14
1ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਵਾਪਸ ਮੁੜਨ ਅਤੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ, ਪੀ-ਹਾਹੀਰੋਥ ਦੇ ਨੇੜੇ ਡੇਰੇ ਲਾਉਣ। ਉਹਨਾਂ ਨੇ ਬਆਲ-ਸੇਫ਼ੋਨ ਦੇ ਬਿਲਕੁਲ ਸਾਹਮਣੇ ਸਮੁੰਦਰ ਦੇ ਕੰਢੇ ਡੇਰਾ ਲਾਉਣਾ ਹੈ। 3ਫ਼ਿਰਾਊਨ ਸੋਚੇਗਾ, ‘ਇਸਰਾਏਲੀ ਧਰਤੀ ਵਿੱਚ ਉਲਝ ਗਏ ਅਤੇ ਇਧਰ-ਉਧਰ ਭਟਕ ਗਏ ਹਨ, ਅਤੇ ਉਜਾੜ ਨੇ ਉਹਨਾਂ ਨੂੰ ਰੋਕ ਲਿਆ ਹੈ।’ 4ਤਦ ਮੈਂ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿਆਂਗਾ ਅਤੇ ਉਹ ਉਹਨਾਂ ਦਾ ਪਿੱਛਾ ਕਰੇਗਾ, ਪਰ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਫ਼ੌਜ ਰਾਹੀਂ ਆਪਣਾ ਆਦਰ ਪ੍ਰਾਪਤ ਕਰਾਂਗਾ ਅਤੇ ਮਿਸਰੀ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।” ਇਸ ਲਈ ਇਸਰਾਏਲੀਆਂ ਨੇ ਅਜਿਹਾ ਕੀਤਾ।
5ਜਦੋਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਲੋਕ ਭੱਜ ਗਏ ਹਨ, ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਨੇ ਉਹਨਾਂ ਬਾਰੇ ਆਪਣਾ ਮਨ ਬਦਲ ਲਿਆ ਅਤੇ ਕਿਹਾ, “ਅਸੀਂ ਕੀ ਕੀਤਾ ਹੈ? ਅਸੀਂ ਇਸਰਾਏਲੀਆਂ ਨੂੰ ਜਾਣ ਦਿੱਤਾ ਹੈ ਅਤੇ ਉਹਨਾਂ ਦੇ ਕੰਮ ਨੂੰ ਗੁਆ ਦਿੱਤਾ ਹੈ!” 6ਇਸ ਲਈ ਉਸਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੀ ਸੈਨਾ ਨੂੰ ਆਪਣੇ ਨਾਲ ਲੈ ਗਿਆ। 7ਉਸ ਨੇ ਛੇ ਸੌ ਸਭ ਤੋਂ ਉੱਤਮ ਰੱਥ ਮਿਸਰ ਦੇ ਹੋਰ ਸਾਰੇ ਰੱਥਾਂ ਦੇ ਨਾਲ ਲੈ ਲਏ, ਉਹਨਾਂ ਸਾਰਿਆਂ ਉੱਤੇ ਅਧਿਕਾਰੀ ਸਨ। 8ਯਾਹਵੇਹ ਨੇ ਮਿਸਰ ਦੇ ਰਾਜੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਤਾਂ ਜੋ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ, ਜੋ ਦਲੇਰੀ ਨਾਲ ਅੱਗੇ ਵੱਧ ਰਹੇ ਸਨ। 9ਮਿਸਰੀਆਂ ਨੇ ਸਾਰੇ ਫ਼ਿਰਾਊਨ ਦੇ ਘੋੜੇ ਅਤੇ ਰੱਥ, ਘੋੜਸਵਾਰ ਅਤੇ ਫ਼ੌਜਾਂ ਨਾਲ, ਇਸਰਾਏਲੀਆਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਫੜ ਲਿਆ ਜਦੋਂ ਉਹਨਾਂ ਨੇ ਬਆਲ-ਸੇਫ਼ੋਨ ਦੇ ਸਾਹਮਣੇ ਪੀ-ਹਾਹੀਰੋਥ ਦੇ ਨੇੜੇ ਸਮੁੰਦਰ ਦੇ ਕੰਢੇ ਡੇਰਾ ਲਾਇਆ।
10ਜਿਵੇਂ ਹੀ ਫ਼ਿਰਾਊਨ ਨੇੜੇ ਆਇਆ ਤਾਂ ਇਸਰਾਏਲੀਆਂ ਨੇ ਉੱਪਰ ਤੱਕਿਆ, ਅਤੇ ਉੱਥੇ ਮਿਸਰ ਦੇ ਲੋਕ ਉਹਨਾਂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਤਦ ਉਹ ਘਬਰਾ ਗਏ ਅਤੇ ਯਾਹਵੇਹ ਦੇ ਅੱਗੇ ਪੁਕਾਰਨ ਲੱਗੇ। 11ਉਹਨਾਂ ਨੇ ਮੋਸ਼ੇਹ ਨੂੰ ਆਖਿਆ, “ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕੀ ਤੂੰ ਸਾਨੂੰ ਮਾਰੂਥਲ ਵਿੱਚ ਮਰਨ ਲਈ ਲਿਆਇਆ ਹੈ? ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਸਾਡੇ ਨਾਲ ਕੀ ਕੀਤਾ ਹੈ? 12ਕੀ ਅਸੀਂ ਤੈਨੂੰ ਮਿਸਰ ਵਿੱਚ ਨਹੀਂ ਕਿਹਾ ਸੀ, ‘ਸਾਨੂੰ ਇਕੱਲਾ ਛੱਡ ਦੇ ਕਿ ਆਓ ਅਸੀਂ ਮਿਸਰੀਆਂ ਦੀ ਸੇਵਾ ਕਰੀਏ?’ ਸਾਡੇ ਲਈ ਮਿਸਰੀਆਂ ਦੀ ਸੇਵਾ ਕਰਨਾ ਮਾਰੂਥਲ ਵਿੱਚ ਮਰਨ ਨਾਲੋਂ ਚੰਗਾ ਸੀ!”
13ਮੋਸ਼ੇਹ ਨੇ ਲੋਕਾਂ ਨੂੰ ਉੱਤਰ ਦਿੱਤਾ, “ਨਾ ਡਰੋ, ਦ੍ਰਿੜ੍ਹ ਰਹੋ ਅਤੇ ਤੁਸੀਂ ਉਹ ਛੁਟਕਾਰਾ ਦੇਖੋਗੇ ਜੋ ਯਾਹਵੇਹ ਤੁਹਾਡੇ ਲਈ ਅੱਜ ਲਿਆਵੇਗਾ। ਜਿਹੜੇ ਮਿਸਰੀ ਤੁਸੀਂ ਅੱਜ ਦੇਖਦੇ ਹੋ, ਤੁਸੀਂ ਦੁਬਾਰਾ ਕਦੇ ਨਹੀਂ ਦੇਖੋਗੇ। 14ਯਾਹਵੇਹ ਤੁਹਾਡੇ ਲਈ ਲੜੇਗਾ ਪਰ ਤੁਹਾਨੂੰ ਸਿਰਫ ਸ਼ਾਂਤ ਰਹਿਣ ਦੀ ਲੋੜ ਹੈ।”
15ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਤੂੰ ਮੇਰੇ ਅੱਗੇ ਕਿਉਂ ਪੁਕਾਰਦਾ ਹੈ? ਇਸਰਾਏਲੀਆਂ ਨੂੰ ਅੱਗੇ ਤੁਰਨ ਲਈ ਕਹਿ। 16ਆਪਣੀ ਸੋਟੀ ਚੁੱਕ ਅਤੇ ਸਮੁੰਦਰ ਵੱਲ ਆਪਣਾ ਹੱਥ ਲੰਮਾ ਕਰ ਅਤੇ ਉਸਨੂੰ ਦੋ ਭਾਗ ਕਰ ਦੇ ਤਾਂ ਕਿ ਇਸਰਾਏਲੀ ਸਮੁੰਦਰ ਵਿੱਚ ਦੀ ਸੁੱਕੀ ਜ਼ਮੀਨ ਥਾਣੀ ਲੰਘ ਜਾਣ। 17ਮੈਂ ਮਿਸਰੀਆਂ ਦੇ ਦਿਲਾਂ ਨੂੰ ਕਠੋਰ ਕਰ ਦਿਆਂਗਾ ਤਾਂ ਜੋ ਉਹ ਉਹਨਾਂ ਦੇ ਮਗਰ ਆਉਣ, ਅਤੇ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਸੈਨਾ ਦੁਆਰਾ ਉਸਦੇ ਰਥਾਂ ਅਤੇ ਉਸਦੇ ਘੋੜਸਵਾਰਾਂ ਤੋਂ ਆਦਰ ਪਾਵਾਂਗਾ। 18ਜਦੋਂ ਮੈਂ ਫ਼ਿਰਾਊਨ, ਉਸਦੇ ਰਥਾਂ ਅਤੇ ਉਸਦੇ ਘੋੜਸਵਾਰਾਂ ਦੁਆਰਾ ਆਦਰ ਪ੍ਰਾਪਤ ਕਰਾਂਗਾ ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”
19ਤਦ ਪਰਮੇਸ਼ਵਰ ਦਾ ਦੂਤ ਜੋ ਇਸਰਾਏਲ ਦੀ ਫ਼ੌਜ ਦੇ ਅੱਗੇ-ਅੱਗੇ ਸਫ਼ਰ ਕਰ ਰਿਹਾ ਸੀ, ਪਿੱਛੇ ਹਟ ਗਿਆ ਅਤੇ ਉਹਨਾਂ ਦੇ ਪਿੱਛੇ ਚਲਾ ਗਿਆ। ਬੱਦਲ ਦਾ ਥੰਮ੍ਹ ਵੀ ਅੱਗੇ ਤੋਂ ਹਿੱਲ ਕੇ ਉਹਨਾਂ ਦੇ ਪਿੱਛੇ ਖੜਾ ਹੋ ਗਿਆ। 20ਇਸ ਤਰ੍ਹਾਂ ਉਹ ਇਸਰਾਏਲੀ ਲੋਕਾਂ ਅਤੇ ਮਿਸਰ ਦੀ ਫੌਜ ਵਿਚਕਾਰ ਦੀਵਾਰ ਦੀ ਤਰ੍ਹਾਂ ਖੜ੍ਹਾਂ ਹੋ ਗਿਆ। ਇਸ ਤਰ੍ਹਾਂ ਉਹਨਾਂ ਧਿਰਾਂ ਦੇ ਵਿਚਕਾਰ ਬੱਦਲ ਅਤੇ ਹਨ੍ਹੇਰੀ ਸੀ ਜਿਸ ਕਾਰਨ ਉਹ ਇੱਕ-ਦੂਜੇ ਦੇ ਨੇੜੇ ਨਾ ਆਏ।
21ਤਦ ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ, ਅਤੇ ਸਾਰੀ ਰਾਤ ਯਾਹਵੇਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਸੁਕਾ ਦਿੱਤਾ ਅਤੇ ਪਾਣੀ ਦੋ ਭਾਗ ਹੋ ਗਏ। 22ਅਤੇ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਦੀ ਲੰਘੇ, ਉਹਨਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਦੀ ਕੰਧ ਵਾਂਗੂੰ ਸੀ।
23ਮਿਸਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਫ਼ਿਰਾਊਨ ਦੇ ਸਾਰੇ ਘੋੜੇ, ਰਥ ਅਤੇ ਘੋੜਸਵਾਰ ਸਮੁੰਦਰ ਵਿੱਚ ਉਹਨਾਂ ਦੇ ਪਿੱਛੇ ਚਲੇ ਗਏ। 24ਰਾਤ ਦੇ ਆਖਰੀ ਪਹਿਰ ਦੇ ਦੌਰਾਨ ਯਾਹਵੇਹ ਨੇ ਮਿਸਰੀ ਫੌਜ ਵੱਲ ਅੱਗ ਅਤੇ ਬੱਦਲ ਦੇ ਥੰਮ੍ਹ ਤੋਂ ਹੇਠਾਂ ਦੇਖਿਆ ਅਤੇ ਇਸਨੂੰ ਉਲਝਣ ਵਿੱਚ ਸੁੱਟ ਦਿੱਤਾ। 25ਉਸਨੇ ਉਹਨਾਂ ਦੇ ਰੱਥਾਂ ਦੇ ਪਹੀਏ ਨੂੰ ਜਾਮ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਰੱਥ ਚਲਾਉਣ ਵਿੱਚ ਮੁਸ਼ਕਲ ਹੋਵੇ ਅਤੇ ਮਿਸਰੀਆਂ ਨੇ ਆਖਿਆ, “ਆਓ ਇਸਰਾਏਲੀਆਂ ਤੋਂ ਦੂਰ ਚੱਲੀਏ! ਯਾਹਵੇਹ ਉਹਨਾਂ ਲਈ ਮਿਸਰ ਦੇ ਵਿਰੁੱਧ ਲੜ ਰਿਹਾ ਹੈ।”
26ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਅਤੇ ਉਹਨਾਂ ਦੇ ਰੱਥਾਂ ਅਤੇ ਘੋੜ ਸਵਾਰਾਂ ਉੱਤੇ ਵਾਪਸ ਵਹਿ ਜਾਵੇ।” 27ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ, ਅਤੇ ਸਵੇਰ ਵੇਲੇ ਸਮੁੰਦਰ ਆਪਣੀ ਥਾਂ ਤੇ ਮੁੜ ਗਿਆ। ਮਿਸਰੀ ਉਸ ਵੱਲ ਭੱਜ ਰਹੇ ਸਨ, ਅਤੇ ਯਾਹਵੇਹ ਨੇ ਉਹਨਾਂ ਨੂੰ ਸਮੁੰਦਰ ਵਿੱਚ ਵਹਾ ਦਿੱਤਾ। 28ਪਾਣੀ ਵਾਪਸ ਵਹਿ ਗਿਆ ਅਤੇ ਰਥਾਂ ਅਤੇ ਘੋੜਸਵਾਰਾਂ ਨੂੰ ਢੱਕ ਲਿਆ, ਫ਼ਿਰਾਊਨ ਦੀ ਸਾਰੀ ਫ਼ੌਜ ਜੋ ਇਸਰਾਏਲੀਆਂ ਦਾ ਪਿੱਛਾ ਕਰਕੇ ਸਮੁੰਦਰ ਵਿੱਚ ਡੁੱਬ ਗਈ। ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚਿਆ।
29ਪਰ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਦੀ ਲੰਘੇ, ਉਹਨਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਕੰਧ ਦੀ ਵਾਂਗੂੰ ਸੀ। 30ਉਸ ਦਿਨ ਯਾਹਵੇਹ ਨੇ ਇਸਰਾਏਲ ਨੂੰ ਮਿਸਰੀਆਂ ਦੇ ਹੱਥੋਂ ਬਚਾਇਆ, ਅਤੇ ਇਸਰਾਏਲ ਨੇ ਮਿਸਰੀਆਂ ਨੂੰ ਕੰਢੇ ਤੇ ਮਰੇ ਪਏ ਦੇਖਿਆ। 31ਅਤੇ ਜਦੋਂ ਇਸਰਾਏਲੀਆਂ ਨੇ ਮਿਸਰੀਆਂ ਦੇ ਵਿਰੁੱਧ ਯਾਹਵੇਹ ਦੇ ਸ਼ਕਤੀਸ਼ਾਲੀ ਹੱਥ ਨੂੰ ਦੇਖਿਆ, ਤਾਂ ਲੋਕ ਯਾਹਵੇਹ ਤੋਂ ਡਰ ਗਏ ਅਤੇ ਉਹਨਾਂ ਨੇ ਉਸ ਉੱਤੇ ਅਤੇ ਉਸਦੇ ਸੇਵਕ ਮੋਸ਼ੇਹ ਉੱਤੇ ਭਰੋਸਾ ਕੀਤਾ।