33
1ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਤੂੰ ਇਸ ਥਾਂ ਨੂੰ ਛੱਡ ਅਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਮਿਸਰ ਦੇਸ਼ ਵਿੱਚੋਂ ਲਿਆਇਆ ਸੀ ਅਤੇ ਉਸ ਧਰਤੀ ਉੱਤੇ ਲੈ ਜਾ ਜਿਸਦਾ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ, ‘ਕਿ ਮੈਂ ਇਹ ਦੇਸ਼ ਤੁਹਾਡੀ ਅੰਸ ਨੂੰ ਦੇਵਾਂਗਾ।’ 2ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜਾਂਗਾ ਅਤੇ ਕਨਾਨੀਆਂ, ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦਿਆਂਗਾ। 3ਦੁੱਧ ਅਤੇ ਸ਼ਹਿਦ ਨਾਲ ਵਗਣ ਵਾਲੀ ਧਰਤੀ ਉੱਤੇ ਜਾਓ। ਪਰ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ, ਕਿਉਂਕਿ ਤੁਸੀਂ ਇੱਕ ਕਠੋਰ ਲੋਕ ਹੋ ਅਤੇ ਮੈਂ ਤੁਹਾਨੂੰ ਰਸਤੇ ਵਿੱਚ ਤਬਾਹ ਕਰ ਦਿਆਂਗਾ।”
4ਜਦੋਂ ਲੋਕਾਂ ਨੇ ਇਹ ਦੁਖਦਾਈ ਬਚਨ ਸੁਣੇ, ਤਾਂ ਉਹ ਸੋਗ ਕਰਨ ਲੱਗੇ ਅਤੇ ਕਿਸੇ ਨੇ ਕੋਈ ਗਹਿਣਾ ਨਹੀਂ ਪਾਇਆ। 5ਕਿਉਂਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਤੁਸੀਂ ਕਠੋਰ ਲੋਕ ਹੋ ਅਤੇ ਜੇ ਮੈਂ ਇੱਕ ਪਲ ਲਈ ਵੀ ਤੁਹਾਡੇ ਨਾਲ ਜਾਂਵਾਂ, ਤਾਂ ਮੈਂ ਤੁਹਾਨੂੰ ਤਬਾਹ ਕਰ ਦੇਵਾਂਗਾ ਇਸ ਲਈ ਹੁਣ ਆਪਣੇ ਗਹਿਣੇ ਉਤਾਰ ਦਿਓ ਅਤੇ ਮੈਂ ਫੈਸਲਾ ਕਰਾਂਗਾ ਕਿ ਤੁਹਾਡੇ ਨਾਲ ਕੀ ਕਰਨਾ ਹੈ।’ ” 6ਇਸ ਲਈ ਇਸਰਾਏਲੀਆਂ ਨੇ ਹੋਰੇਬ ਪਹਾੜ ਉੱਤੇ ਆਪਣੇ ਗਹਿਣੇ ਲਾਹ ਲਏ।
ਮੰਡਲੀ ਦਾ ਤੰਬੂ
7ਹੁਣ ਮੋਸ਼ੇਹ ਨੇ ਡੇਰੇ ਤੋਂ ਦੂਰ ਇੱਕ ਤੰਬੂ ਲਗਾਇਆ ਅਤੇ ਉਸਨੂੰ “ਮੰਡਲੀ ਦਾ ਤੰਬੂ” ਆਖਿਆ। ਤਾਂ ਇਸ ਤਰ੍ਹਾਂ ਹੋਇਆ ਕਿ ਜੋ ਕੋਈ ਯਾਹਵੇਹ ਨੂੰ ਭਾਲਦਾ ਸੀ ਸੋ ਡੇਰੇ ਦੇ ਬਾਹਰ ਮੰਡਲੀ ਦੇ ਤੰਬੂ ਵਿੱਚ ਜਾਂਦਾ ਸੀ। 8ਅਤੇ ਜਦੋਂ ਵੀ ਮੋਸ਼ੇਹ ਤੰਬੂ ਦੇ ਬਾਹਰ ਜਾਂਦਾ ਸੀ, ਤਾਂ ਸਾਰੇ ਲੋਕ ਉੱਠ ਕੇ ਆਪਣੇ ਤੰਬੂਆਂ ਦੇ ਦਰਵਾਜ਼ਿਆਂ ਉੱਤੇ ਖੜ੍ਹੇ ਰਹਿੰਦੇ ਸਨ ਅਤੇ ਮੋਸ਼ੇਹ ਨੂੰ ਤੰਬੂ ਵਿੱਚ ਜਾਣ ਤੱਕ ਦੇਖਦੇ ਰਹਿੰਦੇ ਸਨ। 9ਜਿਵੇਂ ਹੀ ਮੋਸ਼ੇਹ ਤੰਬੂ ਵਿੱਚ ਜਾਂਦਾ ਸੀ, ਬੱਦਲ ਦਾ ਥੰਮ੍ਹ ਹੇਠਾਂ ਆ ਜਾਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਜਾਂਦਾ ਸੀ, ਜਦੋਂ ਕਿ ਯਾਹਵੇਹ ਮੋਸ਼ੇਹ ਨਾਲ ਗੱਲ ਕਰਦਾ ਸੀ। 10ਜਦੋਂ ਵੀ ਲੋਕਾਂ ਨੇ ਬੱਦਲ ਦੇ ਥੰਮ੍ਹ ਨੂੰ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਦੇਖਿਆ, ਤਾਂ ਉਹ ਸਾਰੇ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਕੇ ਮੱਥਾ ਟੇਕਦੇ ਸਨ। 11ਯਾਹਵੇਹ ਮੋਸ਼ੇਹ ਨਾਲ ਆਹਮੋ-ਸਾਹਮਣੇ ਗੱਲ ਕਰਦਾ ਸੀ, ਜਿਵੇਂ ਕੋਈ ਇੱਕ ਦੋਸਤ ਨਾਲ ਗੱਲ ਕਰਦਾ ਹੈ। ਫਿਰ ਮੋਸ਼ੇਹ ਡੇਰੇ ਵਿੱਚ ਵਾਪਸ ਆ ਜਾਂਦਾ ਸੀ, ਪਰ ਉਸ ਦਾ ਜਵਾਨ ਸੇਵਾਦਾਰ ਨੂਨ ਦਾ ਪੁੱਤਰ ਯੇਹੋਸ਼ੁਆ ਤੰਬੂ ਵਿੱਚ ਹੀ ਰਹਿੰਦਾ ਸੀ।
ਮੋਸ਼ੇਹ ਅਤੇ ਯਾਹਵੇਹ ਦੀ ਮਹਿਮਾ
12ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਤੂੰ ਮੈਨੂੰ ਆਖਦਾ ਹੈ, ‘ਕਿ ਇਨ੍ਹਾਂ ਲੋਕਾਂ ਦੀ ਅਗਵਾਈ ਕਰ,’ ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਮੇਰੇ ਨਾਲ ਕਿਸ ਨੂੰ ਭੇਜੇਗਾ। ਤੂੰ ਕਿਹਾ ਹੈ, ‘ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ ਅਤੇ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ।’ 13ਜੇ ਤੂੰ ਮੇਰੇ ਤੋਂ ਪ੍ਰਸੰਨ ਹੈ, ਤਾਂ ਮੈਨੂੰ ਆਪਣੇ ਤਰੀਕੇ ਸਿਖਾ ਤਾਂ ਜੋ ਮੈਂ ਤੈਨੂੰ ਜਾਣ ਸਕਾਂ ਅਤੇ ਤੇਰੀ ਕਿਰਪਾ ਪ੍ਰਾਪਤ ਕਰ ਸਕਾਂ ਨਾਲੇ ਯਾਦ ਰੱਖ ਕਿ ਇਹ ਕੌਮ ਦੇ ਲੋਕ ਤੇਰੇ ਹੀ ਹਨ।”
14ਯਾਹਵੇਹ ਨੇ ਜਵਾਬ ਦਿੱਤਾ, “ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਆਰਾਮ ਦਿਆਂਗਾ।”
15ਤਦ ਮੋਸ਼ੇਹ ਨੇ ਉਸਨੂੰ ਆਖਿਆ, “ਜੇ ਤੇਰੀ ਹਜ਼ੂਰੀ ਸਾਡੇ ਨਾਲ ਨਹੀਂ ਜਾਂਦੀ, ਤਾਂ ਸਾਨੂੰ ਇੱਥੋਂ ਅੱਗੇ ਨਾ ਜਾਣ ਦਿਓ। 16ਕਿਸੇ ਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਮੇਰੇ ਅਤੇ ਆਪਣੇ ਲੋਕਾਂ ਨਾਲ ਪ੍ਰਸੰਨ ਹੋ ਜਦੋਂ ਤੱਕ ਤੂੰ ਸਾਡੇ ਨਾਲ ਨਹੀਂ ਜਾਂਦਾ? ਤੇਰੀ ਹਜ਼ੂਰੀ ਹੀ ਮੈਨੂੰ ਅਤੇ ਤੇਰੇ ਲੋਕਾਂ ਨੂੰ ਧਰਤੀ ਦੇ ਸਾਰੇ ਲੋਕਾਂ ਨਾਲੋਂ ਵੱਖਰਾ ਕਰੇਗੀ?”
17ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਉਹੀ ਕਰਾਂਗਾ ਜੋ ਤੂੰ ਮੰਗਿਆ ਹੈ, ਕਿਉਂਕਿ ਮੈਂ ਤੇਰੇ ਤੋਂ ਪ੍ਰਸੰਨ ਹਾਂ ਅਤੇ ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ।”
18ਤਦ ਮੋਸ਼ੇਹ ਨੇ ਆਖਿਆ, “ਹੁਣ ਮੈਨੂੰ ਆਪਣੀ ਮਹਿਮਾ ਵਿਖਾ।”
19ਅਤੇ ਯਾਹਵੇਹ ਨੇ ਕਿਹਾ, “ਮੈਂ ਆਪਣੀ ਸਾਰੀ ਭਲਿਆਈ ਨੂੰ ਤੇਰੇ ਸਾਹਮਣੇ ਪੇਸ਼ ਕਰ ਦਿਆਂਗਾ, ਅਤੇ ਮੈਂ ਤੇਰੇ ਅੱਗੇ ਆਪਣੇ ਨਾਮ ਦਾ ਪ੍ਰਚਾਰ ਕਰਾਂਗਾ। ਮੈਂ ਉਸ ਉੱਤੇ ਦਯਾ ਕਰਾਂਗਾ ਜਿਸ ਉੱਤੇ ਮੈਂ ਦਯਾ ਕੀਤੀ ਹੈ, ਅਤੇ ਉਸ ਉੱਤੇ ਤਰਸ ਕਰਾਂਗਾ ਜਿਸ ਉੱਤੇ ਮੈਨੂੰ ਤਰਸ ਆਉਂਦਾ ਹੈ।” 20ਪਰ ਉਸਨੇ ਕਿਹਾ, “ਤੂੰ ਮੇਰਾ ਚਿਹਰਾ ਨਹੀਂ ਦੇਖ ਸਕਦਾ ਕਿਉਂਕਿ ਕੋਈ ਵੀ ਮੈਨੂੰ ਦੇਖ ਕੇ ਜਿਉਂਦਾ ਨਹੀਂ ਰਹਿ ਸਕਦਾ।”
21ਤਦ ਯਾਹਵੇਹ ਨੇ ਕਿਹਾ, “ਮੇਰੇ ਨੇੜੇ ਇੱਕ ਜਗ੍ਹਾ ਹੈ ਅਤੇ ਉੱਥੇ ਤੂੰ ਇੱਕ ਚੱਟਾਨ ਉੱਤੇ ਖੜ੍ਹੇ ਹੋ ਜਾਵੀ। 22ਜਦੋਂ ਮੇਰੀ ਮਹਿਮਾ ਲੰਘੇਗੀ, ਮੈਂ ਤੈਨੂੰ ਪੱਥਰ ਦੀ ਇੱਕ ਖੰਧਰ ਵਿੱਚ ਪਾਵਾਂਗਾ ਅਤੇ ਲੰਘਣ ਦੇ ਵੇਲੇ ਤੈਨੂੰ ਆਪਣੇ ਹੱਥਾਂ ਨਾਲ ਢੱਕਾਂਗਾ। 23ਫਿਰ ਮੈਂ ਆਪਣਾ ਹੱਥ ਹਟਾ ਦਿਆਂਗਾ ਅਤੇ ਤੂੰ ਮੇਰੀ ਪਿੱਠ ਵੇਖੇਗਾ ਪਰ ਮੇਰਾ ਚਿਹਰਾ ਨਹੀਂ ਦਿੱਸੇਗਾ।”