7
1ਇਸ ਲਈ, ਹੇ ਪਿਆਰੇ ਮਿੱਤਰੋ, ਜਦੋਂ ਇਹ ਵਾਅਦੇ ਸਾਨੂੰ ਦਿੱਤੇ ਗਏ, ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰਕੇ ਪਰਮੇਸ਼ਵਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।
ਪੌਲੁਸ ਦਾ ਆਨੰਦ
2ਆਪਣੇ ਦਿਲਾਂ ਵਿੱਚ ਸਾਨੂੰ ਜਗ੍ਹਾ ਦਿਓ। ਅਸੀਂ ਕਿਸੇ ਨਾਲ ਵੀ ਗਲਤ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਨੂੰ ਠੱਗਿਆ ਨਹੀਂ। 3ਮੈਂ ਇਹ ਤੁਹਾਡੇ ਉੱਤੇ ਦੋਸ਼ ਲਾਉਣ ਨੂੰ ਨਹੀਂ ਆਖਦਾ; ਕਿਉਂ ਜੋ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਤੇ ਸਾਡਾ ਮਰਨਾ ਜੀਉਣਾ ਇਕੱਠਾ ਹੈ। 4ਮੇਰਾ ਤੁਹਾਡੇ ਉੱਤੇ ਬਹੁਤ ਭਰੋਸਾ ਹੈ; ਅਤੇ ਤੁਹਾਡੇ ਉੱਤੇ ਬਹੁਤ ਮਾਣ ਵੀ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ; ਅਤੇ ਸਾਡੇ ਸਾਰੇ ਕਸ਼ਟਾਂ ਵਿੱਚ ਵੀ ਅਨੰਦ ਨਾਲ ਭਰਿਆ ਰਹਿੰਦਾ ਹਾਂ।
5ਜਦੋਂ ਅਸੀਂ ਮਕਦੂਨਿਯਾ ਪ੍ਰਦੇਸ਼ ਵਿੱਚ ਆਏ, ਤਦ ਸਾਡੇ ਸਰੀਰ ਵਿੱਚ ਬਿਲਕੁਲ ਆਰਾਮ ਨਹੀਂ, ਸਗੋਂ ਅਸੀਂ ਚਾਰੇ ਪਾਸਿਓ ਕਸ਼ਟ ਵਿੱਚ ਸੀ, ਬਾਹਰੋਂ ਝਗੜੇ ਅੰਦਰੋਂ ਡਰ ਦੀਆਂ ਗੱਲਾਂ। 6ਪਰ ਪਰਮੇਸ਼ਵਰ, ਜਿਹੜਾ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ, ਤੀਤੁਸ ਦੇ ਆਉਣ ਨਾਲ ਸਾਨੂੰ ਦਿਲਾਸਾ ਦਿੱਤਾ। 7ਕੇਵਲ ਉਸ ਦੇ ਆਉਣ ਨਾਲ ਹੀ ਨਹੀਂ ਸਗੋਂ ਉਸ ਦਿਲਾਸੇ ਤੋਂ ਵੀ ਜਿਹੜਾ ਉਸ ਨੂੰ ਤੁਸੀਂ ਦਿੱਤਾ। ਅਤੇ ਸਾਨੂੰ ਤੁਹਾਡੀ ਚਾਹਤ, ਤੁਹਾਡੇ ਦੁੱਖ, ਤੁਹਾਡੀ ਅਣਖ ਜਿਹੜੀ ਮੇਰੇ ਲਈ ਹੈ ਉਸ ਬਾਰੇ ਸਮਾਚਾਰ ਦੱਸਿਆ, ਜਿਸ ਕਰਕੇ ਮੈਂ ਹੋਰ ਵੀ ਆਨੰਦ ਹੋਇਆ।
8ਭਾਵੇਂ ਮੈਂ ਆਪਣੇ ਪੱਤਰ ਨਾਲ ਜਿਹੜਾ ਤੁਹਾਨੂੰ ਪਹਿਲਾਂ ਭੇਜਿਆ ਦੁੱਖੀ ਕੀਤਾ, ਤਾਂ ਵੀ ਮੈਨੂੰ ਇਸ ਦਾ ਪਛਤਾਵਾ ਨਹੀਂ ਹੈ। ਹਾਲਾਂਕਿ ਪਹਿਲਾਂ ਮੈਨੂੰ ਪਛਤਾਵਾ ਸੀ ਕਿਉਂਕਿ ਮੈਂ ਦੇਖਦਾ ਹਾਂ ਉਸ ਪੱਤਰੀ ਨੇ ਤੁਹਾਨੂੰ ਉਦਾਸ ਕੀਤਾ ਸੀ, ਪਰ ਥੋੜ੍ਹੇ ਸਮੇਂ ਲਈ ਹੀ। 9ਹੁਣ ਮੈਂ ਖੁਸ਼ ਹਾਂ, ਇਸ ਲਈ ਨਹੀਂ ਜੋ ਤੁਸੀਂ ਦੁੱਖੀ ਹੋਏ ਹੋ, ਪਰ ਇਸ ਲਈ ਕਿਉਂਕਿ ਤੁਹਾਡੇ ਦੁੱਖਾਂ ਨੇ ਤੁਹਾਨੂੰ ਪਛਤਾਵੇ ਵੱਲ ਮੋੜਿਆ ਹੈ। ਕਿਉਂ ਜੋ ਤੁਸੀਂ ਦੁੱਖੀ ਹੋ ਗਏ ਜਿਵੇਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੀ ਤਾਂ ਜੋ ਸਾਡੇ ਤੋਂ ਕਿਸੇ ਗੱਲ ਵਿੱਚ ਤੁਹਾਡਾ ਨੁਕਸਾਨ ਨਾ ਹੋਵੇ। 10ਕਿਉਂਕਿ ਜਿਹੜਾ ਦੁੱਖ ਪਰਮੇਸ਼ਵਰ ਵੱਲੋਂ ਹੈ ਉਹ ਪਛਤਾਵਾ ਲਿਆਉਂਦਾ ਹੈ ਅਤੇ ਸਾਨੂੰ ਮੁਕਤੀ ਵੱਲ ਲੈ ਕੇ ਜਾਂਦਾ ਹੈ ਅਤੇ ਉਸ ਨਾਲ ਕੋਈ ਅਫ਼ਸੋਸ ਨਹੀਂ ਹੁੰਦਾ, ਪਰ ਸੰਸਾਰਕ ਦੁੱਖ ਮੌਤ ਨੂੰ ਲੈ ਕੇ ਆਉਂਦੇ ਹਨ। 11ਵੇਖੋ, ਉਹ ਜੋ ਪਰਮੇਸ਼ਵਰ ਵੱਲੋਂ ਆਏ ਦੁੱਖ ਨੇ: ਤੁਹਾਡੇ ਵਿੱਚ ਉਤਸ਼ਾਹ ਪੈਦਾ ਕੀਤਾ ਹੈ, ਅਤੇ ਆਪਣੇ ਆਪ ਨੂੰ ਸਾਫ਼ ਕਰਨ ਦੀ ਉਤਸੁਕਤਾ, ਕੀ ਗੁੱਸਾ, ਕੀ ਡਰ, ਕੀ ਚਾਹਤ, ਕੀ ਅਣਖ, ਕੀ ਲਗਨ! ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਜੋ ਅਸੀਂ ਇਨ੍ਹਾਂ ਗੱਲਾਂ ਵਿੱਚ ਸਾਫ਼ ਹਾਂ। 12ਭਾਵੇਂ ਕਿ ਮੈਂ ਇਹ ਪੱਤਰ ਤੁਹਾਨੂੰ ਲਿਖਿਆ ਹੈ, ਇਸ ਲਈ ਨਹੀਂ ਉਸ ਵਿਅਕਤੀ ਦੇ ਕਾਰਨ ਜੋ ਗਲਤ ਹੈ ਜਾਂ ਜਿਸ ਨੇ ਗਲਤ ਕੀਤਾ ਹੈ, ਸਗੋਂ ਇਸ ਲਈ ਜੋ ਤੁਹਾਡਾ ਜੋਸ਼ ਜਿਹੜਾ ਸਾਡੇ ਲਈ ਹੈ ਸੋ ਪਰਮੇਸ਼ਵਰ ਦੇ ਹਜ਼ੂਰ ਤੁਹਾਡੇ ਉੱਤੇ ਪ੍ਰਗਟ ਹੋਵੇ। 13ਇਸ ਦੇ ਕਾਰਨ ਸਾਨੂੰ ਦਿਲਾਸਾ ਮਿਲਦਾ ਹੈ।
ਅਤੇ ਆਪਣੇ ਦਿਲਾਸੇ ਤੋਂ ਬਿਨ੍ਹਾਂ ਅਸੀਂ ਤੀਤੁਸ ਦੀ ਖੁਸ਼ੀ ਦੇ ਕਾਰਨ ਹੋਰ ਵੀ ਬਹੁਤ ਵੱਧ ਕੇ ਖੁਸ਼ ਹੋਏ ਹਾਂ, ਕਿਉਂਕਿ ਉਸ ਦਾ ਆਤਮਾ ਤੁਹਾਡੇ ਸਾਰਿਆਂ ਤੋਂ ਤਾਜ਼ਾ ਹੋਇਆ ਹੈ। 14ਕਿਉਂਕਿ ਜੇ ਮੈਂ ਉਸ ਦੇ ਅੱਗੇ ਤੁਹਾਡੇ ਲਈ ਕੋਈ ਮਾਣ ਕੀਤਾ, ਤਾਂ ਤੁਸੀਂ ਮੈਨੂੰ ਸ਼ਰਮਿੰਦਾ ਨਹੀਂ ਕੀਤਾ। ਪਰ ਜੋ ਕੁਝ ਮੈਂ ਤੁਹਾਨੂੰ ਆਖਿਆ ਸਭ ਕੁਝ ਸੱਚ ਆਖਿਆ ਹੈ, ਇਸੇ ਤਰ੍ਹਾਂ ਤੀਤੁਸ ਦੇ ਸਾਹਮਣੇ ਸਾਡਾ ਮਾਣ ਵੀ ਸਹੀ ਸਾਬਤ ਹੋਇਆ। 15ਅਤੇ ਤੁਹਾਡੇ ਲਈ ਉਸ ਦਾ ਪਿਆਰ ਸਭ ਤੋਂ ਵੱਧ ਹੁੰਦਾ ਹੈ ਜਦੋਂ ਉਹ ਤੁਹਾਡੇ ਸਾਰਿਆ ਦੀ ਆਗਿਆਕਾਰੀ ਨੂੰ ਯਾਦ ਕਰਦਾ ਹੈ, ਤੁਸੀਂ ਡਰਦੇ ਅਤੇ ਕੰਬਦੇ ਹੋਏ ਉਸ ਨੂੰ ਕਬੂਲ ਕੀਤਾ ਸੀ। 16ਮੈਂ ਆਨੰਦ ਹਾਂ ਜੋ ਹਰੇਕ ਗੱਲ ਵਿੱਚ ਮੈਨੂੰ ਤੁਹਾਡੇ ਉੱਤੇ ਭਰੋਸਾ ਹੈ।