YouVersion Logo
Search Icon

ਰਸੂਲ 16

16
ਪੌਲੁਸ ਦਾ ਤਿਮੋਥਿਉਸ ਨੂੰ ਨਾਲ ਲਿਜਾਣਾ
1ਫਿਰ ਉਹ ਦਰਬੇ ਅਤੇ ਲੁਸਤ੍ਰਾ ਵਿੱਚ ਵੀ ਆਇਆ ਅਤੇ ਵੇਖੋ, ਉੱਥੇ ਤਿਮੋਥਿਉਸ ਨਾਮ ਦਾ ਇੱਕ ਚੇਲਾ ਸੀ ਜਿਹੜਾ ਇੱਕ ਯਹੂਦੀ ਵਿਸ਼ਵਾਸਣ ਦਾ ਪੁੱਤਰ ਸੀ ਅਤੇ ਉਸ ਦਾ ਪਿਤਾ ਯੂਨਾਨੀ ਸੀ। 2ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਭਾਈਆਂ ਵਿੱਚ ਨੇਕਨਾਮ ਸੀ। 3ਪੌਲੁਸ ਉਸ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ ਅਤੇ ਇਸ ਲਈ ਉਸ ਨੇ ਉਨ੍ਹਾਂ ਥਾਵਾਂ 'ਤੇ ਰਹਿੰਦੇ ਯਹੂਦੀਆਂ ਦੇ ਕਰਕੇ ਉਸ ਨੂੰ ਲਿਜਾ ਕੇ ਉਸ ਦੀ ਸੁੰਨਤ ਕਰਵਾਈ, ਕਿਉਂਕਿ ਉਹ ਸਭ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ। 4ਉਹ ਨਗਰ-ਨਗਰ ਲੰਘਦੇ ਹੋਏ ਯਰੂਸ਼ਲਮ ਵਿਚਲੇ ਰਸੂਲਾਂ ਅਤੇ ਬਜ਼ੁਰਗਾਂ#16:4 ਅਰਥਾਤ ਆਗੂਆਂ ਵੱਲੋਂ ਲਏ ਗਏ ਫੈਸਲੇ ਉਨ੍ਹਾਂ ਨੂੰ ਸੌਂਪਦੇ ਗਏ ਕਿ ਉਹ ਇਨ੍ਹਾਂ ਦੀ ਪਾਲਣਾ ਕਰਨ। 5ਇਸ ਤਰ੍ਹਾਂ ਕਲੀਸਿਆਵਾਂ ਵਿਸ਼ਵਾਸ ਵਿੱਚ ਦ੍ਰਿੜ੍ਹ ਹੁੰਦੀਆਂ ਅਤੇ ਦਿਨੋ-ਦਿਨ ਗਿਣਤੀ ਵਿੱਚ ਵਧਦੀਆਂ ਗਈਆਂ।
ਮਕਦੂਨੀ ਮਨੁੱਖ ਦਾ ਦਰਸ਼ਨ
6ਉਹ ਫ਼ਰੁਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚੋਂ ਦੀ ਹੋ ਕੇ ਗਏ, ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਅਸਿਯਾ#16:6 ਏਸ਼ੀਆ ਦਾ ਪੱਛਮੀ ਹਿੱਸਾ ਵਿੱਚ ਵਚਨ ਸੁਣਾਉਣ ਤੋਂ ਮਨ੍ਹਾ ਕੀਤਾ। 7ਉਨ੍ਹਾਂ ਨੇ ਮੁਸਿਯਾ ਪਹੁੰਚ ਕੇ ਬਿਥੁਨਿਯਾ ਜਾਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਉੱਥੇ ਨਾ ਜਾਣ ਦਿੱਤਾ। 8ਤਦ ਉਹ ਮੁਸਿਯਾ ਵਿੱਚੋਂ ਲੰਘ ਕੇ ਤ੍ਰੋਆਸ ਵਿੱਚ ਆਏ। 9ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜ੍ਹਾ ਇਹ ਕਹਿ ਕੇ ਉਸ ਦੀ ਮਿੰਨਤ ਕਰ ਰਿਹਾ ਹੈ, “ਮਕਦੂਨਿਯਾ#16:9 ਆਧੁਨਿਕ ਨਾਮ ਮੈਸੀਡੋਨਿਯਾ ਆ ਕੇ ਸਾਡੀ ਸਹਾਇਤਾ ਕਰ!” 10ਜਦੋਂ ਉਸ ਨੇ ਇਹ ਦਰਸ਼ਨ ਵੇਖਿਆ ਤਾਂ ਅਸੀਂ ਤੁਰੰਤ ਮਕਦੂਨਿਯਾ ਜਾਣਾ ਚਾਹਿਆ, ਕਿਉਂਕਿ ਸਾਨੂੰ ਯਕੀਨ ਹੋ ਗਿਆ ਸੀ ਕਿ ਪਰਮੇਸ਼ਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਸੁਣਾਉਣ ਲਈ ਬੁਲਾਇਆ ਹੈ।
ਲੁਦਿਯਾ ਦੁਆਰਾ ਵਿਸ਼ਵਾਸ ਕਰਨਾ
11ਸੋ ਅਸੀਂ ਤ੍ਰੋਆਸ ਤੋਂ ਸਮੁੰਦਰ ਦੇ ਰਸਤੇ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਅਗਲੇ ਦਿਨ ਨਿਯਾਪੁਲਿਸ 12ਅਤੇ ਉੱਥੋਂ ਫ਼ਿਲਿੱਪੈ ਪਹੁੰਚੇ ਜੋ ਕਿ ਮਕਦੂਨਿਯਾ ਪ੍ਰਾਂਤ ਦਾ ਇੱਕ ਪ੍ਰਮੁੱਖ ਨਗਰ ਅਤੇ ਰੋਮੀਆਂ ਦੀ ਬਸਤੀ ਹੈ। ਅਸੀਂ ਕੁਝ ਦਿਨ ਇਸੇ ਨਗਰ ਵਿੱਚ ਰਹੇ। 13ਫਿਰ ਸਬਤ ਦੇ ਦਿਨ ਅਸੀਂ ਇਹ ਸੋਚ ਕੇ ਫਾਟਕ ਤੋਂ ਬਾਹਰ ਨਦੀ ਦੇ ਕਿਨਾਰੇ ਗਏ ਕਿ ਉੱਥੇ ਪ੍ਰਾਰਥਨਾ ਕਰਨ ਲਈ ਥਾਂ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਔਰਤਾਂ ਨਾਲ ਗੱਲਬਾਤ ਕਰਨ ਲੱਗੇ ਜਿਹੜੀਆਂ ਉੱਥੇ ਇਕੱਠੀਆਂ ਸਨ। 14ਉੱਥੇ ਥੁਆਤੀਰਾ ਨਗਰ ਦੀ ਲੁਦਿਯਾ ਨਾਮਕ ਇੱਕ ਔਰਤ ਸੁਣ ਰਹੀ ਸੀ ਜਿਹੜੀ ਬੈਂਗਣੀ ਵਸਤਰ ਵੇਚਣ ਵਾਲੀ ਅਤੇ ਪਰਮੇਸ਼ਰ ਦੀ ਭਗਤਣ ਸੀ। ਪ੍ਰਭੂ ਨੇ ਉਸ ਦੇ ਮਨ ਨੂੰ ਖੋਲ੍ਹਿਆ ਕਿ ਉਹ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ। 15ਜਦੋਂ ਉਸ ਨੇ ਆਪਣੇ ਘਰਾਣੇ ਸਮੇਤ ਬਪਤਿਸਮਾ ਲਿਆ ਤਾਂ ਉਸ ਨੇ ਸਾਨੂੰ ਇਹ ਕਹਿ ਕੇ ਬੇਨਤੀ ਕੀਤੀ, “ਜੇ ਤੁਸੀਂ ਮੈਨੂੰ ਪ੍ਰਭੂ ਦੀ ਵਿਸ਼ਵਾਸਣ ਮੰਨਦੇ ਹੋ ਤਾਂ ਆ ਕੇ ਮੇਰੇ ਘਰ ਵਿੱਚ ਰਹੋ।” ਸੋ ਉਸ ਨੇ ਸਾਨੂੰ ਮਜ਼ਬੂਰ ਕਰ ਦਿੱਤਾ।
ਪੌਲੁਸ ਅਤੇ ਸੀਲਾਸ ਕੈਦਖ਼ਾਨੇ ਵਿੱਚ
16ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਦੇ ਥਾਂ ਨੂੰ ਜਾ ਰਹੇ ਸੀ ਤਾਂ ਸਾਨੂੰ ਇੱਕ ਦਾਸੀ ਮਿਲੀ ਜਿਸ ਵਿੱਚ ਭੇਤ ਬੁੱਝਣ ਦੀ ਆਤਮਾ ਸੀ। ਉਹ ਭਵਿੱਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਕਮਾਈ ਕਰ ਲਿਆਉਂਦੀ ਸੀ। 17ਉਹ ਸਾਡੇ ਅਤੇ ਪੌਲੁਸ ਦੇ ਪਿੱਛੇ-ਪਿੱਛੇ ਆਉਂਦੀ ਅਤੇ ਚੀਕ-ਚੀਕ ਕੇ ਕਹਿੰਦੀ ਸੀ, “ਇਹ ਮਨੁੱਖ ਅੱਤ ਮਹਾਨ ਪਰਮੇਸ਼ਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ।” 18ਉਹ ਬਹੁਤ ਦਿਨਾਂ ਤੱਕ ਇਸੇ ਤਰ੍ਹਾਂ ਕਰਦੀ ਰਹੀ। ਆਖਰ ਪੌਲੁਸ ਅੱਕ ਗਿਆ ਅਤੇ ਪਿੱਛੇ ਮੁੜ ਕੇ ਉਸ ਆਤਮਾ ਨੂੰ ਕਿਹਾ, “ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦਾ ਹਾਂ ਕਿ ਇਸ ਵਿੱਚੋਂ ਨਿੱਕਲ ਜਾ!” ਉਹ ਉਸੇ ਸਮੇਂ ਉਸ ਵਿੱਚੋਂ ਨਿੱਕਲ ਗਈ। 19ਜਦੋਂ ਉਸ ਦੇ ਮਾਲਕਾਂ ਨੇ ਵੇਖਿਆ ਕਿ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫੜਿਆ ਅਤੇ ਘਸੀਟਦੇ ਹੋਏ ਬਜ਼ਾਰ ਵਿੱਚ ਅਧਿਕਾਰੀਆਂ ਦੇ ਸਾਹਮਣੇ ਲੈ ਗਏ 20ਅਤੇ ਮੁੱਖ ਨਿਆਂਕਾਰਾਂ ਦੇ ਸਾਹਮਣੇ ਲਿਆ ਕੇ ਕਿਹਾ, “ਇਹ ਮਨੁੱਖ ਯਹੂਦੀ ਹਨ ਅਤੇ ਸਾਡੇ ਨਗਰ ਵਿੱਚ ਬਹੁਤ ਗੜਬੜੀ ਫੈਲਾ ਰਹੇ ਹਨ 21ਅਤੇ ਅਜਿਹੀਆਂ ਰੀਤਾਂ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਨੂੰ ਮੰਨਣਾ ਅਤੇ ਪੂਰਾ ਕਰਨਾ ਸਾਡੇ ਰੋਮੀਆਂ ਲਈ ਯੋਗ ਨਹੀਂ।” 22ਤਦ ਭੀੜ ਇਕੱਠੀ ਹੋ ਕੇ ਉਨ੍ਹਾਂ ਦੇ ਵਿਰੁੱਧ ਉੱਠੀ ਅਤੇ ਮੁੱਖ ਨਿਆਂਕਾਰਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ। 23ਬਹੁਤ ਮਾਰਨ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਨੂੰ ਕੈਦਖ਼ਾਨੇ ਵਿੱਚ ਸੁੱਟ ਦਿੱਤਾ ਅਤੇ ਦਰੋਗੇ ਨੂੰ ਸਾਵਧਾਨੀ ਨਾਲ ਉਨ੍ਹਾਂ ਦੀ ਪਹਿਰੇਦਾਰੀ ਕਰਨ ਦਾ ਹੁਕਮ ਦਿੱਤਾ। 24ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੀ ਕੋਠੜੀ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰ ਕਾਠ ਵਿੱਚ ਜਕੜ ਦਿੱਤੇ।
ਕੈਦਖ਼ਾਨੇ ਦੇ ਅਧਿਕਾਰੀ ਦਾ ਯਿਸੂ ਉੱਤੇ ਵਿਸ਼ਵਾਸ ਕਰਨਾ
25ਲਗਭਗ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦੇ ਭਜਨ ਗਾ ਰਹੇ ਸਨ ਤੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ। 26ਤਦ ਅਚਾਨਕ ਇੱਕ ਵੱਡਾ ਭੁਚਾਲ ਆਇਆ, ਇੱਥੋਂ ਤੱਕ ਕਿ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਤੁਰੰਤ ਸਾਰੇ ਦਰਵਾਜ਼ੇ ਖੁੱਲ੍ਹ ਗਏ ਤੇ ਸਭਨਾਂ ਦੀਆਂ ਜ਼ੰਜੀਰਾਂ ਵੀ ਖੁੱਲ੍ਹ ਗਈਆਂ। 27ਤਦ ਦਰੋਗਾ ਜਾਗ ਉੱਠਿਆ ਅਤੇ ਜਦੋਂ ਉਸ ਨੇ ਕੈਦਖ਼ਾਨੇ ਦੇ ਦਰਵਾਜ਼ੇ ਖੁੱਲ੍ਹੇ ਵੇਖੇ ਤਾਂ ਇਹ ਸੋਚ ਕੇ ਕਿ ਕੈਦੀ ਭੱਜ ਗਏ ਹਨ, ਤਲਵਾਰ ਕੱਢ ਕੇ ਆਪਣੇ ਆਪ ਨੂੰ ਮਾਰਨਾ ਚਾਹਿਆ। 28ਪਰ ਪੌਲੁਸ ਨੇ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਭ ਇੱਥੇ ਹੀ ਹਾਂ।” 29ਤਦ ਉਹ ਮਸ਼ਾਲਾਂ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਹੋਇਆ ਪੌਲੁਸ ਅਤੇ ਸੀਲਾਸ ਦੇ ਸਾਹਮਣੇ ਡਿੱਗ ਪਿਆ। 30ਫਿਰ ਉਸ ਨੇ ਉਨ੍ਹਾਂ ਨੂੰ ਬਾਹਰ ਲਿਜਾ ਕੇ ਕਿਹਾ, “ਮਹਾਂਪੁਰਖੋ, ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਮੈਂ ਬਚਾਇਆ ਜਾਵਾਂ?” 31ਉਨ੍ਹਾਂ ਨੇ ਕਿਹਾ, “ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ।” 32ਫਿਰ ਉਨ੍ਹਾਂ ਉਸ ਨੂੰ ਅਤੇ ਉਸ ਦੇ ਘਰ ਦੇ ਸਭ ਲੋਕਾਂ ਨੂੰ ਪ੍ਰਭੂ ਦਾ ਵਚਨ ਸੁਣਾਇਆ। 33ਤਦ ਉਸ ਨੇ ਰਾਤ ਦੇ ਉਸੇ ਸਮੇਂ ਉਨ੍ਹਾਂ ਨੂੰ ਲਿਜਾ ਕੇ ਉਨ੍ਹਾਂ ਦੇ ਜ਼ਖਮ ਧੋਤੇ ਅਤੇ ਤੁਰੰਤ ਉਸ ਨੇ ਅਤੇ ਉਸ ਦੇ ਸਾਰੇ ਘਰਾਣੇ ਨੇ ਬਪਤਿਸਮਾ ਲਿਆ। 34ਫਿਰ ਉਸ ਨੇ ਉਨ੍ਹਾਂ ਨੂੰ ਘਰ ਲਿਜਾ ਕੇ ਉਨ੍ਹਾਂ ਅੱਗੇ ਭੋਜਨ ਪਰੋਸਿਆ ਅਤੇ ਸਾਰੇ ਘਰਾਣੇ ਸਮੇਤ ਪਰਮੇਸ਼ਰ ਉੱਤੇ ਵਿਸ਼ਵਾਸ ਕਰਕੇ ਖੁਸ਼ੀ ਮਨਾਈ।
ਕੈਦਖ਼ਾਨੇ ਵਿੱਚੋਂ ਬਾਹਰ ਆਉਣਾ
35ਜਦੋਂ ਦਿਨ ਚੜ੍ਹਿਆ ਤਾਂ ਮੁੱਖ ਨਿਆਂਕਾਰਾਂ ਨੇ ਸਿਪਾਹੀਆਂ ਰਾਹੀਂ ਸੁਨੇਹਾ ਭੇਜਿਆ, “ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ।” 36ਦਰੋਗੇ ਨੇ ਇਹ ਗੱਲਾਂ ਪੌਲੁਸ ਨੂੰ ਦੱਸੀਆਂ ਕਿ ਮੁੱਖ ਨਿਆਂਕਾਰਾਂ ਨੇ ਸੁਨੇਹਾ ਭੇਜਿਆ ਹੈ ਕਿ ਤੁਹਾਨੂੰ ਛੱਡ ਦਿੱਤਾ ਜਾਵੇ; ਸੋ ਹੁਣ ਨਿੱਕਲ ਕੇ ਸ਼ਾਂਤੀ ਨਾਲ ਚਲੇ ਜਾਓ। 37ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਨੇ ਸਾਨੂੰ ਜੋ ਰੋਮੀ ਹਾਂ, ਦੋਸ਼ੀ ਸਾਬਤ ਕੀਤੇ ਬਿਨਾਂ ਸਭ ਦੇ ਸਾਹਮਣੇ ਮਾਰਿਆ-ਕੁੱਟਿਆ ਅਤੇ ਕੈਦਖ਼ਾਨੇ ਵਿੱਚ ਪਾਇਆ। ਕੀ ਹੁਣ ਉਹ ਸਾਨੂੰ ਚੁੱਪ-ਚਪੀਤੇ ਬਾਹਰ ਕੱਢ ਰਹੇ ਹਨ? ਇਸ ਤਰ੍ਹਾਂ ਨਹੀਂ ਹੋਣਾ, ਸਗੋਂ ਉਹ ਆਪ ਆ ਕੇ ਸਾਨੂੰ ਬਾਹਰ ਲੈ ਕੇ ਜਾਣ।” 38ਤਦ ਸਿਪਾਹੀਆਂ ਨੇ ਇਹ ਗੱਲਾਂ ਮੁੱਖ ਨਿਆਂਕਾਰਾਂ ਨੂੰ ਦੱਸੀਆਂ ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਇਹ ਰੋਮੀ ਹਨ ਤਾਂ ਉਹ ਡਰ ਗਏ। 39ਤਦ ਉਨ੍ਹਾਂ ਨੇ ਆ ਕੇ ਉਨ੍ਹਾਂ ਨੂੰ ਮਨਾਇਆ ਅਤੇ ਕੈਦਖ਼ਾਨੇ ਤੋਂ ਬਾਹਰ ਲਿਆ ਕੇ ਬੇਨਤੀ ਕੀਤੀ ਕਿ ਉਹ ਨਗਰ ਵਿੱਚੋਂ ਚਲੇ ਜਾਣ। 40ਕੈਦਖ਼ਾਨੇ ਵਿੱਚੋਂ ਨਿੱਕਲਣ ਤੋਂ ਬਾਅਦ ਉਹ ਲੁਦਿਯਾ ਦੇ ਘਰ ਗਏ ਅਤੇ ਭਾਈਆਂ ਨੂੰ ਮਿਲ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਅੱਗੇ ਚਲੇ ਗਏ।

Currently Selected:

ਰਸੂਲ 16: PSB

Highlight

Share

Copy

None

Want to have your highlights saved across all your devices? Sign up or sign in