16
ਪ੍ਰਭੂ ਦੇ ਲੋਕਾਂ ਲਈ ਦਾਨ
1ਹੁਣ ਉਹ ਦਾਨ ਜਿਹੜਾ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਲਈ ਹੈ: ਜਿਸ ਤਰ੍ਹਾਂ ਮੈਂ ਗਲਾਤੀਆਂ ਪ੍ਰਦੇਸ਼ ਦੀ ਕਲੀਸਿਆ ਨੂੰ ਆਗਿਆ ਦਿੱਤੀ ਸੀ, ਉਸ ਤਰ੍ਹਾਂ ਤੁਸੀਂ ਵੀ ਕਰੋ। 2ਹਰ ਹਫ਼ਤੇ ਦੇ ਪਹਿਲੇ ਦਿਨ, ਤੁਹਾਡੇ ਵਿੱਚੋਂ ਹਰੇਕ ਆਪਣੀ ਆਮਦਨ ਵਿੱਚੋਂ ਕੁਝ ਪੈਸੇ ਬਚਾ ਕੇ ਰੱਖ ਲਵੇ ਤਾਂ ਜੋ ਜਦੋਂ ਮੈਂ ਆਵਾਂ ਤਾਂ ਕੋਈ ਸੰਗ੍ਰਹਿ ਨਾ ਕਰਨਾ ਪਵੇ। 3ਫਿਰ, ਜਦੋਂ ਮੈਂ ਆਵਾਂਗਾ, ਜਿਨ੍ਹਾਂ ਨੂੰ ਤੁਸੀਂ ਮਨਜ਼ੂਰ ਕਰਦੇ ਹੋ ਮੈਂ ਉਹਨਾਂ ਆਦਮੀਆਂ ਨੂੰ ਜਾਣ-ਪਛਾਣ ਦੇ ਪੱਤਰ ਦੇਵਾਂਗਾ ਤਾਂ ਜੋ ਤੋਹਫ਼ੇ ਅਤੇ ਦਾਨ ਯੇਰੂਸ਼ਲੇਮ ਪਹੁੰਚਾ ਦੇਣ। 4ਜੇ ਮੇਰਾ ਜਾਣਾ ਉੱਚਿਤ ਹੋਇਆ, ਤਾਂ ਉਹ ਮੇਰੇ ਨਾਲ ਜਾਣਗੇ।
ਵਿਅਕਤੀਗਤ ਬੇਨਤੀ
5ਮਕਦੂਨਿਯਾ ਪ੍ਰਦੇਸ਼ ਦੀ ਯਾਤਰਾ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ, ਕਿਉਂਕਿ ਮੈਂ ਮਕਦੂਨਿਯਾ ਪ੍ਰਦੇਸ਼ ਰਾਹੀ ਲੰਘਣਾ ਹੈ। 6ਸ਼ਾਇਦ ਮੈਂ ਤੁਹਾਡੇ ਨਾਲ ਕੁਝ ਸਮੇਂ ਲਈ ਰਹਾਂ, ਜਾਂ ਹੋ ਸਕੇ ਤਾਂ ਸਰਦੀਆਂ ਵੀ ਬਿਤਾਵਾਂਗਾ, ਤਾਂ ਜੋ ਤੁਸੀਂ ਮੇਰੀ ਯਾਤਰਾ ਲਈ ਮੇਰੀ ਸਹਾਇਤਾ ਕਰ ਸਕੋ, ਮੈਂ ਜਿੱਥੇ ਵੀ ਜਾਵਾਂ। 7ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਇਸ ਵਾਰ ਤੁਹਾਨੂੰ ਰਾਸਤੇ ਵਿੱਚ ਹੀ ਮਿਲਾ, ਕਿਉਂ ਜੋ ਮੇਰੀ ਆਸ ਹੈ ਜੇ ਪ੍ਰਭੂ ਦੀ ਆਗਿਆ ਹੋਈ ਤਾਂ ਕੁਝ ਸਮਾਂ ਤੁਹਾਡੇ ਕੋਲ ਠਹਿਰਾ। 8ਪਰ ਪੰਤੇਕੁਸਤ ਦੇ ਤਿਉਹਾਰ ਤੱਕ ਮੈਂ ਅਫ਼ਸੁਸ ਸ਼ਹਿਰ ਵਿੱਚ ਹੀ ਠਹਿਰਾਂਗਾ। 9ਕਿਉਂਕਿ ਪ੍ਰਭਾਵਸ਼ਾਲੀ ਕੰਮ ਦੇ ਲਈ ਇੱਕ ਵੱਡਾ ਦਰਵਾਜ਼ਾ ਮੇਰੇ ਲਈ ਖੁੱਲ੍ਹਿਆ ਹੈ, ਅਤੇ ਉੱਥੇ ਬਹੁਤ ਸਾਰੇ ਹਨ ਜੋ ਮੇਰਾ ਵਿਰੋਧ ਕਰਦੇ ਹਨ।
10ਜਦੋਂ ਤਿਮੋਥਿਉਸ ਆਵੇ, ਤਾਂ ਵੇਖਣਾ ਕਿ ਉਹ ਤੁਹਾਡੇ ਕੋਲ ਨਿਸ਼ਚਿਤ ਰਹੇ, ਕਿਉਂ ਜੋ ਉਹ ਵੀ ਪ੍ਰਭੂ ਦਾ ਕੰਮ ਕਰਦਾ ਹੈ ਜਿਵੇਂ ਮੈਂ ਕਰਦਾ ਹਾਂ। 11ਸੋ ਕੋਈ ਵੀ, ਉਸ ਨੂੰ ਤੁੱਛ ਨਾ ਸਮਝੇ, ਸਗੋਂ ਉਸ ਨੂੰ ਸ਼ਾਂਤੀ ਨਾਲ ਅੱਗੇ ਭੇਜ ਦੇਣਾ ਤਾਂ ਜੋ ਉਹ ਮੇਰੇ ਕੋਲ ਆਵੇ। ਕਿਉਂਕਿ ਮੈਂ ਉਸ ਨੂੰ ਦੂਸਰੇ ਭਰਾਵਾਂ ਦੇ ਨਾਲ ਉਡੀਕਦਾ ਹਾਂ।
12ਹੁਣ ਸਾਡੇ ਭਰਾ ਅਪੁੱਲੋਸ ਦੇ ਬਾਰੇ: ਮੈਂ ਉਸ ਦੇ ਅੱਗੇ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਆਵੇ। ਅਤੇ ਹੁਣ ਉਸ ਦਾ ਮਨ ਆਉਣ ਨੂੰ ਅਜੇ ਤਿਆਰ ਨਹੀਂ ਹੈ, ਪਰ ਜਦ ਕਦੇ ਉਸ ਨੂੰ ਮੌਕਾ ਮਿਲੇਗਾ ਤਾਂ ਉਹ ਆਵੇਗਾ।
13ਜਾਗਦੇ ਰਹੋ; ਵਿਸ਼ਵਾਸ ਵਿੱਚ ਮਜ਼ਬੂਤ ਰਹੋ; ਹੌਸਲਾ ਰੱਖੋ, ਤਕੜੇ ਹੋਵੋ।#16:13 ਅਫ਼ 6:10 14ਸਾਰੇ ਕੰਮ ਪਿਆਰ ਨਾਲ ਕਰੋ।
15ਹੇ ਭਰਾਵੋ ਅਤੇ ਭੈਣੋ, ਤੁਸੀਂ ਜਾਣਦੇ ਹੋ ਕਿ ਸਤਫ਼ਨਾਸ ਦਾ ਪਰਿਵਾਰ ਅਖਾਯਾ ਪ੍ਰਦੇਸ਼ ਵਿੱਚ ਸਭ ਤੋਂ ਪਹਿਲੇ ਵਿਸ਼ਵਾਸ ਕਰਨ ਲੱਗਾ, ਅਤੇ ਉਹਨਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, 16ਤੁਸੀਂ ਅਜਿਹੇ ਵਿਅਕਤੀ ਦੇ ਅਧੀਨ ਰਹੋ, ਜਿਹੜਾ ਹਰੇਕ ਦੇ ਕੰਮ ਵਿੱਚ ਸਹਿਯੋਗੀ ਅਤੇ ਮਿਹਨਤੀ ਹੈ। 17ਅਤੇ ਮੈਂ ਸਤਫ਼ਨਾਸ, ਫੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਆਨੰਦ ਹਾਂ, ਕਿਉਂ ਜੋ ਉਹਨਾਂ ਦੇ ਦੁਆਰਾ ਜੋ ਕੁਝ ਵੀ ਤੁਹਾਡੇ ਵਿੱਚ ਘਾਟ ਸੀ ਪੂਰੀ ਕੀਤੀ। 18ਕਿਉਂਕਿ ਉਹਨਾਂ ਨੇ ਮੇਰੀ ਅਤੇ ਤੁਹਾਡੀ ਆਤਮਾ ਨੂੰ ਤਾਜ਼ਗੀ ਦਿੱਤੀ, ਇਸ ਕਰਕੇ ਉਹਨਾਂ ਦੀ ਗੱਲ ਮੰਨੋ।
ਆਖਰੀ ਸ਼ੁਭਕਾਮਨਾ
19ਏਸ਼ੀਆ ਪ੍ਰਦੇਸ਼ ਦੀਆਂ ਕਲੀਸਿਆ ਵੱਲੋ ਤੁਹਾਨੂੰ ਸ਼ੁਭਕਾਮਨਾ।
ਅਕੂਲਾ ਅਤੇ ਪਰਿਸਕਾ ਉਸ ਕਲੀਸਿਆ ਦੀ ਵੱਲੋ, ਜੋ ਉਹਨਾਂ ਦੇ ਘਰ ਵਿੱਚ ਅਰਾਧਨਾ ਕਰਦੇ ਹਨ, ਪ੍ਰਭੂ ਦੇ ਨਾਮ ਵਿੱਚ ਸ਼ੁਭਕਾਮਨਾ।
20ਸਾਰੇ ਭਰਾ ਅਤੇ ਭੈਣਾਂ ਵੱਲੋ ਤੁਹਾਨੂੰ ਸ਼ੁਭਕਾਮਨਾ।
ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ।
21ਮੈਂ, ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ।
22ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਉਹ ਵਿਅਕਤੀ ਸਰਾਪਤ ਹੋਵੇ! ਹੇ ਸਾਡੇ ਪ੍ਰਭੂ, ਆ!
23ਪ੍ਰਭੂ ਯਿਸ਼ੂ ਦੀ ਕਿਰਪਾ ਤੁਹਾਡੇ ਉੱਤੇ ਹੋਵੇ।
24ਮਸੀਹ ਯਿਸ਼ੂ ਵਿੱਚ ਤੁਹਾਨੂੰ ਸਾਰਿਆ ਨੂੰ ਪਿਆਰ। ਆਮੀਨ।