6
ਕਲੀਸਿਆ ਵਿੱਚ ਮੁਕੱਦਮੇ ਬਾਜ਼ੀ
1ਅਗਰ ਤੁਹਾਡੇ ਵਿੱਚ ਝਗੜੇ ਹੁੰਦੇ ਹਨ, ਤਾਂ ਕੀ ਤੁਸੀਂ ਉਸ ਨੂੰ ਪ੍ਰਭੂ ਦੇ ਲੋਕਾਂ ਅੱਗੇ ਨਿਆਂ ਕਰਨ ਦੀ ਬਜਾਏ ਅਧਰਮੀਆਂ ਅੱਗੇ ਜਾਣ ਦੀ ਹਿੰਮਤ ਕਰਦੇ ਹੋ? 2ਕੀ ਤੁਸੀਂ ਨਹੀਂ ਜਾਣਦੇ ਜੋ ਪ੍ਰਭੂ ਦੇ ਲੋਕ ਇਸ ਸੰਸਾਰ ਦਾ ਨਿਆਂ ਕਰਨਗੇ? ਅਤੇ ਜੇ ਤੁਸੀਂ ਦੁਨੀਆਂ ਦਾ ਨਿਆਂ ਕਰਨਾ ਹੈ, ਤਾਂ ਕੀ ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਿਆਂ ਕਰਨ ਦੇ ਯੋਗ ਨਹੀਂ ਹੋ। 3ਕੀ ਤੁਸੀਂ ਜਾਣਦੇ ਹੋ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਇਸਦੀ ਤੁਲਨਾ ਵਿੱਚ ਸੰਸਾਰਕ ਝਗੜੇ ਕੀ ਹਨ? 4ਇਸ ਲਈ, ਜੇ ਤੁਸੀਂ ਸੰਸਾਰਕ ਗੱਲਾਂ ਦਾ ਨਿਆਂ ਕਰਦੇ ਹੋ, ਤਾਂ ਕੀ ਤੁਸੀਂ ਉਨ੍ਹਾਂ ਲੋਕਾਂ ਤੋਂ ਹੁਕਮ ਮੰਗਦੇ ਹੋ ਜਿਨ੍ਹਾਂ ਦੇ ਜੀਵਨ ਢੰਗ ਨੂੰ ਕਲੀਸਿਆ ਵਿੱਚ ਨਿੰਦਿਆ ਜਾਂਦਾ ਹੈ? 5ਮੈਂ ਇਹ ਤੁਹਾਨੂੰ ਸ਼ਰਮਿੰਦਾ ਕਰਨ ਲਈ ਆਖ ਰਿਹਾ ਹਾਂ। ਕੀ ਇਹ ਸੰਭਵ ਹੈ ਕਿ ਤੁਹਾਡੇ ਵਿੱਚੋਂ ਇੱਕ ਵੀ ਇੰਨਾ ਸਮਝਦਾਰ ਵਿਅਕਤੀ ਨਹੀਂ ਹੈ ਜੋ ਵਿਸ਼ਵਾਸੀਆ ਦਾ ਝਗੜਾ ਨਬੇੜ ਸਕੇ? 6ਪਰ ਸਗੋਂ ਇੱਕ ਵਿਸ਼ਵਾਸੀ ਦੂਸਰੇ ਵਿਸ਼ਵਾਸੀ ਉੱਤੇ ਮੁਕੱਦਮਾ ਕਰਕੇ ਉਸ ਨੂੰ ਅਦਾਲਤ ਲੈ ਜਾਂਦਾ ਹੈ, ਉਹ ਵੀ ਗੈਰ-ਵਿਸ਼ਵਾਸੀ ਦੇ ਸਾਹਮਣੇ!
7ਤੁਹਾਡੇ ਵਿੱਚ ਮੁਕੱਦਮੇ ਚੱਲਣ ਦਾ ਮਤਲਬ ਇਹ ਹੈ ਕੀ ਤੁਸੀਂ ਪੂਰੀ ਤਰ੍ਹਾਂ ਹਾਰ ਚੁੱਕੇ ਹੋ। ਤੁਸੀਂ ਬੇਇਨਸਾਫ਼ੀ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਠੱਗੀ ਕਿਉਂ ਨਹੀਂ ਸਹਾਰਦੇ? 8ਪਰ ਤੁਸੀਂ ਆਪੇ ਹੀ ਆਪਣੇ ਭੈਣਾਂ ਅਤੇ ਭਰਾਵਾਂ ਨਾਲ ਬੇਇਨਸਾਫ਼ੀ ਅਤੇ ਠੱਗੀ ਕਰਦੇ ਹੋ। 9ਅਤੇ ਕੀ ਤੁਸੀਂ ਨਹੀਂ ਜਾਣਦੇ ਅਧਰਮੀ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖੇ ਵਿੱਚ ਨਾ ਰਹਿਣਾ: ਨਾ ਹਰਾਮਕਾਰ, ਮੂਰਤੀ ਪੂਜਕ, ਨਾ ਵਿਭਚਾਰੀ, ਨਾ ਸਮਲਿੰਗੀ। 10ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਹੋਣਗੇ। 11ਅਤੇ ਤੁਹਾਡੇ ਵਿੱਚ ਕੁਝ ਇਸ ਤਰ੍ਹਾਂ ਦੇ ਹਨ। ਪਰ ਹੁਣ ਤੁਸੀਂ ਧੋਤੇ ਗਏ ਹੋ, ਪਵਿੱਤਰ ਕੀਤੇ ਗਏ ਹੋ, ਅਤੇ ਧਰਮੀ ਠਹਿਰਾਏ ਗਏ ਹੋ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਅਤੇ ਸਾਡੇ ਪਰਮੇਸ਼ਵਰ ਦੇ ਆਤਮਾ ਦੁਆਰਾ।
ਜਿਨਸੀ ਅਨੈਤਿਕਤਾ
12“ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ,” ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, ਪਰ ਮੈਂ ਕਹਿੰਦਾ ਹਾਂ ਸਾਰੀਆਂ ਚੀਜ਼ਾਂ ਸਾਡੇ ਫਾਇਦੇ ਦੀਆ ਨਹੀਂ ਹਨ। “ਮੈਨੂੰ ਸਭ ਕੁਝ ਕਰਨ ਦਾ ਅਧਿਕਾਰ ਹੈ,” ਪਰ ਮੈਂ ਕਿਸੇ ਅਧੀਨ ਨਹੀਂ ਹੋਵਾਂਗਾ। 13ਕੁਝ ਕਹਿੰਦੇ ਹਨ, “ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ, ਪਰ ਪਰਮੇਸ਼ਵਰ ਦੋਨਾਂ ਨੂੰ ਹੀ ਨਾਸ ਕਰੇਗਾ।” ਇਹ ਸਰੀਰ ਹਰਾਮਕਾਰੀ ਕਰਨ ਲਈ ਨਹੀਂ, ਪਰ ਪ੍ਰਭੂ ਦੇ ਲਈ ਅਰਥਾਤ ਪ੍ਰਭੂ ਦੇ ਸਰੀਰ ਦੇ ਲਈ ਹੈ। 14ਅਤੇ ਪਰਮੇਸ਼ਵਰ ਨੇ ਆਪਣੀ ਸ਼ਕਤੀ ਨਾਲ ਨਾ ਕੇਵਲ ਪ੍ਰਭੂ ਨੂੰ ਜੀਵਤ ਕੀਤਾ, ਉਹ ਸਾਨੂੰ ਵੀ ਜੀਵਤ ਕਰੇਗਾ। 15ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਸੋ ਕੀ ਮੈਂ ਮਸੀਹ ਦੇ ਅੰਗ ਨੂੰ ਵੇਸਵਾ ਦੇ ਅੰਗ ਬਣਾਵਾਂ? ਕਦੇ ਨਹੀਂ! 16ਕੀ ਤੁਸੀਂ ਇਹ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਸੰਗ ਕਰਦਾ ਹੈ ਉਹ ਉਸ ਨਾਲ ਇੱਕ ਸਰੀਰ ਹੋ ਜਾਂਦਾ ਹੈ? ਕਿਉਂ ਜੋ ਪਵਿੱਤਰ ਸ਼ਾਸਤਰ ਵਿੱਚ ਇਹ ਕਿਹਾ ਗਿਆ ਸੀ, “ਉਹ ਦੋਵੇਂ ਇੱਕ ਸਰੀਰ ਹੋਣਗੇ।”#6:16 ਉਤ 2:24 17ਪਰ ਜਿਹੜਾ ਵਿਅਕਤੀ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹ ਆਤਮਿਕ ਤੌਰ ਤੇ ਉਸ ਨਾਲ ਇੱਕ ਹੋ ਜਾਂਦਾ ਹੈ।
18ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਸਰੀਰ ਦਾ ਹੀ ਪਾਪ ਕਰਦਾ ਹੈ। 19ਕੀ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਸਰੀਰ ਪਵਿੱਤਰ ਆਤਮਾ ਦਾ ਹੈਕਲ ਹੈ, ਜੋ ਤੁਹਾਨੂੰ ਪਰਮੇਸ਼ਵਰ ਵੱਲੋਂ ਮਿਲਿਆ ਹੈ? ਅਤੇ ਤੁਸੀਂ ਆਪਣੇ ਆਪ ਦੇ ਨਹੀਂ ਪਰ ਪਰਮੇਸ਼ਵਰ ਦੇ ਹੋ; 20ਤੁਸੀਂ ਕੀਮਤ ਦੇ ਕੇ ਖਰੀਦੇ ਗਏ ਹੋ,#6:20 ਖਰੀਦੇ ਗਏ ਹੋ ਪਰਮੇਸ਼ਵਰ ਨੇ ਤੁਹਾਡਾ ਮੁੱਲ ਦੇ ਖਰੀਦਿਆ ਹੈ ਇਸ ਲਈ ਆਪਣੇ ਸਰੀਰ ਨਾਲ ਪਰਮੇਸ਼ਵਰ ਦਾ ਆਦਰ ਕਰੋ।