂ ਜੋ ਮੈਨੂੰ ਡਰ ਹੈ ਕਿ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਮਾਰ ਨਾ ਸੁੱਟੇ। 12ਪਰ ਤੁਸੀਂ ਆਖਿਆ ਹੈ, ‘ਮੈਂ ਜ਼ਰੂਰ ਤੈਨੂੰ ਖੁਸ਼ਹਾਲ ਬਣਾਵਾਂਗਾ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਬਣਾਵਾਂਗਾ, ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।’ ”
13ਉਸ ਨੇ ਉੱਥੇ ਰਾਤ ਕੱਟੀ ਅਤੇ ਜੋ ਕੁਝ ਉਸ ਕੋਲ ਸੀ ਉਸ ਵਿੱਚੋਂ ਉਸ ਨੇ ਆਪਣੇ ਭਰਾ ਏਸਾਓ ਲਈ ਇੱਕ ਤੋਹਫ਼ਾ ਚੁਣਿਆ। 14ਜਿਸ ਵਿੱਚ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ, ਦੋ ਸੌ ਭੇਡਾਂ ਅਤੇ ਵੀਹ ਭੇਡੂ, 15ਤੀਹ ਊਠ ਆਪਣੇ ਬੱਚਿਆਂ ਸਮੇਤ, ਚਾਲੀ ਗਾਵਾਂ ਅਤੇ ਦਸ ਬਲਦ ਅਤੇ ਵੀਹ ਗਧੀਆਂ ਅਤੇ ਦਸ ਨਰ ਗਧੇ। 16ਉਸ ਨੇ ਉਹਨਾਂ ਦੇ ਝੁੰਡ ਵੱਖਰੇ-ਵੱਖਰੇ ਕਰ ਕੇ ਆਪਣੇ ਸੇਵਕਾਂ ਨੂੰ ਆਖਿਆ, “ਮੇਰੇ ਅੱਗੇ-ਅੱਗੇ ਚੱਲੋ ਅਤੇ ਇੱਜੜਾਂ ਦੇ ਵਿੱਚਕਾਰ ਥੋੜ੍ਹਾਂ-ਥੋੜ੍ਹਾਂ ਫਾਸਲਾ ਰੱਖੋ।”
17ਉਸ ਨੇ ਅਗਵਾਈ ਕਰਨ ਵਾਲੇ ਨੂੰ ਹਿਦਾਇਤ ਦਿੱਤੀ, “ਜਦੋਂ ਮੇਰਾ ਭਰਾ ਏਸਾਓ ਤੁਹਾਨੂੰ ਮਿਲੇ ਅਤੇ ਪੁੱਛੇ, ‘ਤੂੰ ਕਿਸ ਦਾ ਹੈ ਅਤੇ ਤੂੰ ਕਿੱਥੇ ਜਾ ਰਿਹਾ ਹੈ ਅਤੇ ਤੇਰੇ ਸਾਹਮਣੇ ਇਨ੍ਹਾਂ ਸਾਰੇ ਜਾਨਵਰਾਂ ਦਾ ਮਾਲਕ ਕੌਣ ਹੈ?’ 18ਫ਼ੇਰ ਤੂੰ ਆਖਣਾ, ‘ਉਹ ਤੇਰੇ ਸੇਵਕ ਯਾਕੋਬ ਦੇ ਹਨ। ਉਹ ਮੇਰੇ ਸੁਆਮੀ ਏਸਾਓ ਲਈ ਭੇਜੀ ਹੋਈ ਭੇਟ ਹਨ ਅਤੇ ਉਹ ਸਾਡੇ ਪਿੱਛੇ ਆ ਰਿਹਾ ਹੈ।’ ”
19ਉਸਨੇ ਦੂਜੇ ਅਤੇ ਤੀਜੇ ਰਖਵਾਲਿਆ ਨੂੰ ਹੋਰ ਸਾਰੇ ਲੋਕਾਂ ਨੂੰ ਵੀ ਹਿਦਾਇਤ ਦਿੱਤੀ ਜੋ ਝੁੰਡਾਂ ਦੇ ਪਿੱਛੇ ਚੱਲਦੇ ਸਨ। “ਜਦੋਂ ਤੁਸੀਂ ਏਸਾਓ ਨੂੰ ਮਿਲਦੇ ਹੋ, ਤਾਂ ਤੁਸੀਂ ਵੀ ਉਸਨੂੰ ਇਹੀ ਗੱਲ ਕਹੋ। 20ਅਤੇ ਇਹ ਜ਼ਰੂਰ ਆਖੋ, ‘ਤੇਰਾ ਸੇਵਕ ਯਾਕੋਬ ਸਾਡੇ ਪਿੱਛੇ ਆ ਰਿਹਾ ਹੈ।’ ” ਕਿਉਂਕਿ ਉਸਨੇ ਸੋਚਿਆ, “ਮੈਂ ਉਸਨੂੰ ਇਹਨਾਂ ਤੋਹਫ਼ਿਆਂ ਨਾਲ ਸ਼ਾਂਤ ਕਰਾਂਗਾ ਜੋ ਮੈਂ ਅੱਗੇ ਭੇਜ ਰਿਹਾ ਹਾਂ, ਬਾਅਦ ਵਿੱਚ ਜਦੋਂ ਮੈਂ ਉਸ ਨੂੰ ਦੇਖਾਂਗਾ ਸ਼ਾਇਦ ਉਹ ਮੈਨੂੰ ਸਵੀਕਾਰ ਕਰੇਂਗਾ।” 21ਸੋ ਯਾਕੋਬ ਦੀਆਂ ਭੇਟਾਂ ਉਸ ਦੇ ਅੱਗੇ-ਅੱਗੇ ਚੱਲੀਆਂ ਪਰ ਉਸ ਨੇ ਆਪ ਡੇਰੇ ਵਿੱਚ ਰਾਤ ਕੱਟੀ।
ਯਾਕੋਬ ਦਾ ਪਰਮੇਸ਼ਵਰ ਨਾਲ ਯੁੱਧ
22ਉਸ ਰਾਤ ਯਾਕੋਬ ਉੱਠਿਆ ਅਤੇ ਆਪਣੀਆਂ ਦੋ ਪਤਨੀਆਂ, ਆਪਣੀਆਂ ਦੋ ਦਾਸੀਆਂ ਅਤੇ ਗਿਆਰਾਂ ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਤੋਂ ਪਾਰ ਲੰਘਾ ਦਿੱਤਾ। 23ਜਦੋਂ ਉਸ ਨੇ ਉਹਨਾਂ ਨੂੰ ਨਦੀ ਦੇ ਪਾਰ ਭੇਜ ਦਿੱਤਾ ਤਾਂ ਉਸ ਨੇ ਆਪਣਾ ਸਾਰਾ ਮਾਲ-ਧਨ ਭੇਜ ਦਿੱਤਾ। 24ਤਾਂ ਯਾਕੋਬ ਇਕੱਲਾ ਰਹਿ ਗਿਆ ਅਤੇ ਇੱਕ ਮਨੁੱਖ ਸਵੇਰ ਤੱਕ ਉਹ ਦੇ ਨਾਲ ਘੁਲਦਾ ਰਿਹਾ। 25ਜਦੋਂ ਉਸ ਮਨੁੱਖ ਨੇ ਵੇਖਿਆ ਕਿ ਉਹ ਉਸ ਉੱਤੇ ਕਾਬੂ ਨਹੀਂ ਪਾ ਸਕਦਾ ਤਾਂ ਉਸ ਨੇ ਯਾਕੋਬ ਦੇ ਪੱਟ ਦੇ ਜੋੜ ਨੂੰ ਛੂਹਿਆ ਅਤੇ ਯਾਕੋਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਣ ਦੇ ਕਾਰਨ ਨਿੱਕਲ ਗਿਆ। 26ਤਦ ਉਸ ਮਨੁੱਖ ਨੇ ਆਖਿਆ, “ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ੍ਹ ਗਿਆ ਹੈ।”
ਪਰ ਯਾਕੋਬ ਨੇ ਉੱਤਰ ਦਿੱਤਾ, “ਜਦੋਂ ਤੱਕ ਤੁਸੀਂ ਮੈਨੂੰ ਬਰਕਤ ਨਹੀਂ ਦਿੰਦੇ, ਮੈਂ ਤੁਹਾਨੂੰ ਨਹੀਂ ਜਾਣ ਦਿਆਂਗਾ।”
27ਉਸ ਮਨੁੱਖ ਨੇ ਉਸ ਨੂੰ ਪੁੱਛਿਆ, ਤੇਰਾ ਨਾਮ ਕੀ ਹੈ?
ਉਸਨੇ ਜਵਾਬ ਦਿੱਤਾ, “ਯਾਕੋਬ।”
28ਤਦ ਉਸ ਮਨੁੱਖ ਨੇ ਆਖਿਆ, “ਹੁਣ ਤੋਂ ਤੇਰਾ ਨਾਮ ਯਾਕੋਬ ਨਹੀਂ ਸਗੋਂ ਇਸਰਾਏਲ#32:28 ਇਸਰਾਏਲ ਮਤਲਬ ਉਹ ਪਰਮੇਸ਼ਵਰ ਨਾਲ ਲੜਿਆ ਹੋਵੇਗਾ ਕਿਉਂਕਿ ਤੂੰ ਪਰਮੇਸ਼ਵਰ ਅਤੇ ਮਨੁੱਖ ਨਾਲ ਯੁੱਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ਹੈ।”
29ਯਾਕੋਬ ਨੇ ਆਖਿਆ, “ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ।”
ਪਰ ਉਸ ਨੇ ਉੱਤਰ ਦਿੱਤਾ, “ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈ?” ਫਿਰ ਉਸ ਨੇ ਉੱਥੇ ਉਸ ਨੂੰ ਬਰਕਤ ਦਿੱਤੀ।
30ਇਸ ਲਈ ਯਾਕੋਬ ਨੇ ਉਸ ਥਾਂ ਨੂੰ ਪਨੀਏਲ#32:30 ਪਨੀਏਲ ਮਤਲਬ ਪਰਮੇਸ਼ਵਰ ਦਾ ਚਿਹਰਾ ਆਖਿਆ ਅਤੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਮੈਂ ਪਰਮੇਸ਼ਵਰ ਨੂੰ ਆਹਮੋ-ਸਾਹਮਣੇ ਦੇਖਿਆ, ਪਰ ਫ਼ੇਰ ਵੀ ਮੇਰੀ ਜਾਨ ਬਚ ਗਈ।”
31ਜਦੋਂ ਉਹ ਪਨੂਏਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ੍ਹ ਗਿਆ ਸੀ ਅਤੇ ਉਹ ਆਪਣੇ ਪੱਟ ਤੋਂ ਲੰਗੜਾ ਕੇ ਤੁਰਦਾ ਸੀ। 32ਇਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ, ਅੱਜ ਤੱਕ ਨਹੀਂ ਖਾਂਦੇ ਕਿਉਂ ਜੋ ਉਸ ਮਨੁੱਖ ਨੇ ਯਾਕੋਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ।

Currently Selected:

ਉਤਪਤ 32: OPCV

Highlight

Share

Copy

None

Want to have your highlights saved across all your devices? Sign up or sign in