2
ਦੂਸਰੇ ਰਸੂਲਾਂ ਦੁਆਰਾ ਪੌਲੁਸ ਦਾ ਸਵੀਕਾਰ ਕੀਤਾ ਜਾਣਾ
1ਫਿਰ ਚੌਦਾਂ ਸਾਲਾਂ ਬਾਅਦ, ਮੈਂ ਦੁਬਾਰਾ ਯੇਰੂਸ਼ਲੇਮ ਗਿਆ, ਇਸ ਵਾਰ ਮੈਂ ਬਰਨਬਾਸ ਅਤੇ ਤੀਤੁਸ ਨੂੰ ਵੀ ਆਪਣੇ ਨਾਲ ਲੈ ਕੇ ਗਿਆ। 2ਅਤੇ ਮੇਰਾ ਉਹਨਾਂ ਕੋਲ ਜਾਣਾ ਪਰਮੇਸ਼ਵਰ ਦੇ ਪ੍ਰਕਾਸ਼ਨ ਅਨੁਸਾਰ ਸੀ, ਉਸ ਖੁਸ਼ਖ਼ਬਰੀ ਨੂੰ ਜਿਸ ਦਾ ਮੈਂ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰਦਾ ਹਾਂ ਉਹਨਾਂ ਅੱਗੇ ਵੀ ਪ੍ਰਚਾਰ ਕੀਤਾ ਪਰ ਉਹਨਾਂ ਲੋਕਾਂ ਨੂੰ ਜੋ ਕਲੀਸਿਆ ਦੇ ਆਗੂ ਸਨ, ਗੁਪਤ ਵਿੱਚ ਪ੍ਰਚਾਰ ਕੀਤਾ ਤਾਂ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੇਰੀ ਹੁਣ ਦੀ ਜਾਂ ਪਿਛਲੀ ਦੌੜ ਭੱਜ ਵਿਅਰਥ ਹੋ ਜਾਵੇ। 3ਫਿਰ ਵੀ ਤੀਤੁਸ, ਜੋ ਮੇਰੇ ਨਾਲ ਸੀ, ਉਸ ਨੂੰ ਵੀ ਸੁੰਨਤ ਕਰਵਾਉਣ ਲਈ ਮਜ਼ਬੂਰ ਨਹੀਂ ਕੀਤਾ ਗਿਆ, ਭਾਵੇਂ ਉਹ ਯੂਨਾਨੀ ਸੀ। 4ਇਹ ਮਾਮਲਾ ਇਸ ਲਈ ਉੱਠਿਆ ਕਿਉਂਕਿ ਕੁਝ ਝੂਠੇ ਵਿਸ਼ਵਾਸੀਆਂ ਨੇ ਮਸੀਹ ਯਿਸ਼ੂ ਵਿੱਚ ਸਾਡੀ ਅਜ਼ਾਦੀ ਦੀ ਜਾਸੂਸੀ ਕਰਨ ਲਈ ਸਾਡੇ ਦਰਜੇ ਵਿੱਚ ਚੋਰੀ ਵੜ ਆਏ ਤਾਂ ਕਿ ਸਾਨੂੰ ਫਿਰ ਤੋਂ ਗੁਲਾਮ ਬਣਾਉਣ। 5ਅਸੀਂ ਇੱਕ ਪਲ ਲਈ ਵੀ ਉਨ੍ਹਾਂ ਦੇ ਅੱਗੇ ਨਹੀਂ ਝੁਕੇ, ਤਾਂ ਜੋ ਖੁਸ਼ਖ਼ਬਰੀ ਦੀ ਸੱਚਾਈ ਤੁਹਾਡੇ ਲਈ ਸੁਰੱਖਿਅਤ ਰੱਖੀ ਜਾ ਸਕੇ।
6ਉਹ ਕਲੀਸਿਆ ਦੇ ਆਗੂ ਜਿਨ੍ਹਾਂ ਨੂੰ ਉੱਚ ਆਦਰ ਵਿੱਚ ਰੱਖਿਆ ਗਿਆ ਸੀ। ਉਹ ਜੋ ਵੀ ਸਨ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ; ਪਰਮੇਸ਼ਵਰ ਪੱਖਪਾਤ ਨਹੀਂ ਦਿਖਾਉਂਦਾ। ਉਹਨਾਂ ਤੋਂ ਮੈਨੂੰ ਤਾਂ ਕੁਝ ਪ੍ਰਾਪਤ ਨਹੀਂ ਹੋਇਆ।#2:6 2 ਕੁਰਿੰ 11:5; ਬਿਵ 10:17 7ਇਸ ਦੇ ਉਲਟ, ਉਨ੍ਹਾਂ#2:7 ਉਨ੍ਹਾਂ ਯਹੂਦੀ ਨੇ ਪਛਾਣ ਲਿਆ ਕਿ ਮੈਨੂੰ ਅਸੁੰਨਤ ਲੋਕਾਂ#2:7 ਅਸੁੰਨਤ ਲੋਕਾਂ ਗ਼ੈਰ-ਯਹੂਦੀ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਵੇਂ ਸੁੰਨਤੀਆਂ ਲਈ ਪਤਰਸ ਨੂੰ। 8ਕਿਉਂਕਿ ਪਰਮੇਸ਼ਵਰ, ਜੋ ਪਤਰਸ ਨੂੰ ਸੁੰਨਤੀਆਂ ਵਿੱਚ ਇੱਕ ਰਸੂਲ ਵਜੋਂ ਇਸਤੇਮਾਲ ਕਰਦਾ ਸੀ, ਗ਼ੈਰ-ਯਹੂਦੀ ਲੋਕਾਂ ਵਿੱਚ ਮੈਨੂੰ ਵੀ ਇੱਕ ਰਸੂਲ ਵਜੋਂ ਇਸਤੇਮਾਲ ਕਰ ਰਿਹਾ ਹੈ। 9ਯਾਕੋਬ, ਕੈਫ਼ਾਸ ਅਤੇ ਯੋਹਨ, ਜਿਨ੍ਹਾਂ ਨੂੰ ਥੰਮ੍ਹਾਂ ਵਜੋਂ ਸਤਿਕਾਰਿਆ ਜਾਂਦਾ ਹੈ, ਉਨ੍ਹਾਂ ਨੇ ਮੈਨੂੰ ਅਤੇ ਬਰਨਬਾਸ ਨੂੰ ਸੰਗਤ ਦਾ ਸੱਜਾ ਹੱਥ ਦਿੱਤਾ ਜਦੋਂ ਉਨ੍ਹਾਂ ਨੇ ਮੈਨੂੰ ਮੇਰੇ ਉੱਤੇ ਹੋਈ ਕਿਰਪਾ ਨੂੰ ਪਛਾਣਿਆ। ਉਹ ਮੰਨ ਗਏ ਕਿ ਸਾਨੂੰ ਪਰਾਈਆਂ ਕੌਮਾਂ ਦੇ ਕੋਲ ਜਾਣਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਸੁੰਨਤੀਆਂ ਦੇ ਕੋਲ। 10ਉਨ੍ਹਾਂ ਨੇ ਸਿਰਫ ਇਹ ਦੱਸਿਆ ਸੀ ਕਿ ਸਾਨੂੰ ਗਰੀਬਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿਸ ਚੀਜ਼ ਨੂੰ ਮੈਂ ਹਰ ਸਮੇਂ ਕਰਨ ਲਈ ਉਤਸੁਕ ਸੀ।
ਪੌਲੁਸ ਨੇ ਕੈਫ਼ਾਸ ਦਾ ਵਿਰੋਧ ਕੀਤਾ
11ਜਦੋਂ ਕੈਫ਼ਾਸ ਅੰਤਾਕਿਆ ਸ਼ਹਿਰ ਵਿੱਚ ਆਇਆ, ਮੈਂ ਉਸ ਦੇ ਚਿਹਰੇ ਤੇ ਉਸ ਦਾ ਵਿਰੋਧ ਕੀਤਾ, ਕਿਉਂਕਿ ਉਹ ਤਾਂ ਦੋਸ਼ੀ ਠਹਿਰਿਆ ਸੀ। 12ਕਿਉਂਕਿ ਯਾਕੋਬ ਕੋਲੋ ਕੁਝ ਮਨੁੱਖ ਆਉਣ ਤੋਂ ਪਹਿਲਾਂ, ਉਹ ਗ਼ੈਰ-ਯਹੂਦੀ ਲੋਕਾਂ ਨਾਲ ਖਾਂਦਾ ਹੁੰਦਾ ਸੀ। ਪਰ ਜਦੋਂ ਉਹ ਪਹੁੰਚੇ, ਤਾਂ ਉਹ ਪਿੱਛੇ ਹੋਣ ਲੱਗਾ ਅਤੇ ਆਪਣੇ ਆਪ ਨੂੰ ਗ਼ੈਰ-ਯਹੂਦੀ ਭਰਾਵਾਂ ਤੋਂ ਵੱਖ ਕਰਨ ਲੱਗਾ ਕਿਉਂਕਿ ਉਹ ਸੁੰਨਤ ਸਮੂਹ ਦੇ ਲੋਕਾਂ ਤੋਂ ਡਰਦਾ ਸੀ।#2:12 ਰਸੂ 10:28; 11:2-3 13ਬਾਕੀ ਯਹੂਦੀ ਵਿਸ਼ਵਾਸੀ ਉਸ ਦੇ ਪਖੰਡ ਵਿੱਚ ਸ਼ਾਮਲ ਹੋ ਗਏ, ਬਰਨਬਾਸ ਵੀ ਉਨ੍ਹਾਂ ਦੇ ਪਖੰਡ ਦੇ ਕਾਰਨ ਕੁਰਾਹੇ ਪੈ ਗਿਆ।
14ਜਦੋਂ ਮੈਂ ਵੇਖਿਆ ਕਿ ਉਹ ਖੁਸ਼ਖ਼ਬਰੀ ਦੀ ਸੱਚਾਈ ਦੇ ਅਨੁਸਾਰ ਨਹੀਂ ਚੱਲ ਰਹੇ ਸਨ, ਮੈਂ ਉਨ੍ਹਾਂ ਸਾਰਿਆਂ ਦੇ ਸਾਹਮਣੇ ਕੈਫ਼ਾਸ ਨੂੰ ਕਿਹਾ, “ਤੁਸੀਂ ਇੱਕ ਯਹੂਦੀ ਹੋ, ਫਿਰ ਵੀ ਤੁਸੀਂ ਇੱਕ ਗ਼ੈਰ ਯਹੂਦੀ ਵਾਂਗ ਰਹਿੰਦੇ ਹੋ ਅਤੇ ਨਾ ਕਿ ਇੱਕ ਯਹੂਦੀ ਵਾਂਗ। ਤਾਂ ਫਿਰ, ਇਹ ਕਿਵੇਂ ਹੈ ਕਿ ਤੁਸੀਂ ਗ਼ੈਰ-ਯਹੂਦੀਆਂ ਨੂੰ ਯਹੂਦੀ ਰੀਤੀ ਰਿਵਾਜਾਂ ਦੀ ਪਾਲਣਾ ਕਰਨ ਲਈ ਮਜਬੂਰ ਕਰਦੇ ਹੋ?
15“ਅਸੀਂ ਜੋ ਜਨਮ ਤੋਂ ਯਹੂਦੀ ਹਾਂ ਅਤੇ ਪਰਾਈਆਂ ਕੌਮਾਂ ਵਾਂਗ ਪਾਪ ਦੀ ਔਲਾਦ ਨਹੀਂ। 16ਤੁਸੀਂ ਜਾਣਦੇ ਹੋ ਕਿ ਇੱਕ ਵਿਅਕਤੀ ਬਿਵਸਥਾ ਦੇ ਕੰਮਾਂ ਦੁਆਰਾ ਧਰਮੀ ਨਹੀਂ ਠਹਿਰਾਇਆ ਜਾਂਦਾ ਹੈ, ਪਰ ਯਿਸ਼ੂ ਮਸੀਹ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਠਹਿਰਦਾ ਹੈ। ਇਸ ਲਈ, ਅਸੀਂ ਵੀ, ਮਸੀਹ ਯਿਸ਼ੂ ਉੱਤੇ ਆਪਣਾ ਵਿਸ਼ਵਾਸ ਰੱਖਿਆ ਹੈ ਕਿ ਅਸੀਂ ਮਸੀਹ ਵਿੱਚ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਗਏ ਹਾਂ ਨਾ ਕਿ ਬਿਵਸਥਾ ਦੇ ਕੰਮਾਂ ਦੁਆਰਾ, ਕਿਉਂਕਿ ਬਿਵਸਥਾ ਦੇ ਕੰਮਾਂ ਦੁਆਰਾ ਕੋਈ ਵੀ ਧਰਮੀ ਨਹੀਂ ਠਹਿਰਾਇਆ ਜਾ ਸਕਦਾ।#2:16 ਰੋਮਿ 3:20-22; ਫਿਲਿ 3:9
17“ਜੇਕਰ ਅਸੀਂ ਯਹੂਦੀ ਮਸੀਹ ਵਿੱਚ ਧਰਮੀ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਵੀ ਅਸੀਂ ਆਪਣੇ ਆਪ ਨੂੰ ਪਾਪੀਆਂ ਵਿੱਚ ਪਾਉਂਦੇ ਹਾਂ, ਤਾਂ ਕੀ ਇਸ ਦਾ ਇਹ ਮਤਲਬ ਨਹੀਂ ਕਿ ਮਸੀਹ ਪਾਪ ਦਾ ਸੇਵਾਦਾਰ ਹੋਇਆ? ਬਿਲਕੁਲ ਨਹੀਂ! 18ਜੇ ਮੈਂ ਉਸ ਚੀਜ਼ ਨੂੰ ਦੁਬਾਰਾ ਬਣਾਉਂਦਾ ਹਾਂ ਜੋ ਮੈਂ ਤਬਾਹ ਕੀਤੀ, ਤਾਂ ਮੈਂ ਸੱਚ-ਮੁੱਚ ਬਿਵਸਥਾ ਦੀ ਪ੍ਰਣਾਲੀ ਤੋੜਨ ਵਾਲਾ ਹੋਵਾਂਗਾ।
19“ਕਿਉਂਕਿ ਬਿਵਸਥਾ ਦੇ ਰਾਹੀਂ ਮੈਂ ਬਿਵਸਥਾ ਲਈ ਮਰਿਆ ਤਾਂ ਜੋ ਮੈਂ ਪਰਮੇਸ਼ਵਰ ਲਈ ਜੀਵਾਂ। 20ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਅਤੇ ਮੈਂ ਹੁਣ ਨਹੀਂ ਜੀਉਂਦਾ, ਪਰ ਮਸੀਹ ਮੇਰੇ ਵਿੱਚ ਜੀਉਂਦਾ ਹੈ। ਜੋ ਜੀਵਨ ਮੈਂ ਹੁਣ ਸਰੀਰ ਵਿੱਚ ਜੀ ਰਿਹਾ ਹਾਂ, ਮੈਂ ਪਰਮੇਸ਼ਵਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜੀਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਬਲੀਦਾਨ ਦੇ ਦਿੱਤਾ। 21ਮੈਂ ਪਰਮੇਸ਼ਵਰ ਦੀ ਕਿਰਪਾ ਨੂੰ ਪਾਸੇ ਨਹੀਂ ਰੱਖਦਾ, ਕਿਉਂਕਿ ਜੇ ਬਿਵਸਥਾ ਦੁਆਰਾ ਧਾਰਮਿਕਤਾ ਪ੍ਰਾਪਤ ਹੋ ਸਕਦੀ ਹੁੰਦੀ, ਤਾਂ ਫਿਰ ਮਸੀਹ ਦਾ ਮਰਨਾ ਵਿਅਰਥ ਹੀ ਹੋਇਆ!”