29
ਯਾਕੋਬ ਪਦਨ ਅਰਾਮ ਵਿੱਚ ਪਹੁੰਚਿਆ
1ਤਦ ਯਾਕੋਬ ਨੇ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪੂਰਬੀ ਲੋਕਾਂ ਦੇ ਦੇਸ਼ ਵਿੱਚ ਆਇਆ। 2ਉੱਥੇ ਉਸ ਨੇ ਖੁੱਲ੍ਹੇ ਦੇਸ਼ ਵਿੱਚ ਇੱਕ ਖੂਹ ਵੇਖਿਆ ਜਿਸ ਦੇ ਕੋਲ ਭੇਡਾਂ ਦੇ ਤਿੰਨ ਝੁੰਡ ਬੈਠੇ ਸਨ ਕਿਉਂਕਿ ਉਹ ਉਸ ਖੂਹ ਤੋਂ ਇੱਜੜਾ ਨੂੰ ਪਾਣੀ ਪਿਲਾਉਂਦੇ ਸਨ। ਖੂਹ ਦੇ ਮੂੰਹ ਉੱਤੇ ਪੱਥਰ ਵੱਡਾ ਸੀ। 3ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ, ਤਾਂ ਚਰਵਾਹੇ ਖੂਹ ਦੇ ਮੂੰਹ ਤੋਂ ਪੱਥਰ ਨੂੰ ਹਟਾ ਦਿੰਦੇ ਅਤੇ ਭੇਡਾਂ ਨੂੰ ਪਾਣੀ ਪਿਲਾਉਂਦੇ। ਫਿਰ ਉਹ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੀ ਥਾਂ ਤੇ ਵਾਪਸ ਰੱਖ ਦਿੰਦੇ ਸਨ।
4ਯਾਕੋਬ ਨੇ ਆਜੜੀਆਂ ਨੂੰ ਪੁੱਛਿਆ, ਹੇ ਮੇਰੇ ਭਰਾਵੋ ਤੁਸੀਂ ਕਿੱਥੋਂ ਦੇ ਹੋ?
ਉਹਨਾਂ ਨੇ ਜਵਾਬ ਦਿੱਤਾ, “ਅਸੀਂ ਹਾਰਾਨ ਤੋਂ ਹਾਂ।”
5ਉਸ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਨਾਹੋਰ ਦੇ ਪੋਤੇ ਲਾਬਾਨ ਨੂੰ ਜਾਣਦੇ ਹੋ?
ਉਹਨਾਂ ਨੇ ਜਵਾਬ ਦਿੱਤਾ, “ਹਾਂ, ਅਸੀਂ ਉਸਨੂੰ ਜਾਣਦੇ ਹਾਂ।”
6ਤਦ ਯਾਕੋਬ ਨੇ ਉਹਨਾਂ ਨੂੰ ਪੁੱਛਿਆ, ਕੀ ਉਹ ਠੀਕ ਹੈ?
ਉਹਨਾਂ ਨੇ ਕਿਹਾ, “ਹਾਂ ਉਹ ਠੀਕ ਹੈ ਅਤੇ ਇੱਥੇ ਉਸਦੀ ਧੀ ਰਾਖ਼ੇਲ ਭੇਡਾਂ ਲੈ ਕੇ ਆ ਰਹੀ ਹੈ।”
7ਉਸ ਨੇ ਕਿਹਾ, “ਵੇਖੋ, ਸੂਰਜ ਅਜੇ ਵੀ ਉੱਚਾ ਹੈ। ਇਹ ਇੱਜੜਾਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ। ਭੇਡਾਂ ਨੂੰ ਪਾਣੀ ਪਿਲਾਓ ਅਤੇ ਉਹਨਾਂ ਨੂੰ ਚਰਾਉਣ ਲਈ ਵਾਪਸ ਲੈ ਜਾਓ।”
8ਉਹਨਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਇੱਜੜ ਇਕੱਠੇ ਨਾ ਹੋ ਜਾਣ ਅਤੇ ਪੱਥਰ ਨੂੰ ਖੂਹ ਦੇ ਮੂੰਹ ਤੋਂ ਹਟਾ ਦਿੱਤਾ ਜਾਵੇ। ਫਿਰ ਅਸੀਂ ਭੇਡਾਂ ਨੂੰ ਪਾਣੀ ਪਿਲਾ ਸਕਦੇ ਹਾਂ।”
9ਜਦੋਂ ਉਹ ਅਜੇ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਤਾਂ ਰਾਖ਼ੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ ਕਿਉਂ ਜੋ ਉਹ ਇੱਕ ਆਜੜੀ ਸੀ। 10ਜਦੋਂ ਯਾਕੋਬ ਨੇ ਆਪਣੇ ਚਾਚੇ ਲਾਬਾਨ ਦੀ ਧੀ ਰਾਖ਼ੇਲ ਅਤੇ ਲਾਬਾਨ ਦੀਆਂ ਭੇਡਾਂ ਨੂੰ ਵੇਖਿਆ ਤਾਂ ਉਸ ਨੇ ਪਾਰ ਜਾ ਕੇ ਪੱਥਰ ਨੂੰ ਖੂਹ ਦੇ ਮੂੰਹ ਤੋਂ ਹਟਾ ਦਿੱਤਾ ਅਤੇ ਆਪਣੇ ਚਾਚੇ ਦੀਆਂ ਭੇਡਾਂ ਨੂੰ ਪਾਣੀ ਪਿਲਾਇਆ। 11ਤਦ ਯਾਕੋਬ ਨੇ ਰਾਖ਼ੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਣ ਲੱਗਾ। 12ਯਾਕੋਬ ਨੇ ਰਾਖ਼ੇਲ ਨੂੰ ਦੱਸਿਆ ਸੀ ਕਿ ਉਹ ਉਸ ਦੇ ਪਿਤਾ ਦਾ ਰਿਸ਼ਤੇਦਾਰ ਅਤੇ ਰਿਬਕਾਹ ਦਾ ਪੁੱਤਰ ਸੀ। ਇਸ ਲਈ ਉਸ ਨੇ ਭੱਜ ਕੇ ਆਪਣੇ ਪਿਤਾ ਨੂੰ ਦੱਸਿਆ।
13ਜਿਵੇਂ ਹੀ ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੋਬ ਦੀ ਖ਼ਬਰ ਸੁਣੀ ਤਾਂ ਉਹ ਉਸ ਨੂੰ ਮਿਲਣ ਲਈ ਕਾਹਲਾ ਹੋਇਆ। ਉਸ ਨੇ ਉਸ ਨੂੰ ਗਲੇ ਲਾਇਆ ਅਤੇ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਅਤੇ ਉੱਥੇ ਯਾਕੋਬ ਨੇ ਉਸ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। 14ਤਦ ਲਾਬਾਨ ਨੇ ਉਹ ਨੂੰ ਆਖਿਆ, ਤੂੰ ਮੇਰਾ ਆਪਣਾ ਮਾਸ ਅਤੇ ਲਹੂ ਹੈ।
ਯਾਕੋਬ ਨੇ ਲੇਆਹ ਅਤੇ ਰਾਖ਼ੇਲ ਨਾਲ ਵਿਆਹ ਕੀਤਾ
ਯਾਕੋਬ ਇੱਕ ਪੂਰਾ ਮਹੀਨਾ ਉਸ ਦੇ ਨਾਲ ਰਿਹਾ, 15ਲਾਬਾਨ ਨੇ ਯਾਕੋਬ ਨੂੰ ਕਿਹਾ, “ਕਿਉਂਕਿ ਤੂੰ ਮੇਰਾ ਰਿਸ਼ਤੇਦਾਰ ਹੈ, ਕੀ ਤੂੰ ਮੇਰੇ ਲਈ ਮੁ਼ਫ਼ਤ ਕੰਮ ਕਰੇਂਗਾ? ਮੈਨੂੰ ਦੱਸ ਤੂੰ ਕੀ ਮਜ਼ਦੂਰੀ ਲਵੇਗਾ।”
16ਹੁਣ ਲਾਬਾਨ ਦੀਆਂ ਦੋ ਧੀਆਂ ਸਨ; ਵੱਡੀ ਦਾ ਨਾਮ ਲੇਆਹ ਸੀ ਅਤੇ ਛੋਟੀ ਦਾ ਨਾਮ ਰਾਖ਼ੇਲ ਸੀ। 17ਲੇਆਹ ਦੀਆਂ ਅੱਖਾਂ ਕਮਜ਼ੋਰ ਸਨ ਪਰ ਰਾਖ਼ੇਲ ਸੋਹਣੀ ਅਤੇ ਸੁੰਦਰ ਸੀ। 18ਯਾਕੋਬ ਨੂੰ ਰਾਖ਼ੇਲ ਨਾਲ ਪਿਆਰ ਸੀ ਅਤੇ ਉਸਨੇ ਕਿਹਾ, “ਤੇਰੀ ਛੋਟੀ ਧੀ ਰਾਖ਼ੇਲ ਦੇ ਬਦਲੇ ਮੈਂ ਸੱਤ ਸਾਲ ਤੇਰੇ ਲਈ ਕੰਮ ਕਰਾਂਗਾ।”
19ਲਾਬਾਨ ਨੇ ਆਖਿਆ, “ਇਹ ਚੰਗਾ ਹੈ ਜੋ ਮੈਂ ਉਸ ਨੂੰ ਕਿਸੇ ਹੋਰ ਮਨੁੱਖ ਨੂੰ ਦੇ ਦੇਵਾਂ, ਤੂੰ ਇੱਥੇ ਮੇਰੇ ਨਾਲ ਰਹਿ।” 20ਇਸ ਲਈ ਯਾਕੋਬ ਨੇ ਰਾਖ਼ੇਲ ਨੂੰ ਲੈਣ ਲਈ ਸੱਤ ਸਾਲ ਸੇਵਾ ਕੀਤੀ ਪਰ ਉਹ ਉਸ ਦੇ ਪ੍ਰੇਮ ਦੇ ਕਾਰਨ ਉਸ ਨੂੰ ਥੋੜ੍ਹੇ ਹੀ ਦਿਨ ਲੱਗਦੇ ਸਨ।
21ਤਦ ਯਾਕੋਬ ਨੇ ਲਾਬਾਨ ਨੂੰ ਆਖਿਆ, ਮੇਰੀ ਪਤਨੀ ਮੈਨੂੰ ਦੇ, ਕਿਉ ਮੇਰਾ ਸਮਾਂ ਪੂਰਾ ਹੋ ਗਿਆ ਹੈ ਅਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ।
22ਸੋ ਲਾਬਾਨ ਨੇ ਉੱਥੋਂ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਵਿਆਹ ਦੀ ਦਾਵਤ ਦਿੱਤੀ। 23ਪਰ ਜਦੋਂ ਸ਼ਾਮ ਹੋਈ ਤਾਂ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੋਬ ਕੋਲ ਲੈ ਆਇਆ ਅਤੇ ਯਾਕੋਬ ਨੇ ਉਸ ਨਾਲ ਪਿਆਰ ਕੀਤਾ। 24ਅਤੇ ਲਾਬਾਨ ਨੇ ਆਪਣੀ ਦਾਸੀ ਜ਼ਿਲਫ਼ਾਹ ਨੂੰ ਆਪਣੀ ਧੀ ਲੇਆਹ ਦਾ ਸੇਵਾਦਾਰ ਬਣਾ ਦਿੱਤਾ।
25ਜਦੋਂ ਸਵੇਰ ਹੋਈ ਤਾਂ ਉੱਥੇ ਲੇਆਹ ਸੀ! ਤਾਂ ਯਾਕੋਬ ਨੇ ਲਾਬਾਨ ਨੂੰ ਆਖਿਆ, “ਤੂੰ ਮੇਰੇ ਨਾਲ ਇਹ ਕੀ ਕੀਤਾ ਹੈ? ਕੀ ਮੈਂ ਰਾਖ਼ੇਲ ਲਈ ਤੇਰੀ ਸੇਵਾ ਨਹੀਂ ਕੀਤੀ? ਤੂੰ ਮੈਨੂੰ ਕਿਉਂ ਧੋਖਾ ਦਿੱਤਾ?”
26ਲਾਬਾਨ ਨੇ ਉੱਤਰ ਦਿੱਤਾ, “ਸਾਡੀ ਇੱਥੇ ਇਹ ਰੀਤ ਨਹੀਂ ਹੈ ਕਿ ਅਸੀਂ ਛੋਟੀ ਧੀ ਦਾ ਵਿਆਹ ਵੱਡੀ ਤੋਂ ਪਹਿਲਾਂ ਕਰ ਦੇਈਏ। 27ਇਸ ਧੀ ਦੇ ਵਿਆਹ ਦੇ ਹਫ਼ਤੇ ਨੂੰ ਪੂਰਾ ਕਰ, ਫਿਰ ਮੈਂ ਤੈਨੂੰ ਦੂਸਰੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਕਰੇਂਗਾ ਦੇ ਦਿਆਂਗਾ।”
28ਅਤੇ ਯਾਕੋਬ ਨੇ ਅਜਿਹਾ ਹੀ ਕੀਤਾ। ਉਸਨੇ ਲੇਆਹ ਦੇ ਨਾਲ ਹਫ਼ਤਾ ਪੂਰਾ ਕੀਤਾ, ਅਤੇ ਫਿਰ ਲਾਬਾਨ ਨੇ ਉਸਨੂੰ ਆਪਣੀ ਧੀ ਰਾਖ਼ੇਲ ਉਸਦੀ ਪਤਨੀ ਹੋਣ ਲਈ ਦੇ ਦਿੱਤੀ। 29ਲਾਬਾਨ ਨੇ ਆਪਣੀ ਦਾਸੀ ਬਿਲਹਾਹ ਨੂੰ ਆਪਣੀ ਧੀ ਰਾਖ਼ੇਲ ਨੂੰ ਸੇਵਾਦਾਰ ਵਜੋਂ ਦੇ ਦਿੱਤਾ। 30ਯਾਕੋਬ ਨੇ ਰਾਖ਼ੇਲ ਨਾਲ ਵੀ ਪਿਆਰ ਕੀਤਾ ਅਤੇ ਲੇਆਹ ਨਾਲ ਉਸ ਦੇ ਪਿਆਰ ਨਾਲੋਂ ਰਾਖ਼ੇਲ ਦਾ ਪਿਆਰ ਵੱਧ ਸੀ ਤੇ ਉਸਨੇ ਲਾਬਾਨ ਲਈ ਹੋਰ ਸੱਤ ਸਾਲ ਕੰਮ ਕੀਤਾ।
ਯਾਕੋਬ ਦੇ ਬੱਚੇ
31ਜਦੋਂ ਯਾਹਵੇਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ, ਤਾਂ ਉਸਨੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ, ਪਰ ਰਾਖ਼ੇਲ ਬੇ-ਔਲਾਦ ਰਹੀ। 32ਲੇਆਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ, ਉਸਨੇ ਉਸਦਾ ਨਾਮ ਰਊਬੇਨ#29:32 ਰਊਬੇਨ ਅਰਥ ਦੇਖੋ ਇੱਕ ਪੁੱਤਰ ਰੱਖਿਆ ਕਿਉਂਕਿ ਉਸਨੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਯਾਹਵੇਹ ਨੇ ਮੇਰਾ ਦੁੱਖ ਦੇਖਿਆ ਹੈ। ਯਕੀਨਨ ਮੇਰਾ ਪਤੀ ਹੁਣ ਮੈਨੂੰ ਪਿਆਰ ਕਰੇਗਾ।”
33ਉਹ ਫੇਰ ਗਰਭਵਤੀ ਹੋਈ ਅਤੇ ਜਦੋਂ ਉਸ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸ ਨੇ ਕਿਹਾ, “ਕਿਉਂਕਿ ਯਾਹਵੇਹ ਨੇ ਸੁਣਿਆ ਹੈ ਕਿ ਮੈਂ ਤੁੱਛ ਜਾਣੀ ਗਈ ਸੀ, ਇਸ ਕਾਰਨ ਉਸਨੇ ਮੈਨੂੰ ਇਹ ਪੁੱਤਰ ਵੀ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਸ਼ਿਮਓਨ#29:33 ਸ਼ਿਮਓਨ ਅਰਥ ਸੁਣ ਵਾਲਾ ਰੱਖਿਆ।
34ਫੇਰ ਉਹ ਗਰਭਵਤੀ ਹੋਈ ਅਤੇ ਜਦੋਂ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸਨੇ ਕਿਹਾ, “ਹੁਣ ਅੰਤ ਵਿੱਚ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ ਕਿਉਂਕਿ ਮੈਂ ਉਸਦੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਉਸਦਾ ਨਾਮ ਲੇਵੀ#29:34 ਲੇਵੀ ਅਰਥ ਜੁੜਿਆ ਹੋਇਆ ਰੱਖਿਆ ਗਿਆ।
35ਉਹ ਦੁਬਾਰਾ ਗਰਭਵਤੀ ਹੋਈ ਅਤੇ ਜਦੋਂ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤਾਂ ਉਸਨੇ ਕਿਹਾ, “ਇਸ ਵਾਰ ਮੈਂ ਯਾਹਵੇਹ ਦੀ ਉਸਤਤ ਕਰਾਂਗੀ।” ਇਸ ਲਈ ਉਸਨੇ ਉਸਦਾ ਨਾਮ ਯਹੂਦਾਹ#29:35 ਯਹੂਦਾਹ ਅਰਥ ਉਸਤਤ ਰੱਖਿਆ, ਫ਼ੇਰ ਉਹ ਜਣਨ ਤੋਂ ਰਹਿ ਗਈ।