YouVersion Logo
Search Icon

ਮੱਤੀ ਦੀ ਇੰਜੀਲ 6

6
ਯਿਸੂ ਦਾ ਦਾਨ ਕਰਨ ਬਾਰੇ ਉਪਦੇਸ਼
1“ਸਾਵੱਧਾਨ ਰਹੋ, ਜਦੋਂ ਤੁਸੀਂ ਚੰਗੇ ਕੰਮ ਕਰੋ, ਲੋਕਾਂ ਦੇ ਸਾਹਮਣੇ ਨਾ ਵਿਖਾਓ ਤਾਂ ਜੋ ਉਹ ਉਸ ਵੱਲ ਧਿਆਨ ਦੇਣ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਤੁਹਾਡੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕੁਝ ਫ਼ਲ ਪ੍ਰਾਪਤ ਨਹੀਂ ਕਰੋਗੇ।
2“ਸੋ ਜਦ ਵੀ ਤੁਸੀਂ ਲੋੜਵੰਦ ਨੂੰ ਦਾਨ ਕਰੋ ਤਾਂ ਆਪਣੇ ਦਾਨ ਦਾ ਐਲਾਨ ਨਾ ਕਰਵਾਓ ਜਿਵੇਂ ਕਪਟੀ ਪ੍ਰਾਰਥਨਾ ਸਥਾਨਾਂ ਅਤੇ ਰਾਹਾਂ ਵਿੱਚ ਕਰਦੇ ਹਨ। ਉਹ ਲੋਕਾਂ ਤੋਂ ਉਸਤਤਿ ਕਰਾਉਣ ਲਈ ਤੁਰ੍ਹੀਆਂ ਵਜਵਾਉਂਦੇ ਹਨ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ, ਉਨ੍ਹਾਂ ਦਾ ਇਹੀ ਫ਼ਲ ਹੈ। 3ਸੋ ਜਦੋਂ ਤੁਸੀਂ ਗਰੀਬਾਂ ਵਿੱਚ ਦਾਨ ਕਰੋ ਤਾਂ ਗੁਪਤ ਦਾਨ ਕਰੋ। ਕਿਸੇ ਨੂੰ ਪਤਾ ਨਾ ਲੱਗਣ ਦਿਓ ਕਿ ਤੁਸੀਂ ਕੀ ਦੇ ਰਹੇ ਹੋ। 4ਤੁਹਾਡਾ ਦਾਨ ਗੁਪਤ ਹੋਣਾ ਚਾਹੀਦਾ ਹੈ। ਫ਼ਿਰ ਤੁਹਾਡਾ ਪਿਤਾ, ਜਿਹੜਾ ਵੇਖਦਾ ਹੈ ਕਿ ਗੁਪਤ ਵਿੱਚ ਕੀ ਕੀਤਾ ਗਿਆ ਹੈ, ਤੁਹਾਨੂੰ ਫ਼ਲ ਦੇਵੇਗਾ।
ਯਿਸੂ ਦਾ ਪ੍ਰਾਰਥਨਾ ਬਾਰੇ ਉਪਦੇਸ਼
(ਲੂਕਾ 11:2-4)
5“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗ ਨਾ ਕਰੋ ਕਿਉਂਕਿ ਉਹ ਰਾਹਾਂ ਦੇ ਖੂੰਜਿਆਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਖੜ੍ਹੇ ਹੋਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਕਿ ਲੋਕ ਉਨ੍ਹਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫ਼ਲ ਪਾ ਚੁੱਕੇ ਹਨ। 6ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਆਪਣੇ ਕਮਰੇ ਵਿੱਚ ਜਾਓ, ਬੂਹਾ ਬੰਦ ਕਰੋ ਅਤੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ ਜਿਹੜਾ ਕਿ ਗੁਪਤ ਸਥਾਨ ਵਿੱਚ ਹੈ। ਜੋ ਕੰਮ ਗੁਪਤ ਕੀਤੇ ਜਾਂਦੇ ਹਨ ਤੁਹਾਡਾ ਪਿਤਾ ਉਹ ਵੇਖਣ ਦੇ ਯੋਗ ਹੈ। ਉਹ ਤੁਹਾਨੂੰ ਫ਼ਲ ਦੇਵੇਗਾ।
7“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਤੁਸੀਂ ਉਨ੍ਹਾਂ ਲੋਕਾਂ ਵਾਂਗ ਨਾ ਕਰੋ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਅਰਥਹੀਣ ਗੱਲਾਂ ਆਖਣੀਆਂ ਜਾਰੀ ਰੱਖਦੇ ਹਨ। ਉਹ ਸੋਚਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਸੁਣੇਗਾ ਕਿਉਂਕਿ ਉਹ ਵੱਧ ਬੋਲਦੇ ਹਨ। 8ਸੋ ਤੁਸੀਂ ਉਨ੍ਹਾਂ ਵਰਗੇ ਨਾ ਹੋਵੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਸ ਵਸਤੂ ਦੀ ਲੋੜ ਹੈ। 9ਇਸ ਲਈ ਤੁਸੀਂ ਜਦ ਵੀ ਪ੍ਰਾਰਥਨਾ ਕਰੋ ਇਸ ਤਰੀਕੇ ਨਾਲ ਕਰੋ:
‘ਸੁਰਗ ਵਿੱਚ,
ਸਾਡੇ ਪਿਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਨਾਂ ਪਵਿੱਤਰ ਮੰਨਿਆ ਜਾਵੇ।
10ਤੇਰਾ ਰਾਜ ਆਵੇ, ਤੇਰੀ ਮਰਜ਼ੀ,
ਜਿਹੜੀ ਸਵਰਗ ਵਿੱਚ ਪੂਰਨ ਹੈ, ਧਰਤੀ ਤੇ ਵੀ ਪੂਰਨ ਹੋਵੇ।
11ਅੱਜ ਸਾਨੂੰ ਭੋਜਣ ਦਿਓ ਜੋ ਸਾਨੂੰ ਹਰ-ਰੋਜ਼ ਚਾਹੀਦਾ ਹੈ।
12ਅਤੇ ਤੁਸੀਂ ਸਾਡੇ ਪਾਪ ਮਾਫ਼
ਕਰ ਦਿਓ ਜਿਵੇਂ ਅਸੀਂ ਵੀ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੇ ਸਾਡਾ ਬੁਰਾ ਕੀਤਾ।
13ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾਵੋ,
ਸਗੋਂ ਦੁਸ਼ਟ ਤੋਂ ਬਚਾਵੋ।’#6:13 ਕੁਝ ਯੂਨਾਨੀ ਨਕਲਾਂ ਵਿੱਚ ਜੋੜਿਆ ਗਿਆ ਹੈ: “ਕਿਉਂਕਿ ਪਾਤਸ਼ਾਹੀ, ਸ਼ਕਤੀ ਅਤੇ ਮਹਿਮਾ ਹਮੇਸ਼ਾ ਲਈ ਤੁਹਾਡੀ ਹੈ। ਆਮੀਨ।”
14ਕਿਉਂਕਿ ਜੇਕਰ ਤੁਸੀਂ ਦੂਸਰੇ ਲੋਕਾਂ ਦੀਆਂ ਗ਼ਲਤੀਆਂ ਮਾਫ ਕਰ ਦੇਵੋਂਗੇ, ਤਾਂ ਸੁਰਗ ਵਿੱਚ ਤੁਹਾਡਾ ਸੁਰਗੀ ਪਿਤਾ ਵੀ ਤੁਹਾਡੀਆਂ ਗ਼ਲਤੀਆਂ ਨੂੰ ਮਾਫ਼ ਕਰ ਦੇਵੇਗਾ। 15ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ਦੀਆਂ ਗਲਤੀਆਂ ਮਾਫ਼ ਨਹੀਂ ਕਰੋਂਗੇ, ਤਾਂ ਸੁਰਗ ਵਿੱਚ ਤੁਹਾਡਾ ਪਿਤਾ ਵੀ ਤੁਹਾਡੀਆਂ ਗਲਤੀਆਂ ਮਾਫ਼ ਨਹੀਂ ਕਰੇਗਾ।
ਯਿਸੂ ਦਾ ਵਰਤ ਬਾਰੇ ਉਪਦੇਸ਼
16“ਜਦੋਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਗ ਮੂੰਹ ਉਦਾਸ ਨਾ ਬਣਾਓ। ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਜੋ ਉਹ ਲੋਕਾਂ ਨੂੰ ਵਰਤ ਰੱਖਣ ਵਾਲੇ ਲੱਗਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਫ਼ਲ ਪਾ ਚੁੱਕੇ ਹਨ। 17ਪਰ ਜਦੋਂ ਤੁਸੀਂ ਵਰਤ ਰੱਖੋਂ ਤਾਂ ਆਪਣੇ ਵਾਲਾਂ ਨੂੰ ਤੇਲ ਲਾਓ ਅਤੇ ਆਪਣਾ ਮੂੰਹ ਧੋਵੋ। 18ਤਾਂ ਜੋ ਤੁਸੀਂ ਲੋਕਾਂ ਨੂੰ ਨਹੀਂ ਦਿਖਾ ਰਹੇ ਹੋਵੋਂਗੇ ਕਿ ਤੁਸੀਂ ਵਰਤ ਰੱਖ ਰਹੇ ਹੋ, ਪਰ ਸਿਰਫ਼ ਆਪਣੇ ਪਿਤਾ ਨੂੰ ਦਿਖਾਓ ਜਿਹੜਾ ਕਿ ਗੁਪਤ ਵਿੱਚ ਹੈ। ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਕੀਤੇ ਨੂੰ ਵੇਖਦਾ ਹੈ ਤੁਹਾਨੂੰ ਫਲ ਦੇਵੇਗਾ।
ਦੌਲਤ ਨਾਲੋਂ ਪਰਮੇਸ਼ੁਰ ਵੱਧੇਰੇ ਮਹੱਤਵਪੂਰਣ ਹੈ
(ਲੂਕਾ 12:33-34; 11:34-36; 16:13)
19“ਧਰਤੀ ਉੱਤੇ ਖਜ਼ਾਨੇ ਦਾ ਭੰਡਾਰ ਨਾ ਜੋੜੋ। ਇੱਥੇ ਕੀੜੇ ਅਤੇ ਜੰਗ਼ਾਲ ਧਨ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਚੋਰ ਸੰਨ੍ਹ ਮਾਰਕੇ ਤੁਹਾਡੀ ਦੌਲਤ ਚੁਰਾ ਲੈ ਜਾਂਦੇ ਹਨ। 20ਪਰ ਸਵਰਗ ਵਿੱਚ ਖਜ਼ਾਨੇ ਜੋੜੋ। ਸਵਰਗ ਵਿੱਚ ਨਾ ਕੋਈ ਕੀੜਾ ਅਤੇ ਨਾ ਜੰਗਾਲ ਧਨ ਨੂੰ ਨਸ਼ਟ ਕਰਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰਦੇ ਹਨ ਅਤੇ ਚੁਰਾਉਂਦੇ ਹਨ। 21ਕਿਉਂਕਿ ਜਿੱਥੇ ਤੁਹਾਡਾ ਖਜ਼ਾਨਾ ਹੋਵੇਗਾ ਤੁਹਾਡਾ ਦਿਲ ਵੀ ਉੱਥੇ ਹੀ ਹੋਵੇਗਾ।
22“ਸ਼ਰੀਰ ਦਾ ਦੀਵਾ ਅੱਖ ਹੈ, ਜੇਕਰ ਤੁਹਾਡੀ ਅੱਖ ਨਿਰਮਲ ਹੈ ਤਾਂ ਤੁਹਾਡਾ ਸਾਰਾ ਸ਼ਰੀਰ ਚਾਨਣ ਨਾਲ ਭਰਪੂਰ ਹੋਵੇਗਾ। 23ਪਰ ਜੇਕਰ ਤੁਹਾਡੀ ਅੱਖ ਮੈਲੀ ਹੈ, ਤਾਂ ਤੁਹਾਡਾ ਸਾਰਾ ਸ਼ਰੀਰ ਹਨੇਰੇ ਨਾਲ ਭਰਪੂਰ ਹੋਵੇਗਾ। ਸੋ ਜੇਕਰ ਤੁਹਾਡੇ ਅੰਦਰ ਦਾ ਚਾਨਣ ਹਨੇਰਾ ਹੈ ਤਾਂ ਫ਼ਿਰ ਉਹ ਹਨੇਰਾ ਕਿੰਨਾ ਹੋਵੇਗਾ।
24“ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਇੱਕ ਹੀ ਸਮੇਂ ਨਹੀਂ ਕਰ ਸੱਕਦਾ ਕਿਉਂਕਿ ਇੱਕ ਨਾਲ ਉਹ ਵੈਰ ਅਤੇ ਦੂਜੇ ਨਾਲ ਪ੍ਰੀਤ ਰੱਖੇਗਾ ਜਾਂ ਇੱਕ ਨਾਲ ਉਹ ਮਿਲਿਆ ਰਹੇਗਾ ਅਤੇ ਦੂਜੇ ਨੂੰ ਭੁੱਲ ਜਾਵੇਗਾ। ਇਸ ਲਈ ਤੁਸੀਂ ਪਰਮੇਸ਼ੁਰ ਅਤੇ ਦੌਲਤ ਦੀ ਸੇਵਾ ਇੱਕੋ ਵੇਲੇ ਨਹੀਂ ਕਰ ਸੱਕਦੇ।
ਪਰਮੇਸ਼ੁਰ ਦੇ ਰਾਜ ਨੂੰ ਪਹਿਲ
(ਲੂਕਾ 12:22-34)
25“ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ, ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ, ਅਤੇ ਨਾ ਹੀ ਇਸ ਗੱਲ ਦੀ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ। ਅਤੇ ਨਾ ਹੀ ਤੁਸੀਂ ਇਸਦੀ ਚਿੰਤਾ ਕਰੋ ਕਿ ਤੁਹਾਨੂੰ ਆਪਣੇ ਸ਼ਰੀਰ ਤੇ ਪਹਿਨਣ ਲਈ ਕਿਸ ਦੀ ਲੋੜ ਹੈ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸ਼ਰੀਰ ਵਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ? 26ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ। ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਨਾ ਹੀ ਭੜੋਲਿਆਂ ਵਿੱਚ ਅਨਾਜ ਇਕੱਠਾ ਕਰਦੇ ਹਨ। ਪਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪ੍ਰਿਤਪਾਲ ਕਰਦਾ ਹੈ। ਭਲਾ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ। 27ਜੇ ਤੁਸੀਂ ਚਿੰਤਾ ਕਰਦੇ ਰਹੋਂਗੇ ਤਾਂ, ਤੁਸੀਂ ਆਪਣੀ ਉਮਰ ਵਿੱਚ ਇੱਕ ਵੀ ਪਲ ਦਾ ਵਾਧਾ ਨਹੀਂ ਕਰ ਸੱਕਦੇ।
28“ਤੁਸੀਂ ਵਸਤਰਾਂ ਲਈ ਕਿਉਂ ਚਿੰਤਾ ਕਰਦੇ ਹੋ? ਤੁਸੀਂ ਖੇਤ ਵਿੱਚ ਫ਼ਲਾਂ ਨੂੰ ਵੇਖੋ। ਵੇਖੋ ਉਹ ਕਿਵੇਂ ਉੱਥੇ ਵੱਧਦੇ ਹਨ। ਉਹ ਆਪਣੇ ਲਈ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ। 29ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਹਾਨ ਅਤੇ ਅਮੀਰ ਰਾਜਾ ਸੁਲੇਮਾਨ ਵੀ, ਇਨ੍ਹਾਂ ਵਿੱਚੋਂ ਇੱਕ ਫ਼ੁੱਲ ਜਿੰਨਾ ਵੀ ਨਹੀਂ ਸਜਿਆ ਹੋਇਆ ਸੀ। 30ਪਰਮੇਸ਼ੁਰ ਜੰਗਲੀ ਘਾਹ ਨੂੰ ਵੀ ਜਿਹੜਾ ਅੱਜ ਹੈ ਅਤੇ ਭਲਕੇ ਅੱਗ ਵਿੱਚ ਝੋਕਿਆ ਜਾਵੇਗਾ ਅਜਿਹਾ ਪਹਿਨਣ ਪਹਿਨਾਉਂਦਾ ਹੈ। ਤਾਂ ਹੇ ਥੋੜੀ ਪਰਤੀਤ ਵਾਲਿਓ, ਕੀ ਭਲਾ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧ ਨਹੀਂ ਪਹਿਨਾਵੇਗਾ?
31“ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕਿ, ‘ਕੀ ਖਾਵਾਂਗੇ’ ਜਾਂ ‘ਕੀ ਪੀਵਾਂਗੇ’ ਜਾਂ ‘ਕੀ ਪਹਿਨਾਂਗੇ?’ 32ਉਹ ਲੋਕ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂਕਿ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ। 33ਪਰ ਸਭ ਤੋਂ ਪਹਿਲਾਂ, ਤੁਹਾਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮ ਦੀ ਇੱਛਾ ਕਰਨੀ ਚਾਹੀਦੀ ਹੈ। ਫ਼ਿਰ ਇਹ ਸਭ ਵਸਤਾਂ ਵੀ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ। 34ਸੋ ਤੁਸੀਂ ਭਲਕੇ ਦੇ ਲਈ ਚਿੰਤਾ ਨਾ ਕਰੋ। ਇਹ ਆਪਣੇ ਬਾਰੇ ਆਪੇ ਹੀ ਚਿੰਤਾ ਕਰੇਗਾ, ਅੱਜ ਦੇ ਲਈ ਅੱਜ ਦਾ ਦੁੱਖ ਹੀ ਬਥੇਰਾ ਹੈ।

Highlight

Copy

Compare

Share

None

Want to have your highlights saved across all your devices? Sign up or sign in