YouVersion Logo
Search Icon

ਮੱਤੀ ਦੀ ਇੰਜੀਲ 10

10
ਬਾਰ੍ਹਾਂ ਰਸੂਲ
(ਮਰਕੁਸ 3:13-19; 6:7-13; ਲੂਕਾ 6:12-16; 9:1-6)
1ਯਿਸੂ ਨੇ ਆਪਣੇ ਬਾਰ੍ਹਾਂ ਚੇਲਿਆਂ ਨੂੰ ਸੱਦਿਆ। ਉਸ ਨੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਕੱਢਣ ਦੀ ਸ਼ਕਤੀ ਦਿੱਤੀ। ਉਸ ਨੇ ਉਨ੍ਹਾਂ ਨੂੰ ਹਰ-ਤਰ੍ਹਾਂ ਦੇ ਰੋਗ ਅਤੇ ਬਿਮਾਰੀ ਨੂੰ ਚੰਗਿਆਂ ਕਰਨ ਦੀ ਸ਼ਕਤੀ ਦਿੱਤੀ। 2ਬਾਰ੍ਹਾਂ ਰਸੂਲਾਂ ਦੇ ਨਾਮ ਇਉਂ ਹਨ:
ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ,
ਅਤੇ ਉਸਦਾ ਭਰਾ ਅੰਦ੍ਰਿਯਾਸ;
ਜ਼ਬਦੀ ਦਾ ਪੁੱਤਰ ਯਾਕੂਬ
ਅਤੇ ਉਸਦਾ ਭਰਾ ਯੂਹੰਨਾ;
3ਫ਼ਿਲਿਪੁਸ
ਅਤੇ ਬਰਤੁਲਮਈ;
ਥੋਮਾ
ਅਤੇ ਮੱਤੀ ਮਸੂਲੀਆ,
ਹਲਫਈ ਦਾ ਪੁੱਤਰ ਯਾਕੂਬ
ਅਤੇ ਥੱਦਈ;
4ਸ਼ਮਊਨ ਕਨਾਨੀ#10:4 ਕਨਾਨੀ ਯਹੂਦੀਆਂ ਦਾ ਇੱਕ ਰਾਜਸੀ ਹਿੱਸਾ।
ਅਤੇ ਯਹੂਦਾ ਇਸੱਕਰਿਯੋਤੀ ਜਿਸਨੇ ਉਸ ਨੂੰ ਫੜਵਾ ਵੀ ਦਿੱਤਾ।
5ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭੇਜ ਦਿੱਤਾ। ਉਸ ਨੇ ਆਖਿਆ, “ਗੈਰ-ਯਹੂਦੀਆਂ ਦੇ ਇਲਾਕੇ ਨੂੰ ਨਾ ਜਾਣਾ ਅਤੇ ਸਾਮਰੀਆ ਦੇ ਕਿਸੇ ਵੀ ਨਗਰ ਵਿੱਚ ਪ੍ਰਵੇਸ਼ ਨਾ ਕਰਨਾ। 6ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। 7ਜਾਓ ਅਤੇ ਪ੍ਰਚਾਰ ਕਰੋ ‘ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।’ 8ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦਿਆਂ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਮੈਂ ਇਹ ਅਧਿਕਾਰ ਤੁਹਾਨੂੰ ਮੁਫ਼ਤ ਦਿੱਤਾ ਹੈ, ਇਸ ਲਈ ਤੁਸੀਂ ਵੀ ਹੋਰਾਂ ਲੋਕਾਂ ਦੀ ਮੁਫ਼ਤ ਮਦਦ ਕਰੋ। 9ਆਪਣੇ ਕਮਰ ਕਸਿਆਂ ਵਿੱਚ ਸੋਨਾ, ਚਾਂਦੀ ਨਾ ਤਾਂਬਾ ਕੁਝ ਵੀ ਨਾ ਲਿਓ। 10ਨਾ ਹੀ ਆਪਣੇ ਨਾਲ ਕੋਈ ਝੋਲਾ ਚੁੱਕੋ। ਆਪਣੇ ਸਫ਼ਰ ਵਿੱਚ ਸਿਰਫ਼ ਉਹੀ ਕੱਪੜੇ ਅਤੇ ਉਹੀ ਜੁੱਤੀ ਲਿਓ ਜਿਹੜੀ ਤੁਸੀਂ ਪਾਈ ਹੋਈ ਹੈ। ਨਾ ਹੀ ਤੁਸੀਂ ਆਪਣੇ ਨਾਲ ਲਾਠੀ ਲੈਣੀ ਹੈ। ਇੱਕ ਕਾਮੇ ਨੂੰ ਹੱਕ ਹੈ ਕਿ ਜੋ ਉਸ ਨੂੰ ਚਾਹੀਦਾ ਲੈ ਸੱਕਦਾ ਹੈ।
11“ਜਦ ਤੁਸੀਂ ਕਿਸੇ ਨਗਰ ਜਾਂ ਸ਼ਹਿਰ ਵਿੱਚ ਵੜੋ ਤਾਂ ਇਹ ਪੁੱਛੋ ਕਿ ਇੱਥੇ ਲਾਇੱਕ ਮਨੁੱਖ ਕੌਣ ਹੈ। ਅਤੇ ਜਿੰਨਾ ਚਿਰ ਕਿਤੇ ਹੋਰ ਨਾ ਜਾਵੋ ਉੱਥੇ ਹੀ ਠਹਿਰੇ ਰਹੋ। 12ਅਤੇ ਉਸ ਘਰ ਵਿੱਚ ਵੜਦਿਆਂ ਹੀ ਉਸਦੀ ਸੁੱਖ ਮੰਗੋ। 13ਜੇਕਰ ਉਸ ਘਰ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਹਨ। ਜੋ ਸ਼ਾਂਤੀ ਤੁਸੀਂ ਉਨ੍ਹਾਂ ਲਈ ਚਾਹੀ ਉਹ ਉਨ੍ਹਾਂ ਦੀ ਹੋਵੇ। ਪਰ ਜੇਕਰ ਉਹ ਤੁਹਾਡਾ ਸੁਆਗਤ ਨਹੀਂ ਕਰਦੇ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਨਹੀਂ ਹਨ। ਤਾਂ ਜੋ ਸ਼ਾਂਤੀ ਤੁਸੀਂ ਉਨ੍ਹਾਂ ਨੂੰ ਬਖਸ਼ੀ ਉਹ ਵਾਪਸ ਲੈ ਲਵੋ। 14ਜੇਕਰ ਕੋਈ ਘਰ ਜਾਂ ਸ਼ਹਿਰ ਤੁਹਾਡਾ ਸੁਆਗਤ ਨਾ ਕਰੇ, ਅਤੇ ਤੁਹਾਡੇ ਸ਼ਬਦਾਂ ਵੱਲ ਧਿਆਨ ਨਾ ਦੇਵੇ, ਤਾਂ ਜਦੋਂ ਤੁਸੀਂ ਉਹ ਜਗ੍ਹਾ ਛੱਡੋਂ ਤਾਂ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 15ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਦਾ ਹਾਲ ਸਦੂਮ ਅਤੇ ਅਮੂਰਾਹ#10:15 ਸਦੂਮ ਅਤੇ ਅਮੂਰਾਹ ਉਹ ਸ਼ਹਿਰ ਜਿਨ੍ਹਾਂ ਨੂੰ ਪ੍ਰਭੂ ਨੇ ਪਾਪ ਦੀ ਸਜ਼ਾ ਦੇਣ ਲਈ ਤਬਾਹ ਕਰ ਦਿੱਤਾ। ਦੇ ਦੇਸ਼ ਨਾਲੋਂ ਵੀ ਭਿਆਨਕ ਹੋਵੇਗਾ।
ਯਿਸੂ ਦਾ ਮੁਸ਼ਕਲਾਂ ਬਾਰੇ ਖਬਰਦਾਰ ਕਰਨਾ
(ਮਰਕੁਸ 13:9-13; ਲੂਕਾ 21:12-17)
16“ਸੁਣੋ! ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿੱਚ ਭੇਜਦਾ ਹਾਂ। ਸੋ ਤੁਸੀਂ ਸਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ। 17ਲੋਕਾਂ ਤੋਂ ਹੋਸ਼ਿਆਰ ਰਹੋ, ਕਿਉਂਕਿ ਉਹ ਤੁਹਾਨੂੰ ਕੈਦ ਕਰਕੇ ਤੁਹਾਡਾ ਨਿਰਨਾ ਕਰਨਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਨੂੰ ਕੋੜੇ ਮਾਰਨਗੇ। 18ਤੁਸੀਂ ਮੇਰੇ ਕਾਰਣ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਵੋਗੇ। ਤੁਸੀਂ ਮੇਰੇ ਬਾਰੇ ਉਨ੍ਹਾਂ ਰਾਜਿਆਂ, ਰਾਜਪਾਲਾਂ ਅਤੇ ਲੋਕਾਂ ਨੂੰ ਦੱਸੋਂਗੇ ਜਿਹੜੇ ਗੈਰ-ਯਹੂਦੀ ਹਨ। 19ਪਰ ਜਦੋਂ ਲੋਕ ਤੁਹਾਨੂੰ ਗਿਰਫ਼ਤਾਰ ਕਰਨ, ਤਾਂ ਇਹ ਚਿੰਤਾ ਨਾ ਕਰੋ ਕਿ ਇਸ ਬਾਰੇ ਕੀ ਆਖੀਏ ਅਤੇ ਉਨ੍ਹਾਂ ਨੂੰ ਕਿਵੇਂ ਦੱਸੀਏ। ਕਿਉਂਕਿ ਜਿਹੜੇ ਤੁਹਾਨੂੰ ਸ਼ਬਦ ਆਖਣੇ ਚਾਹੀਦੇ ਹਨ ਉਹ ਉਸੇ ਘੜੀ ਤੁਹਾਨੂੰ ਦਿੱਤੇ ਜਾਣਗੇ। 20ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋਵੋਂਗੇ, ਸਗੋਂ ਤੁਹਾਡੇ ਪਿਤਾ ਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੋਵੇਗਾ।
21“ਭਰਾ ਆਪਣੇ ਭਰਾਵਾਂ ਦੇ ਵੈਰੀ ਬਣ ਜਾਣਗੇ ਅਤੇ ਉਨ੍ਹਾਂ ਨੂੰ ਮਰਵਾਉਣ ਵਾਸਤੇ ਗਿਰਫ਼ਤਾਰ ਕਰਾਉਣਗੇ। ਪਿਤਾ ਅਪਣੇ ਬੱਚਿਆਂ ਦੇ ਵਿਰੁੱਧ ਖੜ੍ਹੇ ਹੋ ਜਾਣਗੇ ਅਤੇ ਬੱਚੇ ਆਪਣੇ ਮਾਪਿਆਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ ਅਤੇ ਉਹ ਉਨ੍ਹਾਂ ਨੂੰ ਮਾਰਨ ਵਾਸਤੇ ਸੌਂਪ ਦੇਣਗੇ। 22ਮੇਰੇ ਨਾਮ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਜਿਹੜਾ ਅੰਤ ਤੀਕ ਸਹੇਗਾ ਸੋ ਹੀ ਬਚਾਇਆ ਜਾਵੇਗਾ। 23ਜੇਕਰ ਇੱਕ ਨਗਰ ਵਿੱਚ ਲੋਕ ਤੁਹਾਨੂੰ ਕਸ਼ਟ ਦੇਣ ਤਾਂ, ਦੂਸਰੇ ਨਗਰ ਵਿੱਚ ਚੱਲੇ ਜਾਓ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਮਨੁੱਖ ਦੇ ਪੁੱਤਰ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਨਹੀਂ ਜਾਵੋਂਗੇ।
24“ਕੋਈ ਵੀ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਅਤੇ ਕੋਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ 25ਇੰਨਾ ਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇਕਰ ਘਰ ਦੇ ‘ਮਾਲਕ ਨੂੰ ਬਆਲ-ਜ਼ਬੂਲ’ (ਸ਼ੈਤਾਨ) ਆਖਿਆ ਜਾਂਦਾ, ਤਾਂ ਘਰ ਦੇ ਬਾਕੀ ਲੋਕਾਂ ਨੂੰ ਇਸਤੋਂ ਵੀ ਬੱਦਤਰ ਨਾਂ ਨਾਲ ਸੱਦਿਆ ਜਾਵੇਗਾ।
ਪਰਮੇਸ਼ੁਰ ਤੋਂ ਡਰੋ ਲੋਕਾਂ ਤੋਂ ਨਹੀਂ
(ਲੂਕਾ 12:2-7)
26“ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ। ਜਿਹੜੀ ਪਰਗਟ ਨਹੀਂ ਕੀਤੀ ਜਾਵੇਗੀ, ਨਾਹੀ ਕੁਝ ਗੁਪਤ ਹੈ ਜੋ ਜਾਣਿਆ ਨਹੀਂ ਜਾਵੇਗਾ। 27ਜੋ ਕੁਝ ਵੀ ਮੈਂ ਤੁਹਾਨੂੰ ਹਨੇਰੇ ਵਿੱਚ ਆਖ ਰਿਹਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋਂ ਉਸਦਾ ਖੁੱਲੇਆਮ ਪ੍ਰਚਾਰ ਕਰੋ।
28“ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ। 29ਇੱਕ ਪੈਸੇ ਨੂੰ ਦੀਆਂ ਦੋ ਚਿੜੀਆਂ ਵਿਕਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਖਤਮ ਨਹੀਂ ਹੋ ਸੱਕਦੀ। 30ਅਤੇ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਜਾਂਦੇ ਹਨ। 31ਸੋ ਤੁਸੀਂ ਨਾ ਡਰੋ! ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵੱਧ ਉੱਤਮ ਹੋ।
ਲੋਕਾਂ ਨੂੰ ਤੁਹਾਡੇ ਵਿਸ਼ਵਾਸ ਬਾਰੇ ਦੱਸਣਾ
(ਲੂਕਾ 12:8-9)
32“ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ ਦੱਸਾਂਗਾ ਕਿ ਉਹ ਵਿਅਕਤੀ ਮੇਰੇ ਨਾਲ ਸੰਬੰਧਿਤ ਹੈ। 33ਪਰ ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਸਦਾ ਇਕਰਾਰ ਨਹੀਂ ਕਰਾਂਗਾ।
ਮੈਂ ਤੁਹਾਨੂੰ ਤਲਵਾਰ ਦੇਣ ਆਇਆ ਹਾਂ
(ਲੂਕਾ 12:51-53; 14:26-27)
34“ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਤੁਹਾਨੂੰ ਸ਼ਾਂਤੀ ਦੇਣ ਆਇਆ ਹਾਂ। ਮੈਂ ਸ਼ਾਂਤੀ ਦੇਣ ਨਹੀਂ, ਸਗੋਂ ਤਲਵਾਰ ਦੇਣ ਲਈ ਆਇਆ ਹਾਂ। 35-36ਕਿਉਂਕਿ ਮੈਂ ਇਹ ਪੂਰਨ ਕਰਨ ਵਾਸਤੇ ਆਇਆ ਹਾਂ:
‘ਮਨੁੱਖ ਦੇ ਵੈਰੀ ਉਸ ਦੇ ਆਪਣੇ ਘਰ ਦੇ ਜੀਅ ਹੋਣਗੇ।
ਪੁੱਤਰ ਆਪਣੇ ਪਿਓ ਦੇ ਵਿਰੁੱਧ ਹੋਵੇਗਾ
ਅਤੇ ਧੀ ਆਪਣੀ ਮਾਂ ਦੇ ਵਿਰੁੱਧ ਹੋਵੇਗੀ।
ਅਤੇ ਇੱਕ ਨੂੰਹ ਆਪਣੀ ਸੱਸ ਦੇ ਵਿਰੁੱਧ ਹੋਵੇਗੀ।’#10:35-36 ਦੇਖੋ ਮੀਕਾਹ 7:6
37“ਜੋ ਵਿਅਕਤੀ ਪਿਉ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਮਗਰ ਚੱਲਣ ਦੇ ਲਾਇੱਕ ਨਹੀਂ ਹੈ। 38ਜੇਕਰ ਕੋਈ ਵਿਅਕਤੀ ਆਪਣੀ ਸਲੀਬ ਨੂੰ ਕਬੂਲ ਨਹੀਂ ਕਰੇਗਾ ਉਹ ਉਸ ਨੂੰ ਤਦ ਦਿੱਤੀ ਜਾਵੇਗੀ ਜਦ ਉਹ ਮੇਰੇ ਮਗਰ ਤੁਰੇਗਾ। 39ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਸੱਚਾ ਜੀਵਨ ਗੁਆ ਲਵੇਗਾ। ਜੋ ਕੋਈ ਵੀ ਮੇਰੇ ਲਈ ਆਪਣੀ ਜਾਨ ਦੇਵੇਗਾ ਸੱਚਾ ਜੀਵਨ ਲੱਭ ਲਵੇਗਾ।
ਤੁਹਾਨੂੰ ਕਬੂਲਣ ਵਾਸਤੇ ਪਰਮੇਸ਼ੁਰ ਲੋਕਾਂ ਨੂੰ ਅਸੀਸਾਂ ਦੇਵੇਗਾ
(ਮਰਕੁਸ 9:41)
40“ਜੋ ਕੋਈ ਤੁਹਾਨੂੰ ਕਬੂਲਦਾ ਹੈ ਉਹ ਮੈਨੂੰ ਕਬੂਲਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 41ਜੇਕਰ ਕੋਈ ਕਿਸੇ ਨਬੀ ਨੂੰ ਇਸ ਕਰਕੇ ਕਬੂਲਦਾ ਹੈ ਕਿ ਉਹ ਨਬੀ ਹੈ ਤਾਂ, ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਨਬੀ ਦਾ ਹੁੰਦਾ ਹੈ। ਅਤੇ ਜੋ ਕੋਈ ਚੰਗੇ ਆਦਮੀ ਨੂੰ ਇਸ ਲਈ ਕਬੂਲਦਾ ਹੈ ਕਿਉਂਕਿ ਉਹ ਇੱਕ ਚੰਗਾ ਆਦਮੀ ਹੈ, ਤਾਂ ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਚੰਗੇ ਆਦਮੀ ਦਾ ਹੁੰਦਾ ਹੈ। 42ਇਹ ਛੋਟੇ ਬੱਚੇ ਮੇਰੇ ਚੇਲੇ ਹਨ। ਜੇਕਰ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਇਹ ਸੋਚਕੇ ਇੱਕ ਠੰਡੇ ਪਾਣੀ ਦਾ ਪਿਆਲਾ ਦਿੰਦਾ ਹੈ ਕਿਉਂ ਜੋ ਉਹ ਮੇਰੇ ਚੇਲੇ ਹਨ, ਤਾਂ ਸੱਚਮੁੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ, ਉਹ ਆਪਣਾ ਫ਼ਲ ਪ੍ਰਾਪਤ ਕਰੇਗਾ।”

Highlight

Copy

Compare

Share

None

Want to have your highlights saved across all your devices? Sign up or sign in